ਮਾਮਲਾ ਪੁਲਿਸ ਕਮਿਸ਼ਨਰ ਵੱਲੋਂ ਪੱਤਰਕਾਰ ਨਾਲ ਬਦਤਮੀਜ਼ੀ ਦਾ-ਪੁਲਿਸ ਕਮਿਸ਼ਨਰ ਪੀਕੇ ਸਿਨ੍ਹਾਂ ਨੇ ਮੰਗੀ ਮੁਆਫੀ

ss1

ਮਾਮਲਾ ਪੁਲਿਸ ਕਮਿਸ਼ਨਰ ਵੱਲੋਂ ਪੱਤਰਕਾਰ ਨਾਲ ਬਦਤਮੀਜ਼ੀ ਦਾ-ਪੁਲਿਸ ਕਮਿਸ਼ਨਰ ਪੀਕੇ ਸਿਨ੍ਹਾਂ ਨੇ ਮੰਗੀ ਮੁਆਫੀ

ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਲੰਧਰ ਫ਼ੇਰੀ ਦੌਰਾਨ ਮਾਹੌਲ ਉਸ ਵੇਲੇ ਤਨਾਅਪੂਰਨ ਹੋ ਗਿਆ ਜਦ ਮੁੱਖ ਮੰਤਰੀ ਨੂੰ ਹੋਟਲ ਦੀ ਲਿਫ਼ਟ ਵਿਚ ਚਾੜ੍ਹਣ ਲਈ ਰਾਹ ਬਣਾਉੇਣ ਵਾਸਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾਂ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦੇ ਇਕ ਮੁਲਾਜ਼ਮ ਵੱਲੋਂ ਨਾਦਰਸ਼ਾਹੀ ਤਰੀਕੇ ਨਾਲ ਯੈੱਸ ਪੰਜਾਬ ਦੇ ਸੰਪਾਦਕ ਐੱਚ.ਐਸ.ਬਾਵਾ ਨਾਲ ਧੱਕਾਮੁੱਕੀ ਅਤੇ ਬਦਤਮੀਜ਼ੀ ਕੀਤੀ ਗਈ ਅਤੇ ਉਹਨਾਂ ਨੂੰ ਅਪਸ਼ਬਦ ਬੋਲੇ ਗਏ। ਅੱਜ ਜਲੰਧਰ ਦੇ ਡੀਸੀ ਦੀ ਰਿਹਾਇਸ਼ ਉੱਤੇ ਪੁਲਿਸ ਕਮਿਸ਼ਨਰ ਪੀਕੇ ਸਿਨ੍ਹਾਂ ਪੁੱਜੇ ਅਤੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਸ. ਐਚ.ਐਸ ਬਾਵਾ ਤੋਂ ਬਤਮੀਜ਼ੀ ਕਰਨ ਲਈ ਮੁਆਫੀ ਮੰਗੀ । ਇਸ ਮੌਕੇ ਸਿਨ੍ਹਾਂ ਨੇ ਕਿਹਾ ਕਿ ਜਿਸ ਨੇ ਬਾਵਾ ਜੀ ਨੂੰ ਅਪਸ਼ਬਦ ਬੋਲੇ ਹਨ ਉਸ ਨੂੰ ਟਰੇਸ ਕਰਕੇ ਕਾਰਵਾਈ ਕੀਤੀ ਜਾਵੇਗੀ।ਮੌਕੇ ’ਤੇ ਸ: ਆਈ.ਪੀ. ਸਿੰਘ, ਸ੍ਰੀਮਤੀ ਦੀਪਕਮਲ ਕੌਰ, ਸ੍ਰੀ ਰਾਜੀਵ ਭਾਸਕਰ,ਪ੍ਰਿੰਟ ਐਂਡ ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁਰਿੰਦਰ ਪਾਲ, ਸ੍ਰੀ ਸੁਨੀਲ ਰੁਦਰਾ, ਕੁਸੁਮ ਅਰੋੜਾ, ਸ੍ਰੀ ਜਸਪਾਲ ਕੈਂਥ, ਸ੍ਰੀ ਕਪਿਲ, ਸ੍ਰੀ ਨਿਖ਼ਿਲ, ਸ੍ਰੀ ਜਤਿੰਦਰ ਸ਼ਰਮਾ,ਸ੍ਰੀ ਪਵਨ ਧੂਪਰ, ਸ੍ਰੀ ਪ੍ਰਦੀਪ ਪੰਡਿਤ, ਸ੍ਰੀ ਅਨਿਲ ਸ਼ਰਮਾ, ਸ੍ਰੀ ਸਰਬਜੀਤ ਸਿੰਘ ਕਾਕਾ, ਸ੍ਰੀ ਵਿਸ਼ਨੂੰ, ਸ੍ਰੀ ਦਵਿੰਦਰ, ਸ੍ਰੀ ਭਗਤ, ਆਦਿ ਹਾਜ਼ਰ ਸਨ।
ਜਿਕਰਯੋਗ ਹੈ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਜਿਸ ਸਮੇਂ ਪ੍ਰੈਸ ਕਾਨਫਰੰਸ ਖਤਮ ਹੋਈ ਤਾਂ ਇਕ ਔਰਤ ਅਤੇ ਦੋ ਵਿਅਕਤੀਆਂ ਵੱਲੋਂ ਜਲੰਧਰ ਕੇਂਦਰੀ ਦੇ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਵਿਰੁੱਧ ਸ਼ਿਕਾਇਤ ਦਿੰਦਿਆਂ ਪਾਏ ਰੌਲੇ ਰੱਪੇ ਕਾਰਨ ਮੁੱਖ ਮੰਤਰੀ ਨੂੂੰ ਲਿਫ਼ਟ ਵੱਲ ਜਾਂਦਿਆਂ ਹੋਟਲ ਦੇ ਅੰਦਰ ਹੀ ਰਾਹ ਵਿਚ ਰੁਕਣਾ ਪਿਆ ਤਾਂ ਇਕ ਪੱਤਰਕਾਰ ਵਜੋਂ ਸ: ਬਾਵਾ ਵੀ ਇਹ ਵੇਖਣ ਲਈ ਮੁੜੇ ਕਿ ਕੌਣ ਕੀ ਸ਼ਿਕਾਇਤ ਕਰ ਰਿਹਾ ਹੈ। ਹੋਰ ਵੀ ਦਿਲਚਸਪ ਪਹਿਲੂ ਇਹ ਸੀ ਕਿ ਪੱਤਰਕਾਰ ਤੋਂ 30-40 ਫੁੱਟ ਪਿੱਛੇ ਮੁੱਖ ਮੰਤਰੀ ਤੁਰੇ ਆ ਰਹੇ ਸਨ ਅਤੇ ਪੱਤਰਕਾਰ ਵੱਲੋਂ ਲਾਂਭੇ ਹੋਣ ਬਾਰੇ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਪੁਲਿਸ ਕਮਿਸ਼ਨਰ ਖ਼ੁਦ ਲਗਾਤਾਰ ਧੱਕਾਮੁੱਕੀ ਕਰਦੇ ਹੋਏ ਉਨ੍ਹਾਂ ਨੂੰ ਕਈ ਫੁੱਟ ਦੂਰ ਲੈ ਗਏ। ਇਸੇ ਦੌਰਾਨ ਇਕ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਨੂੰ ਧੱਕੇ ਮਾਰਦਾ ਰਿਹਾ ਅਤੇ ਬਦਜ਼ੁਬਾਨੀ ਵੀ ਕੀਤੀ।ਇਸ ਮਗਰੋਂ ਸ੍ਰੀ ਪ੍ਰਵੀਨ ਸਿਨ੍ਹਾ ਤਾਂ ਮੁੱਖ ਮੰਤਰੀ ਦੇ ਨਾਲ ਅੱਗੇ ਲੰਘ ਗਏ ਪਰ ਉਕਤ ਮੁਲਾਜ਼ਮ ਵੱਲੋਂ ਲਗਾਤਾਰ ਧੱਕਾਮੁੱਕੀ ਅਤੇ ਬਦਜ਼ੁਬਾਨੀ ਕੀਤੇ ਜਾਣ ਕਾਰਨ ਸ: ਬਾਵਾ ਨੇ ਸਖ਼ਤ ਵਿਰੋਧ ਜਤਾਇਆ ਜਿਸ ਮਗਰੋਂ ਡੀ.ਸੀ.ਪੀ. ਸ: ਰਜਿੰਦਰ ਸਿੰਘ ਨੇ ਦਖ਼ਲਅੰਦਾਜ਼ੀ ਕਰਦਿਆਂ ਉਕਤ ਸੁਰੱਖਿਆ ਮੁਲਾਜ਼ਮ ਨੂੰ ਲਾਂਭੇ ਭੇਜਿਆ।ਮਾਮਲਾ ਬਾਕੀ ਪੱਤਰਕਾਰਾਂ ਦੇ ਧਿਆਨ ਵਿਚ ਆਉਣ ’ਤੇ ਪੱਤਰਕਾਰਾਂ ਅਤੇ ਫ਼ੋਟੋਗਰਾਫ਼ਰਾਂ ਨੇ ਸਖ਼ਤ ਸਟੈਂਡ ਲਿਆ ਅਤੇ ਘਟਨਾ ਦੇ ਵੇਰਵੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਾਰਾਲ ਦੇ ਧਿਆਨ ਵਿਚ ਲਿਆਂਦੇ। ਇਸ ਉਪਰੰਤ ਪੱਤਰਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ: ਨਵਜੋਤ ਸਿੰਘ ਸਿੱਧੂ ਨਾਲ ਹੋਟਲ ਵਿਚ ਹੀ ਮੁਲਾਕਾਤ ਕਰਕੇ ਪੁਲਿਸ ਕਮਿਸ਼ਨਰ ਅਤੇ ਸੁਰੱਖਿਆ ਮੁਲਾਜ਼ਮ ਖਿਲਾਫ਼ ਉਨ੍ਹਾਂ ਨੂੰ ਘਟਨਾ ਤੋਂ ਜਾਣੂ ਕਰਵਾਉਂਦੇ ਹੋਏ ਸ਼ਿਕਾਇਤ ਕੀਤੀ।ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਸ: ਨਵਜੋਤ ਸਿੰਘ ਸਿੱਧੂ ਨੇ ਸ: ਬਾਵਾ ਨਾਲ ਹੋਈ ਇਸ ਘਟਨਾ ’ਤੇ ਅਫ਼ਸੋਸ ਜਤਾਇਆ ਉੱਥੇ ਮੁੱਖ ਮੰਤਰੀ ਅਤੇ ਸ੍ਰੀ ਰਵੀਨ ਠੁਕਰਾਲ ਨੇ ਇਸ ਮਾਮਲੇ ਵਿਚ 24 ਘੰਟੇ ਦੇ ਅੰਦਰ ਐਕਸ਼ਨ ਦਾ ਭਰੋਸਾ ਵੀ ਦਿੱਤਾ।

Share Button

Leave a Reply

Your email address will not be published. Required fields are marked *