Thu. Jun 20th, 2019

ਮਾਨਸਾ ‘ਚ ਚਿੱਟੀ ਮੱਖੀ ਕਾਰਨ ਪ੍ਰਭਾਵਿਤ ਹੋਈ ਨਰਮੇ ਦੀ ਫਸਲ ਦਾ ਮੁੱਖ ਮੰਤਰੀ ਅਮਰਿੰਦਰ ਨੇ ਖੁਦ ਲਿਆ ਜਾਇਜ਼ਾ

ਮਾਨਸਾ ‘ਚ ਚਿੱਟੀ ਮੱਖੀ ਕਾਰਨ ਪ੍ਰਭਾਵਿਤ ਹੋਈ ਨਰਮੇ ਦੀ ਫਸਲ ਦਾ ਮੁੱਖ ਮੰਤਰੀ ਅਮਰਿੰਦਰ ਨੇ ਖੁਦ ਲਿਆ ਜਾਇਜ਼ਾ

ਕੈਪਟਨ ਅਮਰਿੰਦਰ ਵੱਲੋਂ ਨਕਲੀ ਕੀਟਨਾਸ਼ਕਾਂ ਅਤੇ ਬੀਜਾਂ ਦੀ ਸਪਲਾਈ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ

ਮਾਨਸਾ, 11 ਅਗਸਤ, 2017 : ਨਕਲੀ ਕੀਟਨਾਸ਼ਕਾਂ ਅਤੇ ਬੀਜਾਂ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਅਹਿਦ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਵਰਤਣ ਦੀ ਅਪੀਲ ਕੀਤੀ ਤਾਂ ਕਿ ਉਨਾਂ ਦੀ ਨਰਮੇ ਦੀ ਫਸਲ ਦਾ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਹੋ ਸਕੇ।

        ਮਾਨਸਾ ਵਿਖੇ ਚਿੱਟੀ ਮੱਖੀ ਨਾਲ ਪ੍ਰਭਾਵਿਤ ਫਸਲ ਦਾ ਜਾਇਜ਼ਾ ਲੈਣ ਮੌਕੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਏਗਾ ਅਤੇ ਉਨਾਂ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇਗੀ ਉਨਾਂ ਆਖਿਆ ਕਿ ਜੇਕਰ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਵੀ ਅਣਗਹਿਲੀ ਵਰਤਣ ਦਾ ਦੋਸ਼ੀ ਪਾਏ ਗਏ ਤਾਂ ਉਨਾਂ ਨੂੰ ਵੀ ਸਜ਼ਾ ਭੁਗਤਣੀ ਪਵੇਗੀ।

        ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਘੱਟ ਮੀਂਹ ਪੈਣ ਕਾਰਨ ਸੋਕੇ ਅਤੇ ਹੁੰਮਸ ਵਿੱਚ ਚਿੱਟੀ ਮੱਖੀ ਦਾ ਫੈਲਾਅ ਹੋਣ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਢੰਗ ਤਰੀਕੇ ਤਲਾਸ਼ਣ ਲਈ ਬੁੱਧਵਾਰ ਨੂੰ ਮੀਟਿੰਗ ਸੱਦੀ ਗਈ ਹੈ। ਉਨਾਂ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖਣ ਲਈ ਬੁੱਧਵਾਰ ਦੀ ਮੀਟਿੰਗ ਦੌਰਾਨ ਵਿਆਪਕ ਨਿਗਰਾਨੀ ਯੋਜਨਾ ਨੂੰ ਅੰਤਿਮ ਰੂਪ ਦੇ ਕੇ ਇਸ ਨੂੰ ਲਾਗੂ ਕੀਤਾ ਜਾਵੇਗਾ।

        ਮੁੱਖ ਮੰਤਰੀ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ’ਤੇ ਨਾ ਤੁਰਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਕਰਜ਼ਾ ਮਾਫੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨਾਂ ਨੇ ਕਿਸਾਨਾਂ ਨੂੰ ਮੁੜ ਭਰੋਸਾ ਦਿਵਾਇਆ ਕਿ ਕਾਸ਼ਤ ਦੇ ਚਾਰ ਮਹੀਨਿਆਂ ਦੌਰਾਨ ਉਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਈ ਜਾਵੇਗੀ।

        ਕਿਸਾਨਾਂ ਨੂੰ 33 ਬੀਜਾਂ ਦੀਆਂ ਕਿਸਮਾਂ ਵਿੱਚੋਂ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਕੀਟਨਾਸ਼ਕਾਂ ਨੂੰ ਖਰੀਦਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਨੂੰ ਗੁਜਰਾਤ ਤੋਂ ਸਸਤੇ ਅਤੇ ਬਿਨਾ ਮਾਰਕਾ ਵਾਲੇ ਬੀਜ ਨਾ ਖਰੀਦਣ ਲਈ ਆਖਿਆ। ਮੁੱਖ ਮੰਤਰੀ ਨੇ ਕੁਝ ਇਲਾਕਿਆਂ ਵਿੱਚ ਘਟੀਆ ਕਿਸਮ ਦੇ ਬੀਜ ਬੀਜਣ ਦੇ ਨਤੀਜੇ ਵਜੋਂ ਬੀਜਾਂ ਦੇ ਘੱਟ ਜੰਮਣ ’ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।

        ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਵਰਤੇ ਜਾ ਰਹੇ ਬੀਜਾਂ ਨੂੰ ਟੈਸਟ ਕਰਨ ਵਾਸਤੇ ਖੇਤੀਬਾੜੀ ਵਿਭਾਗ ਨੂੰ ਆਖਿਆ ਅਤੇ ਵਿਭਾਗ ਨੂੰ ਕਿਹਾ ਕਿ ਉਹ ਯਕੀਨੀ ਬਣਾਏ ਕਿ ਫਸਲ ਦੀ ਕਾਸ਼ਤ ਲਈ ਸਿਰਫ ਖਰੇ ਬੀਜ ਹੀ ਬੀਜੇ ਜਾਣ। ਉਨਾਂ ਨੇ ਪੰਜਾਬ ਤੋਂ ਬਾਹਰੋਂ ਆ ਰਹੇ ਬੀਜਾਂ ਦੇ ਮਾਮਲੇ ਵਿੱਚ ਵੀ ਵਿਭਾਗ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਕਿਉਂਕਿ ਬਹੁਤ ਸਾਰੀਆਂ ਕਿਸਮਾਂ ਦੇ ਜਾਅਲੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।

        ਪਿੰਡ ਖਿਆਲਾ ਕਲਾਂ ਵਿਖੇ ਮਲਕੀਤ ਸਿੰਘ ਨਾਂ ਦੇ ਕਿਸਾਨ ਦਾ 3.5 ਏਕੜ ਨਰਮਾ ਚਿੱਟੀ ਮੱਖੀ ਦੇ ਕਾਰਨ ਪ੍ਰਭਾਵਿਤ ਹੋਇਆ ਹੈ। ਉਸ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਦਵਾਇਆ ਕਿ ਖੇਤੀਬਾੜੀ ਵਿਭਾਗ ਇਸ ਨੁਕਸਾਨ ਦਾ ਅਨੁਮਾਨ ਲਾਏਗਾ ਅਤੇ ਮੁਆਵਜ਼ੇ ਦੇ ਸਬੰਧ ਵਿੱਚ ਫੈਸਲਾ ਛੇਤੀ ਹੀ ਲਿਆ ਜਾਵੇਗਾ।

