Fri. Aug 23rd, 2019

ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਸਿੰਘ

ਬਚਪਨ ਆਪਣਾ ਬਾਲਕ ਰਣਜੀਤ ਸਿੰਘ ਨੇ, ਵਹਿੰਦੇ ਖੂਨ ਦੇ ਵਿੱਚ ਗ਼ੁਜਾਰਿਆ ਸੀ।
ਰਣਤੱਤੇ ’ਚ ਜੂਝਣ ਵਾਲਿਆਂ ਨੇ, ਓਹਨੂੰ ਸ਼ਸਤਰਾਂ ਨਾਲ ਸ਼ਿੰਗ਼ਾਰਿਆ ਸੀ।
ਨਾਢੂ ਖਾਂ ਸੀ ਗ਼ਿੱਦੜਾਂ ਵਾਂਗ਼ ਦੌੜੇ, ਬੱਬਰ ਸ਼ੇਰ ਨੇ ਜਦੋਂ ਲਲਕਾਰਿਆ ਸੀ।
ਪੜੀਏ ਜਦੋਂ ਇਤਿਹਾਸ ਤਾਂ ਪਤਾ ਲੱਗ਼ਦੈ, (ਉਹ) ਸਦਾ ਜਿੱਤਿਆ ਕਦੇ ਨਾ ਹਾਰਿਆ ਸੀ।

ਜੋ ਪੰਜਾਬ ਨੂੰ ਆਉਂਦੇ ਸੀ ਮੂੰਹ ਚੁੱਕੀ, ਫੜ ਕੇ ਪਿੱਛੇ ਪਰਤਾਏ ਰਣਜੀਤ ਸਿੰਘ ਨੇ।
ਮੁੜਕੇ ਫੇਰ ਨਾ ਏਧਰ ਨੂੰ ਮੂੰਹ ਕੀਤਾ, ਐਸੇ ਮੂੰਹ ਭੁਵਾਏ ਰਣਜੀਤ ਸਿੰਘ ਨੇ।
ਜਿਹੜੇ ਕਹਿੰਦੇ ਕਹਾਉਂਦੇ ਸੀ ਜੱਗ਼ ਅੰਦਰ, ਖੱਬੀ ਖਾਨ ਝਟਕਾਏ ਰਣਜੀਤ ਸਿੰਘ ਨੇ।
ਸ਼ਾਹ ਜਮਾਨ ਅਬਦਾਲੀ ਦੇ ਪੋਤਰੇ ਨੂੰ, ਦਿਨੇ ਤਾਰੇ ਵਿਖਾਏ ਰਣਜੀਤ ਸਿੰਘ ਨੇ।

ਸ਼ਾਹੀ ਮਹਿਲ ਵਿੱਚ ਗ਼ੁਰੂ ਗ਼੍ਰੰਥ ਜੀ ਦਾ, ਸਭ ਤੋਂ ਉੱਤੇ ਸੀ ਕੀਤਾ ਪ੍ਰਕਾਸ਼ ਓਨ੍ਹਾਂ ।
ਸ਼ਬਦ ਗ਼ੁਰੂ ਤੇ ਸਿੱਖੀ ਸਿਧਾਂਤ ਉੱਤੇ, ਪੂਰਾ ਰੱਖਿਆ ਸਿਦਕ ਵਿਸ਼ਵਾਸ ਓਨ੍ਹਾਂ।
ਸੋਨਾ ਚਾੜਿਆ ਪਾਵਨ ਦਰਬਾਰ ਉੱਤੇ, ਗ਼ੁਰੂ ਪੰਥ ਵਾਲੇ ਬਣਕੇ ਦਾਸ ਓਨ੍ਹਾਂ।
ਸਮੇਂ ਸਮੇਂ ਤੇ ਜਦੋਂ ਵੀ ਪਈ ਬਿਪਤਾ, ਗ਼ੁਰੂ ਚਰਨਾਂ ’ਚ ਕੀਤੀ ਅਰਦਾਸ ਓਨ੍ਹਾਂ।

ਜਦੋਂ ਅਟਕ ਦਰਿਆ ਅਟਕਾਉਣ ਲੱਗ਼ਾ, ਅੱਗ਼ੋਂ ਅਟਕ ਅਟਕਾਇਆ ਰਣਜੀਤ ਸਿੰਘ ਨੇ।
ਸ਼ੂਕਾਂ ਮਾਰਦੇ ਅਟਕ ਦਰਿਆ ਅੰਦਰ, ਜਦੋਂ ਘੋੜਾ ਠਿਲਾਇਆ ਰਣਜੀਤ ਸਿੰਘ ਨੇ।
ਠਿਲ ਪਈ ਫਿਰ ਨਾਲ ਹੀ ਸਿੱਖ ਸੈਨਾ, ਜਦ ਜੈਕਾਰਾ ਗ਼ਜਾਇਆ ਰਣਜੀਤ ਸਿੰਘ ਨੇ।
ਜਾ ਕੇ ਦੁਸ਼ਮਣ ਦੀ ਫੌਜ ਦੀ ਹਿੱਕ ਉਤੇ, ਕੌਮੀ ਝੰਡਾ ਝੁਲਾਇਆ ਰਣਜੀਤ ਸਿੰਘ ਨੇ।

ਗ਼ੁਰੂ ਨਾਨਕ ਤੇ ਗ਼ੁਰੂ ਗ਼ੋਬਿੰਦ ਸਿੰਘ ਦੇ, ਨਾਂ ਦਾ ਸਿੱਕਾ ਚਲਾਇਆ ਰਣਜੀਤ ਸਿੰਘ ਨੇ।
ਫੂਲਾ ਸਿੰਘ ਤੋਂ ਕੋਰੜੇ ਖਾਣ ਲੱਗ਼ਿਆਂ, ਮੱਥੇ ਵੱਟ ਨਾ ਪਾਇਆ ਰਣਜੀਤ ਸਿੰਘ ਨੇ।
ਕੀ ਮਜਾਲ ਹੈ ਕਿਸੇ ਗ਼ਰੀਬੜੇ ਦਾ, ਹੋਵੇ ਦਿਲ ਦੁਖਾਇਆ ਰਣਜੀਤ ਸਿੰਘ ਨੇ।
ਇੱਕੋ ਘਾਟ ਤੇ ਸ਼ੀਹ ਤੇ ਬੱਕਰੀ ਨੂੰ, ’ਕੱਠਾ ਪਾਣੀ ਪਿਲਾਇਆ ਰਣਜੀਤ ਸਿੰਘ ਨੇ।

ਰਹਿਣੇ ਸਦਾ ਇਤਿਹਾਸ ਦੇ ਪੰਨਿਆਂ ਤੇ, ਕੀਤੇ ਕੰਮ ਸਨ ਜਿਹੜੇ ਮਹਾਨ ਉਸ ਨੇ।
ਸਿੱਖ ਹੁੰਦਿਆਂ ਧਰਮ ਨਿਰਪੱਖ ਰਹਿਕੇ, ਸਾਰੇ ਧਰਮਾਂ ਦਾ ਕੀਤਾ ਸਨਮਾਨ ਉਸ ਨੇ।
ਮੰਦਰਾਂ, ਮਸਜਿਦਾਂ ਤੇ ਗ਼ੁਰਦੁਆਰਿਆਂ ਲਈ, ਖੁੱਲ੍ਹੇ ਦਿਲ ਨਾਲ ਦਿੱਤਾ ਸੀ ਦਾਨ ਉਸ ਨੇ।
ਇਕੋ ਲੜੀ ਦੇ ਵਿੱਚ ਪਰੋ ਦਿੱਤੇ, ਹਿੰਦੂ ਸਿੱਖ ‘ਜਾਚਕ’ ਮੁਸਲਮਾਨ ਉਸ ਨੇ।

ਡਾ. ਹਰੀ ਸਿੰਘ ਜਾਚਕ
#277, ਮਾਡਲ ਗ੍ਰਾਮ, ਲੁਧਿਆਣਾ
09872205910, 09988321245
Website : www.drharisinghjachak.com
Email : drharisinghjachak@gmail.com

Leave a Reply

Your email address will not be published. Required fields are marked *

%d bloggers like this: