ਮਾਲੇਰਕੋਟਲਾ ’ਚ ਪਵਿੱਤਰ ਕੁਰਆਨ ਦੀ ਬੇਅਦਬੀ ਨਿੰਦਣਯੋਗ , ਅਮਨ ਦੀ ਅਪੀਲ

ss1

ਮਾਲੇਰਕੋਟਲਾ ’ਚ ਪਵਿੱਤਰ ਕੁਰਆਨ ਦੀ ਬੇਅਦਬੀ ਨਿੰਦਣਯੋਗ , ਅਮਨ ਦੀ ਅਪੀਲ
ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਸ਼ੁੱਕਰਵਾਰ ਨੂੰ ਪ੍ਰਦੇਸ਼ ਭਰ ’ਚ ਕਾਲਾ ਦਿਵਸ ਮਨਾਉਣਗੇ ਮੁਸਲਮਾਨ : ਸ਼ਾਹੀ ਇਮਾਮ

ਲੁਧਿਆਣਾ (ਪ੍ਰੀਤੀ ਸ਼ਰਮਾ) ਬੀਤੀ ਰਾਤ ਮਾਲੇਰਕੋਟਲਾ ਸ਼ਹਿਰ ਵਿੱਚ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਕੁਰਆਨ ਸ਼ਰੀਫ ਨਾਲ ਕੀਤੀ ਗਈ ਬੇਅਦਬੀ ਅਤੇ ਫਿਰ ਉੱਥੇ ਹੋਈ ਹਿੰਸਕ ਘਟਨਾ ਦੀ ਅੱਜ ਇੱਥੇ ਲੁਧਿਆਣਾ ਜਾਮਾ ਮਸਜਿਦ ਵਿੱਚ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਅਮਨ ਅਤੇ ਆਪਸੀ ਭਾਈਚਾਰੇ ਦੀ ਅਪੀਲ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪਵਿੱਤਰ ਕੁਰਆਨ ਸ਼ਰੀਫ ਦੀ ਬੇਅਦਬੀ ਹਰਗਿਜ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਜੇਕਰ ਜਲਦ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਤਾਂ ਰਮਜਾਨ ਸ਼ਰੀਫ ਦਾ ਆਖਰੀ ਜੁੰਮਾ ਪੰਜਾਬ ਭਰ ਦੇ ਮੁਸਲਮਾਨ ਕਾਲਾ ਦਿਵਸ ( ਬਲੈਕ-ਡੇ ) ਦੇ ਤੌਰ ’ਤੇ ਮਨਾਉਣਗੇ । ਉਨਾਂ ਕਿਹਾ ਕਿ ਇਸ ਨਾਪਾਕ ਹਰਕੱਤ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੈ ।

ਸ਼ਾਹੀ ਇਮਾਮ ਨੇ ਕਿਹਾ ਕਿ ਲੋਕ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਅਮਨ ਅਤੇ ਭਾਈਚਾਰੇ ਨੂੰ ਬਣਾਏ ਰੱਖਣ ’ਚ ਹੀ ਏਕਤਾ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜਾ ਦਿੱਤੀ ਜਾਵੇ। ਸ਼ਾਹੀ ਇਮਾਮ ਨੇ ਕਿਹਾ ਕਿ ਮਾਲੇਰਕੋਟਲਾ ਵਿੱਚ ਬੀਤੇ ਪੰਜ ਸਾਲਾਂ ਦੌਰਾਨ ਲਗਾਤਾਰ ਸਾਜਿਸ਼ ਦੇ ਤਹਿਤ ਹਾਲਾਤ ਨੂੰ ਖ਼ਰਾਬ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਪ੍ਰਸ਼ਾਸਨ ਅੱਖਾਂ ’ਤੇ ਪੱਟੀ ਬੰਨ ਕੇ ਬੈਠਾ ਹੋਇਆ ਹੈ । ਹਰ 5 – 6 ਮਹੀਨੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਘਟਨਾ ਹੁੰਦੀ ਹੈ ਅਤੇ ਫਿਰ ਅਮਨ ਦੀਆਂ ਅਪੀਲਾਂ ਕਰਕੇ ਪ੍ਰਸ਼ਾਸਨ ਪੱਲਾ ਝਾੜ ਲੈਂਦਾ ਹੈ । ਕਿਸੇ ਵੀ ਸਾਜਿਸ਼ ਦਾ ਅੱਜ ਤੱਕ ਪਰਦਾ ਫਾਸ਼ ਨਹੀਂ ਕੀਤਾ ਗਿਆ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਅਮਨ ਅਤੇ ਆਪਸੀ ਭਾਈਚਾਰੇ ਵਿੱਚ ਦੇਸ਼ ਲਈ ਇੱਕ ਮਿਸਾਲ ਰਿਹਾ ਹੈ । ਜਿਸਨੂੰ ਹੁਣ ਸਿਆਸਤਦਾਨਾਂ ਨੇ ਆਪਣੀ ਚਾਲਾਂ ਨਾਲ ਤੋੜਣਾ ਸ਼ੁਰੂ ਕਰ ਦਿੱਤਾ ਹੈ । ਉਨਾਂ ਕਿਹਾ ਕਿ ਪ੍ਰਸ਼ਾਸਨ ਦਾ ਸਿਆਸੀ ਦਬਾਅ ਦੇ ਤਹਿਤ ਚੱਲਣਾ ਬਦਕਿਸਮਤੀ ਦੀ ਗੱਲ ਹੈ । ਇਸ ਮੌਕੇ ’ਤੇ ਅਬਦੁਲ ਸੁਭਾਨ , ਸ਼ਾਹਜੇਬ ਖਾਨ , ਸ਼ਾਹ ਨਵਾਜ ਖਾਨ, ਕਾਰੀ ਮੁਹੰਮਦ ਇਬਰਾਹੀਮ, ਮੁਹੰਮਦ ਨਵਾਬ, ਅਜਾਦ ਅਲੀ ਅਹਿਰਾਰੀ ਅਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਆਦਿ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *