Sun. Apr 21st, 2019

ਮੁਹਾਲੀ ‘ਚ ਛਾਇਆ ਪਾਣੀ ਸੰਕਟ, ਲੋਕ ਬੋਤਲਾਂ ਵਾਲਾ ਮਹਿੰਗਾ ਪਾਣੀ ਪੀਣ ਲਈ ਹੋਏ ਮਜ਼ਬੂਰ

ਮੁਹਾਲੀ ‘ਚ ਛਾਇਆ ਪਾਣੀ ਸੰਕਟ, ਲੋਕ ਬੋਤਲਾਂ ਵਾਲਾ ਮਹਿੰਗਾ ਪਾਣੀ ਪੀਣ ਲਈ ਹੋਏ ਮਜ਼ਬੂਰ

ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਸ਼ਹਿਰ ਦੇ ਉਹਨਾਂ ਸੈਕਟਰਾਂ ਵਿੱਚ ਕੁੱਝ ਜਿਆਦਾ ਹੀ ਹੈ ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਗਮਾਡਾ ਵਲੋਂ ਕੀਤਾ ਜਾਂਦਾ ਹੈ। ਇਸ ਸੰਬੰਧੀ ਕੁੱਝ ਦਿਨ ਪਹਿਲਾਂ ਸੈਕਟਰ 68 ਅਤੇ 69 ਦੇ ਵਸਨੀਕਾਂ ਵਲੋਂ ਅਕਾਲੀ ਦਲ ਦੇ ਕੌਂਸਲਰਾਂ ਬੌਬੀ ਕੰਬੋਜ, ਸਤਵੀਰ ਸਿੰਘ ਧਨੋਆ ਅਤੇ ਬੀਬੀ ਜਸਬੀਰ ਕੌਰ ਅਤਲੀ ਦੀ ਅਗਵਾਈ ਵਿੱਚ ਕੜਕਦੀ ਧੁੱਪ ਵਿੱਚ ਗਮਾਡਾ ਦਫਤਰ ਦੇ ਬਾਹਰ ਧਰਨਾ ਵੀ ਦਿੱਤਾ ਜਾ ਚੁੱਕਿਆ ਹੈ।
ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵਲੋਂ ਉਹਨਾਂ ਨੂੰ ਇਸ ਸਮੱਸਿਆ ਦੇ ਫੌਰੀ ਹਲ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪਰ ਹਾਲੇ ਤੱਕ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ ਸੈਕਟਰ 68 ਦੇ ਵਸਨੀਕਾਂ ਅਨੁਸਾਰ ਉੱਥੇ ਬੀਤੇ ਕੱਲ ਤੋਂ ਪੀਣ ਵਾਲੇ ਪਾਣੀ ਦੀ ਇੱਕ ਬੂੰਦ ਦੀ ਵੀ ਸਪਲਾਈ ਨਹੀਂ ਹੋਈ ਹੈ। ਕੇਂਦਰੀ ਸਨਾਤਨ ਧਰਮ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਮਨੋਜ ਅਗਰਵਾਲ ਨੇ ਦੱਸਿਆ ਕਿ ਬੀਤੇ ਕੱਲ ਤੋਂ ਹੁਣ ਤਕ ਸੈਕਟਰ 68 ਦੇ ਵਸਨੀਕਾਂ ਨੂੰ ਪਾਣੀ ਦੀ ਇੱਕ ਬੂੰਦ ਦੀ ਵੀ ਸਪਲਾਈ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਇਸਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਗਮਾਡਾ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਟਿਊਬਵੈਲਾਂ ਦੇ ਰੱਖ ਰਖਾਓ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕਿਉਂਕਿ ਗਮਾਡਾ ਅਧਿਕਾਰੀਆਂ ਦੀ ਇਹ ਸੋਚ ਸੀ ਕਿ ਹੁਣ ਇਹ ਟਿਊਬਵੈਲ ਨਗਰ ਨਿਗਮ ਨੂੰ ਸੌਂਪੇ ਜਾਣੇ ਹਨ।
ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਤਿੰਨ ਟਿਊਬਵੈਲ ਫੇਲ੍ਹ ਹੋ ਗਏ ਹਨ ਜਿਸ ਕਾਰਨ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਉਹਨਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਨੂੰ ਪੀਣ ਵਾਸਤੇ ਬਾਜਾਰ ਤੋਂ ਬੋਤਲਾਂ ਵਾਲਾ ਮਹਿੰਗਾ ਪਾਣੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਗਮਾਡਾ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਸੈਕਟਰ 68 ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਗਮਾਡਾ ਵਲੋਂ ਆਪਣੇ ਅਧੀਨ ਆਉਂਦੇ ਖੇਤਰ ਦੇ ਵਸਨੀਕਾਂ ਨੂੰ ਸਪਲਾਈ ਕੀਤੇ ਜਾਂਦੇ ਪਾਣੀ ਦੀ ਕੀਮਤ ਕਈ ਗੁਨਾ ਵਧਾ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਵਸਨੀਕਾਂ ਨੂੰ ਲੋੜੀਂਦੀ ਸਪਲਾਈ ਤਕ ਨਹੀਂ ਦਿੱਤੀ ਜਾ ਰਹੀ ਅਤੇ ਭਰੀ ਗਰਮੀ ਦੌਰਾਨ ਲੋਕਾਂ ਨੂੰ ਭਾਰੀ ਤਕਲੀਫ ਝੱਲਣੀ ਪੈ ਰਹੀ ਹੈ।
ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਲਈ ਹੁੰਦੀ ਹਾਹਾਕਾਰ ਤੋਂ ਰਾਹਤ ਦਿਵਾਉਣ ਲਈ ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਵਲੋਂ ਕਈ ਸਾਲ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਗਮਾਡਾ, ਜਨਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਅਦਾਲਤ ਵਿੱਚ ਕੇਸ ਵੀ ਪਾਇਆ ਗਿਆ ਸੀ ਅਤੇ ਉਹਨਾਂ ਵਲੋਂ ਪਾਈ ਗਈ ਜਨਹਿਤ ਪਟੀਸ਼ਨ ‘ਤੇ ਹੋਈ ਸੁਣਵਾਈ ਤੋਂ ਬਾਅਦ ਪੰਜ ਸਾਲ ਸਾਲ ਪਹਿਲਾਂ ਗਮਾਡਾ ਨੇ ਮਾਣਯੋਗ ਅਦਾਲਤ ਵਿੱਚ ਬਾਕਾਇਦਾ ਹਲਫਨਾਮਾ ਦੇ ਕੇ ਪੀਣ ਵਾਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦੋ ਸਾਲਾਂ ਦੇ ਵਿੱਚ ਵਿੱਚ ਕਜੌਲੀ ਵਾਟਰ ਵਰਕਸ ਤੋਂ 40 ਐਮ.ਜੀ.ਡੀ. ਪਾਣੀ ਦੀ ਸਪਲਾਈ ਲਾਈਨ ਪਾਉਣ ਦੀ ਗੱਲ ਕੀਤੀ ਸੀ। ਇਸ ਸੰਬੰਧੀ ਗਮਾਡਾ ਵਲੋਂ ਦਿੱਤੀ ਗਈ ਸਮਾਂ ਸੀਮਾ ਨੂੰ ਖਤਮ ਹੋਏ ਨੂੰ ਤਿੰਨ ਸਾਲ ਲੰਘ ਚੁੱਕੇ ਹਨ ਪਰੰਤੂ ਹੁਣ ਤਕ ਕਜੌਲੀ ਤੋਂ ਸ਼ਹਿਰ ਵਿੱਚ ਸਪਲਾਈ ਕਰਨ ਵਾਲੀ ਪਾਈਪ ਲਾਈਨ ਦਾ ਕੋਈ ਅਤਾ ਪਤਾ ਨਹੀਂ ਹੈ ਅਤੇ ਇਸ ਸਾਲ ਵੀ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਗੰਭੀਰ ਸਮੱਸਿਆ ਸਹਿਣੀ ਪੈ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: