ਮਾਂ ਦੀ ‘ਆਸੀਸ’ ਨਾਲ ਨਿਰਦੇਸ਼ਕ ਬਣ ਕੇ ਆ ਰਿਹਾ ਰਾਣਾ ਰਣਬੀਰ

ss1

ਮਾਂ ਦੀ ‘ਆਸੀਸ’ ਨਾਲ ਨਿਰਦੇਸ਼ਕ ਬਣ ਕੇ ਆ ਰਿਹਾ ਰਾਣਾ ਰਣਬੀਰ

ਰਾਣਾ ਰਣਬੀਰ ਪੰਜਾਬੀ ਸਾਹਿਤ ਤੇ ਥੀਏਟਰ ਕਲਾ ਦਾ ਨਿਪੁੰਨ ਕਲਾਕਾਰ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋੋਣ ਕਰਕੇ ਲੋਕਾਂ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਗੰਭੀਰਤਾ ਨਾਲ ਆਪਣੀਆਂ ਫ਼ਿਲਮਾਂ,ਨਾਟਕਾਂ ਜ਼ਰੀਏ ਪੇਸ਼ ਕਰਨਾ ਉਸਦਾ ਇੱਕ ਖ਼ਾਸ ਹੁਨਰ ਹੈ। ਆਪਣੀ ਕਲਾ ਰਾਹੀਂ ਦਰਸ਼ਕਾਂ ਦੇ ਧੁਰ ਅੰਦਰ ਤੱਕ ਉਤਰਣਾ ਵੀ ਉਸਦੀ ਇੱਕ ਕਲਾ ਹੈ। ਉਸਦੀ ਪੇਸ਼ਕਾਰੀ ਤੋਂ ਦਰਸ਼ਕ ਕਦੇ ਨਾਰਾਸ਼ ਨਹੀਂ ਹੋਇਆ। ਅਜੋਕੇ ਪੰਜਾਬੀ ਸਿਨਮੇ ਦੀ ਭੀੜ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਪਰ ਰਾਣਾ ਰਣਬੀਰ ਆਪਣੀ ਸੋਚ ਮੁਤਾਬਕ ਕੁਝ ਨਵੀਆਂ ਪੁਲਾਘਾਂ ਪੁੱਟਦਾ ਹੋਇਆ ਹੁਣ ਬਤੌਰ ਨਿਰਦੇਸ਼ਕ ਆਪਣੀ ਪਲੇਠੀ ਪੰਜਾਬੀ ਫ਼ਿਲਮ ‘ਆਸੀਸ’ ਨਾਲ ਦਸਤਕ ਦੇ ਰਿਹਾ ਹੈ।
ਨਵਰੋਜ਼ ਗੁਰਬਾਜ਼ ਇੰਨਟਰਟੇਨਮੈਂਟ, ਬਸੰਤ ਇੰਨਟਰਟੇਨਮੈਂਟ ਅਤੇ ਜ਼ਿੰਦਗੀ ਜ਼ਿੰਦਾਬਾਦ ਲਿਮਟਿਡ ਦੇ ਬੈਨਰ ਹੇਠ 22 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਆਸੀਸ’ ਬਾਰੇ ਰਾਣਾ ਰਣਬੀਰ ਕਾਫ਼ੀ ਉਤਸਾਹਿਤ ਹੈ। ਬਹੁਤੇ ਲੋਕਾਂ ਨੇ ਰਾਣਾ ਰਣਬੀਰ ਨੂੰ ਹੁਣ ਤੱਕ ਇੱਕ ਮਜਾਹੀਆਂ ਕਲਾਕਾਰ ਵਜੋਂ ਹੀ ਵੇਖਿਆ ਹੈ ਪਰ ਇਸ ਫਿਲਮ ਰਾਹੀਂ ਬਤੌਰ ਲੇਖਕ ਅਤੇ ਨਿਰਦੇਸ਼ਕ ਉਸਦੀ ਕਲਾ ਦਾ ਅਸਲ ਰੰਗ ਵੇਖਣਗੇ। ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣ ਵਾਲੀਆਂ ਅਜਿਹੀਆਂ ਫ਼ਿਲਮਾਂ ਬਹੁਤ ਘੱਟ ਬਣਦੀਆਂ ਹਨ। ਵਪਾਰਕ ਫ਼ਿਲਮਾਂ ਬਣਾਉਣ ਵਾਲੇ ਅਜਿਹੇ ਵਿਸ਼ਿਆਂ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ ਪਰ ਨਿਰਮਾਤਾ ਲੱਕੀ ਸੰਧੂ ਤੇ ਰਾਣਾ ਰਣਬੀਰ ਦੀ ਸੋਚ ਮਿਲੀ ਤਾਂ ਬਸੰਤ ਮੋਟਰਜ਼ ਵਾਲੇ ਬਲਦੇਵ ਸਿੰਘ ਬਾਠ ਵੀ ਇਸ ਫ਼ਿਲਮ ਲਈ ਆਪਣੇ ਯੋਗਦਾਨ ਪਾਉਣ ਲਈ ਅੱਗੇ ਆ ਗਏ। ਜਿਸ ਵੀ ਕਲਾਕਾਰ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਉਹ ਬਿਨਾਂ ਕਿਸੇ ਸਮਝੌਤੇ ਇਸ ਫ਼ਿਲਮ ਦਾ ਹਿੱਸਾ ਬਣਦਾ ਗਿਆ। ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਏ ਅਨੇਕਾਂ ਸਥਾਪਤ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਕੰਮ ਕੀਤਾ ਹੈ। ਰਾਣਾ ਰਣਬੀਰ ਇਸ ਫ਼ਿਲਮ ਦਾ ਮੁੱਖ ਸੂਤਰਧਾਰ ਹੈ। ਇੱਕ ਪਰਿਵਾਰ ਦੀ ਕਹਾਣੀ ਹੈ। ਜਿਸ ਵਿੱਚ ਕਈ ਮੈਂਬਰ ਹਨ ਪਰ ਸਾਰਿਆਂ ਦਾ ਵੱਖਰਾ ਵੱਖਰਾ ਸੁਭਾਓ ਹੈ। ਰਾਣਾ ਰਣਬੀਰ ਦਾ ਕਿਰਦਾਰ ਇੱਕ ਭੋਲੇ ਭਾਲੇ ਬੇਟੇ ਦਾ ਹੈ। ਜਿਸਦੇ ਲਈ ਮਾਂ ਹੀ ਸੱਭ ਕੁਝ ਹੈ। ਦੂਸਰੇ ਭਰਾਵਾਂ ਵਾਂਗ ਉਹ ਬਹੁਤਾ ਚੁਸਤ ਚਲਾਕ ਨਹੀਂ ਹੈ। ਉਹ ਆਪਣੀ ਮਾਂ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਪਹਿਲੀਆਂ ਫ਼ਿਲਮਾਂ ਤੋਂ ਉਸਦਾ ਕਿਰਦਾਰ ਬਹੁਤ ਹੱਟਕੇ ਹੈ ਜੋ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗਾ। ਰਾਣਾ ਰਣਬੀਰ ਨੇ ਦੱਸਿਆ ਕਿ ਇਹ ਫ਼ਿਲਮ ਸਮਾਜ ਵਿੱਚ ਰਹਿੰਦੇ ਆਮ ਲੋਕਾਂ ਦੀ ਕਹਾਣੀ ਹੈ ਜੋ ਹਰ ਵਰਗ ਨੂੰ ਸਮਝਾਉਦੀ ਹੋਈ ਤਿੜਕੇ ਰਿਸ਼ਤਿਆਂ ਨੂੰ ਬਚਾਉਣ ਦਾ ਯਤਨ ਕਰੇਗੀ। ਸਮਾਜਿਕ ਮੁੱਦਿਆਂ ਅਧਾਰਤ ਬਣਨ ਵਾਲੀ ਇਹ ਫ਼ਿਲਮ ਰਿਸ਼ਤੇ-ਨਾਤਿਆਂ ਦੀ ਅਹਿਮੀਅਤ ਇਸ ਵਿੱਚ ਮਨੁੱਖੀ ਜ਼ਿੰਦਗੀ ਦੇ ਕਈ ਰੰਗ ਵੇਖਣ ਨੂੰ ਮਿਲਣਗੇ। ਆਮ ਫ਼ਿਲਮਾਂ ਤੋਂ ਹਟਕੇ ਬਣਨ ਵਾਲੀ ਇਸ ਫ਼ਿਲਮ ਮਾਂ-ਪੁੱਤ ਦੇ ਪਿਆਰ ਅਧਾਰਤ ਹੈ ਜਿਸ ਵਿੱਚ ਭਾਵੁਕਤਾ ਵੀ ਹੈ, ਮਨੋਰੰਜਨ ਵੀ ਹੈ, ਨਸੀਹਤ ਵੀ ਹੈ, ਰਿਸ਼ਤਿਆਂ ਦੀ ਤਿੜਕਣਬਾਜ਼ੀ ਵੀ ਹੈ। ਸਮਾਜ ਵਿੱਚ ਨਕਲੀ ਮਖੌਟੇ ਲਾ ਕੇ ਵਿਚਰਣ ਵਾਲੇ ਲੋਕਾਂ ਨੂੰ ਵੀ ਇਹ ਫ਼ਿਲਮ ਨੰਗਾ ਕਰਦੀ ਹੈ। ਸਮਾਜ ਨੂੰ ਚੰਗਾ ਸੁਨੇਹਾ ਦੇਣ ਵਾਲੀਆਂ ਫ਼ਿਲਮਾਂ ਦੀ ਅੱਜ ਲੋੜ ਹੈ। ਸਾਡੀ ਇਸ ਫ਼ਿਲਮ ਵਿੱਚ ਕੋਈ ਵੱਡਾ ਹੀਰੋ ਨਹੀਂ, ਨਾ ਹੀ ਕੋਈ ਵੱਡੀ ਹੀਰੋਇਨ ਹੈ। ਸਾਰੇ ਹੀ ਥੀਏਟਰ ਦੇ ਪੈਦਾਇਸੀ ਕਲਾਕਾਰ ਹਨ ਜਿੰਨਾਂ ਦੀ ਰਗ ਰਗ ਵਿੱਚ ਅਦਾਕਾਰੀ ਵਸੀ ਹੋਈ ਹੈ ਤੇ ਇਹ ਆਪਣੇ ਆਪਣੇ ਕਿਰਦਾਰ ਵਿੱਚ ਸਾਰੇ ਹੀ ਹੀਰੋ ਹਨ। ਰਾਣਾ ਰਣਬੀਰ, ਨੇਹਾ ਪਵਾਰ, ਸਰਦਾਰ ਸੋਹੀ,ਰੁਪਿੰਦਰ ਰੂਪੀ,ਕੁਲਜਿੰਦਰ ਸਿੱਧੂ,ਸੀਮਾ ਕੌਸ਼ਲ,ਵਿਜੈ ਟੰਡਨ, ਪਰਦੀਪ ਸਰਾਂ, ਮਲਕੀਤ ਰੌਣੀ,ਗੁਰਪ੍ਰੀਤ ਭੰਗੂ, ਚਰਨਪ੍ਰੀਤ ਮਾਨ,ਸਵਿੰਦਰ ਵਿੱਕੀ,ਸੈਵਿਨ ਰੇਖੀ,ਅਰਵਿੰਦਰ ਕੌਰ, ਰੂਪਿੰਦਰਜੀਤ ਸ਼ਰਮਾਂ, ਰਾਜਵੀਰ ਬੋਪਾਰਾਏ,ਸੈਮੂਅਲ ਜੌਹਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਤੇਜਵੰਤ ਕਿੱਟੂ ਤੇ ਰੂਪਨ ਕਾਹਲੋਂ ਦੇ ਸੰਗੀਤ ਵਿੱਚ ਗਿੱਲ ਰੌਂਤਾ, ਅਮਰ ਕਵੀ, ਤੇ ਰਾਣਾ ਰਣਬੀਰ ਦੇ ਲਿਖੇ ਗੀਤਾਂ ਨੂੰ ਕੰਵਰ ਗਰੇਵਾਲ, ਲਖਵਿੰਦਰ ਵਡਾਲੀ, ਫ਼ਿਰੋਜ ਖਾਨ, ਪਰਦੀਪ ਸਰਾਂ ਤੇ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦੀ ਜੋੜੀ ਨੇ ਗਾਇਆ ਹੈ। ਇਸ ਫ਼ਿਲਮ ਦੀ ਕਹਾਣੀ ਪਟਕਥਾ ਰਾਣਾ ਰਣਬੀਰ ਨੇ ਲਿਖਿਆ ਹੈ।
ਇਸ ਫ਼ਿਲਮ ਦਾ ਪ੍ਰਚਾਰ ਪੰਜਾਬ ਤੋਂ ਇਲਾਵਾ ਵਿਦੇਸ਼ਾਂਵਿੱਚ ਵੀ ਪੂਰੇ ਜ਼ੋਰਾਂ ‘ਤੇ ਹੈ। ਲੋਕਾਂ ਵਿੱਚ ਇਸ ਫ਼ਿਲਮ ਪ੍ਰਤੀ ਕਾਫ਼ੀ ਖਿੱਚ ਹੈ। ਦਰਸ਼ਕ ਚੰਗੀਆਂ ਅਰਥ ਭਰਪੂਰ ਫ਼ਿਲਮਾਂ ਪਸੰਦ ਵੀ ਕਰਦੇ ਹਨ। ਇਸ ਤੋ ਪਹਿਲਾਂ ‘ਅਰਦਾਸ,’ ‘ਰੱਬ ਦਾ ਰੇਡੀਓ’ ਅਤੇ ‘ਦਾਣਾ ਪਾਣੀ’ ਜਿਹੀਆਂ ਸਮਾਜ ਨਾਲ ਜੁੜੀਆਂ ਫ਼ਿਲਮਾਂ ਨੂੰ ਦਰਸ਼ਕਾ ਵਧੀਆਂ ਪਿਆਰ ਦਿੱਤਾ ਹੈ।

ਸੁਰਜੀਤ ਜੱਸਲ
9814607737

Share Button

Leave a Reply

Your email address will not be published. Required fields are marked *