ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਹਿਯੋਗ ਕਰਨ ਦਾ ਕੀਤਾ ਐਲਾਨ

ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਹਿਯੋਗ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਸਾਨਾਂ ਨੂੰ ਅਜਿਹੇ ਅਨਸਰਾਂ ਵਿਰੁੱਧ ਸਾਵਧਾਨ ਕੀਤਾ ਜੋ ਉਨ੍ਹਾਂ ਦੇ ਅੰਦੋਲਨ ਦਾ ਲਾਭ ਉਠਾਉਣ ਅਤੇ ਸੂਬੇ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਅੱਜ ਦੇ ਭਾਰਤ ਬੰਦ ਦੌਰਾਨ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਦੋ ਮਹੀਨਿਆਂ ਤੋਂ ਵੱਧ ਲੰਬਾ ਸਮਾਂ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਇਸੇ ਤਰ੍ਹਾਂ ਅਮਨ-ਅਮਾਨ ਬਰਕਰਾਰ ਰੱਖਿਆ ਹੋਇਆ ਹੈ।
ਮੁੱਖ ਮੰਤਰੀ ਨੇ ਹੁਣ ਸੁਚੇਤ ਕੀਤਾ ਕਿ ਅਜਿਹੇ ਅੰਦੋਲਨਾਂ ਜਾਂ ਅਜਿਹੀਆਂ ਸਥਿਤੀਆਂ ਦੌਰਾਨ ਕੁਝ ਲੋਕ ਜਿਨ੍ਹਾਂ ਦਾ ਪ੍ਰਦਰਸ਼ਨਕਾਰੀਆਂ ਨਾਲ ਕੋਈ ਵਾਜਬ ਸਰੋਕਾਰ ਨਹੀਂ ਹੁੰਦਾ, ਆਪਣੇ ਸੌੜੇ ਮੁਫਾਦਾਂ ਲਈ ਮੌਕੇ ਦਾ ਫ਼ਾਇਦਾ ਚੁੱਕਣ ਦੀ ਫਿਰਾਕ ਵਿੱਚ ਹੁੰਦੇ ਹਨ ਤਾਂ ਕਿ ਸ਼ਾਂਤਮਈ ਮਾਹੌਲ ਵਿੱਚ ਖ਼ਲਲ ਪਾ ਸਕਣ।
ਇੱਕ ਫੇਸਬੁੱਕ ਲਾਈਵ ਸੰਦੇਸ਼ ਵਿੱਚ, ਕੈਪਟਨ ਅਮਰਿੰਦਰ ਨੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬ ਵਿੱਚ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ ਅਤੇ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਜਦੋਂ ਕਿਸਾਨਾਂ ਨੇ ਪੰਜਾਬ ਵਿੱਚ ਰੇਲਵੇ ਟਰੈਕ `ਤੇ ਨਾਕਾਬੰਦੀ ਕੀਤੀ ਸੀ ਤਾਂ ਕੋਈ ਹਿੰਸਾ ਨਹੀਂ ਹੋਈ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਦੇ ਦਰਦ ਨੂੰ ਸਮਝਣ ਦੀ ਅਪੀਲ ਕਰਦਿਆਂ ਉਮੀਦ ਜਤਾਈ ਕਿ ਖੇਤੀ ਕਾਨੂੰਨਾਂ `ਤੇ ਬਣੀ ਪੇਚੀਦਗੀ, ਜਿਸ ਸਬੰਧੀ ਇਸ ਵੇਲੇ ਗੱਲਬਾਤ ਚੱਲ ਰਹੀ ਹੈ, ਦਾ ਹੱਲ ਜਲਦ ਹੀ ਹੋ ਜਾਵੇਗਾ।