ਮਾਮਲਾ ਸਕੂਲ ਅੱਪਗ੍ਰੇਡ ਕਰਵਾਉਣ ਦਾ

 ਮਾਮਲਾ ਸਕੂਲ ਅੱਪਗ੍ਰੇਡ ਕਰਵਾਉਣ ਦਾ

ਟੈਕੀ ਉਪਰ ਚੜੇ ਪ੍ਰਦਰਸ਼ਨ ਕਾਰੀਆਂ ਨੇ ਲਾਏ ਹਲਕਾ ਇੰਚਾਰਜ ਉਤੇ ਦੋਸ਼

photo file 11 tapa 01

ਤਪਾ 11 ਮਈ (ਨਰੇਸ਼ ਗਰਗ) ਨੇੜਲੇ ਪਿੰਡ ਧੌਲਾ ਦੇ ਹਾਈ ਸਕੂਲ ਨੂੰ ਅੱਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦੇਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਸਕੂਲ ਐਕਸ਼ਨ ਕਮੇਟੀ ਨੇ ਪਹਿਲਾਂ ਕੀਤੇ ਐਲਾਨ ਅਨੁਸਾਰ ਗੁਪਤ ਐਕਸ਼ਨ ਕਰਦਿਆਂ ਕੁਝ ਦਿਨ ਪਹਿਲਾਂ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਡੇਰੇ ਲਾਏ ਸਨ। ਸਕੂਲ ਐਕਸ਼ਨ ਕਮੇਟੀ ਦੇ ਮੈਂਬਰਾਂ ਵਿੱਚੋਂ ਮੇਜਰ ਸਿੰਘ ਔਲਖ ਅਤੇ ਬੀ ਕੇ ਯੂ ਡਕੌਦਾ ਦੇ ਇਕਾਈ ਪ੍ਰਧਾਨ ਗੁਰਨੈਬ ਸਿੰਘ ਨੇ ਪਾਣੀ ਵਾਲੀ ਟੈਂਕੀ ਤੋਂ ਆਪਣੀਆਂ ਵੀਡਿਓ ਕਲਿਪਸ ਜਾਰੀ ਕਰਕੇ ਪ੍ਰਸ਼ਾਸਨ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਭਦੌੜ ਉਪਰ ਹਲਕੇ ਵਿੱਚ ਗੁੱਟਬੰਦੀ ਪੈਦਾ ਕਰਨ , ਵਿਦਿਅਕ ਖੇਤਰ ਵਿੱਚ ਰਿਕਾਰਡ ਤੋੜ ਗਿਰਾਵਟ ਲਿਆਉਣ ਵਰਗੇ ਗੰਭੀਰ ਦੋਸ਼ ਲਗਾਏ। ਉਨਾਂ ਹਲਕਾ ਇੰਚਾਰਜ ਦਾ ਸਿੱਧਾ ਨਾਮ ਲੈਕੇ ਪਿੰਡ ਧੌਲਾ ਵਿੱਚ ਆਪਸੀ ਭਾਈਚਾਰਾ ਤੋੜਕੇ ਪਿੰਡ ਨੂੰ ਦੋ ਧੜਿਆਂ ਵਿੱਚ ਵੰਡਣ ਦਾ ਜਿੰਮੇਵਾਰ ਕਿਹਾ। ਉਨਾਂ ਆਪਣੀ ਕਲਿਪ ਵਿੱਚ ਕਿਹਾ ਕਿ ਜੇਕਰ 48 ਘੰਟਿਆਂ ਵਿੱਚ ਮਸਲੇ ਦਾ ਹੱਲ ਨਾ ਕੱਢਿਆ ਤਾਂ ਉਹ ਆਤਮ ਹੱਤਿਆ ਕਰਨਗੇ। ਜਿਸ ਦੀ ਸਿੱਧੀ ਜਿੰਮੇਵਾਰੀ ਹਲਕਾ ਇੰਚਾਰਜ ਦੀ ਹੋਵੇਗੀ। ਇਨਾਂ ਵਾਇਰਲ ਹੋਈਆਂ ਕਲਿਪਾਂ ਨੂੰ ਲੈਕੇ ਜਿੱਥੇ ਵਿਰੋਧੀ ਪਾਰਟੀਆਂ ਨੇ ਹਲਕਾ ਇੰਚਾਰਜ ਤੇ ਆਪਣੇ ਨਿਸ਼ਾਨੇ ਵਿੰਨੇ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਕਾਫੀ ਗੁੱਥਮ-ਗੁੱਥੀ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਈ ਆਲਾ ਲੀਡਰਾਂ ਅਤੇ ਵਰਕਰਾਂ ਨੇ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਉਪਰ ਉਪਰੋਕਤ ਪ੍ਰਦਰਸ਼ਨ ਕਾਰੀਆ ਦੇ ਦੋਸ਼ਾਂ ਨੂੰ ਵਾਜਬ ਕਿਹਾ।
ਵਰਨਣਯੋਗ ਹੈ ਕਿ ਹਲਕਾ ਭਦੌੜ ਅੰਦਰ ਭਦੌੜ ਦੇ ਇੱਕ ਸੀਨੀਅਰ ਆਗੂ ਨੂੰ ਪਿੱਛੇ ਧੱਕ ਕੇ ਦੂਜੇ ਧੜੇ ਦੇ ਸਜ਼ਾ ਯਾਫਤਾ ਆਗੂ ਨੂੰ ਮੂਹਰੇ ਲਿਆਉਣ, ਹਲਕੇ ਦੀ ਇੱਕ ਇਸਤਰੀ ਵਿੰਗ ਦੀ ਆਗੂ ਨੂੰ ਖੂੰਜੇ ਲਾਉਣ, ਪਹਿਲਾਂ ਰਹਿ ਚੁੱਕੇ ਅਕਾਲੀ ਵਿਧਾਇਕ ਨਾਲ ਦੁਆ-ਸਲਾਮ ਨਾ ਹੋਣ ਕਰਕੇ ਹਲਕੇ ਅੰਦਰ ਅਕਾਲੀ ਦਲ ਵਿੱਚ ਕਈ ਛੋਟੇ-ਛੋਟੇ ਗਰੁਪ ਉਭਰ ਰਹੇ ਹਨ। ਜਿਸ ਦਾ ਖਮਿਆਜਾ ਅਕਾਲੀ ਦਲ ਨੂੰ ਆਉਂਦੀਆ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾਂ ਪੈ ਸਕਦਾ ਹੈ। ਪਿੰਡ ਧੌਲਾ ਦੇ ਕੁਝ ਕੁ ਅਕਾਲੀ ਵਰਕਰਾਂ ਨੂੰ ਛੱਡਕੇ ਬਾਕੀ ਲੋਕਾਂ ਦਾ ਸਕੂਲ ਐਕਸ਼ਨ ਕਮੇਟੀ ਦੀ ਪਿੱਠ ਉਪਰ ਖੜਨਾ , ਪਿੰਡ ਵਿੱਚ ਕਿਸੇ ਵੀ ਰਾਜਨੀਤਕ ਆਗੂ ਦੇ ਆਉਣ ਤੇ ਪਾਬੰਦੀ ਲਾਉਣਾ ਵੀ ਅਕਾਲੀ ਦਲ ਲਈ ਅਸ਼ੁੱਭ ਸੰਕੇਤ ਹਨ। ਸਕੂਲ ਐਕਸ਼ਨ ਕਮੇਟੀ ਦੇ ਮਾਸਟਰ ਜੁਗਰਾਜ ਸਿੰਘ ਧੌਲਾ, ਗੁਰਸੇਵਕ ਸਿੰਘ ਧੌਲਾ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਸੰਦੀਪ ਬਾਵਾ ਆਦਿ ਨੇ ਕਿਹਾ ਕਿ ਜਦ ਤੱਕ ਸਕੂਲ ਅੱਪਗ੍ਰੇਡ ਕਰਕੇ ਦਾਖਲਾ ਸ਼ੁਰੂ ਨਹੀਂ ਕੀਤਾ ਜਾਂਦਾ ਤਦ ਤੱਕ ਉਨਾਂ ਦਾ ਸੰਘਰਸ਼ ਜਾਰੀ ਰਹੇਗਾ ਭਾਵੇਂ ਕਿ ਪ੍ਰਸ਼ਾਸਨ ਨੇ 25 ਮਈ ਨੂੰ ਸਕੂਲ ਅੱਪਗ੍ਰੇਡ ਕਰਨ ਦਾ ਭਰੋਸਾ ਦਿੱਤਾ ਹੋਇਆ ਹੈ। ਸਕੂਲ ਐਕਸ਼ਨ ਕਮੇਟੀ ਦਾ ਸੰਘਰਸ਼ ਹਲਕੇ ਅੰਦਰ ਕਾਫੀ ਉਥਲ-ਪੁਥਲ ਲਿਆ ਸਕਦਾ ਹੈ।

Share Button

Leave a Reply

Your email address will not be published. Required fields are marked *

%d bloggers like this: