ਮੀਟਿੰਗ ਰਹੀ ਬੇ-ਸਿੱਟਾ, ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਨੇ ਐਸ.ਡੀ.ਐਮ. ਦਾ ਪੁਤਲਾ ਫੂਕਿਆ

ss1

ਮੀਟਿੰਗ ਰਹੀ ਬੇ-ਸਿੱਟਾ, ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਨੇ ਐਸ.ਡੀ.ਐਮ. ਦਾ ਪੁਤਲਾ ਫੂਕਿਆ
ਲੁੱਟ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ਼ ਕਾਰਵਾਈ ਨਾ ਕਰਨ ’ਤੇ ਕੀਤਾ ਜਾਵੇਗਾ ਜੀ.ਟੀ. ਰੋਡ ਜਾਮ – ਵਧਾਵਨ, ਛਾਂਗਾ

10GHS Rajesh01
ਗੁਰੂਹਰਸਹਾਏ, 10 ਮਈ (ਗੁਰਮੀਤ ਕਚੂਰਾ) : ਪ੍ਰਾਈਵੇਟ ਸਕੂਲਾਂ ਵੱਲੋਂ ਐਨੁਅਲ ਫੀਸਾਂ ਅਤੇ ਹੋਰ ਫੰਡਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮੰਗਲਵਾਰ ਨੂੰ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਦਿੱਤਾ ਜਾਣਾ ਸੀ, ਜਿਸ ਲਈ ਅਖਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ। ਜਿਸਨੂੰ ਲੈ ਕੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਸਨ ਅਤੇ ਪ੍ਰਸ਼ਾਸਨ ਨੇ ਰਾਏ ਮਸ਼ਵਰਾ ਕਰਕੇ ਇਕ ਅਧਿਕਾਰੀ ਦੇ ਜ਼ਰੀਏ ਸਾਰੇ ਮਸਲੇ ਦਾ ਹੱਲ ਟੇਬਲ ’ਤੇ ਬੈਠ ਕੇ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਅਤੇ ਧਰਨਾ ਨਾ ਲਗਾਉਣ ਦੀਆਂ ਅਪੀਲ ਕੀਤੀ ਸੀ। ਜਿਸ ’ਤੇ ਐਕਸ਼ਨ ਕਮੇਟੀ ਨੇ ਸਾਰੇ ਮਾਪਿਆਂ ਨਾਲ ਸਹਿਮਤੀ ਹੋਣ ਉਪਰੰਤ ਐਸ.ਡੀ.ਐਮ. ਨਾਲ ਮੀਟਿੰਗ ਕੀਤੀ ਪਰ ਐਸ.ਡੀ.ਐਮ. ਦੇ ਅੜੀਅਲ ਰਵੱਈਏ ਅਤੇ ਨਲਾਇਕੀ ਕਾਰਨ ਉਕਤ ਮੀਟਿੰਗ ਬੇ-ਸਿੱਟਾ ਰਹੀ। ਜਿਸਦੇ ਰੋਸ ਵਜੋਂ ਮਾਪੇ ਅਤੇ ਕਮੇਟੀ ਆਗੂਆਂ ਵਿਚ ਹੋਰ ਜ਼ਿਆਦਾ ਰੋਸ ਫੈਲ ਗਿਆ ਅਤੇ ਉਹਨਾ ਵੱਲੋਂ ਐਸ.ਡੀ.ਐਮ. ਦੇ ਰਵੱਈਏ ਕਾਰਨ ਐਸ.ਡੀ.ਐਮ. ਦਾ ਪੁਤਲਾ ਫੂਕ ਕੇ ਰੋਸ ਜਾਹਿਰ ਕੀਤਾ ਤੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜੀ ਕਰਦਿਆਂ ਲੁੱਟ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜੀ ਕੀਤੀ ਅਤੇ ਐਸ.ਡੀ.ਐਮ. ਮੁਰਦਾਬਾਦ ਦੇ ਨਾਅਰੇ ਲਗਾਏ। ਪੁਲਸ ਸਟੇਸ਼ਨ ਚੌਂਕ ਵਿਖੇ ਥੋੜੇ ਸਮੇਂ ਲਈ ਜਾਮ ਵੀ ਲਗਾਇਆ ਗਿਆ। ਇਸ ਪੁਤਲਾ ਫੂਕ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀ ਲੁੱਟ ਵਿਰੋਧੀ ਅੰਦੋਲਨ ਕਮੇਟੀ ਦੇ ਕਨਵੀਨਰ ਦੀਪਕ ਵਧਾਵਨ ਤੇ ਮੁੱਖ ਸਲਾਹਕਾਰ ਅਤੇ ਆਲ ਇੰਡੀਆ ਸਟੂਡੈਂਟਸ ਫੈਡੱਰੇਸ਼ਨ ਦੇ ਜ਼ਿਲਾ ਪ੍ਰਧਾਨ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਗੁਰੂਹਰਸਹਾਏ ਖੇਤਰ ਦੇ ਪ੍ਰਾਈਵੇਟ ਸਕੂਲਾਂ ਵਾਲੇ ਐਨੂਅਲ ਫੀਸਾਂ ਅਤੇ ਹੋਰ ਫੰਡਾਂ ਦੇ ਨਾਮ ’ਤੇ ਪ੍ਰਤੀ ਵਿਦਿਆਰਥੀ ਹਜ਼ਾਰਾਂ ਰੁਪਏ ਲੁੱਟ ਰਹੇ ਹਨ, ਜਿਸਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਕਰਦੇ ਐਸ.ਡੀ.ਐਮ. ਨੂੰ ਇਸ ਲੁੱਟ ਨੂੰ ਬੰਦ ਕਰਵਾਉਣ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ ਪਰ ਐਸ.ਡੀ.ਐਮ. ਸਕੂਲ ਮਾਫੀਆ ਦਾ ਸਿੱਧੇ ਰੂਪ ਵਿਚ ਸਾਥ ਦੇ ਰਿਹਾ ਜੋਕਿ ਅੱਜ ਦੀ ਮੀਟਿੰਗ ਨੇ ਸਾਫ਼ ਜਾਹਿਰ ਕਰ ਦਿੱਤਾ ਹੈ।

ਆਗੂਆਂ ਨੇ ਕਿਹਾ ਕਿ ਐਸ.ਡੀ.ਐਮ. ਦਾ ਹੈਕੜਬਾਜ ਰਵੱਈਆ ਸੀ, ਜਿਸ ਨੇ ਮਾਪਿਆਂ ਨੂੰ ਇਨਸਾਫ਼ ਦੇਣ ਦੀ ਬਜਾਏ ਮੀਟਿੰਗ ਵਿਚ ਕਮੇਟੀ ਆਗੂਆਂ ਅਤੇ ਮਾਪਿਆ ਨੂੰ ਇਕ ਸਕੂਲ ਦੀ ਸਿੱਧੇ ਰੂਪ ਵਿਚ ਨਜਾਇਜ਼ ਮੱਦਦ ਕਰਦਿਆਂ ਐਨੂਅਲ ਫੀਸਾਂ ਅਤੇ ਹੋਰ ਫੰਡ ਨਾ ਦੇਣ ਦੀ ਸੂਰਤ ਵਿਚ ਉਕਤ ਸਕੂਲ ਦੇ ਪ੍ਰਬੰਧਕਾਂ ਨੂੰ ਰਾਏ ਦੇ ਕੇ ਬੰਦ ਕਰਵਾਉਣ ਦੀ ਧਮਕੀ ਕਮੇਟੀ ਆਗੂਆਂ ਤੇ ਮਾਪਿਆ ਨੂੰ ਦੇ ਦਿੱਤੀ ਅਤੇ ਇੰਨਾ ਹੀ ਨਹੀਂ ਮੀਟਿੰਗ ਦੇ ਸ਼ੁਰੂ ਵੇਲੇ ਹੀ ਇਸ ਤਰਾਂ ਦੀਆ ਗੱਲ ਕਰਕੇ ਆਗੁਆ ’ਤੇ ਦੁਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਆਗੂਆਂ ਨੇ ਕਿਹਾ ਕਿ ਐਸ.ਡੀ.ਐਮ. ਵਾਰ ਮੀਟਿੰਗ ਦੌਰਾਨ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦਾ ਹੀ ਪੱਖ ਪੂਰਦਾ ਰਿਹਾ, ਜਿਸਨੂੰ ਐਕਸ਼ਨ ਕਮੇਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਕੀਤੇ ਫੈਸਲੇ ਅਨੁਸਾਰ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਰਿਟਾਇਰਡ ਜਸਟਿਸ ਅਮਰ ਦੱਤ ਦੀ ਅਗਵਾਈ ਵਾਲੀ ਫੀਸ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਐਨੁਅਲ ਫੀਸ ਜਾਂ ਹੋਰ ਫੰਡ ਨਹੀਂ ਦਿੱਤਾ ਜਾਵੇਗਾ। ਕਮੇਟੀ ਨੇ ਇਕ ਲਿਖਤੀ ਸ਼ਿਕਾਇਤ ਦੇ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਾਲਾਂ ਵਿਚ ਅਤੇ ਸੈਸ਼ਨ ਦੌਰਾਨ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਵਿਦਿਆਰਥੀਆਂ ਨੂੰ ਜ਼ਬਰੀ ਦੇਣ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਫੀਸ ਕਮੇਟੀ ਦੀ ਮਨਜ਼ੂਰੀ ਬਿਨਾਂ ਵਸੂਲੀ ਗਈ ਬੇਫਜੂਲੀ ਫੀਸ ਅਤੇ ਹੋਰ ਫੰਡ ਵੀ ਰਿਫੰਡ ਕਰਵਾਏ ਜਾਣ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲੁੱਟ ਕਰਨ ਵਾਲੇ ਪ੍ਰਾਈਵੇਟ ਸਕੂਲ ਖਿਲਾਫ਼ ਤਰੁੰਤ ਕਾਰਵਾਈ ਨਾ ਕੀਤੀ ਗਈ ਤਾ ਐਕਸ਼ਨ ਕਮੇਟੀ ਵਲੋਂ ਮਾਪਿਆ ਨੂੰ ਨਾਲ ਲੈ ਕੇ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਡ ਜਾਮ ਕੀਤਾ ਜਾਵੇਗਾ। ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਰੈਗੂਲੈਟਰੀ ਕਮੇਟੀ ਦਾ ਗਠਨ ਕਰਕੇ ਪ੍ਰਾਈਵੇਟ ਸਕੂਲਾਂ ਦੇ ਸਾਰੇ ਰਿਕਾਰਡ ਅਤੇ ਵਿਦਿਆਰਥੀਆ ਦੇ ਮਾਪਿਆ ਅਤੇ ਇਸ ਸਬੰਧ ਵਿਚ ਬਣੀਆ ਐਕਸ਼ਨ ਕਮੇਟੀਆ ਦੀਆ ਸਕਾਇਤਾ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤਰਸੇਮ ਮੁਕੋਲ, ਚੰਦਨ ਆਵਲਾ, ਬਲਜਿੰਦਰ ਬਜਾਜ, ਧੀਰਜ ਮੋਂਗਾ, ਭਗਵਾਨ ਦਾਸ ਬਹੁਦਰ ਕੇ, ਪਿਆਰਾ ਮੇਘਾ, ਮੁਲਖ ਰਾਜ, ਦੀਪਕ ਮੋਤੀ ਵਾਲਾ, ਹਰਕਿਸ਼ਨ ਮੋਹਨ ਕੇ ਹਿਠਾੜ, ਜਗਦੀਸ਼ ਨਿਧਾਨਾ, ਗੁਰਮੀਤ ਸਿੰਘ ਪਿੰਡੀ, ਕਿਸ਼ਨ ਲਾਲ ਮੇਘਾ ਰਾਏ, ਕਰਨ ਬੱਬਰ ਕੁਟੀ, ਮਨੋਹਰ ਸ਼ਰਮਾ, ਗਿੰਨੀ ਨਾਰੰਗ, ਗੁਰਪ੍ਰੀਤ ਸਿੰਘ ਬਰਾੜ, ਰੋਸ਼ਨ ਲਾਲ ਝਾੜੀ ਵਾਲਾ ਆਦਿ ਆਗੂ ਵੀ ਹਾਜ਼ਰ ਸਨ। ਜਦੋਂ ਇਸ ਸਬੰਧ ਵਿਚ ਐਸ.ਡੀ.ਐਮ. ਗੁਰੂਹਰਸਹਾਏ ਨਾਲ ਸਪਰੰਕ ਕੀਤਾ ਗਿਆ ਤਾ ਉਹਨਾਂ ਕਿਹਾ ਕਿ ਫਿਰੋਜਪੁਰ ਵਿਖੇ ਮੋਨੀਟਰਿੰਗ ਕਮੇਟੀ ਅਤੇ ਮਾਪਿਆ ਵਲੋਂ ਅੱਠ ਸੂਤਰੀ ਸਮਝੋਤਾ ਕੀਤਾ ਗਿਆ ਹੈ ਜਿਸ ਨੂੰ ਗੁਰੂਹਰਸਹਾਏ ਵਿਖੇ ਵੀ ਲਾਗੂ ਕਰਵਾਇਆ ਜਾ ਰਿਹਾ ਹੈ।

ਫੀਸਾਂ ਅਤੇ ਲਾਏ ਫੰਡ ਨਾ ਭਰਨ ਤੱਕ ਸਕੂਲ ਵਲੋਂ ਅਣ-ਮਿੱਥੇ ਸਮੇਂ ਲਈ ਛੁੱਟੀਆ ਦਾ ਐਲਾਨ   

ਪ੍ਰਾਈਵੇਟ ਸਕੂਲਾਂ ਵਲੋਂ ਲਈ ਜਾਰਹੀ ਐਨੁਵਲ ਫੀਸ ਅਤੇ ਹੋਰ ਫੰਡਾਂ ਦੀ ਲੁੱਟ ਨੂੰ ਬੰਦ ਕਰਵਾਉਣ ਲਈ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਜਾਰੀ ਹੈ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੇਲੋੜੇ ਫੰਡਾਂ ਦੇ ਨਾਮ ’ਤੇ ਲੁੱਟਿਆ ਜਾਣ ਵਾਲਾ ਪੈਸਾ ਖੁੱਸਦਾ ਨਜ਼ਰ ਆ ਰਿਹਾ ਹੈ। ਇਸ ਲਈ ਮੋਹਨ ਕੇ ਉਤਾੜ ’ਤੇ ਪੈਦੇ ਇਕ ਪ੍ਰਾਈਵੇਟ ਸਕੂਲ ਨੇ ਮਾਪਿਆ ’ਤੇ ਦਬਾਅ ਬਣਾਉਨ ਲਈ ਉਕਤ ਫੰਡ ਨਾ ਜਮਾਂ ਕਰਵਾਉਣ ਤੱਕ ਸਕੂਲ ਵਿਚ ਅਨ-ਮਿੱਥੇ ਸਮੇਂ ਲਈ ਛੁੱਟੀਆ ਦਾ ਐਲਾਨ ਕਰ ਦਿੱਤਾ ਹੈ। ਜਿਸ ਦੋਰਾਨ ਬੱਚਿਆ ਦੇ ਭਵਿੱਖ ਨੂੰ ਲੈ ਕੇ ਮਾਪਿਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਕਤ ਸਕੂਲ ਵਿਚ ਪੜਦੇ ਮਾਪਿਆ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਇਲਾਕਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੇ ਉਲਟ ਬੇਲੋੜੇ ਫੰਡ ਨਾ ਦੇਣ ਦੀ ਸੂਰਤ ਵਿਚ ਛੁੱਟੀਆਂ ਕਰਨ ਵਾਲੇ ਉਕਤ ਸਕੂਲਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Share Button