ਮੀਂਹ ਦੇ ਬਾਵਜੂਦ ਵੀ ਪੰਜਾਬ ਦੇ ਦੋਵੇਂ ਡੈਮ ਰਹਿ ਗਏ ਪਿਆਸੇ

ss1

ਮੀਂਹ ਦੇ ਬਾਵਜੂਦ ਵੀ ਪੰਜਾਬ ਦੇ ਦੋਵੇਂ ਡੈਮ ਰਹਿ ਗਏ ਪਿਆਸੇ

ਭਰਵੇਂ ਮੀਂਹ ਦੇ ਬਾਵਜੂਦ ਪੰਜਾਬ ਦੇ ਦੋਵੇਂ ਡੈਮ ਪਿਆਸੇ ਰਹਿ ਗਏ ਹਨ। ਹੁਣ ਤੱਕ ਪੰਜਾਬ ਵਿੱਚ ਔਸਤਨ ਮੀਂਹ 173 ਐਮਐਮ ਪੈਣਾ ਚਾਹੀਦਾ ਸੀ, ਪਰ ਮੀਂਹ ਇਸ ਤੋਂ ਵੱਧ 191 ਐਮਐਮ ਮੀਂਹ ਪਿਆ ਹੈ। ਸੂਬੇ ਵਿੱਚ ਇੰਨਾ ਮੀਂਹ ਪੈਣ ਦੇ ਬਾਵਜੂਦ ਪਾਣੀ ਡੈਮਾਂ ਨੂੰ ਨਹੀਂ ਭਰ ਸਕਿਆ।
ਭਾਖੜਾ ਡੈਮ ਦਾ ਪਾਣੀ ਅੱਜ ਤੱਕ 1530.51 ਫੁੱਟ ਮਾਪਿਆ ਗਿਆ, ਜਦਕਿ ਪਿਛਲੇ ਸਾਲ 23 ਜੁਲਾਈ ਨੂੰ ਭਾਖੜਾ ਵਿੱਚ ਪਾਣੀ 1607.82 ਫੁੱਟ ਸੀ। ਪਿਛਲੇ ਸਾਲ ਨਾਲੋਂ ਭਾਖੜਾ ’ਚ 77.31 ਫੁੱਟ ਪਾਣੀ ਘੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ’ਚ ਪਾਣੀ ਅੱਜ ਤੱਕ 1292.11 ਫੁੱਟ ਮਾਪਿਆ ਗਿਆ ਹੈ, ਜਦਕਿ ਪਿਛਲੇ ਸਾਲ 23 ਜੁਲਾਈ ਨੂੰ ਇਸ ਦਾ ਪਾਣੀ 1331.29 ਫੁੱਟ ਸੀ। ਇਹ ਪਾਣੀ ਪਿਛਲੇ ਸਾਲ ਨਾਲੋਂ 39.18 ਫੁੱਟ ਘੱਟ ਹੈ। ਦੋਵੇਂ ਡੈਮਾਂ ’ਚ ਪਾਣੀ ਘੱਟ ਹੋਣ ਕਾਰਨ ਚਾਰ ਸੂਬਿਆਂ ਦੇ ਲੋਕਾਂ ਨੂੰ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਬਰਸਾਤਾਂ ਦੌਰਾਨ ਹੀ ਇਨ੍ਹਾਂ ਦੋਵੇਂ ਡੈਮਾਂ ਵਿਚ ਪਾਣੀ ਦਾ ਭੰਡਾਰ ਹੋਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹੋ ਹੀ ਮੌਸਮ ਹੁੰਦਾ ਹੈ ਜਦੋਂ ਪਾਣੀ ਨੂੰ ਭੰਡਾਰ ਕਰਨਾ ਸੌਖਾ ਹੁੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਡੈਮਾਂ ਵਿੱਚ ਪਾਣੀ ਘਟਣ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਥਾਵਾਂ ’ਤੇ ਮੀਂਹ ਘੱਟ ਪਏ ਹਨ, ਜਿਥੋਂ ਪਾਣੀ ਰੁੜ੍ਹ ਕੇ ਇਨ੍ਹਾਂ ਡੈਮਾਂ ’ਚ ਆਉਂਦਾ ਹੈ।
ਹੁਣ ਜਦੋਂ ਬਰਸਾਤ ਸ਼ੁਰੂ ਹੋਣ ਦੇ ਤਿੰਨ ਹਫ਼ਤੇ ਲੰਘ ਚੁੱਕੇ ਹਨ ਤਾਂ ਦੋਵਾਂ ਡੈਮਾਂ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਘਟਣ ਕਾਰਨ ਸਰਕਾਰਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਆਉਣ ਵਾਲੀਆਂ ਗਰਮੀਆਂ ਤੇ ਸਰਦੀਆਂ ਵਿੱਚ ਇਨ੍ਹਾਂ ਡੈਮਾਂ ਤੋਂ ਪਾਣੀ ਤਾਂ ਸਪਲਾਈ ਹੋਣਾ ਹੀ ਹੈ, ਪਰ ਉਸ ਦੀ ਮਾਤਰਾ ਘਟਣ ਨਾਲ ਉਨ੍ਹਾਂ ਸੂਬਿਆਂ ’ਚ ਪ੍ਰੇਸ਼ਾਨੀ ਪੈਦਾ ਹੋਵੇਗੀ, ਜਿੱਥੇ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ।
ਭਾਖੜਾ ਡੈਮ ’ਚ ਪਿਛਲੇ ਚਾਰ ਸਾਲਾਂ ਦੇ ਪਾਣੀ ਦੇ ਭੰਡਾਰ ’ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ ਦਾ ਪਾਣੀ ਦਾ ਪੱਧਰ ਸਭ ਤੋਂ ਘੱਟ ਮਾਪਿਆ ਗਿਆ ਹੈ। 23 ਜੁਲਾਈ 2014 ਨੂੰ ਭਾਖੜਾ ਡੈਮ ’ਚ ਪਾਣੀ 1632.17 ਫੁੱਟ ਸੀ, 2015 ’ਚ 1639.88 ਫੁੱਟ, 2016 ’ਚ 1590.40 ਫੁੱਟ ਅਤੇ 23 ਜੁਲਾਈ 2017 ਨੂੰ ਪਾਣੀ ਦਾ ਪੱਧਰ 1607.82 ਫੁੱਟ ਸੀ। ਇਨ੍ਹਾਂ ਸਾਲਾਂ ’ਚ ਪਾਣੀ ਦਾ ਪੱਧਰ ਜੁਲਾਈ ਤੱਕ ਏਨਾ ਕਦੇ ਨਹੀਂ ਘਟਿਆ। ਹੁਣ ਪਾਣੀ ਦਾ ਪੱਧਰ 1530.51 ਫੁੱਟ ਰਹਿਣ ਨਾਲ ਆਉਣ ਵਾਲੇ ਸਮੇਂ ’ਚ ਪਾਣੀ ਦੇ ਸੰਕਟ ਦਾ ਸੰਕੇਤ ਮਿਲ ਰਿਹਾ ਹੈ।

Share Button

Leave a Reply

Your email address will not be published. Required fields are marked *