ਮਹਿੰਗੀ ਮੋਟਰ ਤੋਂ, ਮੇਰਾ ਸਸਤਾ ਸਾਈਕਲ ਚੰਗਾ

ss1

ਮਹਿੰਗੀ ਮੋਟਰ ਤੋਂ, ਮੇਰਾ ਸਸਤਾ ਸਾਈਕਲ ਚੰਗਾ

ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਆਪਣੀ ਸੰਸਾਰਿਕ ਯਾਤਰਾ ਕਰਦੇ ਹੋਏ ਉਸਨੂੂੰੰ ਬਹੁਤ ਸਾਰੀਆਂ ਜਿੰਮੇਵਾਰੀਆਂ ਨਿਭਾਉਂਣੀਆ ਪੈਂਦੀਆ ਹਨ।ਆਪਣੇ ਕਾਰਜ ਨੂੰ ਸਚੁੱਜੇ ਢੰਗ ਨਾਲ ਕਰਨ ਦੇ ਲਈ ਮਨੁੱਖ ਦਾ ਸਰੀਰਕ ਤੌਰ ਤੇ ਤਕੜਾ ਹੋਣਾ ਅਤਿਅੰਤ ਲਾਜ਼ਮੀ ਹੈ।ਸਿਆਣੇ ਵੀ ਕਹਿੰਦੇ ਹਨ ਕਿ “ਬਾਕੀ ਦੇ ਕੰਮ ਬਾਦ ਵਿੱਚ ਪਹਿਲਾ ਸਿਹਤ ਜਰੂਰੀ ਏ” ਪਰ ਬੜੇ ਹੀ ਮਲਾਲ ਦੀ ਗੱਲ ਹੈ ਕਿ ਇਨਸਾਨ ਆਪਣੀ ਸਿਹਤ ਪ੍ਰਤਿ ਜਿਆਦਾ ਜਾਗਰੂਕ ਨਹੀਂ ਹੈ ਜਿਸ ਸਦਕਾ ਉਸਨੂੰ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿੱਚ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਪਣੇ ਬਦਲੇ ਹੋਏ ਲਾਈਫ ਸਟਾਈਲ ਅਤੇ ਖਾਣ ਪੀਣ ਦੀਆਂ ਗੰਦੀਆਂ ਆਦਤਾਂ ਨਾਲ ਉਸਨੇ ਆਪਣੀਆਂ ਮੁਸੀਬਤਾਂ ਵਿੱਚ ਹੋਰ ਇਜਾਫਾ ਕਰ ਲਿਆ ਹੈ।ਮਨੁੱਖੀ ਸਿਹਤ ਨੂੰ ਚੁਸਤ ਦਰੁਸਤ ਕਰਨ ਵਿੱਚ ਸਾਈਕਲ ਦੀ ਸਵਾਰੀ ਕਰਨਾ ਇੱਕ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਜਿਸਨੂੰ ਉਸਨੇ ਘਰ ਦੇ ਕਿਸੇ ਕੋਨੇ ਵਿੱਚ ਚਿੱਟਾ ਹਾਥੀ ਬਣਾ ਰੱਖਿਆ ਹੋਇਆ ਹੈ।ਸਾਈਕਲ ਨੂੰ ਚਲਾਉਂਣ ਦੇ ਤਾਂ ਲਾਭ ਹੀ ਲਾਭ ਹਨ, ਇਸਦੀ ਹਾਨੀ ਤਾਂ ਕਿਧਰੇ ਨਜ਼ਰ ਹੀ ਨਹੀਂ ਆਉਂਦੀ ਹੈ।
ਵਰਤਮਾਨ ਮਨੁੱਖ ਸਾਈਕਲ ਦੀ ਸਵਾਰੀ ਨੂੰ ਅੱਖੋ ਪਰੋਖੇ ਕਰਕੇ ਆਪਣੇ ਪੈਰ ਤੇ ਖੁਦ ਕੁਹਾੜੀ ਮਾਰ ਰਿਹਾ ਹੈ।ਉਹ ਭੁੱਲ ਚੁੱਕਾ ਹੈ ਕਿ ਸਿਹਤ ਹੀ ਅਸਲ ਧਨ ਹੈ।ਸਾਈਕਲ ਦੇ ਪ੍ਰਤਿ ਉਸਦੀ ਬੇਰੁਖੀ ਦਾ ਕਾਰਨ ਉਸਦਾ ਸਟੇਟਸ ਸਿੰਬਲ ਹੈ।ਮਹਿੰਗੀਆਂ ਗੱਡੀਆਂ ਨੂੰ ਚਲਾਉਣ ਕਰਕੇ ਹੁਣ ਉਹ ਸਾਈਕਲ ਚਲਾਉਂਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ।ਉਸਨੂੰ ਕੌਣ ਦੱਸੇ ਕਿ ਜਿਸਨੇ ਕੀ ਸ਼ਰਮ, ਉਸਨੇ ਫੂਟੇ ਕਰਮ।ਇਸ ਵਿਚਾਰ ਤੇ ਅਮਲ ਕਰਨ ਦੀ ਥਾਂ ਤੇ ਉਹ ਸੋਚਦਾ ਰਹਿੰਦਾ ਹੈ ਕਿ ਲੋਕ ਕੀ ਕਹਿਣਗੇ? ਹਾਲਾਂਕਿ ਉਸਦੀ ਅੰਤਰ ਆਤਮਾ ਦੀ ਅਵਾਜ਼ ਤਾਂ ਉਸਨੂੰ ਸਹੀ ਮਾਰਗ ਦਿਖਾਉਂਦੀ ਹੈ ਪਰੰਤੂ ਉਹ ਆਪਣੇ ਦਿਲ ਦੀ ਹੀ ਸੁਣਦਾ ਹੈ।ਉਸਨੂੰ ਆਪਣੀ ਸੋਚ ਬਦਲਣੀ ਹੀ ਪਵੇਗੀ ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਕੋਲ ਗੱਲਾਂ ਕਰਨ ਦੇ ਲਈ ਬਹੁਤ ਸਮਾਂ ਹੁੰਦਾ ਹੈ।ਉਹ ਤਾਂ ਕੁੱਝ ਨਾ ਕੁੱਝ ਕਹਿੰਦੇ ਹੀ ਰਹਿਣਗੇ।ਇਹ ਵਰਤਾਰਾ ਤਾਂ ਨਿਰੰਤਰ ਜਾਰੀ ਰਹਿਣ ਵਾਲਾ ਹੈ।ਇੱਥੇ ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸਾਈਕਲ ਦਾ ਇਤਿਹਾਸ ਸੰਨ 1418 ਨਾਲ ਸਬੰਧਿਤ ਹੈ।ਜੇਕਰ ਇਹ ਮਨੁੱਖ ਦੇ ਲਈ ਫਾਇਦੇਮੰਦ ਨਾ ਹੁੰਦਾ ਤਾਂ ਸ਼ਾਇਦ ਹੁਣ ਇਸਦਾ ਵਜੂਦ ਬਿਲਕੁਲ ਖਤਮ ਹੋ ਜਾਣਾ ਸੀ।
ਤਾਜ਼ੀ ਹਵਾ ਵਿੱਚ ਸਾਈਕਲ ਨੂੰ ਚਲਾਕੇ ਜਿੱਥੇ ਇਨਸਾਨ ਇੱਕ ਆਨੰਦਮਈ ਅਵਸਥਾ ਦਾ ਅਹਿਸਾਸ ਕਰਦਾ ਹੈ ਉੱਥੇ ਹੀ ਉਹ ਆਪਣੇ ਦਿਲ, ਫੇਫੜਿਆਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੁੰਦਾ ਹੈ।ਨਵੇਂ ਬਰੇਨ ਸੈੱਲਾਂ ਦਾ ਨਿਰਮਾਣ ਹੋਣ ਨਾਲ ਦਿਮਾਗ ਸ਼ਕਤੀ ਵਿੱਚ ਵਾਧਾ ਤੇ ਵਿਕਾਸ ਹੁੰਦਾ ਹੈ।ਸੂਗਰ ਦੇ ਮਰੀਜਾਂ ਦੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।ਕੈਲਰੀਜ਼ ਦੇ ਬਰਨ ਹੋਣ ਨਾਲ ਖੂਨ ਅੰਦਰ ਗੁਲੂਕੋਜ਼ ਦੀ ਮਾਤਰਾ ਠੀਕ ਬਣੀ ਰਹਿੰਦੀ ਹੈ।ਦਿਲ ਦੀ ਧੜਕਣ ਦੇ ਤੇਜ਼ ਹੋਣ ਕਾਰਨ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਜ਼ੋ ਕਿ ਅੱਜ ਦੇ ਸਮੇਂ ਵਿੱਚ ਵੱਡੀ ਸਮੱਸਿਆ ਬਣੀ ਹੋਈ ਹੈ।ਸਰੀਰ ਵਿੱਚੋਂ ਫਾਲਤੂ ਚਰਬੀ ਨੂੰ ਖਤਮ ਕਰਨ ਦੇ ਨਾਲ ਇਮਊਨ ਸਿਸਟਮ ਨੂੰ ਤਾਕਤਵਰ ਕਰਦਾ ਹੈ।ਵਿਅਕਤੀ ਨੂੰ ਤਨਾਅ ਵਿੱਚੋਂ ਬਾਹਰ ਕੱਢਦਾ ਹੈ।ਮਾਸ਼ਪੇਸੀਆਂ ਨੂੰ ਮਜ਼ਬੂਤੀ, ਗੋਡਿਆਂ ਦੇ ਦਰਦ ਦਾ ਖਾਤਮਾ, ਪੈਰਾਂ ਦੀ ਵਰਜਿਸ ਅਤੇ ਵਿਅਕਤੀ ਨੂੰ ਜਵਾਨ ਬਣਾਏ ਰੱਖਣ ਵਿੱਚ ਸਹਾਈ ਹੈ।ਇਹ ਦਿਮਾਗ ਅੰਦਰ ਉਦਾਸੀ ਪੈਦਾ ਕਰਨ ਵਾਲੇ ਰਸਾਇਣਾਂ ਨੂੰ ਰੋਕਦਾ ਹੈ।
ਸਾਈਕਲ ਦੇ ਨਾਲ ਯਾਰੀ ਲਾ ਕੇ ਮਨੁੱਖ ਆਪਣੇ ਅੰਦਰ ਆਤਮਵਿਸ਼ਵਾਸ ਪੈਦਾ ਕਰ ਸਕਦਾ ਹੈ।ਇਸਦੀ ਵਰਤੋਂ ਕਰਕੇ ਮਨੁੱਖ ਵਾਤਾਵਰਨ ਦੇ ਪ੍ਰਤਿ ਆਪਣੀ ਬਣਦੀ ਜਿੰਮੇਵਾਰੀ ਨੂੰ ਪੂਰੀ ਕਰਨ ਵਿੱਚ ਮੱਦਦ ਕਰ ਸਕਦਾ ਹੈ ਕਿਉਂਕਿ ਇਸਨੂੰ ਚਲਾਉਂਣ ਤੇ ਕਿਸੇ ਵੀ ਕਿਸਮ ਦਾ ਪ੍ਰਦੂਸਨ ਨਹੀਂ ਹੁੰਦਾ ਹੈ।ਆਪਣੇ ਛੋਟੇ ਛੋਟੇ ਕੰਮਾਂ ਨੂੰ ਇਸ ਦੁਆਰਾ ਕਰਕੇ ਪੈਸੇ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।ਬੂੰਦ ਬੂੰਦ ਦੇ ਨਾਲ ਘੜਾ ਭਰ ਜਾਂਦਾ ਹੈ।ਮਹਿੰਗੇ ਜਿਮ ਵਿੱਚ ਹੋਣ ਵਾਲੇ ਖਰਚਿਆਂ ਨੂੰ ਵੀ ਕੰਟਰੋਲ ਕਰ ਸਕਦਾ ਹੈ।ਮਹਿੰਗੀਆਂ ਮੋਟਰਾਂ ਸਾਨੂੰ ਮੰਜ਼ਿਲ ਦੇ ਉੱਪਰ ਤੇਜ਼ੀ ਦੇ ਨਾਲ ਤਾਂ ਜਰੂਰ ਪਹੁੰਚਾ ਸਕਦੀਆਂ ਹਨ ਪਰ ਉਹ ਸਿਹਤ ਦੇ ਮਾਮਲੇ ਵਿੱਚ ਸਾਈਕਲ ਦਾ ਮੁਕਾਬਲਾ ਨਹੀਂ ਕਰ ਸਕਦੀਆਂ।ਸਾਈਕਲ ਦਾ ਖਰਚਾ ਤਾਂ ਨਾ ਮਾਤਰ ਹੀ ਹੈ।ਬੱਚਿਆਂ ਦੇ ਕੱਦ ਵਧਾਉਂਣ ਦੇ ਲਈ ਲਾਹੇਵੰਦ ਹੈ।ਬੱਚਿਆਂ ਨੂੰ ਸਕੂਲ ,ਕਾਲਜ ,ਟਿਊਸਨ, ਖੇਡਦੇ ਸਮੇਂ ਇਸਨੂੰ ਖੂਬ ਚਲਾਉਣਾ ਚਾਹੀਦਾ ਹੈ।ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਸਾਈਕਲ ਲਿਆਉਂਣ ਦੀ ਹੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ।ਸਾਈਕਲਿੰਗ ਦੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜ਼ੋ ਸਾਈਕਲ ਸਭਿਆਚਾਰ ਨੂੰ ਪ੍ਰਫੁਲਿਤ ਕੀਤਾ ਜਾ ਸਕੇ।ਸਾਈਕਲ ਤਾਂ ਮਨੁੱਖੀ ਜੀਵਨ ਦੇ ਲਈ ਇੱਕ ਸੰਜੀਵਨੀ ਬੂਟੀ ਹੈ ਪਰ ਦੇਖਣਾ ਬਾਕੀ ਹੈ ਕੀ ਮਨੁੱਖ ਇਸਦੀ ਮਹੱਤਤਾ ਨੂੰ ਸਮਝਦੇ ਹੋਏ ਆਪਣੀ ਜਿੰਦਗੀ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਦੇ ਲਈ ਇਸਨੂੰ ਅਪਣਾਉਂਦਾ ਹੈ ਕਿ ਨਹੀਂ ?

ਚਮਨਦੀਪ ਸ਼ਰਮਾ
298 ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ 95010 33005

Share Button

Leave a Reply

Your email address will not be published. Required fields are marked *