ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਮਾਂ ਬੋਲੀ ਦਾ ਘੱਟ ਰਿਹਾ ਸਤਿਕਾਰ

ਮਾਂ ਬੋਲੀ ਦਾ ਘੱਟ ਰਿਹਾ ਸਤਿਕਾਰ

ਇੱਕੋ ਗੱਲ ਮਾੜੀ ਇਹਦੇ ਛੈਲ ਬਾਂਕੇ
ਬੋਲੀ ਆਪਣੀ ਮਨੋ ਭੁਲਾਈ ਜਾਂਦੇ।
ਪਿੱਛੇ ਸਿੱਪੀਆਂ ਦੇ ਕਾਨੇ ਫਿਰਦੇ ਗੋਤੇ
ਪੰਜ-ਆਬ ਦਾ ਮੋਤੀ ਰੁਲਾਈ ਜਾਂਦੇ।

ਮਾਂ-ਬੋਲੀ ਸਾਡੇ ਜੀਵਨ ਦਾ ਅਧਾਰ ਹੁੰਦੀ ਹੈ।ਸਭ ਤੋਂ ਪਹਿਲਾ ਸ਼ਬਦ ਜੋ ਸਾਡੀ ਜ਼ੁਬਾਨ ਉੱਤੇ ਆਉਂਦਾ ਹੈ,ਉਹ ‘ਮਾਂ’ ਹੁੰਦਾ ਹੈ।ਮਾਂ ਦੇ ਮੂੰਹੋਂ ਨਿਕਲੇ ਸ਼ਬਦ ਸਾਡਾ ਪਹਿਲਾਂ ਪਾਠ ਹੁੰਦੇ ਹਨ ਅਤੇ ਘਰ ਪਹਿਲੀ ਪਾਠਸ਼ਾਲਾ ਹੁੰਦੀ ਹੈ।ਸਾਡੇ ਸਭ ਤੋਂ ਦੁੱਖ ਦੇ ਪਲਾਂ ਵਿੱਚ ਜੋ ਸਾਡਾ ਕਲਮ ਦੇ ਰੂਪ ਵਿੱਚ ਸਾਥ ਦਿੰਦੀ ਹੈ,ਉਹ ਮਾਂ-ਬੋਲੀ ਹੀ ਹੁੰਦੀ ਹੈ।ਸਾਡੇ ਖਿਆਲ ਚਾਹੇ ਸੱਤ ਸਮੁੰਦਰਾਂ ਤੱਕ ਉਡਾਰੀ ਮਾਰ ਆਉਣ,ਪਰ ਉਹਨਾਂ ਸੱਤਾਂ ਸਮੁੰਦਰਾਂ ਦੀ ਦਾਸਤਾਨ ਦਾ ਬਿਆਨ ਕਰਨ ਦੀ ਸਮੱਰਥਾ ਸਿਰਫ਼ ਸਾਡੀ ਮਾਂ-ਬੋਲੀ ਵਿੱਚ ਹੀ ਹੁੰਦੀ ਹੈ।ਇਸ ਲਈ ਜ਼ਰੂਰੀ ਹੈ ਕਿ ਬੱਚੇ ਦੀ ਸਖ਼ਸ਼ੀਅਤ ਨੂੰ ਨਿਖਾਰਨ ਲਈ ਅਤੇ ਬਹੁਪੱਖੀ ਵਿਕਾਸ ਲਈ ਮਾਂ ਆਪਣੇ ਬੱਚੇ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦਾ ਯਤਨ ਕਰੇ।ਮਾਤ-ਭਾਸ਼ਾ ਬਿਨਾਂ ਨਾ ਆਨੰਦ ਮਿਲਦਾ ਹੈ,ਨਾ ਹੀ ਕਿਸੇ ਗੱਲ ਦਾ ਵਿਸਥਾਰ ਹੁੰਦਾ ਹੈ ਪਰ ਅੱਜ ਦੇ ਪੰਜਾਬੀ ਆਪਣੀ ਮਾਂ-ਬੋਲੀ ਨੂੰ ਦਿਲੋਂ ਵਿਸਾਰ ਰਹੇ ਹਨ।ਪੰਜਾਬੀ ਆਪਣੀ ਮਾਂ-ਬੋਲੀ ਨੂੰ ਪੈਰਾਂ ਹੇਠ ਲਤਾੜਦੇ ਵਿਦੇਸ਼ੀ ਭਾਸ਼ਾਵਾਂ ਨੂੰ ਬੋਲਣ ਵਿੱਚ ਆਪਣੀ ਸ਼ਾਨ ਸਮਝਦੇ ਹਨ।ਮਾਂ-ਬੋਲੀ ਦਾ ਸਤਿਕਾਰ ਘੱਟ ਹੋਣ ਦਾ ਕਾਰਨ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲਾਂ ਵਿੱਚ ਪੜ੍ਹਾਉਣ ਦੀ ਥਾਂ ਤੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਣਾ ਮਾਣ ਸਮਝਦੇ ਹਨ।ਅੰਗਰੇਜ਼ੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵਾਧੂ ਵਿਸ਼ਾ ਅਤੇ ਆਸਾਨ ਵਿਸ਼ਾ ਸਮਝ ਕੇ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ।ਇਸ ਤਰ੍ਹਾਂ ਕਰਕੇ ਅਸੀਂ ਆਪਣੀ ਮਾਂ-ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ।ਇਹ ਸਾਡੀ ਅਗਾਂਹਵਧੂ ਸੋਚ ਦਾ ਪ੍ਰਗਟਾਵਾ ਨਹੀਂ ਹੈ ਸਗੋਂ ਇਹ ਸਾਡੀ ਮਾਨਸਿਕ ਗ਼ੁਲਾਮੀ ਦਾ ਸੂਚਕ ਹੈ।ਪੰਜਾਬ ਦੀ ਮਿੱਟੀ ਵਿੱਚ ਤਾਂ ਮਿੱਠੀ ਮਹਿਕ ਜਦੋਂ ਇੱਕ ਵਾਰ ਅੰਦਰ ਗਈ ਤਾਂ ਸਮਝੋ ਸਾਡੇ ਸਾਹੀਂ ਰਚ ਗਈ ਤੇ ਅੰਦਰ ਹੱਡੀਂ ਵਸ ਗਈ।ਕਈ ਵਾਰ ਤਾਂ ਇਉਂ ਲੱਗਦਾ ਹੈ ਕਿ ਅੱਜ ਦੀ ਪੀੜ੍ਹੀ ਨੇ ਤਾਂ ਇਹ ਮਹਿਕ ਮਾਣੀ ਹੀ ਨਹੀਂ ਤੇ ਜਿਨ੍ਹਾਂ ਨੇ ਮਾਣੀ ਹੈ ਉਹ ਸੱਤ ਸਮੁੰਦਰੋਂ ਪਾਰ ਬੈਠੇ ਵੀ ਪੌਣਾਂ ਕੋਲੋਂ ਇਸ ਮਹਿਕ ਦੀ ਸੁੱਖ-ਸਾਂਦ ਪੁੱਛਦੇ ਹਨ।ਇੱਕ ਪ੍ਰਵਾਸੀ ਸ਼ਾਇਰ ਸਵਰਨ ਸਿੰਘ ਪ੍ਰਵਾਨਾ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਹੈ ਕਿ :

ਜਿਹੜੀ ਇੱਕ ਤਸਵੀਰ ਬਣਾ ਕੇ ਪ੍ਰਦੇਸ਼ਾਂ ਤੋਂ ਮੁੜਦੇ ਹਾਂ,
ਰੂਹ ਦਾ ਰੁਗ ਭਰਿਆ ਜਾਂਦਾ,ਕਿੱਥੇ ਉਹ ਪੰਜਾਬ ਗਿਆ।
ਅੰਗਰੇਜ਼ਾਂ ਨੂੰ ਕੱਢਣ ਵਾਲੇ ਅੰਗਰੇਜ਼ਾਂ ਦੇ ਦਾਸ ਬਣੇ,
ਕਿੱਥੇ ਹੈ? ਪੰਜਾਬੀ ਬੋਲੀ ਜਿਸ ਪਾਸੇ ਹੈ ਪੰਜਾਬ ਗਿਆ।

ਸਾਡਾ ਵਿਦਿਆਰਥੀ ਵਰਗ ਅੱਜ ਕੱਲ੍ਹ ਪੱਛਮੀ ਸੱਭਿਆਚਾਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਅੱਜ ਕੱਲ੍ਹ ਦੀ ਮੁਟਿਆਰ ਲੰਮੀ ਗੁੱਤ ਅਤੇ ਸਲਵਾਰ ਕਮੀਜ ਦੀ ਥਾਂ ਜੀਨਸ ਸ਼ਰਟ,ਫਰਾਕ ਆਦਿ ਜ਼ਿਆਦਾ ਪਸੰਦ ਕਰਦੀ ਹੈ।ਪੰਜਾਬੀ ਗੱਭਰੂ ਵੀ ਰਵਾਇਤੀ ਪੰਜਾਬੀ ਪਹਿਰਾਵੇ ਨਾਲੋਂ ਵੰਨ-ਸੁਵੰਨੀਆਂ ਜੀਨਾਂ ਅਤੇ ਬੇਢੰਗੇ ਜਿਹੇ ਹੇਅਰ ਸਟਾਈਲ ਨੂੰ ਜ਼ਿਆਦਾ ਪਸੰਦ ਕਰਦੇ ਹਨ।ਪੁਰਾਣੇ ਸਮਿਆਂ ਵਿੱਚ ਬੜੇ ਪਿਆਰ ਨਾਲ ਉਚਾਰੇ ਜਾਂਦੇ ਪੰਜਾਬੀ ਸ਼ਬਦ ਮਾਂ,ਦਾਦੀ,ਬਾਪੂ,ਚਾਚੀ,ਤਾਈ ਅੱਜ ਸਾਡੇ ਘਰਾਂ ਵਿੱਚ ਬਹੁਤ ਘੱਟ ਸੁਣਨ ਨੂੰ ਮਿਲਦੇ ਹਨ।ਪੰਜਾਬੀ ਏਨੀ ਸਮਰੱਥ ਭਾਸ਼ਾ ਹੈ ਕਿ ਇਸ ਨੂੰ ਮਾਧਿਅਮ ਬਣਾ ਕੇ ਸੂਫ਼ੀ ਸੰਤ ਫ਼ਰੀਦ ਜੀ,ਸ਼ਾਹ ਹੂਸੈਨ,ਬੁਲ੍ਹੇ ਸ਼ਾਹ ਆਦਿ ਨੇ ਆਪਣੀਆਂ ਰਚਨਾਵਾਂ ਰਚੀਆਂ।ਸਮਰੱਥ ਮਾਂ-ਬੋਲੀ ਵਿੱਚ ਹੀ ‘ਇਸ਼ਕ ਹਕੀਕੀ’ ਦੀਆਂ ਗੂੜ੍ਹੀਆਂ ਰਮਜ਼ਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ।ਪੰਜਾਬੀ ਉਹ ਭਾਸ਼ਾ ਹੈ ਜਿਸ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਲਿਖੀ ਹੈ।ਜੇਕਰ ਅਸੀਂ ਪੰਜਾਬੀ ਦਾ ਮੁੱਲ ਨਾ ਪਾਇਆ ਤਾਂ ਅਸੀ ਜਾਂ ਸਾਡੇ ਬੱਚੇ ਬਾਣੀ ਤੇ ਆਪਣੇ ਸੱਭਿਆਚਾਰ ਤੋਂ ਹਮੇਸ਼ਾ ਲਈ ਟੁੱਟ ਜਾਣਗੇ ਤੇ ਇਹ ਲੜੀ ਇਸ ਤਰ੍ਹਾਂ ਹੀ ਅੱਗੇ ਚੱਲਦੀ ਜਾਵੇਗੀ।

ਗੁਰੂਆਂ ਪੀਰਾਂ ਅਤੇ ਫ਼ਕੀਰਾਂ ਦੀ ਹੈ ਲਾਡਲੀ ਪਿਆਰੀ,
ਉੱਚਾ ਸੁੱਚਾ ਰੁਤਬਾ ਇਸਦਾ ਇਹ ਹੈ ਸਭ ਤੋਂ ਨਿਆਰੀ।

ਸਾਡੀ ਮਾਂ ਤਾਂ ਅਮੀਰ ਬਹੁਤ ਹੈ।ਇਸਦੀ ਗੋਦੀ ਵਿੱਚ ਬਾਬਾ ਨਾਨਕ ਜੀ ਹਨ,ਬਾਬਾ ਫ਼ਰੀਦ ਜੀ ਹਨ,ਗੁਰੂ ਅਰਜਨ ਦੇਵ ਜੀ ਹਨ,ਬੁੱਲ੍ਹੇ ਸ਼ਾਹ ਹਨ,ਵਾਰਿਸ਼ ਸ਼ਾਹ ਹਨ ਅਤੇ ਹੋਰ ਬਹੁਤ ਸਾਰੇ ਨਵੇਂ ਪੁਰਾਣੇ ਲੇਖਕ ਹਨ।ਸਾਨੂੰ ਅਜਿਹੀ ਮਾਂ ਤੇ ਮਾਣ ਹੋਣਾ ਚਾਹੀਦਾ ਹੈ।ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਪਣੀਆਂ ਜੜ੍ਹਾਂ,ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਨਾ ਹੋਣ ਤਾਂ ਸਾਡਾ ਫ਼ਰਜ਼ ਹੈ ਕਿ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬੋਲਣ,ਸਮਝਣ,ਪੜ੍ਹਨ ਤੇ ਲਿਖਣ ਦੇ ਸਮਰੱਥ ਬਣਾਈਏ।ਅਸੀਂ ਆਪਣੇ ਕੀਮਤੀ ਖ਼ਜ਼ਾਨੇ ਨੂੰ ਜ਼ਿੰਦਰਾਂ ਮਾਰ ਕੇ ਨਾ ਰੱਖੀਏ ਸਗੋਂ ਵਿਰਾਸਤ ਸਮਝ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਈਏ।ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਵਾਲਾ ਵਿਅਕਤੀ ਹੀ ਸਹੀ ਅਰਥਾਂ ਵਿੱਚ ਆਪਣੇ ਆਪ ਨਾਲ,ਆਪਣੇ ਘਰ ਨਾਲ਼ ਤੇ ਆਪਣੇ ਦੇਸ਼ ਨਾਲ਼ ਪਿਆਰ ਕਰ ਸਕਦਾ ਹੈ।
ਆਓ ਸਾਰੇ ਆਪਣੀ ਮਾਂ-ਬੋਲੀ ਪੰਜਾਬੀ ਉੱਤੇ ਮਾਣ ਕਰੀਏ,ਇਸ ਨਾਲ਼ ਆਤਮ ਵਿਸ਼ਵਾਸ ਦ੍ਰਿੜ੍ਹ ਹੋਵੇਗਾ।ਗਿਆਨ,ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਮੌਲਿਕ ਅਤੇ ਉੱਚੀਆਂ ਉਡਾਰੀਆਂ ਮਾਰ ਸਕਾਂਗੇ।ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ਼ ਜੋੜੀਏ।ਇਸ ਰਾਹੀਂ ਉਹ ਆਪਣੇ ਵਿਰਸ਼ੇ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ਼ ਜੁੜ੍ਹ ਸਕਣਗੇ।ਉਨ੍ਹਾਂ ਦੀ ਸ਼ਖ਼ਸੀਅਤ ਦਾ ਹਰ ਪੱਖੋ ਵਿਕਾਸ ਹੋਵੇਗਾ।ਮਾਂ ਬੋਲੀ ਦੀ ਕਦਰ ਕਰਨਾ ਹੀ ਮਾਂ ਦੀ ਕਦਰ ਕਰਨ ਦੇ ਬਰਾਬਰ ਹੈ।

‘ਮਾਂ’ ਨੂੰ ਮਾਂ ਇਸ ਕਹਿਣਾ ਸਿਖਾਇਆ,
ਰਿਸ਼ਤੇ ਸਭ ਹੀ ਇਸਨੇ ਬਣਾਏ,
ਜਜ਼ਬਿਆਂ ਵਿੱਚ ਢਲਦੇ ਜਾਂਦੇ,
ਸਪਨੇ ਜੋ ਨੀਦਾਂ ‘ਚ ਦਿਖਾਏ।

ਸੰਦੀਪ ਕੌਰ ਹਿਮਾਂਯੂੰਪੁਰਾ
9781660021

Leave a Reply

Your email address will not be published. Required fields are marked *

%d bloggers like this: