ਮਾਮਲਾ 84 ਵਿਚ ਸਿੱਖ ਕਤਲੇਆਮ ਦਾ: ਟਾਈਟਲਰ ਵਲੋਂ ਗਾਂਧੀ ਪਰਿਵਾਰ ਨੂੰ ਇਸ਼ਾਰਾ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲਦਾ

ss1

ਮਾਮਲਾ 84 ਵਿਚ ਸਿੱਖ ਕਤਲੇਆਮ ਦਾ: ਟਾਈਟਲਰ ਵਲੋਂ ਗਾਂਧੀ ਪਰਿਵਾਰ ਨੂੰ ਇਸ਼ਾਰਾ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲਦਾ
ਟਾਈਟਲਰ ਦੇ ਖੁਲਾਸੇ ‘ਤੇ ਕਿ ਮੈਂ ਅਤੇ ਰਾਜੀਵ ਗਾਂਧੀ ਦਿੱਲੀ ਵਿਚ ਸਿੱਖ ਕਤਲੇਆਮ ਦੌਰਾਨ ਇਕੱਠੇ ਫਿਰਦੇ ਰਹੇ ਖ਼ਿਲਾਫ਼ ਮੁੱਕਦਮਾ ਦਰਜ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਵਕਾਲਤ

ਨਵੀਂ ਦਿੱਲੀ 29 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ 1984 ਸਿੱਖ ਕਤਲੇਆਮ ਦੌਰਾਨ ਰਾਜੀਵ ਗਾਂਧੀ ਦੇ ਦਿੱਲੀ ਵਿੱਚ ਫਿਰਨ ਦੇ ਮੀਡੀਆ ਰਾਹੀਂ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ 33 ਸਾਲ ਬਾਅਦ ਟਾਈਟਲਰ ਵੱਲੋਂ ਕੀਤੇ ਗਏ ਖੁਲਾਸੇ ‘ਤੇ ਸਵਾਲ ਵੀ ਚੁੱਕੇ ਹਨ।
ਜੀ.ਕੇ. ਨੇ ਪੁੱਛਿਆ ਕਿ ਇੰਦਰਾ ਗਾਂਧੀ ਦਾ ਵਕਾਰ ਕੀ ਮਹਾਤਮਾ ਗਾਂਧੀ ਤੋਂ ਉੱਚਾ ਸੀ, ਕਿਉਂਕਿ ਮਹਾਤਮਾ ਗਾਂਧੀ ਦਾ ਕਤਲ ਇੱਕ ਮਰਾਠੇ ਵੱਲੋਂ ਕਰਨ ਉਪਰੰਤ ਮਰਾਠਿਆਂ ਦਾ ਕਤਲੇਆਮ ਨਹੀਂ ਹੋਇਆ ਸੀ ਜਦਕਿ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਦਾ ਕਤਲੇਆਮ ਹੋਇਆ ਸੀ। ਜੀ.ਕੇ. ਨੇ ਕਿਹਾ ਕਿ ਟਾਈਟਲਰ ਦੇ ਖੁਲਾਸੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਰਾਜੀਵ ਗਾਂਧੀ ਨੂੰ ਕਤਲੇਆਮ ਦੀ ਵਿਊਂਤਬੰਦੀ ਦੀ ਪੂਰੀ ਜਾਣਕਾਰੀ ਸੀ। ਇਹੀ ਕਾਰਨ ਸੀ ਕਿ ਦਿੱਲੀ ਕੈਂਟ ਵਿੱਚ ਫੌਜ ਹੋਣ ਦੇ ਬਾਵਜੂਦ 3 ਦਿਨ ਬਾਅਦ ਮੇਰਠ ਕੈਂਟ ਤੋਂ ਫੌਜ ਬੁਲਾਈ ਗਈ। ਇਹਨਾਂ 3 ਦਿਨਾ ਦੌਰਾਨ ਸਿੱਖਾਂ ਦੇ ਜਾਨ-ਮਾਲ ਨੂੰ ਕਾਂਗਰਸੀ ਆਗੂਆਂ ਨੇ ਜੱਮ ਕੇ ਪੈਰਾਂ ਤਲੇ ਰੋਲਿਆ।
ਜੀ.ਕੇ. ਨੇ ਕਿਹਾ ਕਿ ਦੂਰਦਰਸ਼ਨ ਟੀਵੀ ਚੈਨਲ ‘ਤੇ ਰਾਜੀਵ ਗਾਂਧੀ ਨੇ ”ਜਬ ਬੜਾ ਪੇੜ ਗਿਰਤਾ…” ਦੀ ਗੱਲ ਕਰਕੇ ਕਾਂਗਰਸੀਆਂ ਨੂੰ ਅਸਿੱਧੇ ਤੌਰ ‘ਤੇ ਸਿੱਖਾਂ ਦਾ ਕਤਲ ਕਰਨ ਦਾ ਲਾਈਸੈਂਸ ਦੇ ਦਿੱਤਾ ਸੀ। ਜੀ.ਕੇ. ਨੇ ਸੰਭਾਵਨਾ ਜਤਾਈ ਕਿ ਟਾਈਟਲਰ ਦਾ ਇਹ ਖੁਲਾਸਾ ਸਿੱਧੇ ਤੌਰ ‘ਤੇ ਗਾਂਧੀ ਪਰਿਵਾਰ ਨੂੰ ਇਸ਼ਾਰਾ ਦੇਣ ਦੀ ਕੋਸ਼ਿਸ਼ ਲਗਦਾ ਹੈ ਕਿ ਜਾਂ ਤੇ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲ ਦੇਵਾਂਗਾ।
ਸਿਰਸਾ ਨੇ ਸਾਂਸਦਾ ਨੂੰ ਰਾਜੀਵ ਗਾਂਧੀ ਤੋਂ ਭਾਰਤ ਰਤਨ ਖ਼ਿਤਾਬ ਵਾਪਸ ਲੈਣ ਦੀ ਮੰਗ ਚੁੱਕਣ ਦੀ ਅਪੀਲ ਕਰਦੇ ਹੋਏ ਟਾਈਟਲਰ ਦੀ ਇਸ ਮਾਮਲੇ ‘ਤੇ 33 ਸਾਲ ਚੁੱਪ ਰਹਿਣ ਨੂੰ ਗੈਰ ਮਾਮੂਲੀ ਘਟਨਾ ਦੱਸਿਆ। ਸਿਰਸਾ ਨੇ ਕਿਹਾ ਕਿ ਟਾਈਟਲਰ ਨੇ ਇਸ ਮਸਲੇ ‘ਤੇ ਕਿਸੇ ਜਾਂਚ ਏਜੰਸੀ, ਪੁਲਿਸ ਜਾਂ ਕਮਿਸ਼ਨ ਨੂੰ ਇਸ ਬਾਬਤ ਕੋਈ ਜਾਣਕਾਰੀ ਅੱਜ ਤਕ ਨਹੀਂ ਦਿੱਤੀ ਸੀ। ਇਸ ਲਈ ਟਾਈਟਲਰ ਦੇ ਖੁਲਾਸੇ ‘ਤੇ ਦਿੱਲੀ ਪੁਲਿਸ ਨੂੰ ਟਾਈਟਲਰ ਨੂੰ ਸੰਮਨ ਭੇਜ ਕੇ ਸਾਰੇ ਰਿਕਾਰਡ ਦੀ ਪੜਤਾਲ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਰਾਜੀਵ ਗਾਂਧੀ ਦੀ ਗੱਡੀ ਦੇ ਦਿੱਲੀ ਘੁੱਮਣ ਸਬੰਧੀ ਤਥਾਂ ਨੂੰ ਇੱਕਤਰ ਕਰਕੇ ਤੁਰੰਤ ਸਾਜਿਸ਼ ਕਰਤਾ ਦੇ ਤੌਰ ‘ਤੇ ਟਾਈਟਲਰ ਅਤੇ ਰਾਜੀਵ ਗਾਂਧੀ ਖਿਲਾਫ਼ ਮੁਕਦਮਾ ਦਰਜ ਹੋਣਾ ਚਾਹੀਦਾ ਹੈ।
ਸਿਰਸਾ ਨੇ ਇਸ ਸਬੰਧੀ ਸੁਪਰੀਮ ਕੋਰਟ ਦੀ ਨਿਗਰਾਨੀ ਕਮੇਟੀ ਕੋਲ ਪਹੁੰਚ ਕਰਨ ਦਾ ਐਲਾਨ ਕਰਦੇ ਹੋਏ ਸੁਪਰੀਮ ਕੋਰਟ ਦੀ ਐਸ.ਆਈ.ਟੀ. ਨੂੰ ਇਸ ਮਾਮਲੇ ‘ਤੇ ਧਿਆਨ ਦੇਣ ਦੀ ਅਪੀਲ ਕੀਤੀ। ਸਿਰਸਾ ਨੇ ਦੋਸ਼ ਲਗਾਇਆ ਕਿ ਰਾਜੀਵ ਗਾਂਧੀ ਨੇ ਦਿੱਲੀ ਦੇ ਸਾਰੇ ਸਾਂਸਦਾ ਨੂੰ ਸਿੱਖਾਂ ਦਾ ਕਤਲੇਆਮ ਕਥਿਤ ਤੌਰ ‘ਤੇ ਕਰਨ ਦਾ ਟੀਚਾ ਦਿੱਤਾ ਸੀ। ਸਭ ਤੋਂ ਵੱਧ ਆਪਣੇ ਇਲਾਕੇ ਵਿੱਚ ਕਤਲੇਆਮ ਕਰਵਾਉਣ ਵਾਲੇ ਆਗੂਆਂ ਨੂੰ ਉੱਚੇ ਅਹੁਦੇ ਦੇ ਕੇ ਕਥਿਤ ਤੌਰ ‘ਤੇ ਬਾਅਦ ਵਿੱਚ ਨਿਵਾਜਿਆ ਗਿਆ ਸੀ। ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਆਪਣੀ ਮਾਤਾ ਦੀ ਲਾਸ਼ ਘਰ ਵਿੱਚ ਰੱਖੇ ਹੋਣ ਦੇ ਬਾਵਜੂਦ ਦਿੱਲੀ ਵਿਖੇ ਚੋਰੀ-ਛਿੱਪੇ ਘੁੱਮ ਕੇ ਸਾਂਸਦਾ ਨੂੰ ਸਿੱਖਾਂ ਦਾ ਕਤਲ ਕਰਨ ਲਈ ਕਥਿਤ ਹੱਲਾਸ਼ੇਰੀ ਦਿੱਤੀ ਸੀ। ਸਿਰਸਾ ਨੇ ਇਸ ਮਸਲੇ ‘ਤੇ ਟਾਈਟਲਰ ਵੱਲੋਂ ਬਹਿਸ ਕਰਨ ਦੀ ਦਿੱਤੀ ਗਈ ਚੁਨੌਤੀ ਨੂੰ ਅਕਾਲੀ ਦਲ ਵੱਲੋਂ ਕਬੂਲ ਕਰਨ ਦਾ ਵੀ ਐਲਾਨ ਕੀਤਾ।

Share Button

Leave a Reply

Your email address will not be published. Required fields are marked *