            ਮੁੱਖ ਮੰਤਰੀ ਜੋ ਅਚਾਨਕ ਪਿੰਡ ਨੰਗਲ ਖੁਰਦ ਵਿਖੇ ਰੁਕੇ, ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚਿੱਟੀ ਮੱਖੀ ਦਾ ਅਸਰ ਨਰਮੇ ਦੀ ਫਸਲ ’ਤੇ ਘਟਿਆ ਹੈ ਅਤੇ ਇਹ ਅਸਰ ਕੁਝ ਇਲਾਕਿਆਂ ਤੱਕ ਸੀਮਿਤ ਹੈ। ਉਨਾਂ ਦੱਸਿਆ ਕਿ ਮਾਨਸਾ ਵਿੱਚ ਨਰਮੇ ਦੀ ਕੁੱਲ ਬੀਜਾਂਦ ਦਾ ਇਕ ਫੀਸਦੀ ਤੋਂ ਘੱਟ ਹਿੱਸਾ ਪ੍ਰਭਾਵਿਤ ਹੋਇਆ ਹੈ। ਬਠਿੰਡਾ ਵਿਖੇ 1.3 ਫੀਸਦੀ, ਸ੍ਰੀ ਮੁਕਤਸਰ ਸਾਹਿਬ ਵਿਖੇ 2 ਫੀਸਦੀ ਫਸਲ ਪ੍ਰਭਾਵਿਤ ਹੋਈ ਹੈ ਜਦਕਿ ਫਾਜ਼ਿਲਕਾ, ਮੋਗਾ ਅਤੇ ਫਰੀਦਕੋਟ ਵਿੱਚ ਇਸ ਦਾ ਮਾਮੂਲੀ ਪ੍ਰਭਾਵ ਪਿਆ ਹੈ।

            ਭਾਵੇਂ ਇਸ ਵੇਲੇ ਚਿੱਟੀ ਮੱਖੀ ਦਾ ਅਸਰ ਜ਼ਿਆਦਾ ਮਾਰੂ ਨਹੀਂ ਹੈ ਪਰ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਤੇ ਸਬੰਧਤ ਅਧਿਕਾਰੀਆਂ ਨੂੰ ਇਸ ਦੇ ਵਧਣ ਤੋਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।

            ਪ੍ਰਮਾਣਿਤ ਬੀਜਾਂ ਦੀ ਵਰਤੋਂ ਕਰਨ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਾਰਨ ਕਿਸਾਨਾਂ ਨੂੰ ਸਮੱਸਿਆਵਾਂ ਦਰਪੇਸ਼ ਨਾ ਆਉਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਵਿਆਪਕ ਸਰਵੇ ਕਰਨ ਅਤੇ ਕੀਟਨਾਸ਼ਕਾਂ ਦੀ ਲੋੜ ਮੁਤਾਬਕ ਸਪਰੇਅ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨਾਂ ਨੇ ਕਿਸਾਨਾਂ ਨੂੰ ਬੰਦ ਪੈਕਟਾਂ ਵਾਲੇ ਬੀਜ ਨਾਮਵਰ ਕੰਪਨੀਆਂ ਤੋਂ ਖਰੀਦਣ ਦੀ ਅਪੀਲ ਕਰਦਿਆਂ ਫਸਲਾਂ ਦੀ ਸੁਰੱਖਿਆ ਲਈ ਕੀਟਨਾਸ਼ਕਾਂ ਦਾ ਨਿਰਧਾਰਤ ਛਿੜਕਾਅ ਯਕੀਨੀ ਬਣਾਉਣ ਲਈ ਆਖਿਆ ਹੈ।

            ਮੁੱਖ ਮੰਤਰੀ ਨੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਰਮੇ ਦੀ ਕਾਸ਼ਤ ਵਿੱਚ 55 ਫੀਸਦੀ ਦਾ ਵਾਧਾ ਹੋਇਆ ਹੈ। ਨਰਮੇ ਹੇਠ ਰਕਬਾ 2.5 ਲੱਖ ਹੈਕਟੇਅਰ ਤੋਂ ਵਧ ਕੇ 3.87 ਲੱਖ ਹੈਕਟੇਅਰ ਹੋ ਗਿਆ ਹੈ। ਉਨਾਂ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਚਿੱਟੀ ਮੱਖੀ ਅਤੇ ਹੋਰ ਸਮੱਸਿਆਵਾਂ ਨਾਲ ਨਿਪਟਣ ਲਈ ਹਰ ਮਦਦ ਦਾ ਭਰੋਸਾ ਦਿਵਾਇਆ।

            ਇਸ ਮੌਕੇ ਮੁੱਖ ਮੰਤਰੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: