ਮਾਪਿਆਂ ਦੀ ਕਮਾਈ

ss1

ਮਾਪਿਆਂ ਦੀ ਕਮਾਈ

ਅੱਜ ਵਟਸਐਪ ਤੇ ਬੰਬਈ ਵਿੱਚ ਬਜ਼ੁਰਗ ਮਾਂ ਦੇ ਮਰਨ ਤੇ ਕੰਗਾਲ ਬਣੀ ਦੀ ਫੋਟੋ ਤੇ ਉਸ ਬਾਰੇ ਲਿਖਿਆ ਪੜ੍ਹਿਆ।ਇੱਕ ਹੋਰ ਵਿਡੀਉ ਵੇਖਣ ਨੂੰ ਮਿਲੀ ਜਿਸ ਵਿੱਚ ਇੱਕ ਸਰਦੇ ਪੁੱਜਦੇ ਘਰ ਦੀ ਬਜ਼ੁਰਗ ਬ੍ਰਿਧ ਆਸ਼ਰਮ ਵਿੱਚ ਸੀ ਤੇ ਉਸ ਨਾਲ ਕੋਈ ਇੰਟਰਵਿਊ ਕਰ ਰਿਹਾ ਸੀ।ਏਹ ਸਿਰਫ ਉਸ ਹਨ ਜੋ ਸੋਸ਼ਲ ਮੀਡੀਆ ਦਾ ਹਿੱਸਾ ਬਣ ਗਈਆਂ।ਏਹ ਸਮਾਜ ਦਾ ਆਇਨਾ ਹੈ।ਕੁਝ ਹੀ ਗਿਣਤੀ ਮਿਣਤੀ ਦੇ ਘਰਾਂ ਨੂੰ ਛੱਡ ਕੇ ਬਾਕੀ ਘਰਾਂ ਵਿੱਚ ਬਜ਼ੁਰਗਾਂ ਨਾਲ ਕੋਈ ਵਧੀਆ ਸਲੂਕ ਨਹੀਂ ਹੁੰਦਾ।ਕਿੰਨਾ ਸੱਚ ਲਿਖਿਆ ਕਿਸੇ ਨੇ ਕਿ ਪਿਉ ਦਾ ਘਰ ਪੁੱਤ ਦਾ ਹੋ ਸਕਦਾ ਹੈ ਪਰ ਪੁੱਤ ਦਾ ਘਰ ਪਿਉ ਦਾ ਨਹੀਂ ਹੋ ਸਕਦਾ।ਜਿੰਨਾ ਨੇ ਜ਼ਿੰਦਗੀ ਭਰ ਮਿਹਨਤ ਕੀਤੀ ਹੁੰਦੀ ਹੈ ਉਹ ਖਾਲੀ ਹੱਥ ਬੈਠੇ ਹੁੰਦੇ ਨੇ ਤੇ ਸਵੇਰੇ ਸ਼ਾਮ ਕੀ ਸਾਰਾ ਦਿਨ ਕੁਝ ਨਾ ਕੁਝ ਭੱਦਾ ਸੁਣਦੇ ਰਹਿੰਦੇ ਨੇ।ਮਾਂ ਬਾਪ ਦੀ ਇੱਕ ਬਦ ਅਸੀਸ ਤਬਾਹ ਕਰ ਦਿੰਦੀ ਹੈ।ਏਹ ਜ਼ਰੂਰੀ ਨਹੀਂ ਕਿ ਉਹ ਮੂੰਹ ਵਿੱਚੋਂ ਬੋਲੇ, ਉਸ ਦੀਆਂ ਅੱਖਾਂ ਵਿੱਚੋਂ ਨਿਕਲਿਆ ਹਰ ਹੰਝੂ ਬਦ ਦੁਆ ਹੈ।ਬਾਹਰਲੇ ਵਿੱਚ ਦਖਲ ਨਹੀਂ ਦਿੰਦੇ ਕਿ ਘਰ ਦਾ ਮਸਲਾ ਹੈ ਪਰ ਯਾਦ ਰੱਖੋ ਨਾਲ ਵਾਲੇ ਘਰ ਲੱਗੀ ਅੱਗ ਨੂੰ ਬਝਾਉਗੇ ਨਹੀਂ ਤਾਂ ਤੁਹਾਡੇ ਘਰ ਨੂੰ ਲਪੇਟ ਵਿੱਚ ਲਏਗੀ,ਏਹ ਪੱਕਾ ਹੈ।ਬੇਸ਼ਰਮੀ ਵੇਖੋ ਔਲਾਦ ਦੀ ਕਿ ਜਿਸ ਨੇ ਸੱਭ ਬਣਾਇਆ, ਉਸ ਨੂੰ ਕਹਿੰਦੇ ਨੇ ਕਿ ਉਹ ਕੌਣ ਹੈ ਮੇਰੇ ਕੋਲੋਂ ਇਸਦੀ ਆਮਦਨ ਲੈਣ ਵਾਲੇ।ਤੂੰ ਮਾਪਿਆਂ ਨੂੰ ਕੀ ਬਣਾਕੇ ਦਿੱਤਾ, ਇਹਦਾ ਜਵਾਬ ਕੌਣ ਦੇਵੇਗਾ ਤੇ ਏਹ ਸਵਾਲ ਕੌਣ ਪੁੱਛੇਗਾ।ਮਾਪਿਆਂ ਦੇ ਜਮ੍ਹਾਂ ਪੈਸਿਆਂ ਤੇ ਅੱਖ,ਪੈਨਸ਼ਨ ਤੇ ਬਾਜ਼ ਅੱਖ ਪਰ ਏਹ ਪੁੱਤ ਕੀ ਕਮਾਉਂਦੇ ਨੇ?
ਕਿਥੇ ਹੈ ਉਹ ਪੈਸਾ ਉਸਦੀ ਹਵਾ ਵੀ ਨਹੀਂ ਲੱਗਣ ਦਿੰਦੇ।ਸੱਚ ਹੈ ਮਾਪਿਆਂ ਦੀ ਕਮਾਈ ਸੱਭ ਦੀ ਤੇ ਮੇਰੀ ਕਮਾਈ ਮੇਰੀ।ਜਾਇਦਾਦ ਲੈਣ ਵਾਸਤੇ ਮਾਪਿਆਂ ਤੇ ਦਬਾਅ ਪਾਇਆ ਜਾਂਦਾ ਹੈ ਕਿ ਜਿਉਂਦੇ ਜੀ ਸਾਡੇ ਨਾਮ ਕਰ ਦਿਉ।ਕਰ ਦਿੰਦੇ ਹਨ ਤਾਂ ਵੀ ਮਿਸਜ ਸਾਹਨੀ ਵਾਂਗ ਕੰਗਾਲ ਹੀ ਬਣਨਾ ਹੈ ਤੇ ਬ੍ਰਿਧ ਆਸ਼ਰਮ ਬੈਠਣਾ ਹੈ।ਮਾਂ ਕੋਲੋਂ ਜਾਇਦਾਦ ਆਪਣੇ ਨਾਮ ਲਗਵਾਕੇ ਪੁੱਤ ਏਹ ਦੱਸੇ ਕਿ ਮੈਂ ਕੁਝ ਨਹੀਂ ਦੇਣਾ,ਲਾਹਨਤ ਹੈ ਅਜਿਹੀ ਔਲਾਦ ਦੇ।ਕੋਈ ਵਾਲ ਕਟਵਾ ਰਿਹਾ ਸੀ ਉਸਨੇ ਨਾਈ ਨੂੰ ਪੁੱਛਿਆ ਕਿ ਕਿੰਨੇ ਕੁ ਰਹਿ ਗਏ।ਨਾਈ ਨੇ ਜਵਾਬ ਦਿੱਤਾ ਜਜ਼ਮਾਨਾ ਫਿਕਰ ਨਾ ਕਰ ਤੇਰੇ ਅੱਗੇ ਆ ਜਾਣੇ ਨੇ।ਜੋ ਆਪਣੀ ਮਾਪਿਆਂ ਨਾਲ ਕਰੋਗੇ, ਉਹ ਹੀ ਭੁਗਤੋਗੇ।ਉਸ ਜੁੱਤੀ ਵਿੱਚ ਆਪਣਾ ਪੈਰ ਪਾਕੇ ਵੇਖਣਾ ਕਿੰਨਾ ਦਰਦ ਹੁੰਦਾ ਹੈ।ਮਾਪਿਆਂ ਦੀ ਜਾਇਦਾਦ ਉਨਾਂ ਦੇ ਜਿਉਂਦੇ ਜੀ ਲੈ ਲੈਂਦੇ ਹੋ ਤੇ ਜੇ ਉਹ ਨਾਂਹ ਕਰਦੇ ਨੇ ਤਾਂ ਤੜਫਦੇ ਹੋ ਲੜਦੇ ਹੋ,ਉਨ੍ਹਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ, ਜਿੰਨਾ ਨੇ ਮਿਹਨਤ ਨਾਲ ਬਣਾਈ ਤੇ ਅੱਜ ਉਹ ਧੱਕੇ ਖਾਂਦੇ ਨੇ ਤੇ ਰੋਂਦੇ ਨੇ।ਸੈਸ਼ਨ ਜੱਜ ਮੁਹਾਲੀ ਵੱਲੋਂ ਇੱਕ ਬਜ਼ੁਰਗ ਮਾਂ ਦੇ ਹੱਕ ਵਿੱਚ ਜੋ ਕੀਤਾ, ਇਵੇਂ ਦੇ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।ਬਜ਼ੁਰਗਾਂ ਦੀ ਬਹੁਤ ਦੁਰਦਸ਼ਾ ਹੋ ਰਹੀ ਹੈ।ਕਾਨੂੰਨ ਬਣਾ ਦੇਣਾ ਕੋਈ ਹੱਲ ਨਹੀਂ।ਜ਼ਮੀਨੀ ਹਕੀਕਤ ਨਾਲ ਜੁੜਨ ਦੀ ਜ਼ਰੂਰਤ ਹੈ।ਜੋ ਅੱਜ ਉਨਾਂ ਬਜ਼ੁਰਗਾਂ ਦੀ ਹਾਲਤ ਹੈ ਅਸੀਂ ਸਾਰੇ ਉਸ ਵੱਲ ਹੀ ਜਾ ਰਹੇ ਹਾਂ।ਬਜ਼ੁਰਗਾਂ ਦੀਆਂ ਜਾਇਦਾਦਾਂ ਨੂੰ ਕੇਸ ਦੇ ਰੂਪ ਵਿੱਚ ਨਾ ਲਿਆ ਜਾਏ।ਉਸਨੇ ਜਾਇਦਾਦ ਬਣਾਈ ਹੈ ਤਾਂ ਉਸ ਦੀ ਆਮਦਨ ਤੇ ਸਿਰਫ਼ ਉਸਦਾ ਹੱਕ ਹੋਵੇ।ਪ੍ਰਸ਼ਾਸਨ ਤੇ ਜਿਲ੍ਹਾ ਦੇ ਸੰਬੰਧਿਤ ਵਿਭਾਗਾਂ ਨੂੰ ਬਜ਼ੁਰਗਾਂ ਪ੍ਰਤੀ ਗੰਭੀਰ ਤੇ ਸੰਜੀਦਾ ਹੋਣਾ ਚਾਹੀਦਾ ਹੈ।

Prabhjot Kaur Dillon
Contact No. 9815030221

Share Button

Leave a Reply

Your email address will not be published. Required fields are marked *