Fri. Aug 23rd, 2019

ਮਾਈਗ੍ਰੇਸ਼ਨ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਅਲਬਰਟਾ ਸਰਕਾਰ ਨਾਲ ਸਮਝੌਤਾ ਹੋਵੇਗਾ ਸਹੀਬੰਦ : ਚੰਨੀ

ਮਾਈਗ੍ਰੇਸ਼ਨ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਅਲਬਰਟਾ ਸਰਕਾਰ ਨਾਲ ਸਮਝੌਤਾ ਹੋਵੇਗਾ ਸਹੀਬੰਦ : ਚੰਨੀ

ਕੈਨੇਡਾ ਜਾ ਕੇ ਪੜ੍ਹਾਈ ਕਰਨ ਦੇ ਇਛੁੱਕ ਨੌਜਵਾਨਾਂ ਖਾਸ ਕਰ ਪੰਜਾਬੀਆਂ ਦੇ ਕੈਨੇਡਾ ਜਾਣ ਦੇ ਰੁਝਾਨ ਨੂੰ ਨਿਯਮਿਤ ਕਰਨ ਦੇ ਉਦੇਸ਼ ਨਾਲ ਕੈਨੇਡਾ ਸਰਕਾਰ ਦੇ ਮਾਈਗ੍ਰੇਸ਼ਨ ਸਬੰਧੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਕ੍ਰਿਸਟੋਫਰ ਕੇਰ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਲਬਰਟਾ ਸਰਕਾਰ ਦੇ ਮੈਨੇਜਿੰਗ ਡਾਇਰੈਕਟ ਸ਼੍ਰੀ ਰਾਹੁਲ ਸ਼ਰਮਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ੍ਰੀ ਕੇਰ ਭਾਰਤ, ਨੇਪਾਲ ਅਤੇ ਭੂਟਾਨ ਦੇ ਮਾਈਗ੍ਰੇਸ਼ਨ ਸਬੰਧੀ ਮਾਮਲਿਆਂ ਨਾਲ ਡੀਲ ਕਰਦੇ ਹਨ।
​ਮਾਈਗ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਇਹ ਕੈਨੇਡੀਅਨ ਵਫ਼ਦ ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਰੁਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਮਾਈਗ੍ਰੇਸ਼ਨ ਐਪਲੀਕੇਸ਼ਨ ਪ੍ਰਕਿਰਿਆ ਨੂੰ ਸਰਲ ਅਤੇ ਕਾਰਗਰ ਬਣਾਉਣ ਅਤੇ ਕੈਨੇਡਾ ਜਾਣ ਦੇ ਇਛੁੱਕ ਵਿਦਿਆਰਥੀਆਂ ਨੂੰ ਧੋਖੇਬਾਜ਼ ਕਮਿਸ਼ਨ ਏਜੰਟਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਅਤੇ ਅਲਬਰਟਾ ਸਰਕਾਰ, ਕੈਨੇਡਾ ਦਰਮਿਆਨ 7 ਫਰਵਰੀ, 2019 ਨੂੰ ਸਮਝੌਤਾ ਸਹੀਬੰਦ ਕੀਤਾ ਜਾਵੇਗਾ।
ਸ੍ਰੀ ਚੰਨੀ ਨੇ ਕਿਹਾ ਕਿ ਚਾਹਵਾਨ ਨੌਜਵਾਨਾਂ ਨੂੰ ਸਹੂਲਤ ਮੁਹੱਈਆ ਕਰਵਾਉਣ, ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦੋਵੇਂ ਦੇਸ਼ਾਂ ਲਈ ਵਿੱਦਿਆਕ ਸੰਭਾਵਨਾਵਾਂ ਤਲਾਸ਼ਣ ਦੇ ਉਦੇਸ਼ ਨਾਲ ਉੱਚ ਪੱਧਰੀ ਵਫ਼ਦ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਹੀ ਅੱਜ ਇਹ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਵੱਧਦੇ ਰੁਝਾਨ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਅਜਿਹੇ ਨੌਜਵਾਨਾਂ ਦੇ ਉਜਵਲ ਅਤੇ ਖੁਸ਼ਹਾਲ ਭਵਿੱਖ ਲਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਗਈਆਂ ਹਨ
ਅਤੇ ਇਨ੍ਹਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਪੰਜਾਬ ਸਰਕਾਰ ਦਾ ਮੋਟੋ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਵਫ਼ਦ ਵੱਲੋਂ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਜਿਨ੍ਹਾਂ ਵਿੱਚ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਪੰਜਾਬ, ਡਾਇਰੈਕਟਰ ਰੁਜ਼ਗਾਰ ਉਤਪਤੀ, ਡਾਇਰੈਕਟਰ ਤਕਨੀਕੀ ਸਿੱਖਿਆ, ਸਲਾਹਕਾਰ ਹੁਨਰ ਵਿਕਾਸ ਅਤੇ ਉਪ ਕੁਲਪਤੀ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ, ਉਪ ਕੁਲਪਤੀ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੀ ਹਾਜ਼ਰੀ ਵਿੱਚ ਤਕਨੀਕੀ ਸਿੱਖਿਆ ਮੰਤਰੀ, ਸ੍ਰੀ ਚਰਨਜੀਤ ਸਿੰਘ ਚੰਨੀ ਨਾਲ ਮਾਈਗ੍ਰੇਸ਼ਨ ਸਬੰਧੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਇੱਛੁਕ ਨੌਜਵਾਨਾਂ ਅਤੇ ਇਮੀਗ੍ਰੈਂਟਜ਼ ਦੀ ਸਹੂਲਤ ਲਈ ਕੈਨੇਡਾ ਵਿੱਚ ਪੰਜਾਬ ਸਰਕਾਰ ਦਾ ਪੋਰਟਲ ਸਥਾਪਤ ਕਰਨ, ਵਿਦੇਸ਼ੀ ਰੁਜ਼ਗਾਰ ਲਈ ਹੁਨਰ ਵਿਕਾਸ, ਪੰਜਾਬ ਦੀਆਂ ਵਿਭਿੰਨ ਯੂਨੀਵਰਸਿਟੀਆਂ, ਕਾਲਜਾਂ, ਪੌਲੀਟੈਕਨਿਕਜ਼ ਅਤੇ ਆਈ.ਟੀ.ਆਈਜ਼ ਵਿੱਚ ਵਿਦੇਸ਼ੀ ਪ੍ਰੋਗਰਾਮਾਂ ਦਾ ਅਧਿਐਨ ਕਰਨਾ, ਅਤੇ ਕੈਨੇਡਾ ਸਰਕਾਰ ਦਾ ਇਮੀਗ੍ਰੇਸ਼ਨ ਵਿਭਾਗ ਪੰਜਾਬ ਸਰਕਾਰ ਦੀਆਂ ਇਨ੍ਹਾਂ ਪਹਿਲਕਦਮੀਆਂ ਦਾ ਕਿਸ ਤਰ੍ਹਾਂ ਸਮਰੱਥਨ ਕਰਦਾ ਹੈ ਆਦਿ ਸਬੰਧੀ ਮੁੱਦੇ ਵੀ ਵਿਚਾਰੇ ਗਏ।
ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸ੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਧੋਖੇਬਾਜ਼ ਏਜੰਟਾਂ ਦੇ ਜਾਲ ਤੋਂ ਨੌਜਵਾਨਾਂ ਨੂੰ ਬਚਾਉਣ ਅਤੇ ਹੁਨਾਰ ਵਿਕਾਸ ਜ਼ਰੀਏ ਕੈਨੇਡਾ ਜਾਣ ਲਈ ਉਨ੍ਹਾਂ ਨੂੰ ਸਹੀ ਕਾਨੂੰਨੀ ਰਸਤਾ ਮੁਹੱਇਆ ਕਰਵਾਉਣ ਲਈ ਪੰਜਾਬ ਸਰਕਾਰ ਪੂਰਾ ਤਾਣ ਲਾ ਰਹੀ ਹੈ। ਡਾ. ਸੰਦੀਪ ਕੌੜਾ, ਸਲਾਹਕਾਰ, ਹੁਨਰ ਵਿਕਾਸ ਮਿਸ਼ਨ, ਪੰਜਾਬ ਵੱਲੋਂ ਵਫ਼ਦ ਨੂੰ ਪੰਜਾਬ ਸਰਕਾਰ ਦੁਆਰਾ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਚਲਾਏ ਜਾ ਰਹੇ ਹੁਨਰ ਵਿਕਾਸ ਕੇਂਦਰਾਂ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਕੈਨੇਡੀਅਨ ਮੰਤਰੀ ਨਾਲ ਕੈਨੇਡਾ ਦੀ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਸਬੰਧੀ ਮੁੱਦੇ ਵੀ ਵਿਚਾਰੇ ਗਏ। ਕੈਨੇਡਾ ਦੇ ਵੱਖ ਵੱਖ ਸੈਕਟਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਕਮੀ ਹੈ। ਵਫ਼ਦ ਦੇ ਮੈਂਬਰਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਨਤਮਸਤਕ ਹੋਏ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: