ਮਿੰਨੀ ਕਹਾਣੀ: ਤੋਹਮਤ

ss1

ਮਿੰਨੀ ਕਹਾਣੀ: ਤੋਹਮਤ

       ਰੇਸ਼ਮ  ਨਿਮਾਣਾ ਜਿਹਾ ਜੁਆਕ ਸੀ। ਉਸ ਦੇ ਮਾਂ-ਪਿਓ ਦੀ ਇਕ ਸੜਕ-ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਹੁਣ ਦਾਦੀ ਕੋਲ ਹੀ ਰਹਿੰਦਾ ਸੀ। ਗਰੀਬੀ ਬਾਹਲੀ ਹੋਣ ਕਾਰਨ ਸਕੂਲ ਦਾਖਲਾ ਲੈਣਾ ਉਸ ਨੂੰ ਮੁਸ਼ਕਿਲ ਹੋ ਰਿਹਾ ਸੀ।  ਦਾਦੀ ਇਸ ਗੱਲੋਂ ਕਾਫੀ ਚਿੰਤਤ ਰਹਿੰਦੀ ਕਿ ਆਸ-ਪਾਸ ਦੇ ਸਾਰੇ ਬੱਚੇ ਸਕੂਲੇ ਜਾਂਦੇ ਹਨ, ਪਰ ਉਸਦਾ 10 ਸਾਲਾ ਪੋਤਰਾ ਨਹੀ ਜਾ ਪਾ ਰਿਹਾ।  ਉਹ ਸੋਚਦੀ ਜੇਕਰ ਮੇਰਾ ਪੋਤਰਾ ਵੀ ਚਾਰ ਅੱਖਰ ਪੜ ਜਾਵੇ ਤਾਂ ਹੋਰ ਨਹੀ ਤਾਂ ਦਸਤਖਤ ਹੀ ਕਰ ਲਿਆ ਕਰੇਗਾ।  ਇਹ ਤਾਂ ਨਾ ਹੋਵੇਗਾ ਕਿ ਦਾਦੀ ਵਾਂਗ ਅੰਗੂਠਾ ਹੀ ਲਗਾਉਂਦਾ ਰਹਿ ਜਾਵੇਗਾ। ਆਖਰ, ਇਕ ਦਿਨ ਜਿਵਂ-ਕਿਵਂ ਹੋ ਸਕਿਆ, ਰੇਸ਼ਮ ਦੀ ਦਾਦੀ ਰੇਸ਼ਮ ਨੂੰ ਵੀ ਲਾਗੇ ਦੇ ਸਕੂਲ ਵਿਚ ਦਾਖਲ ਕਰਵਾ ਹੀ ਆਈ।

    ਰੇਸ਼ਮ ਵੀ ਅੱਜ ਖੁਸ਼ ਸੀ, ਸਕੂਲ ਜਾ ਕੇ।  ਪਰ, ਜਦ ਉਹ ਸਕੂਲ ਜਾ ਕੇ ਪਹਿਲੀ ਜਮਾਤ ਵਾਲੇ ਬੱਚਿਆਂ ‘ਚ ਬੈਠਾ ਤਾਂ ਸਭ ਜੁਆਕ ਉਸ ਨੂੰ ਘੂਰ ਘੂਰ ਦੇਖ ਰਹੇ ਸਨ। ਇੰਝ ਲੱਗਦਾ ਸੀ ਜਿਵੇਂ ਉਹ ਉਸ ਦੀ ਗਰੀਬੀ ਦਾ ਮਜਾਕ ਉਡਾ ਰਹੇ ਹੋਣ।

     ਬਦ-ਕਿਸਮਤੀ  ਉਸੇ ਹੀ ਦਿਨ ਜਮਾਤ ਵਿਚ ਕਿਸੇ ਬੱਚੇ ਦੀ ਕੋਈ ਵਸਤੂ ਗੁੰਮ ਗਈ ਤਾਂ ਸਾਰੇ ਜੁਆਕ ਰੇਸ਼ਮ ਵੱਲ ਉਂਗਲੀ ਕਰਕੇ ਤੋਹਮਤ ਲਾਉਣ ਲੱਗੇ।  ਰੌਲਾ ਪੈਣ ਤੇ ਅਧਿਆਪਕ ਨੇ ਵੀ ਬਿਨਾਂ ਸੋਚੇ-ਸਮਝੇ ਰੇਸ਼ਮ ਦੇ ਮੂੰਹ ਉਤੇ ਦੋ ਲਫੇੜਾਂ ਜੜ ਦਿੱਤੀਆਂ ਤੇ ਬੋਲੇ ‘ਕਿੱਥੇ ਹੈ ਉਸ ਜੁਆਕ ਦੀ ਚੋਰੀ ਕੀਤੀ ਚੀਜ ?’

   ਰੇਸ਼ਮ ਹੱਥ ਜੋੜੀ ਰੋਈ ਜਾ ਰਿਹਾ ਸੀ ਕਿ ਮੇਰੇ ਉਤੇ ਤੋਹਮਤ ਨਾ ਲਗਾਵੋ, ਮੈ ਕੁਝ ਚੋਰੀ ਨਹੀ ਕੀਤਾ ਕਿਸੇ ਦਾ ਵੀ।  ਉਹ ਬੋਰੀ ਦਾ ਬਣਾਇਆ ਆਪਣਾ ਬਸਤਾ ਨੰਨੇ-ਮੁੰਨੇ ਹੱਥਾਂ ਨਾਲ ਫਰੋਲਕੇ ਅਧਿਆਪਕ ਨੂੰ ਦਿਖਾ ਰਿਹਾ ਸੀ।  ਪਰ ਜਮਾਤੀ ਬੱਚੇ ਸਭੇ ਇਕ ਪਾਸੇ ਸਨ।   ਰੇਸ਼ਮ  ਦੇ ਬੇ-ਕਸੂਰ ਹੁੰਦੇ ਹੋਏ ਵੀ ਉਸ ਉਪਰ ਚੋਰੀ ਦੀ ਤੋਹਮਤ ਲਗਾਈ ਹੀ ਨਹੀ ਬਲਕਿ ਜਬਰਦਸਤੀ ਮੜੀ ਜਾ ਰਹੀ ਸੀ।  ਤਲਾਸ਼ੀ ਲੈਂਦੇ ਲੈਂਦੇ ਇੰਨੇ ਨੂੰ ਗੁਆਚੀ ਹੋਈ ਉਹੀ ਵਸਤ ਦੂਸਰੇ ਜੁਆਕ ਦੇ ਬਸਤੇ ‘ਚੋ ਨਿਕਲ ਆਈ। ਦੇਖਕੇ ਅਧਿਆਪਕ ਵੀ ਸ਼ਰਮਿੰਦਾ ਹੋ ਗਿਆ ਕਿ ਉਸ ਗਰੀਬ ਦੇ ਐਵੇ ਥੱਪੜ ਮਾਰੇ ਗਏ।  ਪਰ ਹੁਣ ਅਧਿਆਪਕ ਦੋਚਿੱਤੀ ਵਿਚ ਸੀ ਕਿ ਇਸ ਚੋਰ ਬੱਚੇ ਦੇ ਥੱਪੜ ਮਾਰਾਂ ਤਾਂ ਕਿਵੇਂ ਮਾਰਾਂ, ਕਿਉਕਿ ਸੁਰਿੰਦਰ ਨਾਂਉਂ ਦਾ ਇਹ ਬੱਚਾ ਚੰਗੇ ਖਾਂਦੇ-ਪੀਂਦੇ ਘਰਾਣੇ ਦਾ ਲਾਡਲਾ ਸੀ। ਅਧਿਆਪਕ ਅਜੇ ਸੋਚ ਹੀ ਰਿਹਾ ਸੀ ਕਿ ਰੇਸ਼ਮ  ਹੌਸਲਾ ਕਰਕੇ ਰੋਦੇ ਨੈਣਾਂ ‘ਚ ਅੱਥਰੂ ਥੰਮਦੇ ਹੋਏ ਬੋਲਿਆ, ‘ਮਾਸਟਰ ਜੀ ਕੀ ਗਰੀਬ ਲਈ ਹੀ ਰੱਖੀ ਗਈ ਹੈ, ਹਰ ਤੋਹਮਤ ?’

   ਅਧਿਆਪਕ ਸੁਣੀ-ਅਣਸੁਣੀ ਕਰ ਕੇ ਚੁੱਪ-ਚਾਪ ਜਮਾਤ ‘ਚੋ ਬਾਹਰ ਨਿਕਲ ਗਿਆ।

ਵਰਿੰਦਰ ਕੌਰ ਰੰਧਾਵਾ,

ਜੈਤੋ ਸਰਜਾ, ਬਟਾਲਾ (ਗੁਰਦਾਸਪੁਰ)

(9646852416)

Share Button

Leave a Reply

Your email address will not be published. Required fields are marked *