ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ‘ਚ ਸੰਗਤ ਦਰਸ਼ਨ

ss1

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ‘ਚ ਸੰਗਤ ਦਰਸ਼ਨ

ਕਿਹਾ, ਕੈਪਟਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝੂਠੇ ਵਾਅਦੇ ਕਰਕੇ ਕਰ ਰਿਹਾ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼

ਮੋਰਿੰਡਾ ਨੂੰ ਸਬ-ਡਵੀਜ਼ਨ ਬਣਾਉਣ ਦਾ ਕੀਤਾ ਐਲਾਨ

morinda-cm-1

ਮੋਰਿੰਡਾ/ਸ੍ਰੀ ਚਮਕੌਰ ਸਾਹਿਬ, 6 ਦਸੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵਿੰਗੇ-ਟੇਢੇ ਢੰਗ ਨਾਲ ਸਿਆਸੀ ਸੱਤਾ ‘ਤੇ ਕਾਬਜ਼ ਹੋਣ ਲਈ ਸੂਬੇ ਦੇ ਮਾਸੂਮ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਮੂਰਖ ਬਣਾਉਣ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕੇਮਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ ਹੈ।
ਅੱਜ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਫੌਜੀ ਹਮਲਾ ਕਰਕੇ ਪੰਜਾਬੀਆਂ ਖਾਸ ਕਰ ਸਿੱਖਾਂ ‘ਤੇ ਵੱਡਾ ਜ਼ੁਲਮ ਢਾਹਿਆ ਜਿਸ ਕਰਕੇ ਕਾਂਗਰਸ ਨਾਲ ਜੁੜੇ ਹਰੇਕ ਵਿਅਕਤੀ ਦੀ ਪਹਿਚਾਣ ਇਹ ਜ਼ੁਲਮ ਕਰਨ ਵਾਲਿਆਂ ਦੇ ਰੂਪ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਕੀਤੇ ਅਨਿਆਂ ਅਤੇ ਅਤਿਆਚਾਰ ਦੀ ਕਹਾਣੀ ਅਜੇ ਵੀ ਖਤਮ ਨਹੀਂ ਹੋਈ। 1984 ਦੇ ਸਿੱਖ ਕਤਲੇਆਮ ਦੀ ਤਸਵੀਰ ਅਜੇ ਵੀ ਪੰਜਾਬੀਆਂ, ਸਿੱਖਾਂ ਅਤੇ ਖਾਸ ਕਰਕੇ ਪੀੜਤਾਂ ਦੀ ਮਾਨਸਿਕਤਾ ਉੱਤੇ ਉਕਰੀ ਹੋਈ ਹੈ ਜੋ 32 ਸਾਲ ਦਾ ਅਰਸਾ ਬੀਤ ਜਾਣ ਦੇ ਬਾਵਜੂਦ ਅਜੇ ਵੀ ਨਿਆਂ ਦੀ ਉਡੀਕ ਵਿਚ ਹਨ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬੇ-ਗੁਨਾਹ ਸਿੱਖਾਂ ਦੀਆਂ ਹੱਤਿਆਵਾਂ ਦੇ ਬਾਰੇ ਪ੍ਰਧਾਨ ਮੰਤਰੀ ਸਵਰਗੀ ਰਜੀਵ ਗਾਂਧੀ ਦੇ ਵੱਲੋਂ ਗੈਰ-ਜ਼ਿੰਮੇਵਾਰੀ ਵਾਲਾ ਅਤੇ ਨਾ-ਮੁਆਫੀਯੋਗ ਬਿਆਨ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਕਿ ”ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ”।


ਆਪਣੀ ਸਿਆਸੀ ਲਾਲਸਾ ਲਈ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕਰਨ ਲਈ ਕਾਂਗਰਸ ਲੀਡਰਸ਼ਿਪ ਉੱਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਉੱਤੇ ਗੱਲੀਂ-ਬਾਤੀਂ ਹਮਦਰਦੀ ਪ੍ਰਗਟ ਕਰ ਰਿਹਾ ਹੈ ਅਤੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਉਹ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨਾਲ ਮਿਲ ਕੇ ਮੁੱਖ ਸ਼ਾਜਿਸ਼ ਰਚਣ ਵਾਲਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ 1982 ਵਿਚ ਪੰਜਾਬ ਦੇ ਕਪੂਰੀ ਵਿਚ ਐਸ.ਵਾਈ.ਐਲ. ਨਹਿਰ ਦਾ ਨੀਂਹ ਪੱਥਰ ਰੱਖਿਆ ਜਦਕਿ ਇਸ ਦੇ ਉਲਟ ਅਕਾਲੀ ਦਲ ਨੇ ਐਸ.ਵਾਈ.ਐਲ. ਦੇ ਨਿਰਮਾਣ ਦੇ ਵਿਰੁੱਧ ਉਸੇ ਦਿਨ ਹੀ ਵਿਰੋਧ ਕੀਤਾ ਅਤੇ ਮੋਰਚਾ ਲਾਇਆ। ਉਨ੍ਹਾਂ ਕਿਹਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਲਗਾਤਾਰ ਇਕੋ ਰੁਖ ਰਿਹਾ ਹੈ ਅਤੇ ਮੈਂ ਇਹ ਗੱਲ ਫਿਰ ਦੁਹਰਾਉਂਦਾ ਹਾਂ ਕਿ ਪੰਜਾਬ ਕੋਲ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਹੋਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਘੇਰੇ ਦੇ ਹੇਠ ਹੀ ਐਸ.ਵਾਈ.ਐਲ. ਨਹਿਰ ਲਈ ਪ੍ਰਾਪਤ ਕੀਤੀ ਜ਼ਮੀਨ ਨੂੰ ਡੀ-ਨੋਟੀਫਾਈ ਕੀਤਾ ਅਤੇ ਇਹ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੀ ਗਈ ਹੈ।


ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਦੋਹਰੀਆਂ ਚਾਲਾਂ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਜੋ ਕਿ ਆਵਾਮ ਨੂੰ ਭਾਵਨਾਤਮਕ ਤੌਰ ‘ਤੇ ਬਲੈਕਮੇਲ ਕਰਕੇ ਸੱਤਾ ਹਥਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਲੀਡਰਸ਼ਿਪ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਦਿਲੋਂ ਸੰਜੀਦਾ ਨਹੀਂ ਹੈ ਅਤੇ ਉਨ੍ਹਾਂ ਦਾ ਇਕੋ ਇੱਕ ਉਦੇਸ਼ ਲੋਕਾਂ ਨੂੰ ਠਗ ਕੇ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਖੜ੍ਹਣਾ ਹੈ।


ਮੋਰਿੰਡਾ ਵਿਖੇ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਦੀਆਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਚੋਣਾਂ ਦੌਰਾਨ ਪਾਰਟੀ ‘ਤੇ ਕੋਈ ਅਸਰ ਨਹੀਂ ਪਵੇਗਾ। ਸ. ਬਾਦਲ ਨੇ ਕਿਹਾ ਕਿ ਜਿਹੜੇ ਆਗੂ ਆਪਣੀ ਪਾਰਟੀ ਪ੍ਰਤੀ ਘੱਟ ਸੰਜੀਦਾ ਹੁੰਦੇ ਹਨ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਉਹ ਆਪਣੀ ਵਫ਼ਾਦਾਰੀ ਬਦਲ ਲੈਂਦੇ ਹਨ ਅਤੇ ਹੋਰਨਾਂ ਪਾਰਟੀਆਂ ਵਿਚ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਛੱਡ ਕੇ ਗਏ ਦਲ-ਬਦਲੂਆਂ ਦੀ ਸਿਆਸੀ ਖੇਤਰ ਵਿਚ ਕਿਤੇ ਵੀ ਕਦਰ ਨਹੀਂ ਹੋਵੇਗੀ ਅਤੇ ਉਹ ਨਾ ਘਰ ਦੇ ਰਹਿਣਗੇ ਅਤੇ ਨਾ ਹੀ ਘਾਟ ਦੇ।


ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਖੇਤਰ ਦੀ ਇਕ-ਇਕ ਇੰਚ ਭੂਮੀ ਬਹੁਤ ਪਵਿੱਤਰ ਹੈ ਅਤੇ ਸਾਡੀ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਦੇ ਉਸ ਅਸਲ ਮਾਰਗ ਨੂੰ ‘ਸਫਰ-ਏ-ਸ਼ਹਾਦਤ’ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਜਿਸ ਮਾਰਗ ਰਾਹੀਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਚਲੇ ਸਨ ਅਤੇ ਬਾਅਦ ਵਿਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਚਲ ਕੇ ਸਰਹਿੰਦ ਵਿਖੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਮਾਰਗ ਉੱਤੇ 16 ਕਰੋੜ ਰੁਪਏ ਦੀ ਲਾਗਤ ਆਵੇਗੀ।


ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ ਵੱਲੋਂ ਉਠਾਈ ਗਈ ਮੰਗ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਮੋਰਿੰਡਾ ਸਬ-ਤਹਿਸੀਲ ਦਾ ਪੱਧਰ ਉੱਚਾ ਚੁੱਕ ਕੇ ਸਬ-ਡਵੀਜ਼ਨ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਭਰੋਸਾ ਦਵਾਇਆ ਕਿ ਇਸ ਸਬੰਧੀ ਅੰਤਮ ਫੈਸਲਾ ਇਕ ਹਫਤੇ ਦੇ ਅੰਦਰ ਹੋਣ ਵਾਲੀ ਮੀਟਿੰਗ ਵਿਚ ਲੈ ਲਿਆ ਜਾਵੇਗਾ। ਉਨ੍ਹਾਂ ਨੇ ਚਮਕੌਰ ਸਾਹਿਬ ਦੇ ਮਨੇ ਮਾਜਰਾ ਪਿੰਡ ਦੇ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸਕੈਂਡਰੀ ਸਕੂਲ ਬਣਾਉਣ ਦਾ ਵੀ ਐਲਾਨ ਕੀਤਾ ਅਤੇ ਸਰਕਾਰੀ ਡੇਅਰੀ ਸਿਖਲਾਈ ਇੰਸਟੀਚਿਊਟ ਚਿਤਮਾਲੀ ਦਾ ਨਾਂ ਮਹਾਨ ਯੋਧੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਨਾਂ ‘ਤੇ ਰੱਖਣ ਦੀ ਸਹਿਮਤੀ ਜਤਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਦਿਹਾਤੀ ਇਲਾਕਿਆਂ ਦੇ ਵਿਕਾਸ ਲਈ 10 ਕਰੋੜ ਰੁਪਏ ਦਾ ਚੈਕ ਦਿੱਤਾ ਅਤੇ ਨਗਰ ਕੌਂਸਲ ਮੋਰਿੰਡਾ ਅਤੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਨੂੰ ਡੇਢ-ਡੇਢ ਕਰੋੜ ਰੁਪਏ ਵਿਕਾਸ ਵਾਸਤੇ ਦਿੱਤੇ। ਇਸ ਦੇ ਨਾਲ ਹੀ ਸਰਕਾਰੀ ਹਾਈ ਸਕੂਲ ਮੋਰਿੰਡਾ ਦੀ ਇਮਾਰਤ ਦੀ ਮੁਰੰਮਤ ਵਾਸਤੇ 20 ਲੱਖ ਰੁਪਏ ਦਿੱਤੇ।


ਇਸ ਤੋਂ ਪਹਿਲਾਂ ਸ. ਬਾਦਲ ਨੇ 16.5 ਕਿਲੋਮੀਟਰ ਲੰਮੀ ਮੋਰਿੰਡਾ-ਚੁੰਨੀ ਸੜਕ ਨੂੰ ਮਜ਼ਬੂਤ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਸ ਸੜਕ ਦਾ ਕੰਮ 40 ਕਰੋੜ ਰੁਪਏ ਦੀ ਲਾਗਤ ਨਾਲ 15 ਮਹੀਨੇ ਦੇ ਵਿਚ ਮੁਕੰਮਲ ਕਰ ਲਿਆ ਜਾਵੇਗਾ।
ਬੀਬੀ ਸਤਵੰਤ ਕੌਰ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਦਿੱਤੇ ਵੱਡੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਅਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸ. ਬਾਦਲ ਨੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਉਪ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਬੀਬੀ ਸਤਵੰਤ ਕੌਰ ਸੰਧੂ, ਵਿਧਾਇਕ ਮੋਰਿੰਡਾ ਜਥੇਦਾਰ ਉਜਾਗਰ ਸਿੰਘ ਵਡਾਲੀ, ਭਾਜਪਾ ਦੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਯੋਗੇਸ਼ ਸੂਦ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਮੋਹਨ ਸਿੰਘ, ਐਸ.ਜੀ.ਪੀ.ਸੀ ਮੈਂਬਰ ਸ੍ਰੀ ਅਜਮੇਰ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਕਰਨੇਸ਼ ਸ਼ਰਮਾ, ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ ਡੀ.ਐਸ. ਮਾਂਗਟ, ਡੀ.ਆਈ.ਜੀ. ਸ੍ਰੀ ਜੀ. ਐਸ. ਸੰਧੂ ਅਤੇ ਐਸ.ਐਸ.ਪੀ ਰੂਪਨਗਰ ਸ੍ਰੀ ਵਿਰੇਂਦਰ ਸਿੰਘ ਸ਼ਾਮਲ ਸਨ।

Share Button

Leave a Reply

Your email address will not be published. Required fields are marked *