ਮਾਮਲਾ ਦਰਿਆ ਵਿਚ ਮਰੀਆਂ ਮੱਛੀਆਂ ਦਾ

ਮਾਮਲਾ ਦਰਿਆ ਵਿਚ ਮਰੀਆਂ ਮੱਛੀਆਂ ਦਾ
ਵਾਤਾਵਰਣ ਮੰਤਰੀ ਵੱਲੋਂ ਅਗਲੇ ਹੁਕਮਾਂ ਤੱਕ ਹਰਗੋਬਿੰਦ ਮਿਲ ਬੰਦ ਕਰਨ ਦੇ ਹੁਕਮ
ਤਿੰਨ ਦਿਨਾਂ ਵਿਚ ਜਾਂਚ ਪੂਰੀ ਕਰੇ ਵਿਭਾਗ- ਸੋਨੀ
ਪੰਜਾਬ ਦੇ ਪਾਣੀਆਂ ਵਿਚ ਜ਼ਹਿਰ ਨਹੀਂ ਪਾਉਣ ਦਿੱਤਾ ਜਾਵੇਗਾ-ਔਜਲਾ

ਜੰਡਿਆਲਾ ਗੁਰੂ/ਬਿਆਸ 17 ਮਈ– ( ਵਰਿੰਦਰ ਸਿੰਘ )- ਬਿਆਸ ਦਰਿਆ ਵਿਚ ਦੂਸ਼ਿਤ ਪਾਣੀ ਆਉਣ ਨਾਲ ਮਰੀਆਂ ਸੈਂਕੜੇ ਮੱਛੀਆਂ ਦਾ ਮਾਮਲਾ ਸਾਹਮਣੇ ਆਉਣ ’ਤੇ ਵਾਤਾਵਰਣ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਕ ਬਾਬਾ ਬਕਾਲਾ ਸ. ਸੰਤੋਖ ਸਿੰਘ ਭਲਾਈਪੁਰ , ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਦਰਿਆ ਦਾ ਜਾਇਜ਼ਾ ਲੈਣ ਮਗਰੋਂ ਪ੍ਰਦੂਸ਼ਣ ਵਿਭਾਗ, ਜੰਗਲਾਤ ਵਿਭਾਗ, ਪ੍ਰਸਾਸਨ ਅਤੇ ਹੋਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਸ੍ਰੀ ਸੋਨੀ ਨੇ ਕਿਹਾ ਕਿ ਹੁਣ ਤੱਕ ਹੋਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ੍ਰੀ ਹਰਗੋਬਿੰਦ ਮਿਲ ਤੋਂ ਸੀਰਾ ਰਿਸਣ ਕਾਰਨ ਪਾਣੀ ਵਿਚ ਸੀਰਾ ਮਿਲ ਗਿਆ, ਜਿਸ ਕਾਰਨ ਪਾਣੀ ਵਿਚ ਆਕਸੀਜਨ ਦੀ ਕਮੀ ਹੋ ਗਈ, ਜੋ ਮੱਛੀਆਂ ਦੀ ਮੌਤ ਦਾ ਕਾਰਨ ਬਣੀ। ਇਸ ਤੋਂ ਇਲਾਵਾ ਪਾਣੀ ਵਿਚ ਕੋਈ ਜ਼ਹਿਰ ਮਿਲਣ ਦੀ ਜਾਣਕਾਰੀ ਮੁੱਢਲੀ ਜਾਂਚ ਵਿਚ ਨਹੀਂ ਮਿਲੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਰੀਆਂ ਹੋਈਆਂ ਮੱਛੀਆਂ ਨਾ ਖਾਣ।
ਸ੍ਰੀ ਸੋਨੀ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਖੰਡ ਮਿਲ ਬੰਦ ਕਰ ਦਿੱਤੀ ਗਈ ਹੈ ਅਤੇ ਇਹ ਜਾਂਚ ਜਾਰੀ ਹੈ ਕਿ ਪਾਣੀ ਵਿਚ ਸੀਰਾ ਆਇਆ ਕਿਵੇਂ? ਉਨਾਂ ਕਿਹਾ ਕਿ ਪ੍ਰਦੂਸ਼ਣ ਅਤੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤਿੰਨ ਦਿਨਾਂ ਵਿਚ ਇਹ ਜਾਂਚ ਮੁਕੰਮਲ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਮਿਲ ਬੰਦ ਰਹੇ। ਸ੍ਰੀ ਸੋਨੀ ਨੇ ਦੱਸਿਆ ਕਿ ਅੱਜ ਸਵੇਰੇ ਇਹ ਮਾਮਲਾ ਪ੍ਰਕਾਸ਼ ਵਿਚ ਆਉਣ ’ਤੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਮੌਕੇ ’ਤੇ ਪੁੱਜੇ ਸਨ ਅਤੇ ਉਨਾਂ ਮਾਮਲੇ ਦੀ ਗੰਭੀਰਤਾ ਵੇਖ ਕੇ ਮੁੱਖ ਸਕੱਤਰ ਪੰਜਾਬ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਸਲਾਹ ਕਰਕੇ ਦਰਿਆ ਵਿਚ ਪੈਂਦਾ ਸੀਰਾ ਬੰਦ ਕਰਵਾ ਦਿੱਤਾ ਸੀ ਅਤੇ 1000 ਕਿਊਸਿਕ ਪਾਣੀ ਹੋਰ ਛੱਡਿਆ ਗਿਆ, ਜਿਸ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਆਕਸੀਜਨ ਵਧ ਗਈ। ਉਨਾਂ ਦੱਸਿਆ ਕਿ ਇਸ ਵੇਲੇ ਸਥਿਤੀ ਖਤਰੇ ਤੋਂ ਬਾਹਰ ਹੈ, ਪਰ ਫਿਰ ਵੀ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਮੌਕੇ ’ਤੇ ਨਜ਼ਰ ਰੱਖ ਰਹੇ ਹਨ। ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਪਾਣੀ ਵਿਚ ਕਿਸੇ ਨੂੰ ਜ਼ਹਿਰ ਘੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਤੱਤ ਇਸ ਘਟਨਾ ਪਿੱਛੇ ਜ਼ਿੰਮੇਵਾਰ ਹੋਏ, ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ ਡੀ ਐਮ ਸ੍ਰੀ ਰਵਿੰਦਰ ਸਿੰਘ, ਮੁੱਖ ਕੰਜ਼ਰਵੇਟਿਵ ਸ੍ਰੀ ਮਹਾਂਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: