ਮੁਖ ਮੰਤਰੀ ਦਾ ਦਮਦਮੀ ਟਕਸਾਲ ਬਾਰੇ ਬਿਆਨ ਗੈਰ ਜਿਮੇਵਾਰਾਨਾ ਅਤੇ ਜਾਣਕਾਰੀ ਤੋਂ ਸੱਖਣਾ: ਬਾਬਾ ਹਰਨਾਮ ਸਿੰਘ ਖ਼ਾਲਸਾ

ਮੁਖ ਮੰਤਰੀ ਦਾ ਦਮਦਮੀ ਟਕਸਾਲ ਬਾਰੇ ਬਿਆਨ ਗੈਰ ਜਿਮੇਵਾਰਾਨਾ ਅਤੇ ਜਾਣਕਾਰੀ ਤੋਂ ਸੱਖਣਾ: ਬਾਬਾ ਹਰਨਾਮ ਸਿੰਘ ਖ਼ਾਲਸਾ
ਮੁਖ ਮੰਤਰੀ ਦੀ ਚਿਤਾਵਨੀ ਦਾ ਦਮਦਮੀ ਟਕਸਾਲ ਮੁਖੀ ਵੱਲੋਂ ਲਿਆ ਗਿਆ ਸਖ਼ਤ ਨੋਟਿਸ
ਕਿਹਾ ਕੈਪਟਨ ਆਪਣੇ ਪਰਿਵਾਰਕ ਪਿਛੋਕੜ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਭੁੱਲ ਕੇ ਗੁਰੂ ਨਿੰਦਕ ਅਖੌਤੀ ਪ੍ਰਚਾਰਕਾਂ ਨੂੰ ਦੇ ਰਿਹਾ ਸ਼ਹਿ

ਚੌਕ ਮਹਿਤਾ / ਅੰਮ੍ਰਿਤਸਰ 25 ਮਈ ( ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਦਿਤੀ ਗਈ ਚਿਤਾਵਨੀ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਖ ਮੰਤਰੀ ਦਾ ਬਿਆਨ ਬਹੁਤ ਹੀ ਗੈਰ ਜਿਮੇਵਾਰਾਨਾ ਅਤੇ ਜਾਣਕਾਰੀ ਤੋਂ ਸੱਖਣਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਦਮਦਮੀ ਟਕਸਾਲ ਗੁਰੂ ਸਿਧਾਂਤ ਮੁਤਾਬਿਕ ਨਾ ਕਿਸੇ ਨੂੰ ਡਰਾਉਂਦੀ ਹੈ ਅਤੇ ਨਾ ਕਿਸੇ ਤੋਂ ਡਰਦੀ ਹੈ ਇਸ ਲਈ ਅਸੀ ਹਰ ਚੁਨੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਦੀਆਂ ਤੋਂ ਦਮਦਮੀ ਟਕਸਾਲ ਸਿਖ ਪੰਥ ਦੀ ਧਾਰਮਿਕ ਤੇ ਰਾਜਸੀ ਖੇਤਰ ‘ਚ ਨੁਮਾਇੰਦਗੀ ਕਰਦੀ ਆ ਰਹੀ ਹੈ, ਅਤੇ ਪੰਥ ਦੀ ਚੜ੍ਹਦੀਕਲਾ ਦੀ ਜ਼ਾਮਨ ਬਨ ਕੇ ਪੰਥ ਦੀ ਸੇਵਾ ਨਿਭਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦਮਦਮੀ ਟਕਸਾਲ ਦਾ ਮੁਖ ਪ੍ਰਯੋਜਨ ਗੁਰੂ ਸਾਹਿਬਾਨਾਂ ਵੱਲੋਂ ਚਲਾਈ ਮਰਿਯਾਦਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਉੱਥੇ ਗੁਰਬਾਣੀ ਦੀ ਕਥਾ, ਸੰਥਿਆ ਅਤੇ ਵਿਆਖਿਆ ਦੇ ਨਾਲ ਨਾਲ ਅੰਮ੍ਰਿਤ ਸੰਚਾਰ ਕਰ ਕੇ ਸੰਗਤ ਨੂੰ ਗੁਰੂ ਘਰ ਨਾਲ ਜੋੜਨਾ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜ ਆਪਣੇ ਪਰਿਵਾਰਕ ਪਿਛੋਕੜ ਅਤੇ ਸਤਿਗੁਰੂ ਸਾਹਿਬਾਨ ਵੱਲੋਂ ਕੀਤੀਆਂ ਬਖਸ਼ਿਸ਼ਾਂ ਅਤੇ ਰਹਿਮਤਾਂ ਨੂੰ ਭੁੱਲ ਦਿਤਾ ਹੈ। ਕੈਪਟਨ ਪਿਛਲੇ ਲੰਮੇ ਸਮੇਂ ਤੋਂ ਸਤਿਗੁਰੂ ਸਾਹਿਬਾਨਾਂ ਦੇ ਜੀਵਨ, ਗੁਰਬਾਣੀ, ਪਰੰਪਰਾਵਾਂ, ਸਿਖ ਪੰਥ ਦੇ ਧਾਰਮਿਕ ਸਰੋਤਾਂ, ਅੰਮ੍ਰਿਤ ਸਰੋਵਰਾਂ, ਤਖਤ ਸਾਹਿਬਾਨ ਦੇ ਜਥੇਦਾਰਾਂ ਤੇ ਪੰਥਕ ਸ਼ਖ਼ਸੀਅਤਾਂ ਦੇ ਸਤਿਕਾਰ ਪ੍ਰਤੀ ਅਨੇਕਾਂ ਸ਼ੰਕੇ ਖੜੇ ਕਰਦਿਆਂ ਸਾਜ਼ਿਸ਼ ਤਹਿਤ ਉਨ੍ਹਾਂ ਉੱਪਰ ਭਰੀ ਸਟ ਮਾਰ ਕੇ ਸਿਖ ਭਾਵਨਾਵਾਂ ਨੂੰ ਵਲੂੰਧਰਨ ਵਾਲੇ ਅਖੌਤੀ ਪ੍ਰਚਾਰਕਾਂ ਨੂੰ ਸ਼ਹਿ ਦੇ ਰਿਹਾ ਹੈ । ਉਹ ਵਿਵਾਦਿਤ ਪ੍ਰਚਾਰਕਾਂ ਦੀ ਤਰਫ਼ਦਾਰੀ ਕਰਕੇ ਕੌਮ ਦੇ ਧਾਰਮਿਕ ਖੇਤਰ ਵਿਚ ਭਾਰੀ ਖ਼ਲਾਅ ਪੈਦਾ ਕਰ ਰਹੇ ਹਨ। ਪਰ ਅਫ਼ਸੋਸ ਅਤੇ ਹੈਰਾਨੀ ਦੀ ਗਲ ਹੈ ਕਿ ਕੈਪਟਨ ਇਹਨਾਂ ਅਖੌਤੀ ਪ੍ਰਚਾਰਕਾਂ ਦੀਆਂ ਗਤੀਵਿਧੀਆਂ ਵੱਲ ਕੋਈ ਧਿਆਨ ਦੇਣ ਦੀ ਬਜਾਏ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਖ ਮੰਤਰੀ ਅਤੇ ਇਕ ਸਿਖ ਹੋਣ ਨਾਤੇ ਉਸ ਨੂੰ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੁਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਸਿਧੀ ਚਿਤਾਵਨੀ ਦੇ ਕੇ ਇਤਿਹਾਸ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰਾਇਆ ਜਦੋਂ ਪਹਿਲੀਆਂ ਕਾਂਗਰਸ ਸਰਕਾਰਾਂ ਦੀਆਂ ਗੈਰ ਜਿਮੇਵਾਰਾਨਾ ਗਤੀਵਿਧੀਆਂ ਕਾਰਨ ਪੰਜਾਬ ਨੂੰ ਭਾਰੀ ਕੀਮਤ ਚੁਕਾਉਣੀ ਪਈ । ਕੈਪਟਨ ਦੀ ਬਿਆਨਬਾਜ਼ੀ ਤੋਂ ਜਾਪਦਾ ਹੈ ਕਿ ਉਸ ਨੇ ਪਿਛਲੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿਖਿਆ। ਬਲਕੇ ਪੰਥ ਵਿਰੋਧੀ ਲੋਕਾਂ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਅਤੇ ਖ਼ਾਲਸਾ ਪੰਥ ਨੂੰ ਉਨ੍ਹਾਂ ਹੀ ਹਾਲਾਤਾਂ ਵਲ ਧੱਕ ਰਿਹਾ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਦਾ ਕਿਸੇ ਪ੍ਰਤੀ ਕੋਈ ਵੈਰ ਵਿਰੋਧ ਨਹੀਂ ਹੈ। ਬਲਕੇ ਦਮਦਮੀ ਟਕਸਾਲ ਗੁਰਬਾਣੀ ਅਨੁਸਾਰ ਗੁਰਸਿਖਾਂ ਅੰਦਰ ਭਰਾਵਾਂ ਵਾਲੀ ਸਾਂਝ ਦੇ ਸਿਧਾਂਤ ‘ਤੇ ਪਹਿਰਾ ਦੇ ਕੇ ਸਮੁੱਚੀਆਂ ਜਥੇਬੰਦੀਆਂ ਸੰਪਰਦਾਵਾਂ ਅਤੇ ਸੰਗਤਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੀ ਹੈ। ਅਜ ਵੀ ਖ਼ਾਲਸਾ ਪੰਥ ‘ਤੇ ਆਈ ਹਰ ਚੁਨੌਤੀ ਮੌਕੇ ਮੋਹਰੀ ਹੋ ਕੇ ਕੁਰਬਾਨੀ ਦੇਣ ਲਈ ਤਤਪਰ ਹੈ। ਪਰੰਤੂ ਉਨ੍ਹਾਂ ਕਿਹਾ ਕਿ ਕਿ ਦਮਦਮੀ ਟਕਸਾਲ ਕਿਸੇ ਵੀ ਵਿਅਕਤੀ ਵੱਲੋਂ ਗੁਰੂ ਸਾਹਿਬਾਨ ਅਤੇ ਗੁਰੂ ਸਿਧਾਂਤ ਖ਼ਿਲਾਫ਼ ਬੋਲਿਆ ਕੋਈ ਵੀ ਅਪ ਸ਼ਬਦ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਸਪਸ਼ਟ ਕੀਤਾ ਕਿ ਦਮਦਮੀ ਟਕਸਾਲ ਕੋਲ ਵਿਵਾਦਿਤ ਪ੍ਰਚਾਰਕਾਂ ਦੀਆਂ ਗੁਰਮਤਿ ਦੇ ਉਲਟ ਬੋਲੇ ਗਏ ਸੈਂਕੜੇ ਸਬੂਤ ਮੌਜੂਦ ਹਨ। ਮੁਖ ਮੰਤਰੀ ਆਪਣੀ ਟੀਮ ਭੇਜ ਕੇ ਦਮਦਮੀ ਟਕਸਾਲ ਤੋਂ ਉਨ੍ਹਾਂ ਸਬੂਤਾਂ ਪ੍ਰਤੀ ਨਿਰਪੱਖ ਪੜਤਾਲ ਕਰਾ ਸਕਦਾ ਹੈ।

Share Button

Leave a Reply

Your email address will not be published. Required fields are marked *

%d bloggers like this: