Tue. Aug 20th, 2019

ਮਿਹਨਤ ਹੀ ਜ਼ਿੰਦਗੀ ਦਾ ਨਿਸ਼ਾਨਾ : ਹੈਰੀ ਸਿੰਘ ਬਰਾੜ

ਮਿਹਨਤ ਹੀ ਜ਼ਿੰਦਗੀ ਦਾ ਨਿਸ਼ਾਨਾ : ਹੈਰੀ ਸਿੰਘ ਬਰਾੜ

ਸਿਆਣੇ ਆਖਦੇ ਨੇ ਬੰਦਾ ਕੰਮ ਨਾਲ ਹੀ ਕਾਬਲ ਬਣਦੈ। ਕਾਮਯਾਬੀ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹ-ਅਸਵਾਰ ਬਣਨਾ ਤਾਂ ਭਾਵੇਂ ਵਕਤੀ ਖੇਡ ਹੈ ਪਰ ਕੁਝ ਲੋਕ ਆਪਣੀ ਮਿਹਨਤ ਦੇ ਬਲਬੂਤੇ ਪੱਥਰ ‘ਤੇ ਲਕੀਰ ਵਾਂਗ ਇੰਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਰਸਤਾ ਚਾਹੇ ਕਿੰਨਾ ਵੀ ਕੰਡਿਆਂ ਭਰਿਆ ਕਿਉਂ ਨਾ ਹੋਵੇ, ਉਨਾਂ ‘ਤੇ ਚੱਲ ਆਪਣੀ ਮੰਜ਼ਿਲ ਦੀਆਂ ਸਿਖ਼ਰਾਂ ਵੱਲ ਕਦਮ-ਬ-ਕਦਮ ਤੁਰਦੇ ਰਹਿੰਦੇ ਹਨ। ਸੋ ਇਨਾਂ ਹੀ ਰਾਹਾਂ ‘ਤੇ ਤੁਰ ‘ਹੈਰੀ ਬਰਾੜ’ ਵੀ ਬਤੌਰ ਅਦਾਕਾਰ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋਇਆ ਤੇ ਜਲਦੀ ਹੀ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਰਿਲੀਜ਼ ਹੋ ਰਹੀ ਫਿਲਮ ‘ਕੇਸਰੀ’ ਵਿੱਚ ਦਰਸ਼ਕਾਂ ਸਨਮੁੱਖ ਹੋਵੇਗਾ। ਹੈਰੀ ਬਰਾੜ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ ਤੁਹਾਡੇ ਰੂਬਰੂ :-

* ਸਭ ਤੋਂ ਪਹਿਲਾਂ ਆਪਣੇ ਬਚਪਨ ਤੇ ਪੜਾਈ ਬਾਰੇ ਦੱਸੋ?
– ਮੇਰਾ ਜਨਮ ਪਿਤਾ ਸ੍ਰ. ਸਿਕੰਦਰ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਕਰੀਰਵਾਲੀ (ਜ਼ਿਲਾ ਫ਼ਰੀਦਕੋਟ) ਵਿੱਚ ਹੋਇਆ। ਪਿੰਡ ਦੀਆਂ ਗਲੀਆਂ ਵਿੱਚ ਖੇਡਦਾ ਹੀ ਜਵਾਨ ਹੋਇਆ ਤੇ ਆਪਣੀ ਮੁੱਢਲੀ ਪੜਾਈ ਵੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਸ਼ੁਰੂ ਕੀਤੀ। ਇਸ ਮਗਰੋਂ ਗ੍ਰੈਜੂਏਸ਼ਨ ਤੇ ਐੱਮ ਏ ਬਰਜਿੰਦਰਾ ਕਾਲਜ ਫ਼ਰਦੀਕੋਟ ਅਤੇ ਐੱਮ ਏ ਥੀਏਟਰ ਐਂਡ ਟੈਲੀਵਿਜ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਅੱਜ-ਕੱਲ ਉਥੇ ਹੀ ਡਾ. ਗੁਰਸਵੇਕ ਸਿੰਘ ‘ਲੰਬੀ’ ਦੀ ਨਿਗਰਾਨੀ ਵਿੱਚ ਨਾਟਕਾਂ ‘ਤੇ ਪੀਐੱਚ.ਡੀ. ਕਰ ਰਿਹਾਂ।
* ਅਦਾਕਾਰੀ ਦਾ ਸ਼ੌਕ ਕਿਵੇਂ ਪਿਆ?
– ਮੈਨੂੰ ਬਚਪਨ ਤੋਂ ਹੀ ਲਿਖਣ ਤੇ ਗਾਉਣ ਦਾ ਸ਼ੌਕ ਸੀ। ਉਦੋਂ ਮੈਨੂੰ ਥੀਏਟਰ ਬਾਰੇ ਇੰਨੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ। ਜਦੋਂ ਮੈਂ ਨੌਵੀਂ ਕਲਾਸ ਵਿੱਚ ਪੜਦਾ ਸੀ ਤਾਂ ਸਾਡੇ ਅਧਿਆਪਕ ਜਗਦੇਵ ਸਿੰਘ ਢਿੱਲੋਂ ਹੁਰਾਂ ਸਾਨੂੰ ‘ਸਿੰਘ ਸੂਰਮੇ’ ਨਾਟਕ ਤਿਆਰ ਕਰਵਾਇਆ, ਜੋ ਪੰਜਾਬ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਇਆ। ਫਿਰ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਆਉਣ ਤਕ ਲਗਪਗ ਦਸ ਸਾਲ, ਕਾਲਜ-ਯੂਨੀਵਰਸਿਟੀ ਯੁਵਕ ਮੁਕਾਬਲਿਆਂ ਅਤੇ ਪੰਜਾਬ ਦੀਆਂ ਵੱਖ-ਵੱਖ ਨਾਟ ਮੰਡਲੀਆਂ ਨਾਲ ਰਲ ਕੇ ਪਿੰਡਾਂ-ਸ਼ਹਿਰਾਂ ਦੇ ਨਾਟ-ਮੇਲਿਆਂ ਵਿੱਚ ਕਈ ਨਾਟਕ ਖੇਡਣ ਦਾ ਮੌਕਾ ਮਿਲਿਆ। ਫਿਰ ਜਿਉਂ-ਜਿਉਂ ਮੈਂ ਜਵਾਨ ਹੁੰਦਾ ਗਿਆਂ, ਮੇਰਾ ਅਦਾਕਾਰੀ ਦਾ ਸ਼ੌਕ ਵੀ ਵਧਦਾ ਗਿਆ ਤੇ ਮਿਹਨਤ ਵੀ।
* ਬਾਲੀਵੁੱਡ ਵਿੱਚ ਜਾਣ ਦਾ ਸਬੱਬ ਕਿਵੇਂ ਬਣਿਆ?
– ਮੈਂ ਪਹਿਲਾਂ ਵੀ ਕਈ ਵਾਰ ਫਿਲਮਾਂ ਲਈ ਆਡੀਸ਼ਨ ਦੇ ਚੁੱਕਾ ਸੀ। ਕਈ ਵਾਰ ਆਡੀਸ਼ਨ ਦੇ ਕੇ ਮਿਲ ਰਹੀ ਨਿਰਾਸ਼ਾ ਕਰਕੇ ਹੁਣ ਮਨ ਵੀ ਅੱਕ ਚੁੱਕਿਆ ਸੀ। 2013 ਵਿੱਚ ਪੀਐੱਚ.ਡੀ. ਸ਼ੁਰੂ ਕਰਨ ਮਗਰੋਂ ਸ਼ੌਕ ਵਜੋਂ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬੀ ਦਾ ਪ੍ਰੋਫੈਸਰ ਲੱਗ ਗਿਆ। ਇਕ ਦਿਨ ਮੈਨੂੰ ਮੇਰੇ ਦੋਸਤ ਗੁਰਿੰਦਰ ਮਕਨਾ ਜੀ ਦਾ ਮੈਸੇਜ ਆਇਆ ਕਿ ਪਟਿਆਲੇ ਫਿਲਮ ਦਾ ਆਡੀਸ਼ਨ ਏ। ਮੈਂ ਉਸ ਦੇ ਕਹਿਣ ‘ਤੇ ਸੰਗਰੂਰ ਕਾਲਜ ਤੋਂ ਘਰ ਵਾਪਸ ਆਉਂਦਿਆਂ ਰਸਤੇ ਵਿੱਚ ਫਿਲਮ ‘ਕੇਸਰੀ’ ਲਈ ਆਡੀਸ਼ਨ ਦੇ ਦਿੱਤਾ। ਉਦੋਂ ਮੇਰੀ ਦਾੜੀ ਵਾਲੀ ਦਿੱਖ ਤੇ ਹੁਨਰ ਨੂੰ ਦੇਖ ਕੇ ਫਿਲਮ ਲਈ ਚੋਣ ਕੀਤੀ ਗਈ। ਇਸ ਪਿੱਛੇ ਵਰਿਆਂ ਦੀ ਮਿਹਨਤ ਵੀ ਚੱਟਾਨ ਵਾਂਗ ਖੜੀ ਏ।
* ਫਿਲਮ ‘ਕੇਸਰੀ’ ਵਿੱਚ ਤੁਸੀਂ ਕਿਹੜਾ ਕਿਰਦਾਰ ਨਿਭਾ ਰਹੇ ਹੋ?
– ਇਸ ਫਿਲਮ ਦਾ ਕਿਰਦਾਰ ਮੇਰੇ ਲਈ ਚੁਣੌਤੀ ਵਰਗਾ ਸੀ। ਫਿਲਮ ਦੀ ਕਹਾਣੀ ਸਾਰਾਗੜੀ ਜੰਗ ਦੁਆਲੇ ਘੁੰਮਦੀ ਹੈ। ਉਹ ਫਿਲਮ ਵਿੱਚ 36 ਸਿੱਖ ਰੈਜ਼ੀਮੈਂਟ ਦੇ ਫੌਜੀ ਸੁੰਦਰ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ। 10 ਹਜ਼ਾਰ ਪਠਾਨਾਂ ਦਾ ਮੁਕਾਬਲਾ ਕਰਨ ਵਾਲੇ 21 ਫੌਜੀਆਂ ਵਿੱਚੋਂ ਉਸ ਨੂੰ ਸਭ ਤੋਂ ਜ਼ਿਆਦਾ ਤਾਕਤਵਾਰ ਦਿਖਾਇਆ ਗਿਆ ਹੈ। ਮਿਹਨਤ ਹੀ ਮੇਰੀ ਜ਼ਿੰਦਗੀ ਦਾ ਇੱਕੋ ਇਕ ਨਿਸ਼ਾਨਾ ਹੈ।
* ਫਿਲਮ ਦੇ ਸੈੱਟ ‘ਤੇ ਬਿਤਾਏ ਕੁਝ ਯਾਦਗਾਰੀ ਪਲ?
– ਫਿਲਮ ਦੇ ਸੈੱਟ ‘ਤੇ ਬਿਤਾਏ ਖ਼ੂਬਸੂਰਤ ਪਲ ਨਾ ਭੁੱਲਣ ਵਾਲੀ ਯਾਦ ਵਾਂਗ ਰਹਿਣਗੇ। ਮੈਂ ਮੁੰਬਈ ਵੀ ਪਹਿਲੀ ਵਾਰ ਹੀ ਗਿਆ ਸੀ ਤੇ ਫਿਲਮ ਦੀ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ। ਸੁਪਰ ਸਟਾਰ ਅਕਸ਼ੈ ਕੁਮਾਰ ਨਾਲ ਕੰਮ ਕਰਨਾ ਮੇਰੀ ਖ਼ੁਸ਼ਕਿਸਮਤੀ ਹੈ। ਇਕ ਦਿਨ ਫਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਮੈਂ ਕਿਲੇ ‘ਤੇ ਡਿਊਟੀ ਦੇ ਰਿਹਾ ਸੀ ਤੇ ਦੂਜੇ ਪਾਸੇ ਅਦਾਕਾਰ ਅਕਸ਼ੈ ਕੁਮਾਰ ਡਿਊਟੀ ਦੇ ਰਹੇ ਸਨ। ਉਨਾਂ ਮੈਨੂੰ ਆਵਾਜ਼ ਮਾਰੀ ਸਰਦਾਰ ਸਾਬ! ਮੈਂ ਆਸੇ-ਪਾਸੇ ਦੇਖਿਆ ਕਿ ਕਿਸ ਨੇ ਆਵਾਜ਼ ਮਾਰੀ ਹੈ। ਉਨਾਂ ਫਿਰ ਆਵਾਜ਼ ਮਾਰੀ ਕਿ ‘ਸਰਦਾਰ ਸਾਬ ਇਧਰ ਆਓ’। ਉਦੋਂ ਖ਼ੁਸ਼ੀ ਵਿੱਚ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕਰਾਂ। ਮੈਂ ਕਿਹਾ ਸਰ ਯਹਾਂ ਸੇ ਤੋ ਕੋਈ ਰਸਤਾ ਨਹੀਂ ਹੈ। ਉਨਾਂ ਕਿਹਾ ਨੀਚੇ ਸੇ ਆ ਜਾਓ। ਜਦੋਂ ਮੈਂ ਉਨਾਂ ਕੋਲ ਗਿਆ ਤਾਂ ਉਹ ਮੈਨੂੰ ਕਹਿਣ ਲੱਗੇ ਸਰਦਾਰ ਸਾਬ ਮੈਨੂੰ ਤੁਹਾਡੀ ਦਿੱਖ ਤੇ ਦਾੜੀ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਤੁਹਾਡੇ ਨਾਲ ਸੈਲਫੀ ਲੈਣੀ ਚਾਹੁੰਦਾ ਹਾਂ। ਮੈਂ ਚੁੱਪਚਾਪ ਕੋਲ ਖੜਾ ਹੱਸ ਰਿਹਾ ਸਾਂ ਤੇ ਸੋਚ ਰਿਹਾ ਸੀ ਕਿ ਇਨਾਂ ਨਾਲ ਤਾਂ ਦੁਨੀਆ ਦੀਆਂ ਮਹਿਨਾਜ਼ ਸ਼ਖ਼ਸੀਅਤਾਂ ਸੈਲਫ਼ੀ ਲੈੈੈੈੈੈੈੈੈੈਣ ਨੂੰ ਤਰਸਦੀਆਂ, ਇਹ ਮੈਨੂੰ ਸੈਲਫੀ ਲਈ ਕਹਿ ਰਹੇ ਨੇ। ਉਦੋਂ ਉਨਾਂ ਮੇਰੇ ਨਾਲ ਖ਼ੁਦ 10-12 ਫੋਟੋਆਂ ਖਿੱਚੀਆਂ। ਇਸ ਮਗਰੋਂ ਇਕ ਵਾਰ ਫਿਰ ਉਨਾਂ ਕਿਲੇ ਦੇ ਗੇਟ ‘ਤੇ ਡਿਊਟੀ ਦੌਰਾਨ ਮੇਰੀਆਂ ਫੋਟੋਆਂ ਖਿੱਚੀਆਂ। ਇਹ ਪਲ ਸਦਾ ਮੇਰੀ ਜ਼ਿੰਦਗੀ ਦੇ ਚੇਤਿਆਂ ਵਿੱਚ ਸਮੋਏ ਰਹਿਣਗੇ। ਫਿਲਮ ਦੇ ਬਾਕੀ ਕਲਾਕਾਰ ਵੀ ਇਹੀ ਕਹਿ ਰਹੇ ਸਨ ਕਿ ਹੈਰੀ ਤੂੰ ਤਾਂ ਹੁਣ ਅਕਸ਼ੈ ਸਰ ਦਾ ਪਸੰਦੀਦਾ ਬਣ ਚੁੱਕਿਐ।
* ਦਰਸ਼ਕਾਂ ਲਈ ਸੁਨੇਹਾ?
ਮੈਂ ਤਾਂ ਅਜੇ ਆਪ ਸਿੱਖ ਰਿਹਾਂ, ਮੈਂ ਕੀ ਸੁਨੇਹਾ ਦੇ ਸਕਦਾਂ। ਕਿਸੇ ਵੀ ਅਦਾਕਾਰ ਨੂੰ ਕਾਮਯਾਬ ਕਰਨਾ ਤਾਂ ਦਰਸ਼ਕਾਂ ਦੇ ਹੱਥ ਹੀ ਹੁੰਦਾ। ਫਿਰ ਵੀ ਸਾਰਿਆਂ ਨੂੰ ਇਹੀ ਸੁਨੇਹਾ ਕਿ ਕਲਾ ਚਾਹੇ ਕੋਈ ਵੀ ਹੋਵੇ, ਉਸ ਕਲਾ ਨੂੰ ਹੀ ਪ੍ਰਮੋਟ ਕਰੋ, ਉਸ ਕਲਾ ਦੀ ਕਦਰ ਕਰੋ, ਜਿਸ ਨਾਲ ਸਮਾਜ ਨੂੰ ਕੋਈ ਸੇਧ ਮਿਲਦੀ ਹੋਵੇ।
* ਹੁਣ ਬਾਲੀਵੁੱਡ ਵਿੱਚ ਦਾਖਲਾ ਹੋ ਚੁੱਕਿਆ, ਜੇ ਪੰਜਾਬੀ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲੇ?
– ਜ਼ਿੰਦਗੀ ਕੁਝ ਵੱਖਰਾ ਕਰਨ ਦਾ ਨਾਂ ਹੈ। ਮੈਂ ਮਾਂ ਬੋਲੀ ਦੀ ਬੇਹੱਦ ਕਦਰ ਕਰਦਾ ਹਾਂ। ਇਹ ਬੋਲੀ ਸਾਡੇ ਰੁਜ਼ਗਾਰ ਦੀ ਭਾਸ਼ਾ ਹੈ। ਨਿੱਤ ਦਿਨ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਲਗਪਗ ਸਾਰੀਆਂ ਫਿਲਮਾਂ ਦੇ ਵਿਸ਼ੇ ਇੱਕੋ ਜਿਹੇ ਹੀ ਹਨ, ਸਿਰਫ਼ ਅਦਾਕਾਰ ਹੀ ਬਦਲ ਰਹੇ ਹਨ ਤੇ ਫਿਲਮਾਂ ਵੀ ਕਾਮੇਡੀ ਭਰਪੂਰ ਹੀ ਹਨ। ਅਗਲਾ ਫ਼ੈੈੈੈਸਲਾ ਬੜਾ ਸੋਚ ਸਮਝ ਕੇ ਲਵਾਂਗਾ। ਮੈਂ ‘ਦੋ ਪੈਰ ਘੱਟ ਪਰ ਮੜਕ ਨਾਲ ਤੁਰਨ ਦਾ ਚਾਹਵਾਨ ਹਾਂ’। ਹਾਂ ਜੇ ਮੈਨੂੰ ਪੰਜਾਬੀ ਦੀ ਕੋਈ ਅਜਿਹੀ ਫਿਲਮ ਮਿਲੀ, ਜਿਸ ਦਾ ਵਿਸ਼ਾ ਵੱਖਰਾ ਜਿਹਾ ਹੋਵੇ ਤੇ ਫਿਲਮ ਦੀ ਕਹਾਣੀ ਦਾ ਸਮਾਜ ਨੂੰ ਕੋਈ ਸੁਨੇਹਾ ਵੀ ਜਾਂਦਾ ਹੋਵੇ ਤਾਂ ਮੈਂ ਜ਼ਰੂਰ ਕਰਾਂਗਾ।
ਉਸ ਦਾ ਕਹਿਣੈ ਕਿ ਅਜੇ ਉਹ ਘਰ ਤੋਂ ਚੱਲਿਆ ਹੈ, ਉਸ ਦੀ ਮੰਜ਼ਿਲ ਕੋਹਾਂ ਦੂਰ ਹੈ ਪਰ ਉਹ ਉਥੋਂ ਤਕ ਪਹੁੰਚੇਗਾ ਜ਼ਰੂਰ। ਆਪਣੇ ਮੌਜੂਦਾ ਮੁਕਾਮ ਲਈ ਉਹ ਆਪਣੇ ਮਾਪਿਆਂ ਦਾ ਵੱਡਾ ਸਹਿਯੋਗ ਮੰਨਦਾ, ਜਿਨਾਂ ਉਸ ਦੇ ਸੁਪਨਿਆਂ ਨੂੰ ਉਡਾਨ ਦਿੱਤੀ। ਸ਼ਾਲਾ! ਪੰਜਾਬ ਦਾ ਇਹ ਪੁੱਤ ਹੋਰ ਤਰੱਕੀਆਂ ਕਰੇ।

ਨੀਤਿਨ ਸੋਢੀ
80547-64070

Leave a Reply

Your email address will not be published. Required fields are marked *

%d bloggers like this: