Sat. Apr 4th, 2020

ਮਾਂ-ਬੋਲੀ ਦਾ ਬੱਚੇ ਦੇ ਵਿਕਾਸ ਵਿੱਚ ਮਹੱਤਵ

ਮਾਂ-ਬੋਲੀ ਦਾ ਬੱਚੇ ਦੇ ਵਿਕਾਸ ਵਿੱਚ ਮਹੱਤਵ

ਇਸ ਧਰਤੀ ਉਪਰ ਜਦੋਂ ਤੋਂ ਜੀਵ-ਜੰਤੂ ਪੈਦਾ ਹੋਏ ਹਨ, ਓਦੋਂ ਤੋਂ ਹੀ ਓਹਨਾ ‘ਚ ਵਿਕਾਸ ਨਿਰੰਤਰ ਹੁੰਦਾ ਆ ਰਿਹਾ ਹੈ। ਅੱਜ ਦੇ ਸਮੇਂ ਵਿੱਚ ਸਾਰੇ ਜੀਵਾਂ ਨਾਲੋਂ ਮਨੁੱਖ ਨੇ ਸਭ ਤੋ ਵਧੇਰੇ ਤਰੱਕੀ ਕੀਤੀ ਹੈ। ਜੋ ਗੁਣ ਮਨੁੱਖ ਨੂੰ ਦੂਜੇ ਜੀਵਾਂ ਨਾਲੋਂ ਵੱਖਰਾ ਕਰਦਾ ਹੈ, ਓਹ ਹੈ ਉਸਦਾ ਭਾਸ਼ਾ ਦਾ ਗਿਆਨ।
ਭਾਸ਼ਾ ਦਾ ਗਿਆਨ ਹੋਣ ਕਰਨ ਮਨੁੱਖ ਅੱਜ ਬਹੁਤ ਤਰੱਕੀਆਂ ਕਰ ਰਿਹਾ ਹੈ ਤੇ ਆਧੁਨਿਕਤਾ ਦੇ ਦੌਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਅੱਜ ਅਨੇਕਾਂ ਹੀ ਭਾਸ਼ਾਵਾਂ ਸਮੁੱਚੇ ਵਿਸ਼ਵ ਵਿੱਚ ਬੋਲੀਆਂ ਜਾ ਰਹੀਆਂ ਹਨ।
ਜੇਕਰ ਗੱਲ ਭਾਰਤ ਦੇਸ਼ ਦੀ ਕੀਤੀ ਜਾਵੇ ਤਾਂ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ 22 ਭਾਸ਼ਾਵਾਂ ਨੂੰ ਤਾਂ ਸਾਡੇ ਸੰਵਿਧਾਨ ਵਿੱਚ ਵਿਸੇਸ਼ ਦਰਜਾ ਪ੍ਰਾਪਤ ਹੈ। ਇਹਨਾ 22 ਭਾਸ਼ਾਵਾਂ ਵਿੱਚੋ ਪੰਜਾਬੀ ਭਾਸ਼ਾ ਵੀ ਇੱਕ ਮਹੱਤਵਪੂਰਨ ਭਾਸ਼ਾ ਹੈ, ਜਿਸਨੂੰ ਪੰਜਾਬ ਦੇ ਲੋਕਾਂ ਦੀ ਮਾਤ-ਭਾਸ਼ਾ ਯਾਨੀ ਮਾਂ-ਬੋਲੀ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਮਾਂ-ਬੋਲੀ ਜਾਂ ਮਾਤ-ਭਾਸ਼ਾ ਓਹ ਬੋਲੀ ਜਾਂ ਭਾਸ਼ਾ ਹੁੰਦੀ ਹੈ ਜੋ ਬੱਚਾ ਆਪਣੀ ਮਾਂ ਤੋਂ, ਆਪਣੇ ਹਮ-ਉਮਰ ਦੇ ਸਾਥੀਆਂ ਤੋਂ, ਭੈਣ ਭਰਾਵਾਂ ਅਤੇ ਆਲੇ ਦੁਆਲੇ ਦੇ ਲੋਕਾਂ ਤੋਂ ਸਹਿਜੇ ਰੂਪ ਵਿੱਚ ਸਿੱਖਦਾ ਹੈ।
ਮਾਤ-ਭਾਸ਼ਾ ਦੀ ਬੱਚੇ ਦੇ ਜੀਵਨ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਓਹ ਮੁੱਢਲੀ ਬੋਲੀ ਹੁੰਦੀ ਹੈ, ਜਿਸ ਵਿੱਚ ਬੱਚਾ ਬੋਲਣਾ ਸਿੱਖਦਾ ਹੈ, ਆਪਣੀ ਤੋਤਲੀ ਜੁਬਾਨ ਵਿੱਚੋਂ ਮਿੱਠਾ-ਮਿੱਠਾ ਬੋਲਕੇ ਸਭਨਾਂ ਨੂੰ ਖੁਸ਼ ਕਰਦਾ ਹੈ ਅਤੇ ਆਪਣੀਆਂ ਨਿੱਕੀਆਂ-ਨਿੱਕੀਆਂ ਮੰਗਾਂ ਨੂੰ ਆਪਣੇ ਨਜਦੀਕੀਆਂ ਤੱਕ ਪਹੁੰਚਾਉਂਦਾ ਹੈ। ਇਹ ਮਾਤ ਭਾਸ਼ਾ ਹੀ ਹੁੰਦੀ ਹੈ , ਜਿਸ ਰਾਹੀਂ ਉਹ ਆਪਣੇ ਮਨ ਦੇ ਖਿਆਲਾਂ ਨੂੰ ਆਵਾਜ਼ ਦਾ ਰੂਪ ਦੇਕੇ ਦੂਜਿਆਂ ਤੱਕ ਪਹੁੰਚਾਉਣ ਦੀ ਕੋਸਿ਼ਸ਼ ਕਰਦਾ ਹੈ। ਮਾਤ-ਭਾਸ਼ਾ ਉਪਰ ਪਕੜ ਹੀ ਉਸਨੂੰ ਸਹੀ ਢੰਗ ਨਾਲ ਸਮਾਜ ਵਿੱਚ ਵਿਚਰਨ ਦਾ ਮੌਕਾ ਤੇ ਸਹੀ ਸੇਧ ਦਿੰਦੀ ਹੈ।
ਪਰ, ਅੱਜ ਦੇ ਇਸ ਉਦਯੋਗੀਕਰਨ ਦੇ ਯੁੱਗ ਵਿੱਚ ਮਾਂ ਬੋਲੀ ਪੰਜਾਬੀ ਤੋਂ ਬੱਚਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ, ਤੇ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਉਸਨੂੰ ਓਦੋਂ ਹੀ ਅੰਗਰੇਜੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹਨੇ ਪਾ ਦਿੱਤਾ ਜਾਂਦਾ ਹੈ। ਜਿਸ ਨਾਲ ਬੱਚਾ ਆਪਣੀ ਮਾਂ ਬੋਲੀ ਦੇ ਸਬਦਾਂ ਦੇ ਅਣਮੁੱਲੇ ਖਜ਼ਾਨੇ ਤੋਂ ਦੂਰ ਹੋ ਜਾਂਦਾ ਹੈ। ਜੇਕਰ ਇਸ ਸਬੰਧੀ ਮਾਪਿਆਂ ਤੋਂ ਪੁੱਛਿਆ ਜਾਂਦਾ ਹੈ ਕਿ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਕਿਓਂ ਨਹੀਂ ਪੜ੍ਹਾਈ ਜਾਂ ਸਿਖਾਈ ਜਾ ਰਹੀ? ਤਾਂ ਇਸ ਸਮੇਂ ਬਹੁਤੇ ਮਾਪਿਆਂ ਦੇ ਮੂੰਹੋਂ ਇਹੀ ਸੁਨਣ ਨੂੰ ਮਿਲਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਕੌਣ ਪੁੱਛਦਾ ਹੈ ਅੱਜ ਦੇ ਜਮਾਨੇ ਵਿੱਚ? ਅੱਜ ਤਾਂ ਅੰਗਰੇਜੀ ਭਾਸ਼ਾ ਦਾ ਦੌਰ ਹੈ ਤੇ ਇਹੀ ਭਾਸ਼ਾ ਓਹਨਾ ਨੂੰ ਚੰਗਾ ਜੀਵਨ ਤੇ ਰੋਜਗਾਰ ਭਾਵ ਸਰਕਾਰੀ ਨੌਕਰੀ ਜਾਂ ਬਾਹਰਲੇ ਦੇਸ਼ਾਂ ਵਿੱਚ ਭੇਜਣ ਲਈ ਸਹਾਈ ਹੋਵੇਗੀ। ਪੰਜਾਬੀ ਭਾਸ਼ਾ ਨੂੰ ਓਹ ਅਨਪੜ੍ਹਾਂ ਤੇ ਪੇਂਡੂਆਂ ਦੀ ਭਾਸ਼ਾ ਹੀ ਸਮਝਦੇ ਹਨ। ਇਹ ਠੀਕ ਹੈ ਕਿ ਅੰਗਰੇਜੀ ਭਾਸ਼ਾ ਸਮੇਂ ਦੀ ਜਰੂਰਤ ਹੈ ਅਤੇ ਇਸਨੂੰ ਸਿੱਖਣਾ ਵੀ ਚਾਹੀਦਾ ਹੈ,ਪਰ ਆਪਣੀ ਮਾਂ ਬੋਲੀ ਨੂੰ ਅਣਦੇਖਿਆ ਕਰਨਾ ਕਿਧਰੋਂ ਦੀ ਸਿਆਣਪ ਹੈ ?
ਦੂਜੀ ਗੱਲ, ਜੇਕਰ ਪੰਜਾਬੀ ਭਾਸ਼ਾ ਅਨਪੜ੍ਹਾਂ ਦੀ ਭਾਸ਼ਾ ਹੁੰਦੀ ਤਾਂ ਇਸ ਵਿੱਚ ਐਨੇ ਉੱਤਮ ਦਰਜੇ ਦਾ ਸਾਹਿਤ ਨਾ ਲਿਖਿਆ ਹੁੰਦਾ ਅਤੇ ਸੂਫ਼ੀਆਂ, ਸੰਤ ਫਕੀਰਾਂ,ਗੁਰੂਆਂ ਨੇ ਇਸ ਨੂੰ ਆਪਣੀ ਹਰਮਨ ਪਿਆਰੀ ਬੋਲੀ ਨਾ ਬਣਾਇਆ ਹੁੰਦਾ। ਸਿੱਖ ਗੁਰੂ ਸਹਿਬਾਨਾਂ ਦੀ ਹਰਮਨ ਪਿਆਰੀ ਭਾਸ਼ਾ ਹੋਣ ਕਰਕੇ ਹੀ ਤਾਂ ਇਸਦੀ ਲਿੱਪੀ ਨੂੰ ਗੁਰਮੁਖੀ ਲਿਪੀ ਭਾਵ “ਗੁਰੂਆਂ ਦੇ ਮੁੱਖ ਚੋਂ ਨਿਕਲੀ ਹੋਈ ਲਿਪੀ” ਆਖਦੇ ਹਨ। ਅੰਗਰੇਜੀ ਭਾਸ਼ਾ ਸਿੱਖਣਾ ਅੱਜ ਦੇ ਸਮੇਂ ਦੀ ਜਰੂਰਤ ਹੈ ਨਾ ਕਿ ਬੁੱਧੀਮਾਨ ਹੋਣ ਦਾ ਸਬੂਤ।
ਬੇਸ਼ਕ, ਅੰਗਰੇਜੀ ਭਾਸ਼ਾ ਜਾਂ ਦੂਜੀਆਂ ਗੈਰ-ਭਾਰਤੀ ਭਾਸ਼ਾਵਾਂ ਬੱਚੇ ਨੂੰ ਪੈਸੇ ਪੱਖੋਂ ਅਮੀਰ ਬਣਾ ਸਕਦੀਆਂ ਹਨ ਪਰ ਉਹ ਬੱਚਾ ਆਪਣੀ ਮਾਂ ਬੋਲੀ ਤੋਂ ਬਿਨ੍ਹਾਂ ਬਿਲਕੁਲ ਗਰੀਬ ਰਹੇਗਾ ਅਤੇ ਇੱਕ ਚੰਗਾ ਸਹਿਤਕਾਰ, ਚੰਗਾ ਦਾਰਸ਼ਨਿਕ (ਫਿਲਾਸਫਰ), ਚੰਗਾ ਲਿਖਾਰੀ ਅਤੇ ਚੰਗਾ ਬੁਲਾਰਾ ਨਹੀਂ ਬਣ ਸਕੇਗਾ।
ਮਾਂ ਬੋਲੀ ਨੂੰ ਭੁੱਲਣ ਵਾਲੀਆਂ ਕੌਮਾਂ ਖਤਮ ਹੋ ਜਾਇਆ ਕਰਦੀਆਂ ਹਨ। ਅੱਜ ਜੇਕਰ ਸਮੁੱਚੇ ਵਿਸਵ ਦੇ ਸਭ ਤੋਂ ਸਕਤੀਸ਼ਾਲੀ ਦੇਸ਼ਾਂ ਨੂੰ ਦੇਖਿਆ ਜਾਵੇ ਤਾਂ ਓਹਨਾ ਦੀ ਕਾਮਯਾਬੀ ਦਾ ਇੱਕੋ ਇੱਕ ਰਾਹ, ਓਹਨਾ ਦਾ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਹੈ। ਚੀਨ, ਜਾਪਾਨ, ਜਰਮਨ, ਫ਼ਰਾਂਸ, ਇਜਰਾਈਲ, ਰੂਸ, ਸਾਊਦੀ ਅਰਬ ਦੇ ਲੋਕ ਆਪਣੀ ਮਾਂ-ਬੋਲੀ ਦੀ ਮਹੱਤਤਾ ਨੂੰ ਜਾਣਦੇ ਹਨ ਅਤੇ ਆਪਣੀ ਮਾਂ ਬੋਲੀ ਨੂੰ ਬੋਲਣ ਤੇ ਵਰਤਣ ਵਿੱਚ ਮਾਣ ਮਹਿਸੂਸ ਕਰਦੇ ਹਨ। ਓਹ ਲੋਕ ਆਪਣੀ ਮਾਂ ਬੋਲੀ ਨੂੰ ਐਨਾ ਪਿਆਰ ਕਰਦੇ ਹਨ ਕਿ ਜੇਕਰ ਕਿਸੇ ਨੂੰ ਬਦ-ਦੁਆ ਦੇਣੀ ਹੋਵੇ ਤਾਂ ਆਖ ਦਿੰਦੇ ਹਨ ਕਿ, ” ਜਾਹ, ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ।” ਓਹ ਲੋਕ ਮਾਂ-ਬੋਲੀ ਤੋਂ ਦੂਰ ਹੋਣ ਤੋਂ ਵੱਡੀ ਕੋਈ ਬਦ-ਦੁਆ ਨਹੀਂ ਸਮਝਦੇ। ਪਰ ਸਾਡੇ ਪੰਜਾਬ ਦੇ ਲੋਕ ਪੰਜਾਬੀ ਮਾਂ-ਬੋਲੀ ਨੂੰ ਭੁੱਲ ਕੇ ਬਾਹਰੀ ਬੋਲੀਆਂ ਨੂੰ ਸਿੱਖਣ ਵਿੱਚ ਲੱਗੇ ਹੋਏ ਹਨ। ਇਥੇ ਇਹ ਭਾਵ ਨਹੀਂ ਕਿ ਸਾਨੂੰ ਸਿਰਫ਼ ਮਾਂ ਬੋਲੀ ਹੀ ਸਿੱਖਣੀ ਚਾਹੀਦੀ ਹੈ,ਦੂਜੀਆਂ ਭਾਸ਼ਾਵਾਂ ਨਹੀਂ। ਨਹੀਂ, ਇੱਥੇ ਮਤਲਬ ਇਹ ਹੈ ਕਿ ਜਿੱਥੇ ਸਾਨੂੰ ਦੂਜੀਆਂ ਭਾਸ਼ਾਵਾਂ ਸਿੱਖਣ ਦੀ ਜਰੂਰਤ ਹੈ, ਉੱਥੇ ਸਾਨੂੰ ਸਾਡੀ ਮਾਂ-ਬੋਲੀ ਨਹੀਂ ਭੁੱਲਣੀ ਚਾਹੀਦੀ।
ਆਓ, ਪੰਜਾਬੀ ਮਾਂ-ਬੋਲੀ ਨੂੰ ਉਸਦਾ ਬਣਦਾ ਸਤਿਕਾਰ ਦੇਈਏ, ਅਤੇ ਇਸਨੂੰ ਸਿੱਖੀਏ ਤੇ ਬੋਲਣ ਵਿੱਚ ਮਾਣ ਮਹਿਸੂਸ ਕਰੀਏ। ਆਪਣੇ ਬੱਚਿਆਂ ਦੇ ਜੀਵਨ ਵਿੱਚ ਮਾਂ-ਬੋਲੀ ਦੇ ਮਹੱਤਵ ਨੂੰ ਸਮਝੀਏ ਤੇ ਓਹਨਾ ਨੂੰ ਓਹਨਾ ਦੀ ਮਾਂ-ਬੋਲੀ ਨਾਲ ਜੋੜੀਏ ਕਿਉਂਕਿ ਕੌਮਾਂ, ਮਾਂ-ਬੋਲੀ ਦੇ ਜਿਉਂਦੇ ਰਹਿਣ ਨਾਲ ਹੀ ਜਿਉਂਦੀਆਂ ਰਹਿੰਦੀਆਂ ਹਨ।

ਪ੍ਰੀਤਪਾਲ ਸਿੰਘ ਪ੍ਰੀਤ
ਪਿੰਡ ਤੇ ਡਾਕ, ਸ਼ੇਰੋਂ,
ਜਿਲ੍ਹਾ ਸੰਗਰੂਰ।
ਮੋ.95175-47625

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: