ਮਿੰਨੀ ਕਹਾਣੀ- ਨਹਿਲੇ ‘ਤੇ ਦਹਿਲਾ

ss1

        ਪੁਲਿਸ ਦੀ ਗੱਡੀ ਪ੍ਰਤਾਪ ਸਿੰਘ ਦੇ ਬੂਹੇ ਅੱਗੇ ਰੁਕੀ । ਥਾਣੇਦਾਰ ਨੇ ਉਤਰਦਿਆਂ ਹੀ ਪ੍ਰਤਾਪ ਨੂੰ ਫੜ ਕੇ ਗੱਡੀ ਵਿਚ ਬਿਠਾਉਂਦਿਆਂ ਕਿਹਾ, “ਪ੍ਰਤਾਪਿਆ, ਹੁਣ ਦਸ, ਨਜ਼ਾਇਜ਼ ਸ਼ਰਾਬ ਵੇਚਦੈਂ? ”
‘ਹੈਂ ਜਨਾਬ!  ਮੈ ਸ਼ਰਾਬ ਵੇਚਣੀ ਤਾਂ ਕੀ, ਪੀਂਦਾ ਤੱਕ ਨੀ ।’
” ਚੁੱਪ ਉਏ!  ਚੋਰ ਨੇ ਕਦੇ ਮੰਨਿਐਂ ਕਿ ਮੈ ਚੋਰੀ ਕੀਤੀ ਐ?  ਚੱਲ ਥਾਣੇ, ਸਭ ਪਤਾ ਲੱਗ ਜੂ ।”
ਪ੍ਰਤਾਪ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਉਹ ਸ਼ਹਿਰ ਨੂੰ ਹੋ ਤੁਰੇ । ਪ੍ਰਤਾਪ ਪਿੰਡ ਦਾ ਇਜ਼ੱਤਦਾਰ ਅਤੇ ਸ਼ਰੀਫ ਬੰਦਾ ਸੀ । ਪਿਛਲੇ ਮਹੀਨੇ ਥਾਣੇਦਾਰ ਪ੍ਰਤਾਪ ਤੋਂ ਮੱਝ ਲੈਣ ਆਇਆ ਸੀ । ਪਰ ਪ੍ਰਤਾਪ ਨੇ ਮੱਝ ਨਾ ਦਿੱਤੀ ਕਿਉਂਕਿ 40 ਹਜਾਰ ਦੀ ਮੱਝ ਦੇ ਥਾਣੇਦਾਰ 20 ਹਜ਼ਾਰ ਰੁਪਏ ਦੇ ਰਿਹਾ ਸੀ । ਸ਼ਾਇਦ ਇਸੇ ਕਰਕੇ ਥਾਣੇਦਾਰ ਪ੍ਰਤਾਪ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ । ਜਦੋਂ ਗੱਡੀ ਪਿੰਡ ਦੀ ਫਿਰਨੀ ਤੋਂ ਵੱਡੀ ਸੜਕ ਵੱਲ ਮੁੜੀ ਤਾਂ ਇਕ ਪੁਲੀਸ ਵਾਲੇ ਨੇ ਹੋਲੀ ਜਿਹੇ ਥਾਣੇਦਾਰ ਨੂੰ ਕਿਹਾ, “ਜਨਾਬ, ਸਾਰੇ ਪਿੰਡ ਨੂੰ ਪਤੈ ਕਿ ਪ੍ਰਤਾਪ ਸ਼ਰੀਫ ਬੰਦਾ ਐ । ਆਪਾਂ ਬਿਨ੍ਹਾਂ ਸਬੂਤ ਤੋਂ ਲੈ ਕੇ ਚੱਲੇ ਆਂ । ਵੇਖ ਲਓ ਕਿਤੇ….।”
” ਉਏ!  ਚੁੱਪ ਕਰ ਸਬੂਤ ਵੀ ਲੈ ਚਲਦੇ ਆਂ ।” ਫਿਰਨੀ ਤੋਂ ਖੇਤ ਨੂੰ ਜਾਂਦੇ ਕੈਲੇ ਅਮਲੀ ਨੂੰ ਥਾਣੇਦਾਰ ਨੇ ਧੱਕੇ ਨਾਲ ਹੀ ਗੱਡੀ ਵਿਚ ਬਿਠਾ ਲਿਆ । ਗੱਡੀ ਸੜਕ ‘ਤੇ ਦੌੜਨ ਲੱਗੀ । ਗੱਡੀ ਸੜਕ ‘ਤੇ ਦੌੜਨ ਲੱਗੀ । ਥਾਣੇਦਾਰ ਨੇ ਕੈਲੇ ਅਮਲੀ ਨੂੰ ਕਿਹਾ, ‘ ਉਏ ਕੈਲਿਆ!  ਤੂੰ ਉੱਥੇ ਥਾਣੇ ਚੱਲ ਕੇ ਕਹਿਣੈ, ਬਈ ਪ੍ਰਤਾਪ ਤੋਂ ਵੀਹ ਬੋਤਲਾ ਦਾਰੂ ਦੀਆਂ ਮੇਰੇ ਸਾਹਮਣੇ ਥਾਣੇਦਾਰ ਨੇ ਫੜੀਆਂ, ਭਲਾਂ ਦੱਸ ਕੀ ਕਹੇਗਾ ? ”
ਕੈਲਾ ਬੋਲਿਆ, ‘ ਜ਼ਨਾਬ ਇਹਹੀ ਕਿ ਪ੍ਰਤਾਪ ਥਾਣੇਦਾਰ ਨੂੰ ਹਰ ਮਹੀਨੇ ਪੰਜ ਹਜ਼ਾਰ ਰੁਪਏ ਦਿੰਦਾ ਸੀ, ਪਰ ਐਤਕੀਂ ਨਾ ਦੇਣ ਕਰਕੇ ਪ੍ਰਤਾਪ ਨੂੰ ਫੜ ਲਿਆ ।”
ਇਹ ਸੁਣ ਕੇ ਥਾਣੇਦਾਰ ਨੇ ਰੋਹਬ ਨਾਲ ਕਿਹਾ, ‘ ਝੂਠ ਬੋਲਦੈਂ ਕੈਲਿਆ, ਮੈ ਕਦੋਂ ਤੇਰੇ ਸਾਹਮਣੇ ਪੰਜ ਹਜ਼ਾਰ ਲਏ ਆ ਉਏ ।”
” ਜ਼ਨਾਬ ਮੇਰੇ ਸਾਹਮਣੇ ਤਾਂ ਤੁਸੀਂ ਸ਼ਰੀਫ ਬੰਦੇ ਤੋਂ ਸ਼ਰਾਬ ਵੀ ਨਹੀਂ ਫੜੀ ।” ਇਹ ਸੁਣ ਥਾਣੇਦਾਰ ਨੂੰ ਲੱਗਾ ਜਿਵੇਂ ਕੈਲੇ ਨੇ ਨਹਿਲੇ ‘ਤੇ ਦਹਿਲਾ ਮਾਰ ਦਿੱਤਾ ਹੋਵੇ ।

    ਗੁਰਸੇਵਕ “ਚੁੱਘੇ ਖੁਰਦ”
               M. 94632 59716

Share Button

Leave a Reply

Your email address will not be published. Required fields are marked *