ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਮਾਲਵੇ ਦਾ ਮਸ਼ਹੂਰ ਗੋਲਡ ਮੈਡਲਿਸ਼ਟ ਕਵੀਸ਼ਰੀ ਜੱਥਾ ਭਾਈ ਕ੍ਰਿਸ਼ਨ ਸਿੰਘ ਨਰਮਾਣਾ

ਮਾਲਵੇ ਦਾ ਮਸ਼ਹੂਰ ਗੋਲਡ ਮੈਡਲਿਸ਼ਟ ਕਵੀਸ਼ਰੀ ਜੱਥਾ ਭਾਈ ਕ੍ਰਿਸ਼ਨ ਸਿੰਘ ਨਰਮਾਣਾ

ਕਵੀਸ਼ਰ ਭਾਈ ਕ੍ਰਿਸ਼ਨ ਸਿੰਘ ਦਾ ਜਨਮ 21 ਫਰਵਰੀ, 1968 ਨੂੰ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਪਿਤਾ ਸਾਧੂ ਰਾਮ ਦੇ ਗ੍ਰਹਿ ਪਿੰਡ ਨਰਮਾਣਾ ਜਿਲਾ ਪਟਿਆਲਾ ਵਿਖੇ ਹੋਇਆ। ਆਪ ਨੇ ਮੁੱਢਲੀ ਪੜਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਸਰਕਾਰੀ ਹਾਈ ਸਕੂਲ ਬਨੋਰਾ ਖੁਰਦ ਤੋਂ ਦਸਵੀਂ ਦੀ ਪੜਾਈ ਪੂਰੀ ਕੀਤੀ। ਪੜਾਈ ਦੇ ਨਾਲਨਾਲ ਇਨਾਂ ਦੇ ਪਿਤਾ ਜੀ ( ਜਿਨਾਂ ਨੂੰ ਗਾਉਣ ਦਾ ਸ਼ੌਂਕ ਸੀ) ਨੇ ਕਵੀ ਪੰਡਿਤ ਮਿਲਖ ਰਾਜ ਪਾਸੋਂ ਆਪ ਨੂੰ ਸਿੱਖਿਆ ਦਿਵਾਉਣੀ ਸ਼ੁਰੂ ਕਰ ਦਿੱਤੀ। ਭਾਵੇਂ ਭਾਈ ਕ੍ਰਿਸ਼ਨ ਸਿੰਘ, ਪੰਡਿਤ ਮਿਲਖ ਰਾਜ ਦੀ ਬਹੁਤੀ ਸੰਗਤ ਨਾ ਕਰ ਸਕੇ, ਪਰ ਕਵੀਸ਼ਰੀ ਦੀ ਚੇਟਕ ਜਰੂਰ ਲੱਗ ਗਈ, ਜੋ ਅੱਗੇ ਜਾ ਕੇ ਆਪ ਦੀ ਵਿਲੱਖਣ ਥਾਂ ਸਥਾਪਿਤ ਕਰਨ ਵਿੱਚ ਸਹਾਈ ਹੋਈ। ਪੜਾਈ ਪੂਰੀ ਕਰਨ ਉਪਰੰਤ ਆਪ ਖਰਾਦ ਦਾ ਕੰਮ ਸਿੱਖਣ ਲੱਗ ਪਏ, ਦੋ ਕੁ ਸਾਲ ਬਾਅਦ ਹੀ ਆਪ ਨੇ ਇਹ ਕੰਮ ਛੱਡ ਦਿੱਤਾ ਤੇ ਫਿਰ ਟਰੱਕਾਂ ਨੂੰ ਬਾਡੀਆਂ ਲਗਾਉਣ ਦਾ ਕੰਮ ਸਿੱਖਣ ਨੱਗ ਪਏ ਤੇ ਕਵੀਸ਼ਰੀ ਨਾਲ ਵੀ ਲਗਾਵ ਰੱਖਿਆ। ਇਥੋਂ ਹੀ ਵਰਕਸਾਪ ਦੇ ਮਾਲਕ ਸੰਤ ਸਿੰਘ ਸੋਹਲ ਤੋਂ ਮਿਲੀ ਹੱਲਾਸ਼ੇਰੀ ਸਦਕਾ ਆਪ ਨੇ ਆਪਣੇ ਛੋਟੇ ਸਕੇ ਭਰਾ ਕਵੀਸ਼ਰ ਭਾਈ ਜਗਤਾਰ ਸਿੰਘ ਤੇ ਪਿੰਡ ਕੈਦੂਪੁਰ ਦੇ ਕਵੀਸ਼ਰ ਭਾਈ ਨਛੱਤਰ ਸਿੰਘ ਜਿਹੇ ਨਾਮੀ ਕਵੀਸਰਾਂ ਨਾਲ ਮਿਲਕੇ ਆਪਣਾ ਜਥਾ ਬਣਾ ਲਿਆ।

ਫਿਰ ਆਪ ਨੇ ਕਵੀਸ਼ਰ ਫਕੀਰ ਮੁਹੰਮਦ ਫੱਕਰ ਨੂੰ ਆਪਣਾ ਉਸਤਾਦ ਧਾਰਿਆ ਅਤੇ ਉਨਾਂ ਦੇ ਨਾਲ ਰਹਿ ਕੇ ਛੰਦਬੰਦੀ ਦੀਆਂ ਬਰੀਕੀਆਂ, ਇਤਿਹਾਸ ਦੀ ਸੂਝਬੂਝ ਅਤੇ ਸਟੇਜ ‘ਤੇ ਬੋਲਣ ਦੇ ਢੰਗ ਸਿੱਖੇ। ਇਸ ਤੋਂ ਬਾਅਦ ਆਪ ਨੇ ਭਾਈ ਨਛੱਤਰ ਸਿੰਘ ਅਤੇ ਸਕੇ ਭਰਾ ਭਾਈ ਜਗਤਾਰ ਸਿੰਘ ਨਾਲ ਮਿਲ ਕੇ ਆਪਣਾ ਜਥਾ ਬਣਾਇਆ। ਇਸ ਜਥੇ ਨੂੰ ਸੰਗਤਾਂ ਦਾ ਭਰਵਾ ਪਿਆਰ ਮਿਲਿਆ, ਜਿਸ ਕਾਰਨ ਇਸ ਜਥੇ ਨੇ ਪੰਜਾਬ ਦੇ ਵੱਖਵੱਖ ਸਥਾਨਾਂ ‘ਤੇ ਹੋਏ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਗਵਾਈ। 1997ਵਿਚ ਆਪ ਤੇ ਆਪ ਦਾ ਛੋਟਾ ਭਰਾ ਜਗਤਾਰ ਸਿੰਘ ਪ੍ਰਸਿੱਧ ਕਵੀਸ਼ਰ ਨਸੀਬ ਚੰਦ ਪਾਤੜਾਂ ਦੀ ਅਗਵਾਈ ਵਿੱਚ ਗਾਉਣ ਲੱਗੇ ਪਏ ਤੇ ਲਗਾਤਾਰ ਦਸ ਸਾਲ ਉਨਾਂ ਦੀ ਅਗਵਾਈ ਵਿੱਚ ਗਾਉਂਦੇ ਰਹੇ। 2007 ਵਿੱਚ ਆਪ ਦਾ ਛੋਟਾ ਭਰਾ ਭਾਈ ਜਗਤਾਰ ਸਿੰਘ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਿਆ। ਫਿਰ ਆਪ ਦਾ ਸਾਥ ਭਾਈ ਅਮਰਜੀਤ ਸਿੰਘ ਕੱਕੜਵਾਲ ਦੇਣ ਲੱਗ ਪਿਆ। 2011 ਵਿੱਚ ਆਪ ਨੇ ਆਪਣਾ ਜਥਾ ਤਿਆਰ ਕਰ ਲਿਆ, ਜਿਨਾਂ ਵਿਚ ਭਾਈ ਮੇਵਾ ਸਿੰਘ ਪਾਲੀਆਂ ਕਲਾਂ ਅਤੇ ਭਾਈ ਸੁਖਦੇਵ ਸਿੰਘ ਗੋਬਿੰਦਪੁਰਾ ਜਥ ਦੇ ਸਾਥੀ ਸਨ। ਜਿਸ ਨੇ ਕਵੀਸ਼ਰੀ ਦੇ ਖੇਤਰ ਵਿੱਚ ਸਥਾਪਤੀ ਵੱਲ ਕਦਮਦਰਕਦਮ ਵਧਾਏ ਤੇ ਪੰਜਾਬ ਵਿੱਚ ਹੀ ਨਹੀਂ ਬਲਕਿ ਭਾਰਤ ਦੀਆਂ ਵੱਖਵੱਖ ਸਟੇਟਾਂ ਵਿੱਚ ਜਾ ਕੇ ਧਾਰਮਿਕ ਤੇ ਸੱਭਿਆਚਾਰਕ ਸਟੇਜਾਂ ‘ਤੇ ਹਾਜ਼ਰੀ ਭਰੀ ਤੇ ਆਪਣੀ ਇਕ ਨਿਵੇਕਲੀ ਪਹਿਚਾਣ ਬਣਾਈ।

ਇਸ ਦੇ ਨਾਲ ਦੂਰਦਰਸ਼ਨ ਕੇਂਦਰ ਜਲੰਧਰ ਤੇ ਐੱਫ ਐੱਮ ਰੇਡੀਓ ਪਟਿਆਲਾ ਦੇ ਪ੍ਰੋਗਰਾਮਾਂ ਵਿਚ ਵੀ ਹਿੱਸਾ ਲਿਆ। ਸੰਗੀਤਕ ਕੰਪਨੀਆਂ ਨੇ ਉਨਾਂ ਦੀਆਂ ਕੁਝ ਕੈਸਿਟਾਂ ਵੀ ਜਾਰੀ ਕੀਤੀਆਂ ਹਨ, ਜਿਨਾਂ ਵਿੱਚ ਅਣਖੀ ਸੂਰਮਾ ਭਗਤ ਸਿੰਘ, ਧੰਨਾ ਭਗਤ, ਪੁੱਤਾਂ ਨੂੰ ਸਮੈਕ ਖਾ ਗਈ, ਰਾਜਾ ਜਗਦੇਵ, ਧਰੂ ਭਗਤ, ਪੰਜਾਬ ਉੱਜੜਦਾ ਜਾਂਦਾ ਏ, ਸੁੱਚਾ ਸੂਰਮਾ, ਬਾਬੇ ਕਸਰ ਮਸਰ ਨੀ ਛੱਡਦੇ, ਬਾਬਾ ਬੰਦਾ ਸਿੰਘ ਬਹਾਦਰ, ਰੂਪ ਬਸੰਤ, ਮਹਾਰਾਣੀ ਜ਼ਿੰਦਾਂ ਆਦਿ ਮਾਰਕਿਟ ਵਿਚ ਆ ਚੁੱਕੀਆਂ ਹਨ। ਭਾਈ ਕ੍ਰਿਸ਼ਨ ਸਿੰਘ ਨਰਮਾਣਾ ਦੇ ਕਵੀਸ਼ਰੀ ਜਥੇ ਵੱਲੋਂ ਸਟੇਜਾਂ ‘ਤੇ ਪੇਸ਼ ਕੀਤੀਆਂ ਜਾਂਦੀਆਂ ਸਮਾਜਿਕ ਕੁਰੀਤੀਆਂ ਵਾਲੀਆਂ ਤੇ ਹੋਰ ਕਵਿਤਾਵਾਂ ਜਿਨਾਂ ਨੇ ਲੋਕਾਂ ਨੂੰ ਖਾਸਾ ਪ੍ਰਭਾਵਿਤ ਕੀਤਾ, ਉਨਾਂ ਵਿੱਚ ਪ੍ਰਮੁੱਖ ਹਨ, “ਕਰਕੇ ਐਡੇ ਪਾਪ ਪਾਪਣਾਂ ਜ਼ਿੰਦਗੀ ਭਰ ਪਛਤਾਉਣਗੀਆਂ, ਧੀਆਂ ਨੂੰ ਜੇ ਮਾਰੋਗੇ ਤਾਂ ਨੂੰਹਾਂ ਕਿਥੋਂ ਆਉਣਗੀਆਂ”, “ਐਸਾ ਗੀਤ ਗਾਓ ਵੀਰੋ ਗਾਉਣ ਵਾਲਿਓ, ਜਿਹੜਾ ਅਸਲੀ ਕਿਸਾਨ ਦੀ ਕਹਾਣੀ ਦੱਸਦੇ”, “ਤੇਰੀ ਜ਼ਿੰਦਗੀ ਦਾ ਡਾਹਢੇ ਹੱਥ ਰਿਮੋਟ”, “ਔਰਤ ਦੀ ਜਾਤੀ ਦਾ ਮੁੱਢ ਤੋਂ ਸ਼ੋਸ਼ਣ ਹੁੰਦਾ ਆਇਐ”, “ਖਸ਼ਖਸ਼ ਦੀ ਖੇਤੀ ਕਰਵਾ ਦੇ, ਸਮੇਂ ਦੀਏ ਸਰਕਾਰੇ”, “ਖਰਚ ਕਰੂੰਗਾ ਜੇਹੜਾ ਵੋਟ ਓਸਨੂੰ ਪਾਵਾਂਗੇ”, “ਅਮਲੀ ਦੀ ਘਰਵਾਲੀ ਨਾਲ ਨੋਕ ਝੋਕ”, “ਮੈਂ ਦੇਖੇ ਨੇ ਮਾਂਜੇ ਹੋਏ ਬਾਬਿਆਂ ਦੇ”, “ਜੇ ਤੂੰ ਲੈਣਾ ਏਸ ਜ਼ਿੰਦ ਦਾ ਏ ਨਜ਼ਾਰਾ, ‘ਗੂਠਾ ਖਾਲੀ ਪਰਨੋਟ ਉੱਤੇ ਲਾਈ ਨਾ”, “ਅੱਗ ਵਰਗਾ ਰੰਗ ਮੇਰਾ, ਮੈਂ ਅੱਗ ਵਾਗੂੰ ਫੂਕ ਦੀ ਆਂ”, “ਪੁੱਤਾਂ ਨੂੰ ਸਮੈਕ ਖਾ ਗਈ, ਧੀਆਂ ਕੁੱਖ ਵਿੱਚ ਮਰਾਉਂਦੇ ਮਾਪੇ”, “ਬੇਪੱਤ ਕੀਤਾ ਮੈਨੂੰ ਆਪਣੀ ਔਲਾਦ ਨੇ, ਕਿਹੜੇ ਹਾਲੀਂ ਜੀਵਾਂ ਮੈਨੂੰ ਪਲ ਪਲ ਯਾਦ ਨੇ”, “ਹਾੜਾ ਹਿੰਦਪਾਕ ਦਿਓ ਹਾਕਮੋਂ, ਜੰਗ ਦੀਆਂ ਨਾ ਕਰੋ ਤਿਆਰੀਆਂ”, “ਰੰਗਲਾ ਪੰਜਾਬ ਰੱਖ ‘ਤਾ ਉਜਾੜ ਕੇ ਬੇਈਮਾਨ ਚਿੱਟਿਆ”, “ਮੇਰ ਰੋ ਪਿਆ ਪੰਜਾਬ, ਭੁੱਬਾਂ ਮਾਰਮਾਰ ਕੇ”, “ਸੋਹਣੀ ਪੱਗ ਬੰਨ ਵੀਰਨਾ”, “ਜੀਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨੀ ਨਜ਼ਰ ਕਿਤੇ ਹੱਸਦਾ।” ਇਹ ਸਾਰੀਆਂ ਲਿਖਤਾਂ ਕਵੀਸ਼ਰ ਪੰਡਿਤ ਮੁਖ ਰਾਮ, ਫਕੀਰ ਮੁਹੰਮਦ ਫੱਕਰ, ਮਿਲਖ ਰਾਜ ਨਰਮਾਣਾ, ਜੋਰਾ ਸਿੰਘ ਬਾਸੀਅਰਕ, ਭੰਗੂ ਫਲੇੜੇ ਵਾਲਾ, ਹਰਪਾਲ ਸ਼ਮਲਾ ਆਦਿ ਕਵੀਆਂ ਦੀਆਂ ਲਖਿੀਆਂ ਹੋਈਆਂ ਹਨ। ਅੱਜਕੱਲ ਉਸਦੇ ਜਥੇ ਵਿਚ ਭਾਈ ਮੇਵਾ ਸਿੰਘ ਪਾਲੀਆਂ ਕਲਾਂ, ਭਾਈ ਹਾਕਮ ਸਿੰਘ ਉਂਭਾ, ਭਾਈ ਜੀਤ ਸਿੰਘ ਗਾਮੀਵਾਲਾ ਸ਼ਾਮਿਲ ਹਨ, ਜੋ ਇਸ ਕਲਾ ਨੂੰ ਜਿਉਂਦਾ ਰੱਖਣ ਲਈ ਦਿਨਰਾਤ ਮਿਹਨਤ ਕਰ ਰਹੇ ਹਨ।

ਬੜੇ ਹੀ ਮਿਲਾਪੜੇ ਸੁਭਾਅ ਦੇ ਮਾਲਕ, ਅਗਾਂਹਵਧੂ ਸੋਚ ਦੇ ਧਾਰਨੀ ਅਤੇ ਸਭ ਦਾ ਦਿਲੋਂ ਸਤਿਕਾਰ ਕਰਨ ਵਾਲੇ ਭਾਈ ਕ੍ਰਿਸ਼ਨ ਸਿੰਫ ਨਰਮਾਣਾ ਦਾ ਕਈ ਸੰਸਥਾਵਾਂ ਵੱਲੋਂ ਸਨਮਾਨ ਵੀ ਕੀਤਾ ਗਿਆ ਹੈ। ਪਿੰਡ ਬੱਧਨੀ ਕਲਾਂ ਵਿਖੇ ਇਸ ਜੱਥੇ ਨੂੰ ਅੱਠ ਵਾਰ ਸਨਮਾਨਿਆਂ ਗਿਆ ਹੈ। ਏਨੀ ਵੱਡੀ ਸਫਲਤਾ ਦੇ ਪਿੱਛੇ ਉਹ ਆਪਣੇ ਗੁਰੂ ਦੀ ਕਿਰਪਾ, ਉਸਤਾਦ ਸਹਿਬਾਨਾਂ ਅਤੇ ਸੰਗਤ ਦੀ ਬਖਸ਼ਿਸ਼ ਮੰਨਦੇ ਹਨ।

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲਾ ਲੁਧਿਆਣਾ।
ਮੋਬਾ”7527931887

Leave a Reply

Your email address will not be published. Required fields are marked *

%d bloggers like this: