Mon. Jan 20th, 2020

ਮਾਮਲਾ ਹੈਦਰਬਾਦ ਵਿੱਚ ਡਾ ਪ੍ਰਿਅੰਕਾ ਰੈਡੀ ਨੂੰ ਹਬਸ ਦਾ ਸ਼ਿਕਾਰ ਬਣਾਏ ਜਾਣ ਤੋਂ ਬਾਅਦ ਜਿੰਦਾ ਜਲਾਏ ਜਾਣ ਦਾ

ਮਾਮਲਾ ਹੈਦਰਬਾਦ ਵਿੱਚ ਡਾ ਪ੍ਰਿਅੰਕਾ ਰੈਡੀ ਨੂੰ ਹਬਸ ਦਾ ਸ਼ਿਕਾਰ ਬਣਾਏ ਜਾਣ ਤੋਂ ਬਾਅਦ ਜਿੰਦਾ ਜਲਾਏ ਜਾਣ ਦਾ

ਜਿੰਨੀ ਦੇਰ ਬਲਾਤਕਾਰ ਵਰਗੇ ਜੁਰਮਾਂ ਦਾ ਵਿਰੋਧ ਜਿਤਾਉਣ ਤੋਂ ਪਹਿਲਾਂ ਰੰਗ ਨਸਲ ਪਛਾਣੇ ਜਾਣ ਦੀ ਪ੍ਰਵਿਰਤੀ ਖਤਮ ਨਹੀ ਹੁੰਦੀ ,ਓਨੀ ਦੇਰ ਇਹ ਵਹਿਸੀ ਕਾਰੇ ਬੰਦ ਹੋਣੇ ਅਸੰਭਵ ਹੋਣਗੇ

ਜਿਸ ਮੁਲਕ ਦੀ ਸੰਸਕ੍ਰਿਤੀ ਵਿੱਚ ਔਰਤ ਨੂੰ ਮਹਿਜ ਮਨੋਰੰਜਨ ਦੀ ਵਸਤੂ ਤੋਂ ਵੱਧ ਕੁੱਝ ਵੀ ਨਾ ਸਮਝਿਆ ਜਾਂਦਾ ਹੋਵੇ,ਓਥੇ ਹੈਦਰਾਬਾਦ ਵਰਗੀਆਂ ਗੈਰ ਮਨੁੱਖੀ ਘਟਨਾਵਾਂ ਦਾ ਵਾਪਰਨਾ ਸੁਭਾਵਿਕ ਹੈ।ਇਹ ਵਰਤਾਰਾ ਸਿੱਧ ਕਰਦਾ ਹੈ ਕਿ ਭਾਰਤ ਜਿਸ ਰਸਤੇ ਤੇ ਤੁਰਿਆ ਹੋਇਆ ਹੈ,ਉਹ ਰਾਮ ਰਾਜ ਵੱਲ ਨਹੀ ਜੰਗਲ ਰਾਜ ਵੱਲ ਜਾਂਦਾ ਹੈ।ਭਾਰਤ ਨੂੰ ਅਜਿਹੇ ਅਖੌਤੀ ਰਾਮ ਰਾਜ ਬਨਾਉਣ ਦਾ ਰਾਮ ਰੌਲਾ ਪਾਇਆ ਜਾ ਰਿਹਾ ਹੈ,ਜਿਸ ਦੀ ਤਸਵੀਰ ਆਏ ਦਿਨ ਸਪੱਸਟ ਹੁੰਦੀ ਜਾ ਰਹੀ ਹੈ,ਕਿ ਇਹ ਸੱਚਮੁੱਚ ਉਹ ਰਾਜ ਹੋਵੇਗਾ,ਜਿਹੜਾ ਹਜਾਰਾਂ ਸਾਲ ਪਹਿਲਾਂ ਮਨੁੱਖਾ ਜਾਤੀ ਨੂੰ ਊਚ ਨੀਚ,ਛੂਆ ਛੂਤ ਦਾ ਗ੍ਰਿਹਣ ਲਾਉਣ ਵਾਲੇ ਮੰਨੂ ਨੇ ਚਿਤਵਿਆ ਸੀ।ਇਹ ਉਹਦੀ ਵਰਣਵੰਡ ਦਾ ਹੀ ਨਤੀਜਾ ਹੈ ਕਿ ਮੁਲਕ ਅੰਦਰ ਪਛੂਆਂ ਦੀ ਰੱਖਿਆ ਲਈ ਤਾਂ ਸਖਤ ਕਨੂੰਨ ਬਣ ਸਕਦੇ ਹਨ,ਪਰ ਔਰਤਾਂ ਤੇ ਹੁੰਦੇ ਜਿਣਸੀ ਛੇੜਛਾੜ ਤੋਂ ਵੀ ਅੱਗੇ ਦਿਲ ਕੰਬਾਊ ਵਹਿਸੀ ਹਮਲਿਆਂ ਨੂੰ ਰੋਕਣ ਲਈ ਦੇਸ਼ ਦਾ ਕਨੂੰਨ ਸਮਰੱਥ ਨਹੀ ਬਣ ਸਕਿਆ।ਪਛੂਆਂ ਖਾਤਰ ਲੜਾਈਆਂ,ਝਗੜੇ,ਦੰਗੇ ਫਸਾਦ ਕਰਵਾਏ ਜਾ ਸਕਦੇ ਹਨ, ਸਰਕਾਰ ਪਛੂ ਰਖਿਆ ਦਾ ਕਨੂੰਨ ਪਾਸ ਕਰਕੇ ਪਛੂਆਂ ਦੀ ਮਰਨ ਦਰ ਤੇ ਵਿਰਾਮ ਚਿੰਨ ਲਾ ਸਕਦੀ ਹੈ,ਪਰੰਤੂ ਜੱਗ ਜਨਣੀ ਨਾਲ ਹੁੰਦਾ ਵਰਤਾਰਾ ਰੋਕਣਾ ਸਾਇਦ ਰਾਮ ਰਾਜੀ ਹਕੂਮਤਾਂ ਦੇ ਵਿਧਾਨ ਵਿੱਚ ਸ਼ਾਮਿਲ ਹੀ ਨਹੀ ਹੈ,ਕਿਉਂਕਿ ਜਿੱਥੋਂ ਦੇ ਸ਼ਾਸਤਰ ਔਰਤ ਨੂੰ ਪੈਰ ਦੀ ਜੁੱਤੀ,ਤੇ ਭੋਗ ਵਿਲਾਸ ਦੀ ਵਸਤੂ ਤੋ ਵੱਧ ਕੁੱਝ ਨਾ ਸਮਝਦੇ ਹੋਣ,ਅਤੇ ਹਕੂਮਤ ਵੀ ਅਜਿਹੇ ਸ਼ਾਸਤਰ ਪੂਜਕਾਂ ਦੀ ਹੋਵੇ,ਓਥੇ ਅਜਿਹੀਆਂ ਘਟਨਾਵਾਂ ਤੋ ਇਲਾਵਾ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਗਊ ਰੱਖਿਆ ਦੇ ਨਾਮ ਤੇ ਸਰਕਾਰ ਨੇ ਹਰ ਚੀਜ ਤੇ ਟੈਕਸ ਲਾਏ ਹੋਏ ਹਨ,ਗਊ ਰੱਖਿਆ ਲਈ ਜਿੱਥੇ ਸਰਕਾਰ ਪੱਬਾਂ ਭਾਰ ਹੈ,ਓਥੇ ਦੇਸ਼ ਅੰਦਰ ਕਿੰਨੇ ਹੀ ਗਊ ਰੱਖਿਅਕ ਦਲ ਬਣੇ ਹੋਏ ਹਨ ਜਿੰਨਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਿਲ ਹੈ,ਪਰੰਤੂ ਇਹ ਕਿੰਨਾ ਸ਼ਰਮਨਾਕ ਹੈ ਕਿ ਦੇਸ਼ ਅੰਦਰ ਦੋ ਸਾਲ ਦੀ ਬੱਚੀ ਤੋ ਲੈ ਕੇ 8 ਸਾਲ ਦੀਆਂ ਬੱਚੀਆਂ ਬਲਾਤਕਾਰ ਵਰਗੇ ਵਹਿਸੀ ਜੁਰਮ ਦਾ ਸ਼ਰੇਆਮ ਸ਼ਿਕਾਰ ਹੋ ਰਹੀਆਂ ਹਨ,ਅਜਿਹੇ ਘਿਨਾਉਣੇ ਜੁਰਮਾਂ ਨੂੰ ਠਲ੍ਹ ਪਾਉਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ ਦਿਲਚਛਪੀ ਨਹੀ ਲੈਂਦੀ।ਮੁਟਿਆਰ ਕੁੜੀਆਂ ਦੇਸ਼ ਅੰਦਰ ਅਸੁਰਖਿਅਤ ਮਹਿਸੂਸ ਹੀ ਨਹੀ ਕਰ ਰਹੀਆਂ,ਬਲਕਿ ਉਹਨਾਂ ਦੀ ਅਸੁਰਖਿਅਤ ਮਨੋਦਿਸ਼ਾ ਨਾਲ ਆਏ ਦਿਨ ਖਿਲਵਾੜ ਕੀਤਾ ਜਾ ਰਿਹਾ ਹੈ।ਦੇਸ਼ ਦੀ ਰਾਜਧਾਨੀ ਵਿੱਚ ਇਹ ਜੁਰਮ ਦਰ ਘਟਣ ਦਾ ਨਾਮ ਨਹੀ ਲੈ ਰਹੀ,ਸਕੂਲੀ ਵਿਦਿਆਰਥਣਾਂ ਤੋ ਲੈ ਕੇ ਡਾਕਟਰ ਅਤੇ ਫੌਜੀ ਅਫਸਰ ਬੀਬੀਆਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ,ਪਰ ਇਸ ਦੇ ਬਾਵਜੂਦ ਸੁਣਵਾਈ ਕਿਧਰੇ ਵੀ ਨਹੀ ਹੈ। ਅਜੇ ਕੁੱਝ ਦਿਨ ਪਹਿਲਾਂ ਭਾਰਤੀ ਨੀਮ ਫੌਜ ਆਈ ਟੀ ਬੀ ਪੀ ਦੀ ਇੱਕ ਡਾਕਟਰ ਬੀਬੀ ਨੇ ਜਿਣਸ਼ੀ ਸ਼ੋਸ਼ਣ ਤੋਂ ਪਰੇਸਾਨ ਹੋ ਕੇ ਅਪਣੀ ਫੌਜ ਦੀ ਅਫਸਰੀ ਨੂੰ ਲੱਤ ਮਾਰ ਦਿੱਤੀ ਹੈ ਅਤੇ ਕੂਕ ਕੂਕ ਕੇ ਅਪਣੀ ਦਰਦ ਕਹਾਣੀ ਬਿਆਨ ਕਰਦੀ ਸ਼ੋਸ਼ਲ ਮੀਡੀਏ ਤੇ ਦੇਖੀ ਸੁਣੀ ਜਾ ਸਕਦੀ ਹੈ।

ਔਰਤਾਂ ਦੇ ਜਿਣਸੀ ਜੁਲਮਾਂ ਦੇ ਜੋ ਮਾਮਲੇ ਵੱਧ ਚਰਚਾ ਵਿੱਚ ਰਹੇ ਹਨ,ਉਹਨਾਂ ਚੋ ਕੁੱਝ ਇੱਕ ਹੀ ਹੇਠਾਂ ਦਿੱਤੇ ਜਾ ਰਹੇ ਹਨ,ਜਿੰਨਾਂ ਵਿੱਚ ਜੁਲਾਈ 1997 ਵਿੱਚ ਪੰਜਾਬ ਦੇ ਬਰਨਾਲਾ ਜਿਲੇ ਦੇ ਮਹਿਲ ਕਲਾਂ ਕਸਬੇ ਦੀ ਕਿਰਨਜੀਤ ਕੌਰ ਨਾਲ ਸਮੂਹਿਕ ਬਲਾਤਕਾਰ,16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ਚ ਬੀਬੀ ਨਿਰਭੇਆ ਨਾਲ ਸਮੂਹਿਕ ਬਲਾਤਕਾਰ,16 ਅਪ੍ਰੈਲ 2018 ਨੂੰ ਕਸ਼ਮੀਰ ਦੀ ਅੱਠ ਸਲਾ ਬੱਚੀ ਆਸਿਫਾ ਨਾਲ ਕਠੂਆ ਦੇ ਮੰਦਰ ਚ ਸਮੂਹਿਕ ਬਲਾਤਕਾਰ,5 ਨਵੰਬਰ 2017 ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲੇ ਚ ਇੱਕ ਢਾਈ ਸਾਲਾ ਬੱਚੀ ਪੁੰਨਿਆ ਪ੍ਰਿਆ ਮਿੱਤਰਾ ਨਾਲ ਬਲਾਤਕਾਰ,1 ਨਵੰਬਰ 2019 ਨੂੰ ਮੱਧ ਪ੍ਰਦੇਸ ਦੇ ਭੁਪਾਲ ਚ ਹਨਿੰਦਰਾ ਸ਼ਰਮਾ ਨਾਲ ਸਮੂਹਿਕ ਬਲਾਤਕਾਰ ਅਤੇ ਹੁਣ ਹੈਦਰਾਵਾਦ ਚ ਇੱਕ ਅਭਾਗੀ ਵੈਟਰਨਰੀ ਡਾਕਟਰ ਪ੍ਰਿੰਅਕਾ ਰੈਡੀ ਦਾ ਦਿਲ ਦਹਿਲਾ ਦੇਣ ਵਾਲਾ ਸਮੂਹਿਕ ਬਲਾਤਕਾਰ ਤੇ ਵਹਿਸੀਆਨਾ ਕਤਲ ਇਹ ਦਰਸਾਉਂਦਾ ਹੈ ਕਿ ਭਾਰਤ ਦੇਸ਼ ਔਰਤਾਂ ਲਈ ਸੁਰਖਿਅਤ ਨਹੀ ਰਿਹਾ।(ਉੱਪਰ ਦਿੱਤੀ ਗਈ ਬਲਾਤਕਾਰ ਦੇ ਕੇਸਾਂ ਦੀ ਤੁੱਸ ਕੁ ਮਾਮਲਿਆਂ ਦੀ ਸੂਚੀ ਸਿਰਫ ਇਸ ਪਰਵਿਰਤੀ ਵੱਲ ਇਸਾਰਾ ਮਾਤਰ ਹੈ,ਕਿਉਂਕਿ ਜਿਸ ਦੇਸ਼ ਅੰਦਰ ਹਰ ਦੋ ਘੰਟੇ ਬਾਅਦ ਬਲਾਤਕਾਰ ਦੀ ਘਟਨਾ ਵਾਪਰਦੀ ਹੋਵੇ,ਜਿੱਥੇ ਕੁੱਝ ਮਹੀਨਿਆਂ ਦੀਆਂ ਬੱਚੀਆਂ ਇਸ ਹੈਵਾਨੀਅਤ ਭਰੀ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਹੋਣ,ਓਥੇ ਗਿਣਤੀ ਕਰਨੀ ਕਿਵੇਂ ਸੰਭਵ ਹੋ ਸਕਦੀ ਹੈ) ਭਾਰਤੀਆਂ ਲਈ ਬੇਹੱਦ ਸ਼ਰਮਨਾਕ ਗੱਲ ਇਹ ਹੈ ਕਿ ਜਦੋ ਤੁਸੀ ਬਲਾਤਕਾਰ ਸਬੰਧੀ ਗੂਗਲ ਤੇ ਸਰਚ ਕਰਦੇ ਹੋਂ ਤਾਂ ਇੱਕ ਦਮ ਹਜਾਰਾਂ ਪੀੜਤ ਅਭਾਗਣਾਂ ਇੱਕ ਇੱਕ ਨਾਮ ਦੀਆਂ ਹੀ ਸਾਹਮਣੇ ਆ ਜਾਂਦੀਆਂ ਹਨ,ਜਿਹੜੀਆਂ ਗੈਰ ਮਨੁੱਖੀ ਹਬਸ ਦਾ ਸ਼ਿਕਾਰ ਹੋ ਕੇ ਜਾਨਾਂ ਗੁਆ ਚੁੱਕੀਆਂ ਹਨ,ਜਿਸ ਨੂੰ ਦੇਖ ਕੇ ਜਾਪਦਾ ਹੈ ਕਿ ਇਸ ਮੁਲਕ ਅੰਦਰ ਇਨਸਾਨ ਨਹੀ ਹਬਸੀ ਭੇੜੀਏ ਰਹਿੰਦੇ ਹਨ ਤੇ ਰਾਜ ਕਰਨ ਵਾਲੇ ਇਨਸਾਨ ਨਹੀ ਸੈਤਾਨ ਹੀ ਹੋ ਸਕਦੇ ਹਨ।ਇਸ ਤੋਂ ਵੀ ਸ਼ਰਮਨਾਕ ਵਰਤਾਰਾ ਇਹ ਹੈ ਕਿ ਅਜਿਹੀਆਂ ਦਰਿੰਦਗੀ ਭਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਸਾਡੇ ਅਖੌਤੀ ਸੱਭਿਅਕ ਸਮਾਜ ਵੱਲੋਂ ਰੰਗ ਨਸਲ ਨਾਲ ਮੇਲ ਕੇ ਦੇਖਿਆ ਜਾਂਦਾ ਹੈ।

ਭਾਰਤ ਵਿੱਚ ਜਦੋਂ ਵੀ ਕੋਈ ਅਜਿਹੀ ਅਣਹੋਣੀ ਵਾਪਰਦੀ ਹੈ ਤਾਂ ਸਭ ਤੋ ਪਹਿਲਾਂ ਪੀੜਤ ਦੀ ਨਸਲ ਪਛਾਣੀ ਜਾਂਦੀ ਹੈ,ਧਰਮ ਜਾਣਿਆ ਜਾਂਦਾ ਹੈ,ਫਿਰ ਬਲਾਤਕਾਰੀਆਂ ਦੇ ਧਰਮ ਦਾ ਪਤਾ ਲਾਇਆ ਜਾਂਦਾ ਹੈ,ਉਸ ਹਿਸਾਬ ਨਾਲ ਹੀ ਉਸ ਦਾ ਵਿਰੋਧ ਜਿਤਾਇਆ ਜਾਂਦਾ ਹੈ।ਮਸਲਨ ਬਲਾਤਕਾਰ ਦਾ ਸ਼ਿਕਾਰ ਹੋਈ ਅਭਾਗਣ ਬੱਚੀ ਮੁਸਲਮਾਨ ਹੈ,ਤਾਂ ਰਲਵਾਂ ਮਿਲਵਾਂ ਪ੍ਰਤੀਕਰਮ ਆਏਗਾ।ਜੇਕਰ ਰਾਜਨੀਤੀ ਦੇ ਖੇਤਰ ਨੂੰ ਨਫਰਤ ਦਾ ਅਖਾੜਾ ਬਣਾ ਕੇ ਰਾਜਨੀਤਕ ਮਹਿਲਾਵਾਂ ਵੀ ਮਹਿਜ ਰੰਗ ਨਸਲ ਕਰਕੇ ਬਲਾਤਕਾਰ ਵਰਗੇ ਨਾ-ਬਖਸ਼ਣਯੋਗ ਗੁਨਾਹ ਨੂੰ ਗੁਨਾਹ ਨਹੀ ਬਲਕਿ ਸਹੀ ਠਹਿਰਾਉਂਣ ਲੱਗ ਜਾਣ,(ਜਿਹਾ ਕਿ ਆਸਿਫਾ ਦੇ ਮਾਮਲੇ ਵਿੱਚ ਇੱਕ ਭਾਜਪਾ ਮਹਿਲਾ ਆਗੂ ਵੱਲੋਂ ਅਜਿਹਾ ਬੇਹੂਦਾ ਬਿਆਨ ਦਿੱਤਾ ਗਿਆ ਸੀ)ਫਿਰ ਓਥੇ ਔਰਤ ਤੇ ਹੁੰਦੇ ਜਿਣਸੀ ਹਮਲਿਆਂ ਦੀ ਦਰ ਚ ਕਮੀ ਦੀ ਆਸ ਨਹੀ ਕੀਤੀ ਜਾ ਸਕਦੀ।। ਜੇਕਰ ਬੱਚੀ ਹਿੰਦੂ ਹੈ ਤੇ ਬਲਾਤਕਾਰੀ ਮੁਸਲਿਮ ਹੈ ਤਾਂ ਵਿਰੋਧ ਦੀ ਰੰਗਤ ਹੋਰ ਹੋਵੇਗੀ,ਜਦੋਂ ਕਿ ਹੋਣਾ ਇਹ ਚਾਹੀਦਾ ਹੈ ਕਿ ਇਹਨਾਂ ਗੈਰ ਮਨੁੱਖੀ ਜੁਲਮਾਂ ਖਿਲਾਫ ਸਾਰੇ ਮੁਲਖ ਦੇ ਲੋਕ ਇੱਕ ਮੱਤ ਹੋਣ ਅਤੇ ਸਰਕਾਰਾਂ ਅਜਿਹੇ ਸਖਤ ਕਨੂੰਨ ਬਨਾਉਣ ਕਿ ਸੈਤਾਨ ਮਨੁੱਖ ਦੇ ਅੰਦਰਲੀ ਹਬਸ ਦੀ ਪਰਬਿਰਤੀ ਅੰਦਰ ਹੀ ਦਮ ਤੋੜ ਜਾਵੇ।ਸੋ ਜਿੰਨੀ ਦੇਰ ਹੈਦਰਾਵਾਦ ਦੀ ਛੱਬੀ ਸਾਲਾ ਡਾਕਟਰ ਬੱਚੀ ਪ੍ਰਿਅੰਕਾ ਰੈਡੀ ਵਰਗੀਆਂ ਅਭਾਗਣ ਧੀਆਂ ਨਾਲ ਵਾਪਰੀਆਂ ਹੌਲਨਾਕ ਘਟਨਾਵਾਂ ਦਾ ਵਿਰੋਧ ਰੰਗ ਨਸਲ ਦੇ ਭੇਦ ਭਾਵ ਨਾਲ ਮਹਿਜ ਮੋਮਬੱਤੀਆਂ ਜਲਾ ਕੇ ਖਾਨਾਪੂਰਤੀ ਬਣਦਾ ਰਹੇਗਾ,ਓਨੀ ਦੇਰ ਇਹ ਵਹਿਸੀ ਕਾਰੇ ਬੰਦ ਹੋਣ ਦਾ ਸੁਆਲ ਹੀ ਪੈਦਾ ਨਹੀ ਹੁੰਦਾ।ਜਦੋ ਤੱਕ ਇਸ ਵਹਿਸੀ ਵਰਤਾਰੇ ਦੇ ਖਿਲਾਫ ਲੋਕ ਲਹਿਰ ਨਹੀ ਬਣਦੀ ਓਨੀ ਦੇਰ ਨਾਂ ਹੀ ਹਕੂਮਤਾਂ ਦੇ ਕੰਨ ਤੇ ਜੂੰ ਸਰਕਣੀ ਹੈ ਅਤੇ ਨਾ ਹੀ ਬਲਾਤਕਾਰੀ ਭੇੜੀਆਂ ਦੀ ਦਰ ਚ ਕਮੀ ਆ ਸਕਦੀ ਹੈ।ਮਾਨਵਤਾ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਨਸਲੀ ਭਿੰਨ ਭੇਦ ਤੋ ਉੱਪਰ ਉੱਠ ਕੇ ਲੋਕ ਏਕਤਾ ਨਾਲ ਵਿੱਢੇ ਫੈਸਲਾਕੁਲ ਸੰਘਰਸ਼ ਹੀ ਇੱਕੋ ਇੱਕ ਹੱਲ ਹੋ ਸਕਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: