ਮੁੰਬਈ: ਐਲਫਿੰਸਟਨ ਰੇਲਵੇ ਪੁਲ ਤੇ ਭਗਦੜ ਦੌਰਾਨ 27 ਦੀ ਮੌਤ, 30 ਜ਼ਖਮੀ

ss1

ਮੁੰਬਈ: ਐਲਫਿੰਸਟਨ ਰੇਲਵੇ ਪੁਲ ਤੇ ਭਗਦੜ ਦੌਰਾਨ 27 ਦੀ ਮੌਤ, 30 ਜ਼ਖਮੀ

 ਮੁੰਬਈ, 29 ਸਤੰਬਰ: ਇੱਥੇ ਐਲਫਿੰਸਟਨ ਰੋਡ ਅਤੇ ਪਰੇਲ ਉਪਨਗਰੀ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਫੁਟਓਵਰ ਬਰਿੱਜ ਤੇ ਅੱਜ ਸਵੇਰ ਭਗਦੜ ਮਚਣ ਨਾਲ 27 ਵਿਅਕਤੀਆਂ ਦੀ ਮੌਤ ਹੋ ਗਈ ਹੈ| ਪੁਲੀਸ ਨੇ ਇਹ ਜਾਣਕਾਰੀ ਦਿੱਤੀ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 10.40 ਵਜੇ ਹੋਇਆ| ਉਸ ਸਮੇਂ ਬਾਰਸ਼ ਹੋ ਰਹੀ ਸੀ ਅਤੇ ਫੁਟਓਵਰ ਬਰਿੱਜ ਤੇ ਬਹੁਤ ਭੀੜ ਸੀ| ਪੁਲੀਸ ਨੂੰ ਸ਼ੱਕ ਹੈ ਕਿ ਫੁਟਓਵਰ ਬਰਿੱਜ ਕੋਲ ਤੇਜ਼ ਆਵਾਜ਼ ਨਾਲ ਹੋਏ ਸ਼ਾਰਟ ਸਰਕਿਟ ਕਾਰਨ ਲੋਕਾਂ ਵਿੱਚ ਡਰ ਫੈਲ ਗਿਆ ਅਤੇ ਉਹ ਦੌੜਨ ਲੱਗੇ| ਇਸੇ ਕਾਰਨ ਭਗਦੜ ਮਚ ਗਈ, ਜਦੋਂਕਿ ਕਰੀਬ 30 ਵਿਅਕਤੀ ਜ਼ਖਮੀ ਹੋ ਗਏ| ਬ੍ਰਹਿਮੁੰਬਈ ਮਹਾਨਗਰਪਾਲਿਕਾ ਦੇ ਆਫਤ ਪ੍ਰਬੰਧਨ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ| ਰੇਲਵੇ, ਪੁਲੀਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਮੌਕੇ ਤੇ ਰਾਹਤ ਅਤੇ ਬਚਾਅ ਕੰਮ ਵਿੱਚ ਜੁਟੇ ਹੋਏ ਹਨ|
ਬੀ.ਐਮ.ਸੀ. ਦੀ ਆਫ਼ਤ ਰਾਹਤ ਯੂਨਿਟ ਨੇ ਕਿਹਾ ਕਿ ਹੋਰ ਏਜੰਸੀਆਂ ਮਦਦ ਲਈ ਪੁੱਜ ਰਹੀਆਂ ਹਨ| ਐਲਫਿਸਟਨ ਸਟੇਸ਼ਨ ਆਮ ਤੌਰ ਤੇ ਲੋਕਾਂ ਨਾਲ ਭਰਿਆ ਰਹਿੰਦਾ ਹੈ, ਕਿਉਂਕਿ ਲੋਅਰ ਪਰੇਲ ਇਲਾਕੇ ਦੇ ਲੋਕ ਇੱਥੋਂ ਦਫ਼ਤਰ ਜਾਂਦੇ ਹਨ| ਇਹ ਸਟੇਸ਼ਨ ਮੁੰਬਈ ਰੇਲ ਨੈਟਵਰਕ ਦੀ ਵੈਸਟਰਨ ਲਾਈਨ ਤੇ ਹੈ ਅਤੇ ਇਹ ਪਰੇਲ ਸਟੇਸ਼ਨ ਨੂੰ ਸੈਂਟਰਲ ਲਾਈਨ ਨਾਲ ਜੋੜਦਾ ਹੈ|
ਜ਼ਿਕਰਯੋਗ ਹੈ ਕਿ ਬਰਿੱਜ ਤੋਂ ਹਰ ਮਿੰਟ 200 ਤੋਂ 250 ਲੋਕ ਲੰਘਦੇ ਹਨ| ਬਰਿੱਜ ਨੂੰ ਲੈ ਕੇ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਕਦੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ|

Share Button

Leave a Reply

Your email address will not be published. Required fields are marked *