ਮਹਾਰਾਜਾ ਰਣਜੀਤ ਸਿੰਘ ਅਵਾਰਡੀ : ਮਹਾਂ ਸਿੰਘ (ਭਾਰਤੀ ਐਥਲੀਟ)

ss1

ਮਹਾਰਾਜਾ ਰਣਜੀਤ ਸਿੰਘ ਅਵਾਰਡੀ : ਮਹਾਂ ਸਿੰਘ (ਭਾਰਤੀ ਐਥਲੀਟ)

ਪੰਜਾਬੀਆਂ ਨੇ ਵੱਖੋ ਵੱਖਰੇ ਖੇਤਰਾਂ ਵਿੱਚ ਆਪਣੀ ਦ੍ਰਿੜ ਇੱਛਾ ਸ਼ਕਤੀ ਅਤੇ ਸਖ਼ਤ ਮਿਹਨਤ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ, ਅਜਿਹੇ ਹੀ ਪੰਜਾਬ ਦੇ ਸਿਦਕੀ ਪੁੱਤਰ ਹਨ ਭਾਰਤੀ ਐਥਲੀਟ ਮਹਾਂ ਸਿੰਘ, ਜਿਨਾਂ ਨੇ ਰਾਸ਼ਟਰੀ-ਅੰਤਰ ਰਾਸ਼ਟਰੀ ਪੱਧਰ ਤੇ ਖੇਡ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜ਼ਿਲੇ ਸੰਗਰੂਰ ਦੇ ਸੁਨਾਮ ਲਾਗੇ ਵਸੇ ਪਿੰਡ ਚੱਠੇ ਨਕਟੇ ਵਿੱਖੇ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ 4 ਮਾਰਚ 1981 ਨੂੰ ਮਾਤਾ ਸਰਦਾਰਨੀ ਸੁਖਪਾਲ ਕੌਰ ਅਤੇ ਪਿਤਾ ਸ੍ਰ. ਮਨਿੰਦਰ ਸਿੰਘ ਚੱਠਾ ਦੇ ਘਰ ਜਨਮੇ ਮਹਾਂ ਸਿੰਘ ਨੂੰ ਖੇਡਾਂ ਦੀ ਗੁੜਤੀ ਪਿੰਡ ਦੇ ਹੀ ਕੋਚ ਸ੍ਰ. ਜੋਗਿੰਦਰ ਸਿੰਘ ਗਿੱਲ ਤੋਂ ਮਿਲੀ ਜਿੰਨਾ ਦੀ ਦੇਖਰੇਖ ਅਤੇ ਯੋਗ ਅਗਵਾਈ ਸਦਕਾ ਮਹਾਂ ਸਿੰਘ ਨੇ ਹਾਸ਼ੀਏ ਤੇ ਪਏ ਪਿੰਡ ਤੋਂ ਨਿਕਲ ਕੇ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ਤੇ ਅਪਣਾ, ਆਪਣੇ ਪਿੰਡ ਅਤੇ ਦੇਸ ਦਾ ਨਾਮ ਚਮਕਾਇਆ।
ਗ੍ਰੈਜੂਏਟ ਮਹਾਂ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਅਗਲੇਰੀ ਪੜਾਈ ਸੁਨਾਮ ਤੋਂ ਪ੍ਰਾਪਤ ਕੀਤੀ। ਸਕੂਲ ਪੜਦਿਆਂ ਹੀ ਉਹਨਾਂ ਨੇ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਵੱਖੋ ਵੱਖਰੇ ਮੁਕਾਬਲਿਆਂ ਵਿੱਚ ਮੈਡਲ ਪ੍ਰਾਪਤ ਕਰਨ ਲੱਗੇ। ਕਾਲੀਕੱਟ ਵਿਖੇ 2001 ਵਿੱਚ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕ ਮੀਟ ਦੌਰਾਨ ਲੰਮੀ ਛਾਲ ਅਤੇ ਟ੍ਰਿਪਲ ਜੰਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਕ੍ਰਮਵਾਰ ਗੋਲਡ ਅਤੇ ਬ੍ਰਾਊਂਜ਼ ਮੈਡਲ ਪਾਇਆ। ਇਹ ਉਹਨਾਂ ਦੀ ਅਣਥੱਕ ਮਿਹਨਤ ਹੀ ਸੀ ਜੋ ਉਹਨਾਂ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਈ ਅਤੇ ਇੱਕ ਦਿਨ ਭਾਰਤ ਨੂੰ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਪ੍ਰਤੀਨਿਧਤਿਵ ਕਰਨ ਦਾ ਮੌਕਾ ਮਿਲਿਆ।
ਤਕਰੀਬਨ 12 ਸਾਲ ਉਹ ਐੱਨ.ਆਈ.ਐੱਸ. (ਨੈਸ਼ਨਲ ਇੰਸਟੀਚਿਊਟ ਆੱਫ ਸਪੋਰਟਸ), ਪਟਿਆਲਾ ਵਿਖੇ ਰਹੇ ਅਤੇ ਰਾਸ਼ਟਰੀ ਅੰਤਰਰਾਸ਼ਟਰੀ ਕੋਚਾਂ ਦੀ ਨਿਗਰਾਨੀ ਹੇਠ ਆਪਣੀ ਮਿਹਨਤ ਕਰਦੇ ਰਹੇ। ਅੰਤਰ ਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਭਾਰਤ ਦਾ ਪ੍ਰਤੀਨਿਧਤਵ ਕਰਦੇ ਹੋਏ 7 ਗੋਲਡ, 3 ਸਿਲਵਰ ਅਤੇ ਇੱਕ ਬ੍ਰਾਊਂਜ਼ ਮੈਡਲ ਭਾਰਤੀ ਤਿਰੰਗੇ ਲਈ ਜਿੱਤਿਆ, ਜਿਨਾਂ ਵਿੱਚ 2004 ਵਿੱਚ ਇਸਲਾਮਾਬਾਦ (ਪਾਕਿਸਤਾਨ) ਵਿਖੇ ਹੋਈਆਂ 9ਵੀਆਂ ਸੈਫ ਖੇਡਾਂ ਵਿੱਚ ਗੋਲਡ ਮੈਡਲ ਵਰਣਨਯੋਗ ਹੈ। ਵੱਖੋ ਵੱਖਰੀਆਂ ਅੰਤਰ ਰਾਸ਼ਟਰੀ ਪ੍ਰਤੀਯੋਗਤਾਵਾਂ ਦੇ ਨਾਲ ਨਾਲ ਉਹਨਾਂ ਨੇ 2010 ਵਿੱਚ ਦਿੱਲੀ ਵਿਖੇ 17ਵੀਆਂ ਕਾੱਮਨਵੈਲਥ ਖੇਡਾਂ ਅਤੇ ਚੀਨ ਵਿੱਚ ਹੋਈਆਂ 16ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਲੰਬੀ ਛਾਲ ਵਿੱਚ ਪ੍ਰਤੀਨਿਧਤਿਵ ਕੀਤਾ।
ਮਹਾਂ ਸਿੰਘ ਵਿਆਹ ਦੇ ਬੰਧਨ ਵਿੱਚ 12 ਦਸੰਬਰ 2010 ਵਿੱਚ ਸਰਦਾਰਨੀ ਗਗਨਦੀਪ ਕੌਰ ਨਾਲ ਬੱਝੇ ਅਤੇ ਉਹਨਾਂ ਦੇ ਘਰ ਅਮਰਿਸ਼ਦੀਪ ਕੌਰ ਅਤੇ ਅਵਨੀਸ਼ ਕੌਰ ਦੋ ਪੁੱਤਰੀਆਂ ਵਿਹੜੇ ਦੀ ਰੌਣਕ ਬਣੀਆਂ।
ਐਥਲੈਟਿਕਸ ਦੇ ਰਾਸ਼ਟਰੀ ਮੁਕਾਬਲਿਆਂ ਵਿੱਚ ਪੰਜਾਬ ਵੱਲੋਂ ਸਮੇਂ ਸਮੇਂ ਤੇ ਖੇਡਦੇ ਹੋਇਆਂ ਲੰਮੀ ਛਾਲ ਵਿੱਚ 8 ਗੋਲਡ, 4 ਸਿਲਵਰ ਅਤੇ 3 ਬ੍ਰਾਊਂਜ਼ ਮੈਡਲ ਜਿੱਤੇ। ਉਹਨਾਂ ਦੀ ਮੈਡਲ ਜਿੱਤਣ ਦੀ ਰਫ਼ਤਾਰ ਨੂੰ ਦੇਖਦੇ ਹੋਏ ਹੋਰ ਸੂਬਿਆਂ ਵੱਲੋਂ ਵੀ ਭਾਰੀ ਆਰਥਿਕ ਸਪਾਂਸਰਸ਼ਿਪ ਅਤੇ ਖੇਡਣ ਦੇ ਪ੍ਰਸਤਾਵ ਮਿਲੇ, ਪਰ ਇਹ ਉਹਨਾਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਲਗਾਵ ਸੀ ਕਿ ਉਹਨਾਂ ਨੇ ਉਹ ਆਫਰ ਠੁਕਰਾ ਦਿੱਤੇ।
ਮਹਾਂ ਸਿੰਘ ਨੇ 2002 ਵਿੱਚ ਭਾਰਤੀ ਰੇਲਵੇ ਨੂੰ ਜੁਆਇਨ ਕੀਤਾ। ਰੇਲਵੇ ਵਿੱਚ ਸਪੋਰਟਸ ਕੋਟੇ ਵਿੱਚ ਨੌਕਰੀ ਕਰਦੇ ਹੋਣ ਕਾਰਨ ਸਮੇਂ ਸਮੇਂ ਤੇ ਵੱਖੋ ਵੱਖਰੀਆਂ ਪ੍ਰਤੀਯੋਗਤਾਵਾਂ ਦੌਰਾਨ ਉੱਤਰ ਰੇਲਵੇ, ਰੇਲਵੇ ਅਤੇ ਭਾਰਤੀ ਰੇਲਵੇ ਤਰਫ਼ੋ ਹਿੱਸਾ ਲੈਂਦਿਆਂ ਸੰਬੰਧਤ ਵਿਭਾਗ ਦੀ ਝੋਲੀ ਅਨੇਕਾਂ ਮੈਡਲ ਪਾਏ ਜਿਨਾਂ ਵਿੱਚ ਚੈੱਕ ਰਿਪਬਲਿਕ ਵਿਖੇ 2005 ਵਿੱਚ ਹੋਏ ਯੂ.ਐੱਸ.ਆਈ.ਸੀ. ਵਰਲਡ ਰੇਲਵੇ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਲੰਬੀ ਛਾਲ ਅਤੇ 4&100 ਮੀਟਰ ਵਿੱਚ ਭਾਰਤੀ ਰੇਲਵੇ ਲਈ ਗੋਲਡ ਮੈਡਲ ਜਿੱਤਣਾ ਵਰਣਨਯੋਗ ਹੈ।
ਸਿੰਘਾਪੁਰ ਵਿਖੇ 2005 ਵਿੱਚ ਹੋਏ ਏਸ਼ੀਅਨ ਐਥਲੈਟਿਕ ਗ੍ਰੈਂਡ ਪਰਿਕਸ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤਦੇ ਹੋਏ ਆਪਣੇ ਕਰੀਅਰ ਦੀ ਬੈਸਟ ਲੰਬੀ ਛਾਲ 7.99 ਮੀਟਰ ਲਗਾਈ। ਲੰਬੇ ਸਮੇਂ ਤੋਂ ਵੱਖੋ ਵੱਖਰੇ ਪੇਂਡੂ ਖੇਡ ਮੇਲਿਆਂ ਅਤੇ ਪ੍ਰਸ਼ਾਸਨਿਕ ਸਮਾਗਮਾਂ ਵਿੱਚ ਉਹਨਾਂ ਦਾ ਮਾਣ ਸਨਮਾਣ ਹੁੰਦਾ ਆ ਰਿਹਾ ਹੈ। ਮਨੀਲਾ (ਫਿਲਪਾਇਨ) ਵਿਖੇ 2003 ਵਿੱਚ ਹੋਏ ਏਸ਼ੀਅਨ ਗ੍ਰੈਂਡ ਪਰਿਕਸ ਨਾਲ ਸੰਬੰਧਤ ਅੰਤਰ ਰਾਸ਼ਟਰੀ ਮੈਗਜ਼ੀਨ “ਨਿਊਜ਼ਵੀਕ“ ਦੇ ਸਪੈਸ਼ਲ ਅੰਕ ਦੇ ਕਵਰ ਪੇਜ ਤੇ ਛਪਣ ਦਾ ਮਾਣ ਵੀ ਮਹਾਂ ਸਿੰਘ ਨੂੰ ਪ੍ਰਾਪਤ ਹੋਇਆ। ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਸਰਵਉੱਚ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਹਾਂ ਸਿੰਘ ਨੂੰ ਐਥਲੈਟਿਕਸ ਵਿੱਚ 2005 ਦੇ ਲਈ 2013 ਵਿੱਚ ਹੋਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੇ ਪ੍ਰਦਾਨ ਕੀਤਾ।
ਖੇਡਾਂ ਨਾਲ ਜੁੜੇ ਕਿਸੇ ਅਪਵਾਦ ਤੋਂ ਕੋਹਾਂ ਦੂਰ ਰਿਹਾ ਮਹਾਂ ਸਿੰਘ ਦਾ ਕਰੀਅਰ ਬੱਚਿਆਂ ਅਤੇ ਖਿਡਾਰੀਆਂ ਲਈ ਪ੍ਰੇਰਣਾਸ੍ਰੋਤ ਹੈ ਜੋ ਆਪਣੇ ਮੰਤਵ ਲਈ ਦ੍ਰਿੜ ਮਿਹਨਤ ਕਰਨ ਲਈ ਜਾਨੂੰਨ ਭਰਦਾ ਹੈ। ਇਹ ਮਹਾਂ ਸਿੰਘ ਦਾ ਮੈਦਾਨ ਪ੍ਰਤੀ ਲਗਾਵ ਹੀ ਹੈ ਕਿ ਉਹ ਲੋੜਵੰਦ ਨਵੇਂ ਖਿਡਾਰੀਆਂ ਦੀ ਸਹਾਇਤਾ ਅਤੇ ਯੋਗ ਅਗਵਾਈ ਕਰਦੇ ਆ ਰਹੇ ਹਨ। ਖੇਡ ਅਤੇ ਖਿਡਾਰੀ ਨਾਲ ਜੁੜੇ ਸਵਾਲਾਂ ਦੇ ਉੱਤਰਾਂ ਦੀ ਭਾਲ ਵਿੱਚ ਸਮੇਂ ਸਮੇਂ ਤੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਉਹਨਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਅਤੇ ਆਪਣੇ ਸਵਾਲਾਂ ਦੀ ਤ੍ਰਿਪਤੀ ਕਰਦੇ ਹਨ।
ਮਹਾਂ ਸਿੰਘ ਵਾਂਗ ਦੇਸ਼ ਅੰਦਰ ਬਹੁਤੇ ਖਿਡਾਰੀ ਤਿਰੰਗੇ ਲਈ ਖੇਡਣ ਦਾ ਸੁਪਨਾ ਸੰਜੋਈ ਮੈਦਾਨਾਂ ਵਿੱਚ ਪਸੀਨਾ ਵਹਾ ਰਹੇ ਹਨ। ਇਹ ਕੋਈ ਅੱਤਕੱਥਨੀ ਨਹੀਂ ਕਿ ਸਾਡੇ ਦੇਸ਼ ਵਿੱਚ ਕਾਬਲੀਅਤ ਦੀ ਕੋਈ ਘਾਟ ਨਹੀਂ, ਬੱਸ ਲੋੜ ਹੈ ਖਿਡਾਰੀਆਂ ਨੂੰ ਸਮੇਂ ਰਹਿੰਦੇ ਚੰਗੀ ਸੇਧ ਅਤੇ ਯੋਗ ਸਹੂਲਤਾਂ ਦੀ ਤਾਂ ਜੋ ਉਹਨਾਂ ਦਾ ਮੈਦਾਨ ਵਿੱਚ ਵਹਾਇਆ ਪਸੀਨਾ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲਾਂ ਚ ਤਬਦੀਲ ਹੋ ਸਕੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰਬਰ : 92560-66000

Share Button

Leave a Reply

Your email address will not be published. Required fields are marked *