ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੀ ਯਾਦਗਾਰ ਬਣਾਉਣ ਦੀ ਪ੍ਰਵਾਨਗੀ

ss1

ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੀ ਯਾਦਗਾਰ ਬਣਾਉਣ ਦੀ ਪ੍ਰਵਾਨਗੀ

ਚੰਡੀਗੜ੍ਹ, 23 ਮਈ (ਪ੍ਰਿੰਸ): ਲਾਮਿਸਾਲ ਕੁਰਬਾਨੀਆਂ ਨਾਲ ਲਬਰੇਜ਼ ਸਿੱਖ ਪੰਥ ਦੇ ਮਹਾਨ ਵਿਰਸੇ ਦੇ ਪਾਸਾਰ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੀ ਯਾਦ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਬਾਰਨ ਵਿਖੇ 10.50 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਦਾ ਨਿਰਮਾਣ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਸ. ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਪ੍ਰਬੰਧਕੀ ਕਮੇਟੀ ਨੂੰ ਇਸ ਪ੍ਰਾਜੈਕਟ ਵਿੱਚ ਤੇਜ਼ੀ ਲਿਆਉਣ ਲਈ ਆਖਿਆ। ਉਨ੍ਹਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਲਈ ਲਾਏ ਗਏ ਅਨੁਮਾਨ ਦੀ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਜਨਰਲ (ਸੇਵਾ-ਮੁਕਤ) ਬੀ.ਐਸ. ਧਾਲੀਵਾਲ ਪਾਸੋਂ ਤਸਦੀਕ ਕਰਵਾਈ ਜਾਵੇ ਤਾਂ ਕਿ ਇਸ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾ ਸਕੇ।
ਇਸ ਵੱਕਾਰੀ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ. ਸੇਖਵਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਯਾਦਗਾਰ ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੀ ਯਾਦ ਵਿੱਚ ਉਸਾਰੀ ਜਾਵੇਗੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਵਿੱਚ ਲਾਮਿਸਾਲ ਕੁਰਬਾਨੀਆਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਸ. ਸੇਖਵਾਂ ਨੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੇ ਜੀਵਨ ‘ਤੇ ਸੰਕਲਪ ਪੇਪਰ ਵੀ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਕਿ ਸਾਲ 1753 ਵਿੱਚ ਉਸ ਵੇਲੇ ਦੀ ਜ਼ਾਲਮ ਮੁਗਲ ਹਕੂਮਤ ਨੇ ਬਾਬਾ ਜੀ ਦੀ ਧਰਮ ਪਤਨੀ ਸਰਦਾਰਨੀ ਧੰਨ ਕੌਰ, ਦੋ ਪੁੱਤਰ ਕੜਾਕਾ ਸਿੰਘ ਅਤੇ ਖੜਕ ਸਿੰਘ ਅਤੇ ਛੋਟੀ ਨੂੰਹ ਅਮਰ ਕੌਰ ਨੂੰ ਸ਼ਹੀਦ ਕਰ ਦਿੱਤਾ ਜਦਕਿ ਬਾਬਾ ਜੀ ਨੂੰ ਦਰੱਖਤ ਨਾਲ ਪੁੱਠਾ ਲਟਕਾ ਕੇ ਪੈਰਾਂ ਦੇ ਅੰਗੂਠਿਆਂ, ਉਂਗਲੀ ਤੋਂ ਲੈ ਕੇ ਸਿਰ ਤੱਕ ਪੁੱਠੀ ਖੱਲ ਲਾਹ ਦਿੱਤੀ ਅਤੇ ਸ਼ਹੀਦ ਕਰ ਦਿੱਤਾ ਗਿਆ। ਕਿਵੇਂ ਨਾ ਕਿਵੇਂ ਬਾਬਾ ਜੀ ਦੇ ਪੁੱਤਰ ਕੜਾਕਾ ਸਿੰਘ ਦੀ ਗਰਭਵਤੀ ਪਤਨੀ ਬਚ ਕੇ ਅੰਬਾਲਾ ਪਹੁੰਚ ਗਈ ਜਿੱਥੇ ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਜੈ ਸਿੰਘ ਖਲਕੱਟ ਦੀ ਅਦੁੱਤੀ ਸ਼ਹਾਦਤ ਅਤੇ ਉਨ੍ਹਾਂ ਦੇ ਸਾਰੇ ਪਰਾਵਰ ਦੀ ਕੁਰਬਾਨੀ ਸਿੱਖ ਕੌਮ ਤੇ ਖਾਸ ਕਰਕੇ ਨੌਜਵਾਨ ਪੀੜ੍ਹੀਆਂ ਲਈ ਸਦੀਵੀ ਤੌਰ ‘ਤੇ ਪ੍ਰੇਰਨਾ ਸਰੋਤ ਬਣੀ ਰਹੇਗੀ।
ਰੌਂਗਟੇ ਖੜ੍ਹੇ ਕਰਨ ਵਾਲੇ ਇਸ ਦੁਖਾਂਤ ਤੋਂ ਭਾਵੁਕ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਚੱਪਾ-ਚੱਪਾ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਜਿਨ੍ਹਾਂ ਨੇ ਮਹਾਨ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਧਾਰਮਿਕ ਵਿਸ਼ਵਾਸ ਤੇ ਬੁਲੰਦ ਵਿਚਾਰਾਂ ਨਾਲ ਸਮਝੌਤਾ ਕਰਨ ਦੀ ਬਜਾਏ ਸ਼ਹੀਦ ਹੋਣ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਨੂੰ ਅਜਿਹੇ ਹੋਰ ਸ਼ਹੀਦਾਂ ਤੇ ਨਾਇਕਾਂ ਦਾ ਪਤਾ ਲਾਉਣ ਲਈ ਖੋਜ ਕੀਤੀ ਜਾਵੇ ਜੋ ਅਜੇ ਵੀ ਤਾਰੀਖ਼ ਵਿੱਚ ਅੰਕਿਤ ਨਹੀਂ ਹਨ।
ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ ਕਿ ਪਿੰਡ ਬਾਰਨ ਤੇ ਨਵਾਂ ਬਾਰਨ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਕਿਉਂ ਜੋ ਇਹ ਉੱਦਮ ਸਹੀ ਮਾਅਨਿਆਂ ਵਿੱਚ ਬਾਬਾ ਜੀ ਦੀ ਮਹਾਨ ਕੁਰਬਾਨੀ ਪ੍ਰਤੀ ਸੱਚੀ ਸ਼ਰਧਾਂਜਲੀ ਹੋਣਗੇ।
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਕ ਕਮੇਟੀ ਦਾ ਗਠਨ ਪਹਿਲਾਂ ਹੀ ਕੀਤਾ ਹੋਇਆ ਹੈ ਜਿਸ ਵਿੱਚ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਪਰਸਨ ਸ. ਸੇਵਾ ਸਿੰਘ ਸੇਖਵਾਂ ਚੇਅਰਮੈਨ, ਡਿਪਟੀ ਕਮਿਸ਼ਨਰ ਪਟਿਆਲਾ ਉਪ ਚੇਅਰਮੈਨ, ਏ.ਡੀ.ਸੀ. (ਜਨਰਲ) ਪਟਿਆਲਾ ਨੋਡਲ ਅਫਸਰ ਬਣਾਏ ਗਏ ਹਨ। ਦੋਵੇਂ ਪਿੰਡਾਂ ਦੇ ਸਰਪੰਚ ਅਤੇ ਬਾਰਨ ਦੇ ਗੁਰਦੁਆਰਾ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਇਸ ਦੇ ਮੈਂਬਰ ਹਨ।
ਇਸ ਮੌਕੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਪਰਸਨ ਸ. ਸੇਵਾ ਸਿੰਘ ਸੇਖਵਾਂ, ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਸ੍ਰੀ ਦੀਪਇੰਦਰ ਸਿੰਘ, ਡਾਇਰੈਕਟਰ ਸੱਭਿਆਚਾਰਕ ਮਾਮਲੇ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਰਾਮਵੀਰ ਸਿੰਘ ਹਾਜ਼ਰ ਸਨ ਤੋਂ ਇਲਾਵਾ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।

Share Button