Fri. Apr 19th, 2019

ਮਾਂ ਬੋਲੀ ਪੰਜਾਬੀ ਦੇ ਹੱਕ ਦੀ ਗੱਲ ਕਰਦੀ ਫ਼ਿਲਮ ‘ੳ ਅ’

ਮਾਂ ਬੋਲੀ ਪੰਜਾਬੀ ਦੇ ਹੱਕ ਦੀ ਗੱਲ ਕਰਦੀ ਫ਼ਿਲਮ ‘ੳ ਅ’
ਪੰਜਾਬ ਸਰਕਾਰ ਚੰਗੀਆਂ ਫ਼ਿਲਮਾਂ ਦੇ ਨਿਰਮਾਣ ਲਈ ਆਪਣਾ ਸਹਿਯੋਗ ਦੇਵੇ

ਬੀਤੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ੳ ਅ’ ਮੌਜੂਦਾ ਪੰਜਾਬੀ ਸਿਨਮੇ ਦੀ ਭੀੜ ਤੋਂ ਹਟ ਕੇ ਵਿੱਦਿਆਂ ਖੇਤਰ ਵਰਗੇ ਸਮਾਜਿਕ ਮੁੱਦੇ ਨਾਲ ਜੁੜੀ ਇੱਕ ਚੰਗਾ ਸੁਨੇਹਾ ਦਿੰਦੀ ਫ਼ਿਲਮ ਹੈ। ਇਹ ਫ਼ਿਲਮ ਜਿੱਥੇ ਮਹਿੰਗੇ ਸਕੂਲਾਂ ਦੀ ਪੜ੍ਹਾਈ ਦੀ ਗੱਲ ਕਰਦੀ ਸਮਾਜਿਕ ਵੰਡੀਆਂ ਦਰਸਾਂਉਂਦੀ ਹੈ, ਉੱਥੇ ਮਾਂ ਬੋਲੀ ਪੰਜਾਬੀ ਬੋਲਣ ‘ਚ ਆਪਣੀ ਹੱਤਕ ਮੰਨਣ ਵਾਲੇ ਪੰਜਾਬੀਆਂ ਦੇ ਮੂੰਹ ‘ਤੇ ਕਰਾਰੀ ਚਪੇੜ ਵੀ ਮਾਰਦੀ ਹੈ। ਫ਼ਿਲਮ ਦੀ ਨਿਰਮਾਤਾ ਟੀਮ ਨੇ ਫ਼ਿਲਮ ਦੀ ਕਹਾਣੀ ਨੂੰ ਲੈ ਕੇ ਬਹੁਤ ਹੀ ਗੰਭੀਰਤਾ ਨਾਲ ਕੰਮ ਕੀਤਾ ਹੈ। ਵਿਆਹ ਸ਼ਾਦੀਆਂ ਤੇ ਦੋ ਅਰਥੀ ਕਾਮੇਡੀ ਤੋਂ ਕੋਹਾਂ ਦੂਰ ਇਹ ਫ਼ਿਲਮ ਚੰਗੀ ਕਹਾਣੀ ਅਤੇ ਹਲਕੀ ਫੁਲਕੀ ਕਾਮੇਡੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੀ ਹੈ। ਫ਼ਿਲਮ ਵਿੱਚ ਤਰਸੇਮ ਜੱਸੜ, ਨੀਰੂ ਬਾਜਵਾ, ਮਾਸਟਰ ਤੇਜੱਸਵ,ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਪੌਪੀ ਜੱਭਲ, ਕਰਮਜੀਤ ਅਨਮੋਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਇੱਕ ਮੱਧ ਵਰਗੀ ਕਿਸਾਨ ਦੀ ਹੈ ਜੋ ਆਪਣੇ ਇੱਕਲੌਤੇ ਪੁੱਤਰ ਨੂੰ ਸਰਕਾਰੀ ਸਕੂਲ ‘ਚੋਂ ਹਟਾ ਕੇ ਸ਼ਹਿਰ ਦੇ ਮਹਿੰਗੇ ਅੰਗਰੇਜੀ ਸਕੂਲ ਵਿੱਚ ਪੜਾਉਣਾ ਚਾਹੁੰਦਾ ਹੈ ਤਾਂ ਕਿ ਉਸਦਾ ਪੁੱਤ ਕੋਈ ਵੱਡਾ ਅਫ਼ਸਰ ਬਣ ਸਕੇ। ਪਹਿਲਾਂ ਤਾਂ ਉਸਨੂੰ ਆਪਣਾ ਬੱਚਾ ਦਾਖਲ ਕਰਵਾਉਣ ਵਿੱਚਹੀ ਬਹੁਤ ਖੱਚਲ ਖੁਆਰੀ ਹੁੰਦੀ ਹੈ, ਫਿਰ ਮਹਿੰਗੇ ਦਾਖਲੇ ਫ਼ੀਸਾਂ ਕਰਕੇ ਉਹ ਕੱਖੋਂ ਹੌਲਾ ਮਹਿਸੂਸ ਕਰਦਾ ਹੈ। ਅੰਗਰੇਜ਼ੀ ਬੋਲਣ ਦੇ ਚੱਕਰ ਵਿੱਚ ਫਸਿਆ ਬੱਚਾ ਖੁਦ ਮਜ਼ਾਕ ਬਣਕੇ ਰਹਿ ਜਾਂਦਾ ਹੈ। ਫਿਰ ਇੱਕ ਦਿਨ ਸਕੂਲ ਦੇ ਪ੍ਰਬੰਧਕੀ ਅਦਾਰੇ ਨੂੰ ਲੱਗਦਾ ਹੈ ਕਿ ਪਿੰਡਾਂ ਦੇ ਸਕੂਲ ਵਿੱਚ ਪੜ੍ਹਿਆ ਇਹ ਬੱਚਾ ਪੰਜਾਬੀ ਬੋਲਕੇ ਉਨ੍ਹਾਂ ਦੇ ਸਕੂਲ ਦਾ ਅਨੁਸ਼ਾਸਨ ਭੰਗ ਕਰ ਰਿਹਾ ਹੈ। ਅਖੀਰ ਫ਼ਿਲਮ ਦੀ ਕਹਾਣੀ ਮਾਂ ਬੋਲੀ ਪੰਜਾਬੀ ਦੇ ਰੁਤਬੇ ਗੱਲ ਕਰਦੀ ਫ਼ੋਕੀ ਸ਼ੋਹਰਤ ਲਈ ਵਿਦੇਸ਼ੀ ਬੋਲੀ ਨੂੰ ਮੂੰਹ ਮਾਰਨ ਵਾਲੇ ਪੰਜਾਬੀਆਂ ਨੂੰ ਸਬਕ ਸਿਖਾਉਂਦੀ ਹੈ।
ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼, ਸ਼ਿਤਿਜ਼ ਚੌਧਰੀ ਫ਼ਿਲਮਜ਼ ਅਤੇ ਨਰੇਸ਼ ਕਥੂਰੀਆਂ ਫ਼ਿਲਮਜ਼ ਦੀ ਨਿਰਮਾਤਾ ਟੀਮ ਰੁਪਾਲੀ ਗੁਪਤਾ, ਦੀਪਕ ਗੁਪਤਾ ਨਰੇਸ਼ ਕਥੂਰੀਆਂ, ਸ਼ਿਤਿਜ ਚੌਧਰੀ ਇਸ ਚੰਗੀ ਫ਼ਿਲਮ ਦੇਣ ਲਈ ਵਧਾਈ ਦੇ ਹੱਕਦਾਰ ਹਨ। ਇਸ ਫ਼ਿਲਮ ਦੀ ਕਹਾਣੀ ਤੇ ਪਟਕਥਾ ਨਰੇਸ਼ ਕਥੂਰੀਆਂ ਨੇ ਲਿਖੀ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ਨੇ ਦਿੱਤਾ ਹੈ। ਪੰਜਾਬ ਦੇ ਸਿੱਖਿਆ ਖੇਤਰ ਨਾਲ ਜੁੜੇ ਸਮੂਹ ਅਧਿਆਪਕਾਂ, ਵਿੱਦਿਆਰਥੀਆਂ ਅਤੇ ਪੰਜਾਬੀ ਮਾਂ ਬੋਲੀ ਦੇ ਰਾਖਿਆਂ ਨੂੰ ਇਹ ਫ਼ਿਲਮ ਜਰੂਰ ਵੇਖਣੀ ਚਾਹੀਦੀ ਹੈ। ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਸਿਨਮੇ ਰਾਹੀਂ ਅਜਿਹਾ ਉੱਦਮ ਕਰਨ ਵਾਲੇ ਨਿਰਮਾਤਾ ਨਿਰਦੇਸ਼ਕਾਂ ਦਾ ਹੌਸਲਾ ਵਧਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹੇ ਸਮਾਜਿਕ ਵਿਸ਼ਿਆ ਦੀ ਸਿਨਮੇ ਰਾਹੀਂ ਗੱਲ ਹੁੰਦੀ ਰਹੇ। ਪੰਜਾਬ ਸਰਕਾਰ ਚੰਗੀਆਂ ਫ਼ਿਲਮਾਂ ਦੇ ਨਿਰਮਾਣ ਲਈ ਆਪਣਾ ਸਹਿਯੋਗ ਦੇਵੇ।

ਲੇਖਕ-ਹਰਜਿੰਦਰ ਸਿੰਘ

Share Button

Leave a Reply

Your email address will not be published. Required fields are marked *

%d bloggers like this: