ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਾਵਾਂ ਠੰਡੀਆਂ ਛਾਵਾਂ

ਮਾਵਾਂ ਠੰਡੀਆਂ ਛਾਵਾਂ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਵਿਚਰਦਿਆਂ ਹੋਇਆ ਉਹ ਕਈ ਰਿਸ਼ਤੇ ਨਿਭਾਉਂਦਾ ਹੈ । ਇਹ ਸਾਰੇ ਰਿਸ਼ਤੇ ਉਸਦੇ ਜਨਮ ਤੋਂ ਬਾਅਦ ਦੇ ਹੁੰਦੇ ਹਨ । ਪਰ ਮਾਂ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ , ਜੋ ਬੱਚੇ ਦੇ ਦੁਨੀਆ ਵਿਚ ਆਉਣ ਤੋਂ ਪਹਿਲਾ ਹੀ ਜੁੜ ਜਾਂਦਾ ਹੈ। ਮਾਂ ਸ਼ਬਦ ਆਖਦੇ ਹੀ ਜੁਬਾਨ ਵਿੱਚ ਮਿਠਾਸ ਭਰ ਜਾਂਦੀ ਹੈ । ਮਾਂ ਲੋਰੀ ਵੀ ਹੈ, ਮੋਹ ਭਿੱਜੀ ਘੂਰੀ ਵੀ। ਮਾਂ ਖਿਡੌਣਾ ਵੀ ਹੈ, ਸਬਕ ਵੀ। ਮਾਂ ਰਾਗ ਵੀ ਹੈ, ਤੋਤਲੇ ਬੋਲ ਵੀ । ਮਾਂ ਗ਼ਡੀਰਾਂ ਵੀ ਹੈ, ਘਨੇੜੀ ਵੀ ।

ਮਾਂ ਦੇ ਪੈਰਾਂ ਵਿੱਚ ਤਾਜਾਂ ਤੇ ਤਖਤਾਂ ਵਾਲੇ ਸਿਰ ਝੁਕਾਉਂਦੇ ਹਨ। ਹਕੂਮਤਾਂ ਨਿਵ ਜਾਂਦੀਆਂ ਹਨ ਅਤੇ ਬਾਦਸ਼ਾਹੀਆਂ ਸਲਾਮ ਕਰਦੀਆਂ ਹਨ।

ਮਾਵਾਂ ਜਿਹਨਾਂ ਨੂੰ ਅਸੀਂ ਠੰਡੀਆਂ ਛਾਵਾਂ ਵੀ ਕਹਿੰਦੇ ਹਾਂ, ਰੱਬ ਦੀ ਬਣਾਈ ਇਸ ਧਰਤੀ ਤੇ ਉਹ ਅਨਮੋਲ ਦਾਤ ਹੈ , ਜਿਸਦਾ ਰੱਬ ਵੀ ਸਤਿਕਾਰ ਕਰਦਾ ਹੈ ।

ਕਿਸੇ ਸ਼ਾਇਰ ਨੇ ਲਿਖਿਆ ਹੈ :

ਬੋਹੜਾਂ ਪਿੱਪਲਾਂ ਦੀ ਛਾਂ ਨਾਲੋਂ ,

ਸੰਘਣੀ ਜਿਹੀ ਇੱਕ ਛਾਂ ਹੁੰਦੀ ਏ ।

ਰੱਬ ਵੀ ਠੀਕ ਏ ਆਪਣੀ ਥਾਵੇਂ

ਮਾਂ ਤਾ ਕੇਵਲ ਮਾਂ ਹੁੰਦੀ ਏ ।

ਮਾਂ ਸ਼ਬਦ ਬੋਲਦੇ ਹੀ ਇੱਕ ਅਲੌਕਿਕ ਰਸ ਦਾ ਅਨੁਭਵ ਹੁੰਦਾ ਹੈ ਇੰਜ ਜਾਪਦਾ ਹੈ ਜਿਵੇਂ ਕੰਨਾਂ ਵਿੱਚ ਮਿਸ਼ਰੀ ਘੁਲ ਗਈ ਹੋਵੇ । ਪੰਜਾਬੀ ਦੇ ਪ੍ਰਸਿੱਧ ਕਵੀ ਜਸਵਿੰਦਰ ਚਾਹਲ ਲਿਖਦੇ ਹਨ:

ਮਾਂ ਬੋਲੇ ਤੋਂ ਮੂੰਹ ਮਮਤਾ ਨਾਲ ਭਰ ਹੁੰਦਾ,
ਸਿਜਦਾ ਕਰੋ ਇਹ ਪਾਕਿ ਪਵਿੱਤਰ ਦਰ ਹੁੰਦਾ।
ਉਦੋਂ ਹੀ ਮੰਜ਼ਿਲ ਦੇ ਲਈ ਰਾਹਵਾਂ ਹੁੰਦੀਆਂ ਨੇ,
ਜਦੋਂ ਨਾਲ ਅੰਮੀਂ ਦੀਆਂ ਦੁਆਵਾਂ ਹੁੰਦੀਆਂ ਨੇ।

ਜੱਗ ਦੇ ਦਰਸ਼ਨ ਕਰਵਾਉਣ ਵਿੱਚ ਮਾਂ ਦੀ ਭੂਮਿਕਾ ਪ੍ਰਮੁੱਖ ਹੁੰਦੀ ਹੈ । ਅਖੇ ਰੱਬ ਹਰ ਥਾਂ ਨਹੀਂ ਪਹੁੰਚ ਸਕਦਾ ਸੀ , ਇਸਲਈ ਉਸਨੇ ਮਾਵਾਂ ਬਣਾ ਦਿੱਤੀਆਂ । ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੇ ਜੇਕਰ ਆਪਣੇ ਆਪ ਨੂੰ ਪ੍ਰਗਟ ਕਰਨਾ ਹੁੰਦਾ ਹੈ , ਇਸ ਧਰਤੀ ਤੇ ਕੋਈ ਸਿਰਜਣਾ ਕਰਨੀ ਹੁੰਦੀ ਹੈ ਤਾ ਉਹ ਮਾਧਿਅਮ ਮਾਂ ਨੂੰ ਬਣਾਉਂਦਾ ਹੈ । ਮਾਂ ਦਾ ਰਿਣ ਕੋਈ ਨਹੀਂ ਚੁਕਾ ਸਕਦਾ। ਮਾਂ ਦਾ ਹਿਰਦਾ ਸਦਾ ਹੀ ਪੁੱਤਰਾਂ ਧੀਆਂ ਦਾ ਸੁੱਖ ਲੋਚਦਾ ਹੈ । ਲਗਭਗ ਸਾਰੇ ਹੀ ਰਿਸ਼ਤੇ ਮਨੁੱਖ ਲਈ ਦੁੱਖ ਅਤੇ ਸੁੱਖ ਦਾ ਪ੍ਰਤੀਕ ਹੁੰਦੇ ਹਨ । ਪਰ ਦੁਨੀਆ ਵਿੱਚ ਇਕੱਲਾ ਮਾਂ ਦਾ ਰਿਸ਼ਤਾ ਹੀ ਇੱਕ ਅਜਿਹਾ ਰਿਸ਼ਤਾ ਹੈ, ਜੋ ਕੇਵਲ ਸੁੱਖ ਦਾ ਪ੍ਰਤੀਕ ਹੈ । ਮਨੁੱਖ ਜਦੋ ਬਹੁਤ ਜਿਆਦਾ ਦੁਖੀ ਹੁੰਦਾ ਹੈ ਤਾ ਉਸਦੇ ਮੂੰਹ ਵਿੱਚੋ ਮਾਂ ਸ਼ਬਦ ਹੀ ਨਿਕਲਦਾ ਹੈ । ਮਾਂ ਦੇ ਪਿਆਰ ਦਾ ਕੋਈ ਬਦਲ ਨਹੀਂ।

ਮਾਂ ਦੀ ਵਡਿਆਈ ਵਿੱਚ ਪ੍ਰੋ. ਮੋਹਨ ਸਿੰਘ ਨੇ ਲਿਖਿਆ ਹੈ :

ਮਾਂ ਵਰਗਾ ਘਣਛਾਵਾਂ ਬੂਟਾ ,

ਮੇਨੂ ਕਿਧਰੇ ਨਜ਼ਰ ਨਾ ਆਵੇ ।

ਲੈ ਕੇ ਜਿਸਤੋ ਛਾਂ ਉਧਾਰੀ

ਰੱਬ ਨੇ ਸੁਰਗ ਬਣਾਏ ।

ਬਾਕੀ ਦੁਨੀਆ ਦੇ ਕੁੱਲ ਬੂਟੇ,

ਜੜ ਸੁੱਕਿਆ ਮੁਰਝਾਂਦੇ ।

ਐਪਰ ਫੁੱਲਾਂ ਦੇ ਮੁਰਝਾਇਆ

ਇਹ ਬੂਟਾ ਸੁੱਕ ਜਾਵੇ ।

ਸਾਰੇ ਰਿਸ਼ਤੇ ਮਾਂ ਤੋਂ ਹੀ ਸ਼ੁਰ ਹੁੰਦੇ ਹਨ । ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ । ਮਾਂ ਕੁਰਬਾਨੀ , ਭਗਤੀ, ਬੰਦਗੀ, ਸੇਵਾ , ਤਿਆਗ ਦਾ ਦੂਜਾ ਰੂਪ ਹੈ । ਮਾਂ ਖੁਦ ਗਿੱਲੀ ਥਾਂ ਤੇ ਰਹਿ ਕੇ ਦੁੱਖ ਮੁਸੀਬਤ ਸਹਿ ਕੇ , ਔਲਾਦ ਰੂਪੀ ਬੂਟੇ ਨੂੰ ਸਿੰਜਦੀ ਹੈ । ਪਰ ਕਈ ਵਾਰ ਇਹ ਬੂਟਾ ਵੱਡਾ ਹੋ ਕੇ ਆਪਣੀ ਸਿੰਜਣਹਾਰੀ ਮਾਂ ਨੂੰ ਕੰਡਾ ਬਣ ਕੇ ਚੁੱਭਦਾ ਹੈ । ਮਾਂ ਕਦੇ ਕੁਮਾਂ ਨਹੀਂ ਬਣਦੀ । ਜਦੋ ਕਿ ਪੁੱਤਰ ਕਪੁੱਤਰ ਬਣਨ ਵਿਚ ਦੇਰ ਨਹੀਂ ਲਗਾਉਂਦੇ ਛੋਟੇ ਹੁੰਦੇ ਜਦੋ ਲੜਦੇ ਨੇ ਤਾਂ ਕਹਿੰਦੇ ਨੇ ,” ਮਾਂ ਮੇਰੀ ਐ , ਮਾਂ ਮੇਰੀ ਐ ।” ਪਰ ਵੱਡੇ ਹੋ ਕੇ ਵੰਡੀਆਂ ਪਾ ਲੈਂਦੇ ਨੇ ਤਾਂ ਆਖਦੇ ਨੇ ,”ਮਾਂ ਤੇਰੀ ਐ ।’’

ਬੇਬੇ ਇੱਕ ਪੁੱਤ ਕੋਲ ਤੇ ਬਾਪੂ ਇੱਕ ਪੁੱਤ ਕੋਲ । ਪਰ ਇਸ ਅਣਮੁੱਲੀ ਸ਼ੈਅ ਦੀ ਕੀਮਤ ਦਾ ਪਤਾ ਓਦੋ ਲੱਗਦਾ, ਜਦੋ ਇਹ ਓਟ ਆਸਰਾ ਹਮੇਸ਼ਾ ਲਈ ਓਹਨਾ ਤੋਂ ਦੂਰ ਚਲਾ ਜਾਂਦਾ ਹੈ । ਪਰ ਚਿੜੀਆਂ ਦੇ ਖੇਤ ਚੁਗ ਜਾਣ ਤੋਂ ਬਾਅਦ ਪਛਤਾਉਣ ਦਾ ਕੀ ਲਾਭ । ਪੰਜਾਬੀ ਤਾਂ ਇੱਕ ਅਖਾਣ ਵੀ ਹੈ :

ਤਿੰਨ ਰੰਗ ਨਹੀਂ ਲੱਭਣੇ, ਹੁਸਨ , ਜਵਾਨੀ , ਮਾਪੇ ।

ਵੱਖ ਵੱਖ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਮਾਂ ਦੀ ਵਡਿਆਈ ਕੀਤੀ ਹੈ ।

ਉਪਨਿਸ਼ਦਾਂ ਵਿੱਚ ”ਮਾਤ੍ਰ ਦੇਵੋ ਭਵ:” ਕਹਿ ਕੇ ਮਾਂ ਨੂੰ ਦੇਵਤਿਆਂ ਬਰਾਬਰ ਰੁਤਬਾ ਦਿੱਤਾ ਗਿਆ ਹੈ

ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਮਾਂ ਰੂਪ ਨੂੰ ਹੀ ਅੱਗੇ ਰੱਖ ਕੇ ਇਸਤਰੀ ਨੂੰ ਮਹਾਨ ਰੁਤਬਾ ਦਿੱਤਾ ਹੈ । ਇਸਤਰੀ ਦੀ ਮਹਾਨਤਾ ਦਰਸਾਉਂਦੇ ਹੋਏ ਉਹ ਫਰਮਾਉਂਦੇ ਹਨ

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ।।

ਇਸਲਾਮ ਦੇ ਬਾਣੀ ਮੁਹਮੰਦ ਸਾਹਿਬ ਫਰਮਾਉਂਦੇ ਹਨ : ਮਾਂ ਦੇ ਪੈਰਾਂ ਹੇਠ ਜੰਨਤ ਹੈ ।

ਕਿਸੇ ਸ਼ਾਇਰ ਨੇ ਲਿਖਿਆ ਹੈ :

ਮਾਂ ਦੇ ਪੈੜ ‘ਚ ਲਿਖਿਆ ਹੁੰਦਾ ਸੁਰਗਾਂ ਦਾ ਸਿਰਨਾਵਾਂ,

ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ।

ਮਾਂ ਦੀ ਮਮਤਾ ਬਾਰੇ ਜਿੰਨਾ ਲਿਖਿਆ ਜਾਵੇ ਘੱਟ ਹੈ , ਮਾਂ ਸ਼ਬਦ ਹੀ ਐਸਾ ਹੈ ਜਿਸਦਾ ਉਚਾਰਣ ਕਰਦੇ ਹੀ ਮਮਤਾ ਦੀ ਮੂਰਤ ਅੱਖਾਂ ਸਾਹਮਣੇ ਉਜਾਗਰ ਹੋ ਜਾਂਦੀ ਹੈ । ਮਾਂ ਆਪਣੇ ਬੱਚਿਆਂ ਲਈ ਮਮਤਾ ਦਾ ਇੱਕ ਅਜਿਹਾ ਝਰਨਾ ਹੈ ਜਿਸ ਵਿੱਚੋ ਸਦਾ ਅੰਮ੍ਰਿਤ ਵਹਿੰਦਾ ਹੈ । ਉਹ ਆਪਣੇ ਬੱਚੇ ਦੀ ਮੁਸਕਾਨ ਲਈ ਆਪਣੀ ਸੱਧਰਾਂ ਤੱਕ ਕੁਰਬਾਨ ਕਰ ਦਿੰਦੀ ਹੈ । ਉਸਦੀ ਆਪਣੇ ਬੱਚਿਆਂ ਨਾਲ ਅਟੁੱਟ ਸਾਂਝ ਹੁੰਦੀ ਹੈ । ਮਾਂ ਦੀਆਂ ਭਾਵਨਾਵਾਂ ਵਿੱਚ ਅਥਾਹ ਸ਼ਕਤੀ ਹੈ ਜੋ ਅਸੀਸਾਂ ਅਤੇ ਸਿਖਿਆ ਬਣ ਕੇ ਬੱਚੇ ਦੇ ਜ਼ਿਹਨ ਵਿੱਚ ਪ੍ਰਵੇਸ਼ ਕਰਦੀਆਂ ਹਨ ਅਤੇ ਉਸਤੋਂ ਵਿਚਾਰ ਅਤੇ ਵਿਹਾਰ ਬੰਦੇ ਹਨ । ਜਦੋ ਗੁਰੂ ਅਰਜਨ ਦੇਵ ਜੀ ਨੇ ਅਸੀਸ ਸ਼ਬਦ ਦਾ ਉਚਾਰਨ ਕੀਤਾ ਤਾਂ ਮਾਂ (ਮਾਤਾ )ਦੇ ਨਾ ਨਾਲ ਹੀ ਅਸੀਸ ਦਿੱਤੀ :

ਪੂਤਾ ਮਾਤਾ ਕੀ ਅਸੀਸ

ਨਿਮਖ ਨਾ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ ।।

ਮਾਂ ਦੀਆਂ ਲੋਰੀਆਂ ਵਿੱਚ ਸਵਰਗ ਵਰਗਾ ਆਨੰਦ ਹੈ, ਉਸਦੇ ਪੈਰਾਂ ਵਿੱਚ ਜੰਨਤ ਦਾ ਦੁਆਰ ਹੈ । ਔਲਾਦ ਲਈ ਮਾਂ ਦੀ ਜੁਬਾਨ ਤੇ ਅਸੀਸਾਂ, ਅੱਖਾਂ ਵਿੱਚ ਸੁਪਨੇ , ਢਿੱਡ ਵਿੱਚ ਡਰ, ਹਿਰਦੇ ਵਿੱਚ ਮਮਤਾ , ਦਿਲ ਵਿੱਚ ਰਹਿਮ, ਸੋਚ ਵਿੱਚ ਫਿਕਰ ਅਤੇ ਖੂਨ ਵਿੱਚ ਤੜਪ ਹਮੇਸ਼ਾ ਬਣੀ ਰਹਿੰਦੀ ਹੈ । ਉਹ ਔਲਾਦ ਦੇ ਖੁਸ਼ ਹੋਣ ਤੇ ਹੱਸਦੀ ਹੈ ਅਤੇ ਦੁਖੀ ਹੋਣ ਤੇ ਅੱਖਾਂ ਭਰਦੀ ਹੈ । ਮਾਂ ਜਦੋ ਬੱਚੇ ਨੂੰ ਲਾਡ ਲਡਾਉਂਦੀ ਹੈ ਤਾਂ ਸਾਰੀ ਕਾਇਨਾਤ ਬਾਗੋ ਬਾਗ ਹੋ ਜਾਂਦੀ ਹੈ ।

ਮਾਂ ਦੀ ਮਮਤਾ ਕਦੇ ਨਾ ਖਤਮ ਹੋਣ ਵਾਲਾ ਅਹਿਸਾਸ ਹੈ ਕੁਦਰਤ ਨੇ ਮਾਂ ਦੀ ਮਮਤਾ ਵਿੱਚ ਅਜਿਹੀ ਖਿੱਚ ਪੈਦਾ ਕੀਤੀ ਹੈ ਕਿ ਚਾਹੇ ਘਰ ਦੇ ਕੰਮ ਕਾਜ ਵਿੱਚ ਲੱਗੀ ਹੋਵੇ ਪਰ ਉਸਦੀ ਸੁਰਤ ਉਸਦੇ ਬੱਚੇ ਵਿੱਚ ਹੁੰਦੀ ਹੈ । ਮਾਂ ਸਾਰੀ ਰਾਤ ਹੀ ਤੁਰਦੀ ਫਿਰਦੀ ਰਹਿੰਦੀ ਹੈ । ਪਤਾ ਨਹੀਂ ਕਿਹੜੇ ਵੇਲੇ ਉੱਠਦੀ ਅਤੇ ਕਿਹੜੇ ਵੇਲੇ ਸੌਂਦੀ ਹੈ । ਕਦੇ ਉਂਘਦੇ ਬੱਚੇ ਨੂੰ ਪਲੋਸਦੀ , ਰਜਾਈ ਨਾਲ ਢੱਕਦੀ, ਅਤੇ ਅੰਤਰੀਵੀ ਸੇਕ ਨਾਲ ਸੁਣਨ ਰਾਤਾਂ ਵਿੱਚ ਨਿੱਘ ਬਖਸ਼ਦੀ ਹੈ ।

ਮਾਂ ਨੂੰ ਬਾਹਰੋਂ ਵਾਪਸ ਨਾ ਪਰਤ ਕੇ ਆਏ ਬੱਚਿਆਂ ਦਾ ਫਿਕਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ ।ਉਹ ਵਾਰ ਵਾਰ ਬੂਹੇ ਵਿੱਚ ਖਲੋ ਕੇ ਦੇਖਦੀ , ਬਿੜਕਾਂ ਲੈਂਦੀ , ਰੱਬ ਭਲੀ ਕਰੇ ਦੀਆਂ ਅਰਦਾਸਾਂ ਕਰਦੀ ਰਹਿੰਦੀ ਹੈ ਜਦੋ ਤੱਕ ਉਸਦਾ ਲਾਡਲਾ ਘਰ ਨਹੀ ਆ ਜਾਂਦਾ । ਮਾਂ ਉਦੋਂ ਬਹੁਤ ਦੁਖੀ ਹੁੰਦੀ ਹੈ ਜਦੋ ਬੱਚੇ ਨੂੰ ਉਸਦੀ ਕਿਰਤ ਦਾ ਫਲ ਨਹੀਂ ਮਿਲਦਾ ਜਾਂ ਉਸਦੀਆਂ ਡਿਗਰੀਆਂ ਰੋਜ਼ੀ ਰੋਟੀ ਦਾ ਵਸੀਲਾ ਬਣਨ ਦੀ ਥਾਂ ਮਹਿਜ ਕਾਗਜ ਦੇ ਟੁਕੜੇ ਬਣ ਕੇ ਰਹਿ ਜਾਂਦੀਆਂ ਹਨ ।

ਪੰਛੀ ਜਦੋ ਚੋਗੇ ਦੀ ਭਾਲ ਵਿੱਚ ਦੂਰ ਉਡਾਰੀ ਭਰਦੇ ਹਨ ਤਾਂ ਓਹਨਾ ਨੂੰ ਆਪਣੇ ਬੱਚਿਆਂ ਦਾ ਚੇਤਾ ਨਹੀਂ ਭੁੱਲਦਾ । ਗੁਰਬਾਣੀ ਵਿੱਚ ਇੱਕ ਉਦਾਹਰਣ ਮਾਂ ਦੀ ਮਮਤਾ ਦੀ ਗਵਾਹੀ ਭਰਦੀ ਹੈ ਕਿ ਕੂੰਜ ਸੈਂਕੜੇ ਕੋਹਾਂ ਦਾ ਸਫਰ ਕਰਦੀਆਂ ਵੀ ਆਪਣੇ ਬੱਚਿਆਂ ਨੂੰ ਯਾਦ ਕਰਦੀਆਂ ਹਨ ਅਤੇ ਓਹਨਾ ਬੱਚਿਆਂ ਲਈ ਪ੍ਰਮਾਤਮਾ ਨੂੰ ਅਰਦਾਸ ਕਰਦੀਆਂ ਹਨ

ਊਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ।।

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ।।

ਭਾਈ ਵੀਰ ਸਿੰਘ ਨੇ ਵੀ ਆਪਣੀ ਰਚਨਾ ਵਿੱਚ ਮਾਂ ਨਾਲ ਪਰਮਾਤਮਾ ਦੀ ਤੁਲਨਾ ਕੀਤੀ ਹੈ

ਜਿਓਂ ਮਾਵਾਂ ਤਿਓਂ ਠੰਡੀਆਂ ਛਾਵਾਂ , ਅਸੀਂ ਤੁਧੈ ਦੀਆਂ ਡਿਠੀਆਂ ।

ਠੰਢੀ ਪਿਆਰੀ ਗੋਦ ਤੁਧੈ ਦੀ , ਛਾਵਾਂ ਮਿੱਠੀਆਂ ਮਿੱਠੀਆਂ।

ਮਾਂ ਨੂੰ ਆਪਣਾ ਬਾਲ ਪਿਆਰਾ , ਤੈਨੂੰ ਸਭ ਕੋਈ ।

ਜੋ ਆਵੈ ਉਸ ਲਾਡ ਲਡਾਵੇਂ , ਠਾਰੇ ਜਿੰਦੀਆਂ ਲੁਠੀਆਂ ।

ਮਾਂ ਕੇਵਲ ਬੱਚੇ ਨੂੰ ਜਨਮ ਦੇਨ ਵਾਲੀ ਨਹੀਂ ਹੁੰਦੀ , ਸਗੋਂ ਉਸਦੀ ਪਹਿਲੀ ਅਧਿਆਪਕ ਹੁੰਦੀ ਹੈ ।ਉਹ ਬੱਚੇ ਨੂੰ ਬੋਲਣਾ, ਤੁਰਨਾ, ਖਾਣਾ ਪੀਣਾ, ਖੇਡਣਾ, ਸੱਚ ਬੋਲਣਾ, ਕਿਸੇ ਨੂੰ ਧੋਖਾ ਨਾ ਦੇਣਾ , ਲੋੜਵੰਦ ਦੀ ਮਦਦ ਕਰਨੀ , ਹੱਥੀਂ ਕਿਰਤ ਕਰਨਾ ਅਨੇਕ ਸ਼ੁੱਭ ਗੁਣ ਸਿਖਾਉਂਦੀ ਹੈ ਉਸਨੂੰ ਨੇਕ ਇਨਸਾਨ ਬਣਾਉਂਦੀ ਹੈ । ਮਾਂ ਮਨੁੱਖ ਦੀ ਸਭ ਤੋਂ ਪਹਿਲੀ ਅਤੇ ਸ੍ਰੇਸ਼ਟ ਗੁਰੂ ਹੁੰਦੀ ਹੈ । ਮਾਂ ਕੇਵਲ ਬੱਚਿਆਂ ਨੂੰ ਜਨਮ ਹੀ ਨਹੀਂ ਦਿੰਦੀ , ਸਗੋਂ ਉਸਦੇ ਸਮੁੱਚੇ ਜੀਵਨ ਨੂੰ ਸੇਧ ਵੀ ਦਿੰਦੀ ਹੈ। ਮਾਂ ਦੇ ਸੰਸਕਾਰਾਂ ਅਤੇ ਸੋਚ ਦਾ , ਬੱਚੇ ਦੇ ਮਾਨਸਿਕ , ਸ਼ਰੀਰਕ ਅਤੇ ਵਿਅਕਤੀਤਵ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ ।

ਇਤਿਹਾਸ ਗਵਾਹ ਹੈ ਕਿ ਸੰਸਾਰ ਦੇ ਰਿਸ਼ੀ ਮੁਨੀ, ਪੀਰ ਪੈਗੰਬਰ, ਅਵਤਾਰ , ਗੁਰੂ , ਭਗਤ, ਮਹਾਨ ਜੋਧੇ , ਰਾਜੇ ਮਹਾਰਾਜੇ, ਵਿਦਵਾਨ , ਆਦਿ ਆਪਣੀ ਮਾਂ ਵੱਲੋਂ ਦਿੱਤੀ ਮੁਢਲੀ ਸਿੱਖਿਆ ਕਰਕੇ ਹੀ ਮਹਾਨ ਬਣੇ ।

ਸ਼ੇਖ ਫਰੀਦ ਜੀ ਨੂੰ ਓਹਨਾ ਦੀ ਬੰਦਗੀ ਕਰਨ ਵਾਲੀ ਨੇਕ ਮਾਂ ਬੀਬੀ ਮਰੀਅਮ ਨੇ ਪ੍ਰਮਾਤਮਾ ਦੀ ਇਬਾਦਤ ਦੇ ਲੜ ਲਾਇਆ ।

ਸ਼ਿਵਾਜੀ ਦੀ ਮਾਤਾ ਜੀਜਾ ਬਾਈ ਨੇ ਓਹਨਾ ਨੂੰ ਬਹਾਦਰੀ ਦਾ ਸਬਕ ਪੜਾਇਆ ।

ਭਗਤ ਪੂਰਨ ਸਿੰਘ ਦੀ ਮਾਤਾ ਮਹਿਤਾਬ ਕੌਰ ਨੇ ਹੀ ਓਹਨਾ ਦੇ ਹਿਰਦੇ ਅੰਦਰ ਦਇਆ ਭਾਵਨਾ ਪੈਦਾ ਕੀਤੀ ਅਤੇ ਸੇਵਾ ਦੇ ਲੜ ਲਾਇਆ ।

ਅਬਰਾਹਿਮ ਲਿੰਕਨ ਅਨੁਸਾਰ, “ਮੈਂ ਜੋ ਕੁਝ ਵੀ ਹਾਂ ਅਤੇ ਬਣਨ ਦੀ ਤਾਂਘ ਰੱਖਦਾ ਹਾਂ ਆਪਣੀ ਫ਼ਰਿਸ਼ਤਿਆਂ ਵਰਗੀ ਮਾਂ ਸਦਕਾ ਹਾਂ। ’’

ਫ਼ਿਰੋਜ਼ਦੀਨ ਸਰਫ ਦੀ ਕਵਿਤਾ ਮਾਂ ਦਾ ਦਿਲ ਵਿੱਚ ਮਾਂ ਦੀ ਵਡਿਆਈ ਇਓ ਕੀਤੀ ਗਈ ਹੈ

ਮਾਂ ਛਾਂ-ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿਚ,

ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ ।

ਅੱਜ ਤੀਕਰ ਜੀਹਦਾ ਕਿਸੇ ਥਾਹ ਤਲਾ ਨਹੀਂ ਲੱਭਾ,

ਮਾਰ ਮਾਰ ਟੁੱਭੀਆਂ ਹੈ ਜੱਗ ਸਾਰਾ ਹਾਰਿਆ ।

ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ,

ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ

ਡਾਕਟਰ ਸਾਥੀ ਲੁਧਿਆਣਵੀ ਆਪਣੀ ਗ਼ਜ਼ਲ ਵਿੱਚ ਮਾਂ ਦੀ ਸਿਫ਼ਤ ਕਰਦੇ ਲਿਖਦੇ ਹਨ :

ਦੁਨੀਆਂ ਦੀ ਰਚਨਹਾਰੀ ਮਾਂ ਹੈ।

ਰੱਬ ਨੇ ਅੰਬਰੋਂ ਉਤਾਰੀ ਮਾਂ ਹੈ।

ਰੱਬ ਹਰ ਥਾਂ ਨਹੀਂ ਸੀ ਹੋ ਸਕਦਾ,

ਰੱਬ ਨੇ ਭੇਜੀ ਉਧਾਰੀ ਮਾਂ ਹੈ।

ਮਾਂ ਲਈ ਅਸੀਂ ਹਾਂ ਰਾਜ ਕੁੰਵਰ,

ਰੱਬ ਦੀ ਰਾਜ ਦੁਲਾਰੀ ਮਾਂ ਹੈ।

ਰੱਬ ਇਕ ਸਰਬੋਤਮ ਸ਼ੈਅ ਹੈ,

ਦੂਜੀ ਸ਼ੈਅ ਪਿਆਰੀ ਮਾਂ ਹੈ।

ਅਗ਼ਰ ਹਾਰ ਜਾਵੇ ਔਲਾਦ ਕਦੇ,

ਤਾਂ ਮਾਂ ਸਮਝੇ ਕਿ ਹਾਰੀ ਮਾਂ ਹੈ।

ਲਾਡ ਬਹੁਤਾ,ਗੁੱਸਾ ਕਦੇ ਕਦੇ,

ਐਹੋ ਜਿਹੀ ਮਿੱਠੀ ਖ਼ਾਰੀ ਮਾਂ ਹੈ।

ਜਿੱਥੇ ਫ਼ੁੱਲ ਹੀ ਹੁੰਦੇ ਨੇ,ਕੰਡੇ ਨਹੀਂ,

ਅਜਿਹੇ ਫ਼ੁੱਲਾਂ ਦੀ ਕਿਆਰੀ ਮਾਂ ਹੈ।

ਮਾਂ ਕਦੇ ਵੀ ਮਾੜੀ ਨਹੀਂ ਹੁੰਦੀ,

ਪਿਆਰੀ ਸਾਰੀ ਦੀ ਸਾਰੀ ਮਾਂ ਹੈ।

ਹੱਸ ਕੇ ਦੁੱਖ ਸਹਿ ਲੈਂਦੀ ਹੈ ਜੋ,

ਫ਼ੁੱਲਾਂ ਭਰੀ ਉਹ ਪਟਾਰੀ ਮਾਂ ਹੈ।

ਮਾਂ ਤਾਂ ਮਾਂ ਹੀ ਰਹੇਗੀ ਹਰ ਤਰ੍ਹਾਂ,

ਗ਼ੋਰੀ, ਕਾਲ਼ੀ, ਪਤਲੀ, ਭਾਰੀ ਮਾਂ ਹੈ।

ਉਮਰ ਦਾ ਤਕਾਜ਼ਾ ਨਹੀਂ ਹੁੰਦਾ,

ਹਰ ਉਮਰੇ ਹੁੰਦੀ ਪਿਆਰੀ ਮਾਂ ਹੈ।

ਧਰਮ ਗ੍ਰੰਥਾਂ ‘ਚ ਲਿਖ਼ਿਐ ‘‘ਸਾਥੀ‘‘,

‘‘ਪਾਓਂ ਛੂਨੇ ਕੇ ਕਾਬਲ ਤੁਮ੍ਹਾਰੀ ਮਾਂ ਹੈ।

ਲਹਿੰਦੇ ਪੰਜਾਬ ਦੇ ਇੱਕ ਕਵੀ ਨੇ ਮਾਂ ਦੀ ਸਿਫ਼ਤ ਆਪਣੀ ਰਚਨਾ ਵਿੱਚ ਇੰਜ ਬਿਆਨ ਕੀਤੀ ਹੈ:

ਸਿਫਤਾਂ ਕੀ ਕੀ ਸੁਣਾਵਾਂ ਮਾਂ ਦੀਆਂ

ਅਜ਼ਮਤਾਂ ਕੀ ਕੀ ਗਿਨਾਵਾਂ ਮਾਂ ਦੀਆਂ

ਤਾਰ ਦਿੰਦਿਆਂ ਨੇ ਦੁਆਵਾਂ ਮਾਂ ਦੀਆਂ

ਲਹਿੰਦੇ ਚੜਦੇ ਹਰ ਪਾਸੇ ਧੂੰਮਾ ਮਾਂ ਦੀਆਂ

ਗੂੜੀਆਂ ਠੰਡੀਆਂ ਛਾਵਾਂ ਨੇ ਮਾਂ ਦੀਆਂ

ਰੱਬ ਕਾਦਰ ਕਰੀਮ ਰਹੀਮ ਐਸਾ

ਕੋਈ ਰਹੀਮ ਨਹੀਂ ਅੱਲਾ ਪਾਕ ਵਰਗਾ

ਦੁਨੀਆਦਾਰੀ ਦੇ ਸਾਰੇ ਰਿਸ਼ਤਿਆਂ ਵਿੱਚ

ਕੋਈ ਸਾਕ ਨੀ ਮਾਂ ਦੇ ਸਾਕ ਵਰਗਾ

ਅਮਰੀਕਾ ਦੇ ਪੂਰਵ ਰਾਸ਼ਟਰਪਤੀ ਲਿੰਕਨ ਨੇ ਕਿਹਾ ਸੀ ਕਿ ਓਹਨਾ ਨੂੰ ਇੱਕ ਝੋਪੜੀ ਤੋਂ ਵਾਈਟ ਹਾਊਸ ਤੱਕ ਪਹੁੰਚਾਉਣ ਪਿਛੇ ਓਹਨਾ ਦੀ ਫ਼ਰਿਸ਼ਤਾ ਰੂਪੀ ਮਾਂ ਦਾ ਹੀ ਹੱਥ ਸੀ ।

ਸਿਰਮੌਰ ਕਵੀ ਅਮੀਨ ਮਲਿਕ ਦਾ ਕਹਿਣਾ ਹੈ ਕਿ ਮਾਂ ਤੋਂ ਵੱਡੀ ਕੋਈ ਯੂਨੀਵਰਸਿਟੀ ਨਹੀਂ ਹੁੰਦੀ ।

ਡਾ ਇਕਬਾਲ ਦੇ ਸ਼ਬਦ ਵਿੱਚ ਮਾਂ ਕੇਵਲ ਇੱਕ ਸ਼ਰੀਰ ਦਾ ਨਾ ਨਹੀਂ , ਸਗੋਂ ਇੱਕ ਸਾਧਨਾ ਹੈ , ਭਗਤੀ ਹੈ , ਪੂਜਾ ਹੈ ।ਆਪਣੇ ਆਪ ਵਿੱਚ ਇੱਕ ਧਰਮ ਹੈ , ਸੰਸਾਰ ਹੈ ,ਤੀਰਥ ਅਸਥਾਨ ਹੈ । ਤਿਆਗ ਤੇ ਬਲੀਦਾਨ ਦੀ ਮੂਰਤ ਹੈ ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਆਪਣੀ ਨਾਜ਼ਮ ਵਿੱਚ ਮਾਂ ਦੀ ਵਡਿਆਈ ਇੰਜ ਕੀਤੀ ਹੈ

ਐ ਮਾਂ ਤੁਝੇ ਕਿਆ ਰੁਤਬਾ ਦੂ

ਜੀ ਚਾਹਤਾ ਹੈ ਖੁਦਾ ਕਹਿ ਦੂ

ਪਰ ਖੁਦਾ ਸੀ ਦੂਰੀ ਰਤਾ ਤੁਝਮੇ ਨਹੀਂ

ਜੀ ਚਾਹਤਾ ਹੈ ਤੁਝੇ ਸਾਗਰ ਕਹਿ ਦੂ

ਪਰ ਸਾਗਰ ਸਾ ਖਾਰਾਪਨ ਤੁਝਮੇ ਨਹੀਂ

ਮਾਵਾਂ , ਰੱਬ ਦਾ ਅਜਿਹਾ ਰੂਪ ਹਨ, ਜਿਸਦੀਆਂ ਮਿਹਰਬਾਨੀਆਂ ਨੂੰ ਦੁਨਿਆਵੀ ਤਰਾਜੂ ਵਿੱਚ ਕਦੇ ਤੋਲਿਆ ਨਹੀਂ ਜਾ ਸਕਦਾ । ਮਾਂ ਹੁੰਦੀ ਹੈ ਤਾਂ ਘਰ ਸਾਨੂੰ ਉਡੀਕਦਾ ਹੈ। ਪਰ ਮਾਂ ਦੀ ਗੈਰਹਾਜਰੀ ਵਿੱਚ ਦਰ ਉਦਾਸ ਹੋ ਜਾਂਦੇ ਹਨ , ਘਰ ਦੀ ਉਡੀਕ ਖਤਮ ਹੋ ਜਾਂਦੀ ਹੈ ।

ਮਾਂ ਦੀ ਇਬਾਦਤ ਲਈ ਹਰ ਦਿਨ ਮਦਰਜ ਡੇਅ ਹੈ ।ਹਰ ਪਲ ਉਸਦੀ ਅਰਾਧਨਾ ਦਾ ਪਲ ਹੈ । ਮਾਂ ਤਾਂ ਹਰ ਸਮੇਂ ਸਾਡੇ ਅੰਗ ਸੰਗ ਵਸਦੀ ਹੈ । ਕਦੇ ਲੋਰੀਆਂ ਦੇ ਰੂਪ ਵਿੱਚ , ਕਦੇ ਦੁਆਵਾਂ ਦੇ ਰੂਪ ਵਿੱਚ , ਕਦੇ ਸੋਚਾਂ ਵਿੱਚ, ਕਦੇ ਉਡੀਕਾਂ ਵਿੱਚ । ਸਾਨੂੰ ਸਿਰਫ ਉਸਦੀ ਹੋਂਦ ਦਾ ਅਹਿਸਾਸ ਹੋਣਾ ਚਾਹੀਦਾ ਹੈ ।

ਪਰ ਅੱਜ ਦੇ ਸਮੇਂ ਵਿਚ ਇਹ ਤ੍ਰਾਸਦੀ ਆਮ ਦੇਖਣ ਨੂੰ ਮਿਲਦੀ ਹੈ ਕਿ ਕਈ ਕੁਰਾਹੇ ਪਏ ਪੁੱਤ ਆਪਣੇ ਮਾਂ ਬਾਪ ਨਾਲ ਬੁਰਾ ਸਲੂਕ ਕਰਦੇ ਹਨ । ਓਹਨਾ ਨੂੰ ਬਿਰਧ ਆਸ਼ਰਮ ਤੱਕ ਤੋਰ ਦਿੰਦੇ ਹਨ । ਜਿਉਂਦੇ ਜੀਅ ਓਹਨਾ ਦੀ ਪੁੱਛ ਪ੍ਰਤੀਤ ਨਹੀਂ ਕਰਦੇ ਅਤੇ ਮਾਰਨ ਤੋਂ ਬਾਅਦ ਓਹਨਾ ਦੇ ਸ਼ਰਾਧ ਕਰਦੇ ਹਨ । ਇਹ ਕਿੰਨੀ ਕੁ ਸਿਆਣਪ ਹੈ ? ਜੇਕਰ ਕੋਈ ਮਾਂ ਪਿਓ ਦੀ ਸੇਵਾ ਨਹੀਂ ਕਰਦਾ ,ਉਸ ਲਈ ਕਿਸੇ ਮੰਦਰ ਜਾਂ ਗੁਰਦੁਆਰੇ ਮੱਥਾ ਟੇਕਣਾ ਵਿਅਰਥ ਹੈ । ਅਸੀਂ ਮਾਂ ਦੇ ਦੁੱਧ ਦਾ ਕਾਰਜ ਤਾਂ ਨਹੀਂ ਚੁਕਾ ਸਕਦੇ । ਪਰ ਮਾਂ ਦੀ ਸੇਵਾ ਕਰਕੇ , ਉਸਨੂੰ ਦਿਲੋਂ ਸਨਮਾਨ ਦੇਕੇ ਉਸਦੀ ਆਤਮਾ ਨੂੰ ਸਕੂਨ ਜਰੂਰ ਦੇ ਸਕਦੇ ਹਾਂ । ਸੱਚੇ ਅਰਥਾਂ ਵਿਚ ਮਾਂ-ਪਿਓ ਦੀ ਸੇਵਾ ਹੀ ਰੱਬ ਦੀ ਪੂਜਾ ਹੈ । ਪੰਜਾਬੀ ਦੇ ਪ੍ਰਸਿੱਧ ਗਾਇਕ ਮਰਹੂਮ ਕੁਲਦੀਪ ਮਾਣਕ ਦੇ ਗਏ ਇੱਕ ਬੋਲ ਹਨ :

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।

ਮਾਂ ਦੀ ਪੂਜਾ , ਰੱਬ ਦੀ ਪੂਜਾ

ਮਾਂ ਤਾਂ ਰੱਬ ਦਾ ਰੂਪ ਹੈ ਦੂਜਾ

ਮਾਂ ਤਾਂ ਰੱਬ ਦਾ ਨਾ ਹੈ ਦੁਨੀਆਂ ਵਾਲਿਓ ।

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9988898227
Email: mehrashankar777@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: