ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਮੁਸੀਬਤ ਆਈ ਹੈ…ਲੰਘ ਜਾਵੇਗੀ , ਭਾਈਚਾਰਾ ਬਣਾਈ ਰੱਖੋ

ਮੁਸੀਬਤ ਆਈ ਹੈ…ਲੰਘ ਜਾਵੇਗੀ , ਭਾਈਚਾਰਾ ਬਣਾਈ ਰੱਖੋ

ਅੱਜ ਪੂਰੀ ਦੁਨੀਆਂ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਪੀੜਤ ਹੈ । ਜ਼ਿੰਦਗੀ ਜਿਵੇਂ ਖੜ ਜਿਹੀ ਗਈ ਹੈ । ਹਰ ਇੱਕ ਕੰਮ ਕਾਜ ਠੱਪ ਹੋ ਗਿਆ ਹੈ । ਵਪਾਰ ਰੁਕ ਗਏ ਹਨ । ਆਰਥਿਕਤਾ ਡਾਵਾਂਡੋਲ ਹੈ ।ਹਰ ਇੱਕ ਆਦਮੀ ਘਰ ਅੰਦਰ ਬੰਦ ਹੈ । ਅਜਿਹੇ ਦੌਰ ਵਿੱਚ ਆਪੋ-ਧਾਪੀ ਦਾ ਫੈਲਣਾ ਕੋਈ ਅਲੋਕਾਰੀ ਗੱਲ ਨਹੀਂ । ਅਜਿਹੇ ਦੌਰ ਵਿੱਚ ਅਫਵਾਹਾਂ ਵੀ ਫੈਲਣੀਆਂ ਹਨ , ਅਜਿਹੇ ਦੌਰ ਵਿੱਚ ਸਮਾਜ ਦੀਆਂ ਅਨੇਕਾਂ ਪਰਤਾਂ ਦਾ ਖੁੱਲ਼੍ਹਣਾ ਵੀ ਇੱਕ ਸੁਭਾਵਿਕ ਕਾਰਜ ਹੈ ।ਪਰ ਅਹਿਜੇ ਦੌਰ ਵਿੱਚ ਵੀ ਸਾਨੂੰ ਸਭ ਤੋਂ ਪਹਿਲਾਂ ਇੱਕ ਮਨੁੱਖ ਹੋਣ ਦੇ ਅਰਥ ਨਹੀਂ ਭੁੱਲਣੇ ਚਾਹੀਦੇ , ਸਾਨੂੰ ਦੁਨੀਆਂ ਦੀ ਸਭ ਤੋਂ ਉੱਤਮ ਜਾਤੀ ਹੋਣ ਦੇ ਭਾਵਾਂ ਨੂੰ ਕਦੇ ਵੀ ਆਪਣੇ ਮਨਾਂ ਵਿੱਚੋਂ ਨਹੀਂ ਵਿਸਾਰਨਾ ਚਾਹੀਦਾ ।ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਧਰਤੀ ਉਪਰ ਆਦਿ ਕਾਲ ਤੋਂ ਭੀੜਾਂ ਪੈਂਦੀਆਂ ਆਈਆਂ ਹਨ । ਮਨੁੱਖ ਆਪਣੀ ਹੋਂਦ ਵਿੱਚ ਆਉਣ ਤੋਂ ਲੈ ਕੇ 21ਵੀਂ ਸਦੀ ਦੇ ਦੌਰ ਤੱਕ ਅਨੇਕਾਂ ਪੜ੍ਹਾਵਾਂ ਵਿੱਚੋਂ ਹੋ ਕੇ ਗੁਜ਼ਰਿਆ ਹੈ । ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਮੁਸਬੀਤਾਂ ਜਿੰਨੀਆਂ ਵੀ ਵੱਡੀਆਂ ਆਈਆਂ ਹੋਣ ਪਰ ਮਨੁੱਖ ਨੇ ਮਨੁੱਖ ਦਾ ਹੱਥ ਫੜਕੇ ਉਸ ਤੋਂ ਵੱਡੇ ਹੌਸਲੇ ਇਹਨਾਂ ਉੱਪਰ ਜਿੱਤ ਪ੍ਰਾਪਤ ਕੀਤੀ ਹੈ ।ਮਨੁੱਖ ਨੇ ਕਦੇ ਮਨੁੱਖਤਾ ਦਾ ਪੱਲਾ ਨਹੀਂ ਛੱਡਿਆ ।

ਪਰ ਦੁੱਖ ਦੀ ਗੱਲ ਹੈ ਕਿ ਅੱਜ ਕਰੋਨਾ ਮਹਾਮਾਰੀ ਦੇ ਇਸ ਸਮੇਂ ਵਿੱਚ ਇੱਕਾ-ਦੁੱਕਾ ਅਜਿਹੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ, ਜਿੰਨਾਂ ਨੇ ਮਨੁੱਖ ਦੀ ਮਨੁੱਖਤਾ ਉਪਰ ਪ੍ਰਸ਼ਨ ਚਿੰਨ੍ਹ ਲਾਇਆ ਹੈ । ਬੇਸ਼ੱਕ ਇਹ ਘਟਨਾਵਾਂ ਦੀ ਗਿਣਤੀ ਬਹੁਤ ਥੋੜੀ ਹੈ ਪਰ ਫਿਰ ਵੀ ਇਹਨਾਂ ਪ੍ਰਤੀ ਸਮਾਜ ਨੂੰ ਸੁਚੇਤ ਹੋਣ ਦੀ ਅੱਜ ਦੇ ਦੌਰ ਵਿੱਚ ਸਖਤ ਲੋੜ ਹੈ । ਭਾਵੇਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਜੇਕਰ ਹਨੇਰੀਆਂ ਵਗ ਰਹੀਆਂ ਹਨ ਤਾਂ ਦੀਵੇ ਵੀ ਜਗ ਰਹੇ ਹਨ । ਅੱਜ ਹਰ ਇੱਕ ਸੰਵੇਦਨਸ਼ੀਲ ਪ੍ਰਾਣੀ ਦਾ ਦਿਲ ਇਸ ਸੰਕਟ ਦੀ ਘੜੀ ਵਿੱਚ ਵਲੁੰਧਰਿਆਂ ਨਜ਼ਰ ਆ ਰਿਹਾ ਹੈ । ਐਮਰਜੈਂਸੀ ਦੇ ਇਸ ਵਕਤ ਵਿੱਚ ਗਰੀਬਾਂ ਲਈ ਰਾਸ਼ਨ ਵੰਡਿਆਂ ਜਾ ਰਿਹਾ , ਮਰੀਜਾਂ ਲਈ ਮੁਫਤ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ , ਗੁਰੁੂ ਘਰਾਂ ਵਿੱਚ 24-24 ਘੰਟੇ ਲੰਗਰ ਪੱਕ ਰਹੇ ਹਨ , ਮਾਸਕ ਮੁਫਤ ਬਣਾਏ ਤੇ ਵੰਡੇ ਜਾ ਰਹੇ ਹਨ । ਗੱਲ ਕੀ ਇਹ ਸਭ ਕੁਝ ਕੋਈ ਘੱਟ ਧਰਵਾਸ ਦੇਣ ਵਾਲਾ ਨਹੀਂ ਹੈ ।ਪਰ ਫਿਰ ਵੀ ਇਸ ਦੌਰ ਵਿੱਚ ਵਾਪਰ ਰਹੀਆਂ ਕੁਝ ਛਿੱਟ-ਪੁੱਟ ਅਣਸੁਖਾਵੀਆਂ ਘਟਨਾਵਾਂ ਪੂਰੀ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਰਹੀਆਂ ਹਨ ਤੇ ਇਹਨਾਂ ਪ੍ਰਤੀ ਸਾਡੇ ਨਾਗਰਿਕਾਂ ਦਾ ਸੁਚੇਤ ਹੋਣਾ ਅਤਿ ਗੰਭੀਰ ਮਸਲਾ ਹੈ ।

ਅਜਿਹਾ ਸਭ ਤੋਂ ਪਹਿਲਾ ਮਸਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਨਾਲ ਸੰਬੰਧਿਤ ਮ੍ਰਿਤਕ ਬਲਦੇਵ ਸਿੰਘ ਦੇ ਸੰਦਰਭ ਵਿੱਚ ਸਾਹਮਣੇ ਆਉਂਦਾ ਹੈ, ਜਿਸ ਦੀ ਆੜ ਵਿੱਚ ਪੂਰੇ ਐਨ. ਆਰ. ਆਈ. ਲੋਕਾਂ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ ਹੈ । ਮੰਨਿਆਂ ਕਿ ਕਰੋਨਾ ਦੀ ਇਹ ਬੀਮਾਰੀ ਵਿਦੇਸ਼ਾ ਦੀ ਧਰਤੀ ਤੇ ਪਹਿਲਾਂ ਪਸਰੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਲਾਗ ਦੇ ਰੂਪ ਵਿੱਚ ਹਰ ਦੇਸ਼ ਤੱਕ ਪਹੁੰਚੀ ਹੈ।ਪਰ ਇਸ ਬਾਰੇ ਸਿਰਫ ਤੇ ਸਿਰਫ ਵਿਦੇਸ਼ੀ ਲੋਕਾਂ ਜਾ ਵਿਦੇਸ਼ਾ ਵਿੱਚੋਂ ਆਏ ਆਪਣੇ ਹੀ ਦੇਸ਼ ਦੇ ਲੋਕਾਂ ਸਿਰ ਇਸ ਦੋਸ਼ ਨੂੰ ਮੜ ਦੇਣਾ ਇਸ ਬੀਮਾਰੀ ਦਾ ਇਲਾਜ ਨਹੀਂ ਹੈ । ਇੱਕ ਗਾਇਕ ਨੇ ਤਾਂ ਆਪਣੇ ਹੋਸ਼ਪੁਣੇ ਵਿੱਚ ਇਸ ਵਿਸ਼ੇ ਉੱਪਰ ਇੱਕ ਗੀਤ ਹੀ ਲਿਖ ਕੇ ਗਾ ਦਿੱਤਾ ਜੋ ਸਾਡੇ ਭਰਾ ਭਰੱਪਣ ਲਈ ਬਹੁਤ ਹੀ ਖਤਰਨਾਕ ਵਰਤਾਰਾ ਹੈ । ਸਾਨੂੰ ਸਭ ਨੂੰ ਮਿਲ ਕੇ ਅਜਿਹੀਆਂ ਹੋਸ਼ੀਆਂ ਹਰਕਤਾਂ ਦੀ ਨਿੰਦਿਆ ਕਰਨੀ ਚਾਹੀਦੀ ਹੈ ।

ਗੱਲ ਨੂੰ ਜੇਕਰ ਪੰਜਾਬ ਦੇ ਸੰਦਰਭ ਵਿੱਚ ਹੀ ਅੱਗੇ ਤੋਰ ਲਈਏ ਤਾਂ ਪਿਛਲੇ ਦਿਨੀਂ ਹਜ਼ੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਦੀ ਅਚਨਚੇਤ ਮੌਤ ਨੇ ਜਿੱਥੇ ਪੂਰੇ ਪੰਜਾਬ ਨੂੰ ਇੱਕ ਸਦਮਾ ਦਿੱਤਾ, ਉੱਥੇ ਹੀ ਪਿੰਡ ਵੇਰਕਾ ਦੇ ਲੋਕਾਂ ਵਲੋਂ ਉਹਨਾਂ ਦੀਆਂ ਅੰਤਿਮ ਰਸਮਾਂ ਲਈ ਪਿੰਡ ਦੇ ਸਮਸ਼ਾਨਘਾਟ ਨੂੰ ਜ਼ਿੰਦਾਂ ਲਾ ਦੇਣ ਦਾ ਫੈਸਲਾ ਪੂਰੇ ਪੰਜਾਬ ਦੀ ਪੰਜਾਬੀਅਤ ਨੂੰ ਕਟਹਿਰੇ ਵਿੱਚ ਖੜੇ ਕਰਨ ਵਾਲਾ ਹੈ ।ਪੰਜਾਬੀਆਂ ਦੀ ਪ੍ਰਹੁਣਾਚਾਰੀ ਦੀ , ਪੰਜਾਬੀਆਂ ਦੀ ਅਪਣੱਤ ਦੀ , ਪੰਜਾਬੀਆਂ ਦੇ ਹੌਂਸਲੇ ਦੀ ਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਮਿਸਾਲ ਦੀ ਪੂਰੀ ਦੁਨੀਆਂ ਗਵਾਹੀ ਭਰਦੀ ਹੈ । ਤਾਂ ਅਜਿਹੇ ਸਮੇਂ ਵਿੱਚ ਸਿੱਖ ਧਰਮ ਦੀ ਮਹਾਨ ਹਸਤੀ ਦੀਆਂ ਅੰਤਿਮ ਰਸਮਾਂ ਨੂੰ ਰੋਲ ਦੇਣ ਦੇ ਕਲੰਕ ਨੇ ਅੱਜ ਹਰ ਇੱਕ ਜਾਗਦੀ ਜ਼ਮੀਰ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ । ਵਾਕਿਆ ਹੀ ਸਾਡੇ ਸਾਰਿਆਂ ਦੇ ਮੱਥੇ ਉੱਪਰ ਇਹ ਸੁਆਲ ਬਦੋ-ਬਦੀ ਉੱਗ ਪੈਂਦਾ ਹੈ ਕਿ ਅਸੀਂ ਕਿਹੜੇ ਦੌਰ ਵਿੱਚ ਪਹੁੰਚ ਗਏ ਹਾਂ …ਇਸ ਤੋਂ ਵੀ ਅਗਾਂਹ ਇਹ ਤਾਂ ਸਿਰਫ ਪਹੁੰਚਣ ਦੇ ਤੌਖਲੇ ਹਨ , ਅਜਿਹੇ ਦੌਰ ਵਿੱਚ ਲੰਬਾਂ ਸਮਾਂ ਜਿਉਣ ਦੇ ਤੇ ਇਸ ਦੌਰ ਦੇ ਅੰਤ ਤੱਕ ਪਹੁੰਚਦੇ-ਪਹੁੰਚਦੇ ਸਾਡੀਆਂ ਅੱਖਾਂ ਨੂੰ ਅਜੇ ਕੀ ਕੁਝ ਦੇਖਣਾ ਪਵੇਗਾ ਤੇ ਸਾਡੇ ਕੰਨਾਂ ਨੂੰ ਕੀ ਕੁਝ ਸੁਣਨਾ ਪਵੇਗਾ, ਇਸ ਦਾ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।ਬੇਸ਼ੱਕ ਇਹ ਵਕਤੀ ਤੌਰ ਤੇ ਡਰ ਅਤੇ ਸਹਿਮ ਦੇ ਵਾਤਾਵਰਣ ਵਿੱਚ ਵਾਪਰਿਆ ਘਟਨਾਂਕ੍ਰਮ ਹੈ , ਪਰ ਇਸ ਨੇ ਸਾਡੀ ਚੇਤਨਾਂ ਦੀਆਂ ਪਰਤਾਂ ਨੂੰ ਜਰੂਰ ਖੰਘਾਲਿਆ ਹੈ । ਅੱਜ ਵਿਗਿਆਨ ਦੇ ਯੁੱਗ ਵਿੱਚ , ਅੱਜ ਸ਼ੋਸ਼ਲ ਮੀਡੀਆ ਦੇ ਦੌਰ ਵਿੱਚ , ਅੱਜ ਇੰਟਰਨੈਟ ਦੇ ਜ਼ਮਾਨੇ ਵਿੱਚ ਜਦੋਂ ਮਿੰਟਾਂ ਸਕਿੰਟਾਂ ਵਿੱਚ ਸਭ ਸੰਸਿਆਂ ਦੇ ਹੱਲ ਲੱਭੇ ਜਾ ਸਕਦੇ ਹਨ, ਉੱਥੇ ਅਜਿਹੇ ਕਰੋਨਾ ਦੇ ਫੈਲਣ ਦੇ ਬੇਤੁਕੇ ਮਸਲਿਆ ਦਾ ਉੱਠਣਾ ਮਾਨਵਤਾ ਲਈ ਬੜਾ ਘਾਤਕ ਸਾਬਿਤ ਹੋਇਆ ਹੈ ।ਵਿਸ਼ਵ ਸਿਹਤ ਸੰਸਥਾਂ ਵਲੋਂ ਬਿਲਕੁਲ ਇਹ ਗੱਲ ਸਾਫ ਹੋਣ ਦੇ ਬਾਵਯੂਦ ਕਿ ਇੱਕ ਮਰੇ ਹੋਏ ਵਿਅਕਤੀ ਦੇ ਸਸਕਾਰ ਨਾਲ ਕਰੋਨਾ ਅੱਗੇ ਨਹੀਂ ਫੈਲਦਾ , ਫੇਰ ਵੀ ਇਸ ਗੱਲ ਨੂੰ ਇੰਨਾ ਵੱਡਾ ਮੁੱਦਾ ਬਣਾ ਕੇ ਹਾਲਾਤਾਂ ਨੂੰ ਇਸ ਕਦਰ ਤੱਕ ਵਿਗਾੜ ਦੇਣਾ ਕਿ ਅਸੀਂ ਇਸ ਫਾਨੀ ਸੰਸਾਰ ਤੋਂ ਜਾ ਚੁੱਕੇ ਵਿਅਕਤੀ ਬਾਰੇ ਵੀ ਅਜਿਹੇ ਫੁਰਮਾਨ ਜਾਰੀ ਕਰਨ ਦੀ ਕਗਾਰ ਤੇ ਪਹੁੰਚ ਗਏ ਕਿ ਇਸ ਪਿੰਡ ਵਿੱਚ ਇਸ ਮਹਾਨ ਸਖਸੀਅਤ ਦਾ ਸਸਕਾਰ ਨਹੀਂ ਕੀਤਾ ਜਾ ਸਕਦਾ , ਸਾਡੇ ਸਭਨਾ ਲਈ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ ।

ਅਜਿਹਾ ਹੀ ਇੱਕ ਮਸਲਾ ਮੁੰਬਈ ਦੇ ਉਪ ਨਗਰ ਗਲਾਡ ਵਿੱਚ ਵੀ ਉਸ ਸਮੇਂ ਸਾਹਮਣੇ ਆਉਂਦਾ ਹੈ, ਜਦੋਂ ਇੱਕ ਇੱਕ 65 ਸਾਲਾ ਮੁਸਲਿਮ ਵਿਅਕਤੀ ਨੂੰ ਉੱਥੋਂ ਦੇ ਕਬਰਸਤਾਨ ਟਰੱਸਟੀਆਂ ਵਲੋਂ ਮ੍ਰਿਤਕ ਨੂੰ ਦਫਨਾਉਣ ਤੋਂ ਹੀ ਜੁਆਬ ਦੇ ਦਿੱਤਾ ਜਾਂਦਾ ਹੈ । ਇਸ ਤੋਂ ਬਾਅਦ ਕੁਝ ਸਮਾਜ ਸੇਵੀ ਲੋਕਾਂ ਦੇ ਦਖਲ ਦੇਣ ਤੇ ਇੱਕ ਨੇੜਲੇ ਹਿੰਦੂ ਸਮਸ਼ਾਨਘਾਟ ਵਿੱਚ ਉਸਦੀ ਦੇਹ ਦਾ ਜਲਾ ਕੇ ਅੰਤਿਮ ਸਸਕਾਰ ਕੀਤਾ ਗਿਆ । ਅਜਿਹੀਆਂ ਘਟਨਾਵਾਂ ਵਾਕਿਆ ਹੀ ਸਾਡੀ ਮਨੁੱਖਤਾ ਲਈ ਤੇ ਸਾਡੇ ਸਦੀਆਂ ਤੋਂ ਬਣੇ ਆਪਸੀ ਭਾਈਚਾਰੇ ਲਈ ਵੰਗਾਰ ਬਣਨ ਲੱਗ ਪਈਆਂ ਹਨ ।

ਕਰੋਨਾ ਮਹਾਮਾਰੀ ਦੇ ਸਿਖਰ ਤੇ ਇੱਕ ਮਾਮਲਾ ਦਿੱਲੀ ਵਿੱਚ ਤਬਲੀਗੀ ਜਮਾਤ ਦਾ ਸਾਹਮਣੇ ਆਇਆ ਹੈ , ਜਿਸ ਵਿੱਚ ਬਹੁੁਤ ਸਾਰੇ ਲੋਕਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੇ ਕੇਸ ਸਾਹਮਣੇ ਆਏ ਹਨ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਕਰਫਿਊ ਜਾਂ ਲਾਕਡਾਅਨ ਦੇ ਅਜਿਹੇ ਨਾਜੁਕ ਸਮੇਂ ਸਾਨੂੰ ਕਿਸੇ ਵੀ ਤਰ੍ਹਾਂ ਦੇ ਅਜਿਹੇ ਇਕੱਠ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।ਇਹੀ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਵੀ ਹੈ । ਪਰ ਇਸ ਅਣਗਹਿਲੀ ‘ਚ ਵਾਪਰੇ ਵਰਤਾਰੇ ਦੀ ਆੜ ਵਿੱਚ ਸਿਰਫ ਇੱਕ ਧਰਮ ਨਾਲ ਜੋੜ ਕੇ ਦੇਸ਼ ਵਿੱਚ ਨਫਰਤ ਦਾ ਮਹੌਲ ਪੈਦਾ ਕਰਨਾ ਵੀ ਕਦੇ ਮਨੁੱਖਤਾ ਦੇ ਹੱਕ ਵਿੱਚ ਨਹੀਂ ਜਾਵੇਗਾ । ਅਜਿਹੇ ਫਰਮਾਨ ਸਾਡੇ ਸੰਵਿਧਾਨ ਦੀ ਆਤਮਾ ਨੂੰ ਵੀ ਸੱਟ ਮਾਰਦੇ ਹਨ । ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੁਆਰਾ ਇਸ ਨੂੰ ਇਕਪਾਸੜ ਹੋ ਕੇ ਪ੍ਰਚਾਰਿਆ ਜਾਣਾ ਸਾਡੇ ਸਭਨਾ ਲਈ ਮੰਦਭਾਗਾ ਹੈ ।ਸਾਨੂੰ ਅਜਿਹੇ ਸੰਕਟ ਦੇ ਦੌਰ ਵਿੱਚ ਆਪਣੇ ਸੰਕੀਰਨ ਸੋਚ ਜਾਂ ਨਿੱਜੀ ਮੁਫਾਦਾ ਵਿੱਚੋਂ ਬਾਹਰ ਆ ਕੇ ਪੂਰੀ ਮਨੁੱਖਤਾ ਦੀ ਭਲਾਈ ਲਈ ਲੜਨ ਦੀ ਲੋੜ ਹੈ ।

ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਸਮਾਂ ਮਾੜਾ ਚਲ ਰਿਹਾ ਹੈ ।ਹਾਲਾਤ ਬੜੇ ਨਾਜ਼ੁਕ ਬਣੇ ਹੋਏ ਹਨ । ਹਰ ਇੱਕ ਪ੍ਰਾਣੀ ਨੂੰ ਆਪਣੀ ਜਾਨ ਦੇ ਲਾਲੇ ਪਏ ਹੋਏ ਹਨ ।ਪਰ ਇਸ ਮਾੜੇ ਸਮੇਂ ਵਿੱਚ ਸਾਡਾ ਇੱਕ ਦੂਸਰੇ ਉਪਰੋਂ ਟੁੱਟਿਆ ਵਿਸ਼ਵਾਸ , ਮੁਸਬੀਤ ਦੀਆਂ ਇਹਨਾਂ ਘੜੀਆਂ ਵਿੱਚ ਸਾਡਾ ਖੇਰੂੰ-ਖੇਰੂੰ ਹੋਇਆ ਭਾਈਚਾਰਾ ਅੱਜ ਸਾਡੇ ਲਈ ਸਭ ਤੋਂ ਵੱਧ ਖਤਰਨਾਕ ਹੈ । ਇਤਿਹਾਸ ਗਵਾਹ ਹੈ ਜਦੋਂ ਕਦੇ ਵੀ ਅਜਿਹੇ ਦੌਰ ਆਏ ਹਨ ਤਾਂ ਮਨੁੱਖ ਦੁਆਰਾ ਮਨੁੱਖ ਦਾ ਪੱਲਾ ਨਾ ਫੜੇ ਜਾਣ ਤੇ, ਜਾਂ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨੇ ਹਮੇਸ਼ਾਂ ਮਾਨਵਤਾ ਦੇ ਮੱਥੇ ਤੇ ਘਿਨਾਉਣੇ ਕਲੰਕ ਜੜੇ ਹਨ।

ਪਰ ਸਾਡਾ ਇਹੀ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਮੁਸਬੀਤਾਂ ਦੀਆਂ ਇਹਨਾਂ ਘੜੀਆਂ ਵਿੱਚ ਵੀ ਬਹੁਤ ਸਾਰੇ ਜੁਗਨੂੰ ਜਗਦੇ ਰਹੇ ਹਨ , ਮੁਸੀਬਤਾਂ ਦੇ ਦੌਰ ਵਿੱਚ ਵੀ ਕੁਝ ਲੋਕ ਕਦੇ ਨਿੱਜਤਾ ਦੀਆਂ ਵਲਗਣਾ ਵਿੱਚ ਨਹੀਂ ਵੜਦੇ , ਮੁਸਬੀਤਾਂ ਦੇ ਸਮੇਂ ਵਿੱਚ ਵੀ ਕੁਝ ਲੋਕ ਧਰਮਾਂ , ਜਾਤਾਂ , ਅਮੀਰੀਆਂ ਗਰੀਬੀਆਂ ਦਾ ਜੋੜ ਤੋੜ ਨਹੀਂ ਕਰਦੇ ਬਲਕਿ ਇਹਨਾਂ ਸਾਰੀਆਂ ਦਿੱਕਤਾਂ ਨੂੰ ਦਰੜ ਕੇ ਜ਼ਮੀਰ ਦੀ ਆਵਾਜ਼ ਸੁਣਦਿਆਂ ਮਨੁੱਖਤਾ ਦੇ ਹੱਕ ਵਿੱਚ ਖੜਦੇ ਹਨ ।ਸਾਡਾ ਇਤਿਹਾਸ ਤਾਂ ਉਹ ਇਤਿਹਾਸ ਹੈ ਜਿੱਥੇ ਸਰਹਿੰਦ ਵਿੱਚ ਸਿੱਖ ਧਰਮ ਦੀਆਂ ਨਿੱਕੀਆਂ ਜਿੰਦਾਂ ਦੇ ਸਸਕਾਰ ਲਈ ਇੱਕ ਮੁਸਲਮਾਨ ਆਪਣੀ ਸਾਰੀ ਜਾਇਦਾਦ ਦਾਅ ਤੇ ਲਾ ਕੇ ਮਹਿੰਗੇ ਭਾਅ ਦੀ ਜ਼ਮੀਨ ਖਰੀਦ ਕੇ ਦਿੰਦਾ ਹੈ , ਸਾਡਾ ਇਤਿਹਾਸ ਤਾਂ ਉਹ ਇਤਿਹਾਸ ਹੈ ਜਿੱਥੇ ਸਿੱਖਾਂ ਦੇ ਸਭ ਤੋਂ ਪ੍ਰਮੁੱਖ ਧਾਰਮਿਕ ਸਥਾਨ ਦਾ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਰੱਖਦਾ ਹੈ , ਸਾਡਾ ਇਤਿਹਾਸ ਤਾਂ ਉਹ ਇਤਿਹਾਸ ਹੈ ਜਿੱਥੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਸਿੱਖ ਧਰਮ ਦੇ ਗੁਰੁੂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਤੱਕ ਕਟਵਾ ਲੈਂਦੇ ਹਨ। ਫਿਰ ਇਸ ਇਤਿਹਾਸ ਨੂੰ ਵਿਸਾਰ ਕਿ ਅਸੀਂ ਆਪਣੀ ਹੀ ਕੌਮ ਨਾਲ ਖੜਨ ਤੋਂ ਕਿਵੇਂ ਇਨਕਾਰੀ ਹੋ ਸਕਦੇ ਹਾਂ ? ਅਸੀਂ ਸਭ ਨੇ ਪੜ੍ਹਿਆ-ਸੁਣਿਆ ਹੈ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ , ਉਹ ਕੌਮਾਂ ਕਦੇ ਵੀ ਲੰਬਾਂ ਸਮਾਂ ਜਿਉਂਦੀਆਂ ਨਹੀਂ ਰਹਿੰਦੀਆਂ ।ਹੁਣ ਇਸ ਨੂੰ ਫਿਰ ਤੋਂ ਵਿਚਾਰਨ ਦੀ ਲੋੜ ਹੈ ।

ਬੇਸ਼ੱਕ ਅੱਜ ਕਰੋਨਾ ਦੀ ਇਸ ਭਿਆਨਕ ਬੀਮਾਰੀ ਨੂੰ ਮੁੱਖ ਰੱਖਦਿਆਂ ਹਰ ਕਿਸੇ ਨੂੰ ਇਤਹਿਆਤ ਵਰਤਣ ਦੀ ਲੋੜ ਹੈ । ਸਾਨੂੰ ਕਰਫਿਊ ਤੇ ਲਾਕਡਾਅਨ ਵਰਗੀਆਂ ਸਥਿਤੀਆਂ ਦਾ ਆਗਿਆ ਨਾਲ ਪਾਲਣ ਕਰਨਾ ਚਾਹੀਦਾ ਹੈ ।ਲੋੜੀਂਦੇ ਬੰਧਨਾਂ ਨੂੰ ਜਰੂਰ ਮੰਨਣਾ ਚਾਹੀਦਾ ਹੈ । ਕੋਰੋਨਾ ਵਾਇਰਸ ਤੋਂ ਛੁਟਕਾਰੇ ਦਾ ਰਾਹ ਵੀ ਇੱਕੋ-ਇੱਕ ਇਹੀ ਹੈ ।ਪਰ ਮੁਸੀਬਤ ਦੀ ਇਸ ਘੜੀ ਵਿੱਚ ਲੋੜਵੰਦਾਂ ਦੇ ਕੰਮ ਆਉਣਾ , ਸੰਕਟ ਦੇ ਇਸ ਸਮੇਂ ਵਿੱਚ ਕਿਸੇ ਦਾ ਸਹਾਰਾ ਬਣਨਾ , ਭੁੱਖੇ ਲਈ ਰੋਟੀ ਤੇ ਪਿਆਸੇ ਲਈ ਪਾਣੀ ਦਾ ਪ੍ਰਬੰਧ ਕਰਨਾ ਵੀ ਮਨੁੱਖਤਾ ਦੇ ਮੁੱਢਲੇ ਫਰਜ਼ਾਂ ਵਿੱਚੋਂ ਹੈ ।ਇਸ ਲਈ ਆਓ ਮੁਸੀਬਤ ਦੇ ਇਹਨਾਂ ਪਲਾਂ ਵਿੱਚ ਸੰਕੀਰਨ ਵਲਗਣਾ ਵਿੱਚੋਂ ਬਾਹਰ ਨਿਕਲ ਕੇ ਇੱਕ ਦੂਸਰੇ ਦਾ ਸਹਾਰਾ ਬਣੀਏ , ਆਪਣੇ ਇਤਿਹਾਸ ਦੇ ਚੰਗੇ ਪੱਖਾਂ ਨੂੰ ਫਿਰ ਤੋਂ ਦੁਹਰਾਈਏ , ਮੁਸੀਬਤ ਦੇ ਇਸ ਨਾਜ਼ੁਕ ਦੌਰ ਵਿੱਚ ਅਸੀਂ ਜੇਕਰ ਆਪਣਾ ਭਾਈਚਾਰਾ ਹੀ ਨਾ ਬਚਾ ਸਕੇ , ਮਨੁੱਖਤਾ ਦੇ ਮੁੱਢਲੇ ਫਰਜ਼ਾ ਨੂੰ ਹੀ ਸਿਰੇ ਨਾ ਚੜਾ ਸਕੇ ਤਾਂ ਇੱਥੇ ਸਾਡੇ ਬਚੇ ਰਹਿਣ ਦੇ ਵੀ ਕੋਈ ਅਰਥ ਨਹੀਂ ਹਨ …ਆਮੀਨ !

ਗੁਰਨੈਬ ਸਿੰਘ ਮਘਾਣੀਆਂ
ਪਿੰਡ ਤੇ ਡਾਕ. ਮਘਾਣੀਆਂ
ਤਹਿਸੀਲ-ਬੁਢਲਾਡਾ
ਜ਼ਿਲ੍ਹਾ ਮਾਨਸਾ
98158-45405

Leave a Reply

Your email address will not be published. Required fields are marked *

%d bloggers like this: