ਮਿਸ਼ਨ ਵਿਚ ਭਾਰਤੀ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕੱਢੀ ਟਰੈਕਟਰ ਰੈਲੀ

ਮਿਸ਼ਨ ਵਿਚ ਭਾਰਤੀ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕੱਢੀ ਟਰੈਕਟਰ ਰੈਲੀ
ਸਰੀ, 25 ਮਾਰਚ 2021- ਵੈਨਕੂਵਰ, ਸਰੀ ਅਤੇ ਐਬਟਸਫੋਰਡ ਤੋਂ ਬਾਅਦ ਹੁਣ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਲਾਗਲੇ ਸ਼ਹਿਰ ਮਿਸ਼ਨ ਵਿਖੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਟਰੈਕਟਰ ਰੈਲੀ ਕੱਢ ਕੇ ਰੋਸ ਵਿਖਾਵਾ ਕੀਤਾ। ਇਹ ਰੈਲੀ ਮਿਸ਼ਨ ਗੁਰਸਿੱਖ ਟੈਂਪਲ ਤੋਂ ਸ਼ੁਰੂ ਹੋ ਕੇ ਸਿਟੀ ਹਾਲ ਤੱਕ ਪੁੱਜੀ।
ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਕਿਸਾਨ ਅੰਦੋਲਨ ਦੇ ਹੱਕ ਵਿਚ ਪੋਸਟਰ ਅਤੇ ਬੈਨਰ ਫੜੇ ਹੋਏ ਸਨ। ਇਸ ਪ੍ਰਦਰਸ਼ਨ ਵਿਚ 500 ਤੋਂ ਵਧੇਰੇ ਲੋਕ ਸ਼ਾਮਲ ਹੋਏ। ਇਸ ਮੌਕੇ ਮਿਸ਼ਨ ਸ਼ਹਿਰ ਦੇ ਕਾਰਜਕਾਰੀ ਮੇਅਰ ਕੁਲਵਿੰਦਰ ਸਿੰਘ ਹੇਅਰ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 200 ਤੋ ਜ਼ਿਆਦਾ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਪਰ ਭਾਰਤ ਦੀ ਗੂੰਗੀ ਅਤੇ ਬਹਿਰੀ ਮੋਦੀ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ। ਕੰਸਰਵੇਟਿਵ ਐਮ ਪੀ ਬਰੈਡ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਅੰਦੋਲਨ ਲਈ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ 200 ਜੁੱਤੀਆਂ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।