Sun. Jun 16th, 2019

ਮਾਹਾਰਾਜਿਆਂ ਦੇ ਦਰਬਾਰ ਅਤੇ ਲੋਕ ਪੱਖੀ ਸੰਗਤ ਦਰਸ਼ਨਾਂ ਦਾ ਕੋਈ ਮੇਲ ਨਹੀਂ-ਪਰਕਾਸ਼ ਸਿੰਘ ਬਾਦਲ

ਮਾਹਾਰਾਜਿਆਂ ਦੇ ਦਰਬਾਰ ਅਤੇ ਲੋਕ ਪੱਖੀ ਸੰਗਤ ਦਰਸ਼ਨਾਂ ਦਾ ਕੋਈ ਮੇਲ ਨਹੀਂ-ਪਰਕਾਸ਼ ਸਿੰਘ ਬਾਦਲ
ਕਾਂਗਰਸੀ ਆਗੂਆਂ ਦੇ ਸਿਆਸਤ ਤੋਂ ਪ੍ਰੇਰਿਤ ਦਰਬਾਰ ਉਨ੍ਹਾਂ ਦੀ ਰਾਜਵਾੜਾਸ਼ਾਹੀ ਮਾਨਸਿਕਤਾ ਦੇ ਪ੍ਰਤੀਕ

16-38

ਜੰਡਵਾਲਾ, ਸ੍ਰੀ ਮੁਕਤਸਰ ਸਾਹਿਬ , 15 Jun (ਪ੍ਰਿੰਸ): ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਮਹਾਰਾਜਿਆਂ ਦੇ ਦਰਬਾਰ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਲੋਕ ਪੱਖੀ ਸੰਗਤ ਦਰਸ਼ਨ ਸਮਾਗਮਾਂ ਵਿਚ ਜਮੀਨ ਆਸਮਾਨ ਦਾ ਅੰਤਰ ਹੈ।ਅੱਜ ਇੱਥੇ ਮਲੋਟ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਜਵਾੜਾਸ਼ਾਹੀ ਸੋਚ ਵਾਲੇ ਕਾਂਗਰਸੀ ਆਗੂਆਂ ਨੂੰ ਅਜਿਹੇ ਦਰਬਾਰ ਲਗਾਉਣ ਦੀ ਖੁੱਲ ਹੈ ਪਰ ਇੰਨ੍ਹਾਂ ਨਾਲ ਲੋਕਾਂ ਦਾ ਕੁਝ ਭਲਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇਹ ਇਕ ਅਟੱਲ ਸੱਚਾਈ ਹੈ ਕਿ ਸੰਗਤ ਦਰਸ਼ਨ ਪ੍ਰੋਗਰਾਮ ਸਮਾਜ ਦੇ ਹਰੇਕ ਵਰਗ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਵਿਚ ਬਹੁਤ ਸਹਾਈ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੇ ਸਿਆਸੀ ਹਿੱਤਾਂ ਨਾਲ ਜੁੜੇ ਇਹ ਦਰਬਾਰ ਉਨ੍ਹਾਂ ਦੀ ਰਜਵਾੜਾਸ਼ਾਹੀ ਸੋਚ ਦੀ ਉਦਾਹਰਨ ਦਿੰਦੇ ਹਨ ਜਦ ਕਿ ਸੰਗਤ ਦਰਸ਼ਨ ਇਕ ਅਨੋਖਾ ਪ੍ਰੋਗਰਾਮ ਹੈ ਜਿੱਥੇ ਸਮੂੱਚੀ ਸਰਕਾਰ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਪੰਜਾਬ ਹੀ ਅਜਿਹਾ ਇਕ ਸੂਬਾ ਹੈ ਜਿੱਥੇ ਸਰਕਾਰ ਦਾ ਮੁੱਖੀ ਲੋਕਾਂ ਦੀ ਭਲਾਈ ਲਈ ਅਜਿਹਾ ਵਿਆਪਕ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪਿੰਡਾਂ ਦੇ ਵਿਕਾਸ ਅਤੇ ਉੱਥੋਂ ਦੇ ਲੋਕਾਂ ਦੀ ਖੁਸਹਾਲੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਨਾਲ ਦੀ ਨਾਲ ਸਰਕਾਰ ਨੂੰ ਆਪਣੇ ਅਫਸਰਾਂ ਦੀ ਕਾਰਜ ਪ੍ਰਣਾਲੀ ਘੋਖਣ ਦਾ ਵੀ ਮੌਕਾ ਦਿੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਕਦੀ ਵੀ ਕਿਸੇ ਵੀ ਕੀਮਤ ਤੇ ਨਹੀਂ ਬਣੇਗੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ਦੀ ਰੱਖਿਆ ਲਈ ਹਰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਸਮਝੌਤਾ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤਾ ਗਿਆ ਇਕ ਵੱਡਾ ਧੋਖਾ ਸੀ ਜਿਸ ਕਾਰਨ ਅਕਾਲੀ ਦਲ ਹਮੇਸਾ ਇਸ ਦੀ ਵਿਰੋਧਤਾ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮਝੌਤੇ ਨਾਲ ਪੰਜਾਬ ਤੋਂ ਉਸਦਾ ਪਾਣੀ ਖੋਹਿਆ ਜਾਂਦਾ ਹੈ ਉਸ ਸਮਝੌਤੇ ਨੂੰ ਪੰਜਾਬ ਵਿਚ ਕਦੀ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਐਸ.ਵਾਈ.ਐਲ. ਦੇ ਮੁੱਦੇ ਤੇ ਪੰਜਾਬ ਵਿਰੋਧੀ ਸਟੈਂਡ ਲਏ ਜਾਣ ਦੀ ਕਰੜੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਕਤ ਆਗੂ ਹਰਿਆਣਾ ਨਾਲ ਸਬੰਧਤ ਹੋਣ ਕਾਰਨ ਆਪਣੇ ਜੱਦੀ ਸੂਬੇ ਦੇ ਹਿੱਤਾਂ ਦੀ ਪੂਰਤੀ ਲਈ ਯਤਨਸ਼ੀਲ ਹੈ ਅਤੇ ਇਸੇ ਲਈ ਉਸਤੋਂ ਪੰਜਾਬ ਦੇ ਭਲੇ ਦੀ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਨਾਲ ਕੋਈ ਲਗਾਓ ਨਹੀਂ ਹੈ ਅਤੇ ਉਸਦਾ ਇੱਕੋ ਇੱਕ ਮਨੋਰਥ ਸੂਬੇ ਵਿਚ ਸੱਤਾ ਹਾਸਲ ਕਰਨਾ ਹੈ ਜਦ ਕਿ ਅਸਲੀਅਤ ਵਿਚ ਉਹ ਐਸ.ਵਾਈ.ਐਲ. ਮੁੱਦੇ ਤੇ ਆਪਣੇ ਜੱਦੀ ਸੂਬੇ ਦੇ ਹਿੱਤਾਂ ਦੀ ਪੂਰਤੀ ਕਰ ਰਿਹਾ ਹੈ।
ਇਸ ਉਪਰੰਤ ਪਿੰਡ ਫਕਰਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨ ਲਈ ਫਸਲਾਂ ਲਈ ਘੱਟੋ ਘੱਟ ਸਮਰੱਥਨ ਮੁੱਲ ਪ੍ਰਣਾਲੀ ਨੂੰ ਜਾਰੀ ਰੱਖਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਜੋ ਹੁਣ ਇਕ ਗੈਰ ਲਾਹੇਵੰਦ ਧੰਦਾ ਬਣ ਗਿਆ ਹੈ ਨੂੰ ਮੁੜ ਸੁਰਜੀਤ ਕਰਨ ਲਈ ਘੱਟੋ ਘੱਟ ਸਮੱਰਥਨ ਮੁੱਲ ਪ੍ਰਣਾਲੀ ਨੂੰ ਜਾਰੀ ਰੱਖਣਾ ਹੀ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਕਿਸਾਨਾਂ ਨੂੰ ਮੌਜੂਦਾ ਖੇਤੀ ਸੰਕਟ ਵਿਚੋਂ ਬਾਹਰ ਕੱਢਣ ਵਿਚ ਸਹਾਇਤਾ ਮਿਲੇਗੀ।ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਅਹਿਮ ਅਹੁੱਦੇ ਦੇਣ ਲਈ ਕਾਂਗਰਸ ਪਾਰਟੀ ਦੀ ਭਰਪੂਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕ ਤੱਥ ਹੈ ਕਿ 1984 ਵਿਚ ਹਜਾਰਾਂ ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਿਚ ਕਾਂਗਰਸੀ ਆਗੂਆਂ ਦਾ ਵੱਡਾ ਰੋਲ ਸੀ।ਇਸ ਦੌਰਾਨ ਮਲੋਟ ਵਿਧਾਨ ਸਭਾ ਹਲਕੇ ਵਿਚ ਆਪਣੇ ਦੂਜੇ ਦਿਨ ਦੇ ਦੌਰੇ ਦੌਰਾਨ ਪਿੰਡ ਅਬੁਲ ਖੁਰਾਣਾ, ਜੰਡਵਾਲਾ, ਫਰਕਸਰ ਅਤੇ ਹੋਰ ਪਿੰਡਾਂ ਵਿਚ ਮੁੱਖ ਮੰਤਰੀ ਨੇ ਵੱਖ ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਤਕਸੀਮ ਕੀਤੀਆਂ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਸ: ਅਵਤਾਰ ਸਿੰਘ ਵਣਵਾਲਾ ਜ਼ਿਲ੍ਹਾ ਕੋਆਰਡੀਨੇਟਰ, ਚੇਅਰਮੈਨ ਸ: ਬਸੰਤ ਸਿੰਘ ਕੰਗ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਚੇਅਰਮੈਨ ਸ: ਗੁਰਬਖਸ਼ੀਸ ਸਿੰਘ ਮਿੱਡੂਖੇੜਾ, ਜੱਥੇਦਾਰ ਗੁਰਪਾਲ ਸਿੰਘ, ਸ: ਮਨਦੀਪ ਸਿੰਘ ਪੱਪੀ ਤਰਮਾਲਾ, ਸ: ਜਗਤਾਰ ਸਿੰਘ ਬਰਾੜ, ਸ: ਜਸਵਿੰਦਰ ਸਿੰਘ ਧੌਲਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਏ.ਡੀ.ਸੀ. ਵਿਕਾਸ ਸ: ਕੁਲਵੰਤ ਸਿੰਘ, ਡੀ.ਆਈ.ਜੀ. ਸ: ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ. ਸ: ਗਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: