Mon. May 20th, 2019

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਜਥਾ ਪਾਕਿ ਪੁੱਜਿਆ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਜਥਾ ਪਾਕਿ ਪੁੱਜਿਆ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਮਨਾਉਣ ਅਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤ ਤੋਂ 266 ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ (ਧਰਮ ਪ੍ਰਚਾਰ ਕਮੇਟੀ) ਬਲਵਿੰਦਰ ਸਿੰਘ ਜੌੜਾਸਿੰਘਾ ਦੀ ਅਗਵਾਈ ਹੇਠ ਅੱਜ ਰੇਲਵੇ ਸਟੇਸ਼ਨ ਅਟਾਰੀ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਬਾਅਦ ਦੁਪਹਿਰ ਪਾਕਿਸਤਾਨ ਲਈ ਰਵਾਨਾ ਹੋਇਆ।
ਰੇਲਵੇ ਸਟੇਸ਼ਨ ਅਟਾਰੀ ਤੋਂ ਪਾਕਿਸਤਾਨ ਲਈ ਰਵਾਨਾ ਹੋਏ ਸਿੱਖ ਜਥੇ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲੜਾ ਮਿਸ਼ਨ ਕਮੇਟੀ ਤੇ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਦੇ ਸ਼ਰਧਾਲੂਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਡਿਪਟੀ ਪਾਰਟੀ ਲੀਡਰ ਵਰਿੰਦਰ ਸਿੰਘ ਠਰੂ, ਖਾਲੜਾ ਮਿਸ਼ਨ ਕਮੇਟੀ ਦੇ ਪਾਰਟੀ ਲੀਡਰ ਦਰਸ਼ਨ ਸਿੰਘ ਰੌਸ਼ਨਵਾਲਾ, ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪਾਰਟੀ ਲੀਡਰ ਗੁਰਮੁੱਖ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਰਟੀ ਲੀਡਰ ਜਗਮੋਹਨ ਸਿੰਘ ਤੋਂ ਇਲਾਵਾ ਹਜ਼ੂਰੀ ਰਾਗੀ ਜਥਾ  ਦਰਬਾਰ ਸਾਹਿਬ ਆਦਿ ਸ਼ਾਮਲ ਸਨ। ਜਥੇ ਦੇ ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਅਟਾਰੀ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਪਾਰਟੀ ਲੀਡਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਲਾਹੌਰ ਵਿਖੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਅਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ 10 ਦਿਨਾਂ ਦੀ ਯਾਤਰਾ ਲਈ ਪਾਕਿਸਤਾਨ ਜਾ ਰਿਹਾ ਹੈ।

ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਸਬੰਧੀ ਪ੍ਰੋਗਰਾਮ ਬਾਰੇ ਉਨ੍ਹਾਂ ਦੱਸਿਆ ਕਿ ਭਾਰਤੀ ਸਿੱਖ ਜਥਾ ਅੱਜ ਪਾਕਿਸਤਾਨ ਦੇ ਰੇਲਵੇ ਸਟੇਸ਼ਨ ਵਾਹਗਾ ਤੋਂ ਲਾਹੌਰ ਰਸਤੇ ਹੁੰਦਾ ਹੋਇਆ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਰਾਵਲਪਿੰਡੀ ਪੁੱਜੇਗਾ। ਇਸ ਮਗਰੋਂ ਜਥਾ 23 ਜੂਨ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਉੱਥੋਂ ਦੇ ਸਥਾਨਕ ਗੁਰਦੁਆਰਿਆਂ ਤੇ ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ) ਦੇ ਦਰਸ਼ਨ ਕਰਕੇ 26 ਜੂਨ ਨੂੰ ਜਥਾ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਪੁੱਜੇਗਾ।  ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਉਨ੍ਹਾਂ ਦੀ ਸਮਾਧ ਵਿਖੇ 27 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 28 ਜੂਨ ਨੂੰ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ (ਨਾਰੋਵਾਲ) ਅਤੇ ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ) ਦੇ ਦਰਸ਼ਨ ਕਰਨ ਮਗਰੋਂ ਵਾਪਸ ਲਾਹੌਰ ਆਵੇਗਾ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪੈਣਗੇ। ਉਨ੍ਹਾਂ ਦੱਸਿਆ ਕਿ ਬਰਸੀ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਹੋਵੇਗਾ। ਸ੍ਰੀ ਜੌੜਾਸਿੰਘਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੇ ਪੱਧਰ ’ਤੇ ਹੋਣ ਵਾਲੇ  ਸਮਾਗਮਾਂ ਦੀ ਰੂਪ-ਰੇਖਾ ਸਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਔਕਾਫ਼ ਬੋਰਡ ਅਤੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਸਿੱਖ ਜਥਾ 10 ਦਿਨਾਂ ਦੀ ਯਾਤਰਾ ਮਗਰੋਂ 30 ਜੂਨ ਨੂੰ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਵਤਨ ਪਰਤੇਗਾ। ਇਸ ਮੌਕੇ ਖਾਲੜਾ ਮਿਸ਼ਨ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਝਬਾਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: