ਮਾਂਟਰੀਅਲ ਤੇ ਓਟਵਾ ਵਿੱਚ ਤੂਫਾਨ ਨੇ ਮਚਾਈ ਤਬਾਹੀ, ਜਨ-ਜੀਵਨ ਠੱਪ

ਮਾਂਟਰੀਅਲ ਤੇ ਓਟਵਾ ਵਿੱਚ ਤੂਫਾਨ ਨੇ ਮਚਾਈ ਤਬਾਹੀ, ਜਨ-ਜੀਵਨ ਠੱਪ

05 ਦੱਖਣਪੱਛਮੀ ਕਿਊਬਿਕ ਵਿੱਚ ਆਏ ਜ਼ਬਰਦਸਤ ਤੂਫਾਨ ਕਾਰਨ 63,000 ਤੋਂ ਵੀ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਮਾਂਟਰੀਅਲ ਵਿੱਚ ਤਾਂ 100 ਸਾਲ ਪੁਰਾਣੇ ਰੁੱਖ ਵੀ ਇਸ ਤੂਫਾਨ ਨੇ ਜੜ੍ਹੋਂ ਪੁੱਟ ਦਿੱਤੇ। ਕਈ ਥਾਂਵਾਂ ਉੱਤੇ ਮਲਬਾ ਡਿੱਗਣ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਐਨਵਾਇਰਮੈਂਟ ਕੈਨੇਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਹਵਾ ਦੇ ਹੇਠਾਂ ਵੱਲ ਨੂੰ ਤਕੜੇ ਦਬਾਅ ਕਾਰਨ ਤੂਫਾਨ ਦੌਰਾਨ ਭਾਰੀ ਨੁਕਸਾਨ ਹੋਇਆ। ਮਾਂਟਰੀਅਲ ਦੇ ਨੌਤਰੇ ਡੇਮ ਡੀ ਗ੍ਰੇਸ ਇਲਾਕੇ ਵਿੱਚ ਇਸ ਦਾ ਅਸਰ ਸੱਭ ਤੋਂ ਵੱਧ ਵੇਖਣ ਨੂੰ ਮਿਲਿਆ। ਹਵਾ ਦੀ ਰਫਤਾਰ 113 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਤੱਕ ਪਹੁੰਚ ਗਈ। ਇਸ ਰਫਤਾਰ ਅੱਗੇ ਬਿਜਲੀ ਦੇ ਖੰਭੇ ਸੁੱਕੇ ਪੱਤੇ ਵਾਂਗ ਉੱਡ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਰੁੱਖ ਵੀ ਜੜ੍ਹੋਂ ਪੁੱਟੇ ਗਏ। ਚਸ਼ਮਦੀਦ ਲੈਜ਼ਲਿਨ ਜਾਰਜ ਨੇ ਦੱਸਿਆ ਕਿ ਭਾਰੀਆਂ ਭਾਰੀਆਂ ਚੀਜ਼ਾਂ ਵੀ ਹਵਾ ਦੇ ਤਿਨਕੇ ਵਾਂਗ ਉੱਡੀਆਂ ਜਾ ਰਹੀਆਂ ਸਨ, ਕਾਰਾਂ ਵੀ ਹਵਾ ਦੇ ਜ਼ੋਰ ਅੱਗੇ ਟਿਕ ਨਹੀਂ ਸਨ ਪਾ ਰਹੀਆਂ। ਇਸ ਤਰ੍ਹਾਂ ਦਾ ਨਜ਼ਾਰਾ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲਿਆ। ਕਈ ਲੋਕ ਇਸ ਦੌਰਾਨ ਜ਼ਖ਼ਮੀ ਵੀ ਹੋਏ ਪਰ ਕਿਸੇ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ। ਜਿਨ੍ਹਾਂ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਪੁਲਿਸ ਉਨ੍ਹਾਂ ਥਾਵਾਂ ਉੱਤੇ ਘਰ ਘਰ ਜਾ ਕੇ ਲੋਕਾਂ ਦੀ ਰਾਜ਼ੀ ਖੁਸ਼ੀ ਦਾ ਪਤਾ ਲਾ ਰਹੀ ਹੈ। ਇਸ ਦੌਰਾਨ 63,000 ਘਰਾਂ ਨੂੰ ਨੁਕਸਾਨ ਹੋਇਆ ਹੈ। ਸ਼ਹਿਰ ਤੋਂ ਬਾਹਰ ਮਾਂਟਰੇਜੀ ਵਿੱਚ 29,000 ਘਰ ਪ੍ਰਭਾਵਿਤ ਹੋਏ ਹਨ, ਲਾਰੇਨਟੀਅਨਜ਼ ਵਿੱਚ 14,000 ਘਰਾਂ ਤੇ ਲਵਲ ਵਿੱਚ 5,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਓਟਵਾ ਵਿੱਚ ਵੀ ਤੂਫਾਨ ਨੇ ਸ਼ਹਿਰ ਨੂੰ ਘੇਰ ਲਿਆ। ਇੱਥੇ ਵਾਵਰੋਲੇ ਆਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਓਟਵਾ ਵਿੱਚ ਵੀ ਤਬਾਹੀ ਵਾਲਾ ਮੰਜ਼ਰ ਹੀ ਨਜ਼ਰ ਆਇਆ। ਰੁੱਖ ਇੱਥੇ ਵੀ ਜੜ੍ਹਾਂ ਤੋਂ ਉੱਖੜ ਗਏ ਤੇ ਗੌਲਫ ਬਾਲ ਜਿੱਡੇ ਗੜੇ ਵੀ ਡਿੱਗੇ।

Share Button

Leave a Reply

Your email address will not be published. Required fields are marked *

%d bloggers like this: