Mon. Oct 14th, 2019

ਮਹਾਨ ਕ੍ਰਾਂਤੀਕਾਰੀ, ਇਨਕਲਾਬੀ ਅਤੇ ਸਮਾਜਵਾਦੀ -ਸ਼ਹੀਦ ਭਗਤ ਸਿੰਘ

ਮਹਾਨ ਕ੍ਰਾਂਤੀਕਾਰੀ, ਇਨਕਲਾਬੀ ਅਤੇ ਸਮਾਜਵਾਦੀ -ਸ਼ਹੀਦ ਭਗਤ ਸਿੰਘ
(23 ਮਾਰਚ ਤੇ ਵਿਸ਼ੇਸ਼)

ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ, ਸੰਤਾਂ, ਅਣਖੀਲੇ ਯੋਧਿਆਂ, ਬਹਾਦਰਾਂ, ਸੂਰਬੀਰਾਂ, ਸਿਰਲੱਥ ਸੂਰਮਿਆਂ, ਕੁਰਬਾਨੀਆਂ ਦੀ ਉੱਪਜ ਵਜੋਂ ਜਾਣਿਆ ਜਾਂਦਾ ਹੈ।ਜਦੋਂ ਵੀ ਦੇਸ਼ ਜਾਂ ਕੌਮ ਤੇ ਕੋਈ ਆਫਤ ਜਾਂ ਭੀੜ ਪਈ ਹੈ ਤਾਂ ਪੰਜਾਬੀ ਮਾਂ ਦੇ ਅਣਖੀਲੇ ਸੂਰਮੇ, ਯੋਧੇ ਅਤੇ ਮਹਾਨ ਸਪੂਤਾਂ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਅੱਗੇ ਹੋਕੇ ਜ਼ੁਲਮ ਅਤੇ ਜ਼ਾਲਮ ਨਾਲ ਟੱਕਰ ਲਈ ਹੈ ਅਤੇ ਜ਼ਾਲਮਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ।ਇਸੇ ਗੱਲ ਦੀ ਸ਼ਾਹਦੀ ਇਹ ਗੀਤ ਦੀਆਂ ਸਤਰਾਂ ਭਰਦੀਆਂ ਹਨ:-
“ਧਰਤੀ ਪੰਜਾਬੀ ਜੰਮਦੀ ਹੈ ਸੂਰਮੇ,
ਹੁੰਦੇ ਨੇ ਜਵਾਨ ਖਾ ਖਾ ਕੇ ਚੂਰਮੇ,
ਗਾਨਾ ਬੰਨ ਮਾਵਾਂ ਹੱਥੀਂ ਆਪ ਤੋਰਦੀਆਂ
ਨੇ ਦਲੇਰ ਬੜੀਆਂ,
ਪੰਜਾਬ ਵਿੱਚ ਜੰਮਿਆਂ ਨੂੰ ਨਿੱਤ ਰਹਿੰਦੀਆਂ
ਨੇ ਮੁਹਿੰਮਾਂ ਖੜ੍ਹੀਆਂ…”
ਕਲਗੀਧਰ ਦੇ ਇਹਨਾਂ ਇਹਨਾਂ ਸੂਰਮਿਆਂ ਨੇ ਹਮੇਸ਼ਾ ਅਣਖ ਨਾਲ ਜੀਣ ਦੀ ਜਾਚ ਸਿੱਖੀ ਹੈ।ਗੁਰੂ ਸਾਹਿਬ ਅਨੁਸਾਰ ਜ਼ੁਲਮ ਸਹਿਣਾ ਤੇ ਜ਼ੁਲਮ ਕਰਨਾ ਦੋਨੋਂ ਪਾਪ ਹਨ।ਪੰਜਾਬੀਆਂ
ਨੂੰ ਗੁੜਤੀ ਹੀ ਕੁਰਬਾਨੀਆਂ ਦੀ ਮਿਲਦੀ ਹੈ।ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਕੁਰਬਾਨੀਆਂ ਦੇ ਖੂਨ ਨਾਲ ਇਹਨਾਂ ਦਾ ਨਾਂ ਮੂਹਰਲੀਆਂ ਸਫਾਂ ਚ ਅੰਕਿਤ ਹੈ।ਇਹ ਕੁਰਬਾਨੀਆਂ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ,ਚਾਹੇ ਉਹ ਧਰਮ ਯੁੱਧ ਮੋਰਚਾ ਹੋਵੇ, ਹੱਕ ਸੱਚ ਦੀ ਲੜਾਈ ਹੋਵੇ ਜਾਂ ਸੁਤੰਤਰਤਾ ਪ੍ਰਾਪਤੀ ਦਾ ਘੋਲ।ਜਦੋਂ ਭਾਰਤ ਮਾਂ ਦੇ ਪੈਰਾਂ ਚੋਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਕੁਰਬਾਨੀਆਂ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਸਪੂਤ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਸਾਹਮਣੇ ਆ ਜਾਂਦਾ ਹੈ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਸ ਮਹਾਨ ਸਪੂਤ ਅਤੇ ਕੌਮੀ ਸ਼ਹੀਦ ਦਾ ਜਨਮ ਪਿਤਾ ਸ੍ਰ.ਕਿਸ਼ਨ ਸਿੰਘ ਦੇ ਵਿਹੜੇ ਅਤੇ ਮਾਤਾ ਸ੍ਰੀਮਤੀ ਵਿੱਦਿਆਵਤੀ ਦੀ ਕੁੱਖੋਂ ਇੱਕ ਆਜ਼ਾਦੀ ਘੁਲਾਟੀਏ ਪਰਿਵਾਰ ਚ 28 ਸਤੰਬਰ 1907 ਨੂੰ ਚੱਕ ਨੰ:5, ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ।ਉਹਨਾਂ ਦਾ ਜੱਦੀ ਪਿੰਡ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਸੀ।ਭਗਤ ਸਿੰਘ ਨੂੰ ਤਾਂ ਗੁੜਤੀ ਹੀ ਕੁਰਬਾਨੀ ਅਤੇ ਦੇਸ਼ ਭਗਤੀ ਦੀ ਮਿਲੀ ਸੀ,ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਸੀ ,ਉਸ ਦਿਨ ਉਸ ਦਾ ਪਿਤਾ ਨੇਪਾਲ ਅਤੇ ਚਾਚਾ ਅਜੀਤ ਸਿੰਘ ਮਾਂਡਲੇ(ਬਰਮਾ) ਦੀ ਜੇਲ੍ਹ ਵਿਚੋਂ ਰਿਹਾਅ ਹੋਕੇ ਘਰ ਆਏ ਸਨ।ਇਸ ਕਰਕੇ ਇਸਨੂੰ ਭਾਗਾਂਵਾਲਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਿਆ।ਇਹਨਾਂ ਦੇ ਬਜੁਰਗ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਸਨ।ਕਿਸੇ ਸ਼ਾਇਰ ਨੇ ਭਗਤ ਸਿੰਘ ਅਤੇ ਉਸਦੀ ਮਾਤਾ ਜੀ ਪ੍ਰਤੀ ਆਪਣੇ ਮਨ ਦੀ ਵੇਦਨਾ ਨੂੰ ਵਿਅੱਕਤ ਕਰਦਿਆਂ ਲਿਖਿਆ ਹੈ:-
“ਜਣਨੀ ਜਣੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ,
ਨਹੀਂ ਤਾਂ ਜਣਨੀ ਬਾਂਝ ਰਹੇ, ਕਾਹੈ ਗਵਾਵੈ ਨੂਰ।”
ਮੁੱਢਲੀ ਪੜ੍ਹਾਈ ਵੇਲੇ ਹੀ ਉਸ ਅੰਦਰ ਦੇਸ਼ ਭਗਤੀ ਦੀ ਚਿਣਗ ਬਲ ਗਈ ਸੀ ਕਿਉਂਕਿ ਪਰਿਵਾਰਿਕ ਮਾਹੌਲ ਦਾ ਉਸ ਉੱਪਰ ਪ੍ਰਭਾਵ ਹੋਣਾ ਲਾਜ਼ਮੀ ਸੀ।ਨੈਸ਼ਨਲ ਕਾਲਜ ਲਾਹੌਰ ਪੜ੍ਹਦਿਆਂ 13 ਅਪ੍ਰੈਲ 1919 ਦੀ ਜਲ੍ਹਿਆਂਵਾਲਾ ਬਾਗ ਦੀ ਘਟਨਾ, ਅੰਗਰੇਜ਼ ਹਾਕਮਾਂ ਦੁਆਰਾ ਭਾਰਤੀਆਂ ਤੇ ਹੁੰਦੇ ਅੱਤਿਆਚਾਰਾਂ ਅਤੇ ਅੱਤ ਭੈੜੇ ਰਵੱਈਏ ਨੇ ਉਸਨੂੰ ਦਿਲੋਂ ਝੰਜੋੜ ਦਿੱਤਾ ਅਤੇ ਉਸਨੂੰ ਗੁਲਾਮੀ ਦਾ ਅਹਿਸਾਸ ਹੋਇਆ।ਤਦ ਉਹ ਦੇਸ਼ ਵਾਸੀਆਂ ਦੇ ਗਲੋਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਲਾਹੁਣ ਲਈ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਕੁੱਦ ਪਏ।ਜਲ੍ਹਿਆਂਵਾਲਾ ਕਾਂਡ ਨੂੰ ਉਹ ਅੱਖੀਂ ਦੇਖਣ ਲਈ ਅੰਮ੍ਰਿਤਸਰ ਪੈਦਲ ਚੱਲ ਕੇ ਗਏ ਸਨ।ਇੱਥੇ ਹੀ ਉਹ ਕਰਤਾਰ ਸਿੰਘ ਸਰਾਭਾ ਦੇ ਸੰਪਰਕ ਵਿੱਚ ਆਏ।ਉਹਨਾਂ ਮਹਾਤਮਾ ਗਾਂਧੀ ਦੁ ਨਾ-ਮਿਲਵਰਤਣ ਲਹਿਰ ਚ ਮੋਹਰੀ ਹੋਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਉਹ ਇਨਕਲਾਬੀ ,ਦੇਸ਼ ਭਗਤੀ, ਹੱਕ ਸੱਚ ਲਈ ਉੱਦਮ ਅਤੇ ਸੰਘਰਸ਼ਮਈ ਲੜਾਈਆਂ ਨਾਲ ਸਬੰਧਤ ਸਾਹਿਤ ਪੜ੍ਹਨ ਚ ਰੁਚੀ ਰੱਖਦੇ ਸਨ।ਉਹਨਾਂ ਉੱਪਰ 1857 ਦੇ ਦੀ ਆਜ਼ਾਦੀ ਦੀ ਪਹਿਲੀ ਕ੍ਰਾਂਤੀਕਾਰੀ ਲੜ੍ਹਾਈ ਸੰਬੰਧੀ ਵੀਰ ਸਾਵਰਕਾਰ ਕਿਤਾਬ ਪੜੀ,ਜਿਸਦਾ ਉਸ ਉੱਪਰ ਗਹਿਰਾ ਪ੍ਰਭਾਵ ਪਿਆ।ਪੜ੍ਹਾਈ ਛੱਡ ਕ੍ਰਾਂਤੀਕਾਰੀਆਂ ਵੀਰ ਸਾਵਰਕਾਰ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ,ਭਗਤੀ ਚਰਨ ਵੋਹਰਾ ਨਾਲ ਸੁਤੰਤਰਤਾ ਸਰਗਰਮੀਆਂ ਚ ਕੁੱਦ ਪਏ।
30 ਜੂਨ1928 ਨੂੰ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਭਾਰਤੀਆਂ ਨੇ ਕਾਲੀਆਂ ਝੰਡੀਆਂ ਨਾਲ ਲਾਹੌਰ ਚ ਉਸਦਾ ਵਿਰੋਧ ਕੀਤਾ।ਪੁਲਿਸ ਦੀਆਂ ਲਾਠੀਆਂ ਦੇ ਅੰਨ੍ਹੇ ਤਸ਼ੱਦਦ ਨੂੰ ਨਾ ਸਹਾਰਦਿਆਂ ਲਾਲਾ ਜੀ ਸ਼ਹੀਦ ਹੋ ਗਏ।ਭਗਤ ਸਿੰਘ ਅਤੇ ਸਾਥੀਆਂ ਚ ਲਾਲਾ ਜੀ ਦੀ ਸ਼ਹਾਦਤ ਨੇ ਬਦਲੇ ਦਾ ਜ਼ਜਬਾ ਭਰ ਦਿੱਤਾ।ਉਹਨਾਂ ਜਨਰਲ ਸਕਾਟ ਨੂੰ ਮਾਰਨ ਦੀ ਪੂਰੀ ਠਾਣ ਲਈ।ਪਰ ਉਸਦੀ ਕਿਸਮਤ ਦਾ ਸਿਤਾਰਾ ਤੇਜ ਨਿਕਲਿਆ, ਉਹਨਾਂ 17 ਦਸੰਬਰ 1928 ਨੂੰ ਸਕਾਟ ਦੀ ਥਾਂ ਜੇ.ਪੀ. ਸਾਂਡਰਸ ਨੂੰ ਲਾਹੌਰ ਚ ਗੋਲੀਆਂ ਨਾਲ ਉਡਾ ਦਿੱਤਾ।ਭਗਤ ਸਿੰਘ ਨਿਡਰ,ਬੇਖੌਫ ਅਤੇ ਬਹਾਦਰ ਸੀ,ਸੋ ਉਸਨੇ “ਖੂਨ ਦਾ ਬਦਲਾ ਖੂਨ” ਇਸ਼ਤਿਹਾਰ ਕੰਧਾਂ ਤੇ ਚਿਪਕਾ ਕੇ ਸਾਂਡਰਸ ਦੇ ਕਤਲ ਦੀ ਜੁੰਮੇਵਾਰੀ ਲੈ ਲਈ।ਪੁਲਿਸ ਉਹਨਾਂ ਦੀ ਭਾਲ ਚ ਸੀ।ਭਗਤ ਸਿੰਘ ਨੇ ਬੀ.ਕੇ.ਦੱਤ ਨਾਲ ਮਿਲਕੇ ਗੂੰਗੀ ਅਤੇ ਬੋਲੀ ਸਰਕਾਰ ਦੇ ਕੰਨ੍ਹ ਖੋਲ੍ਹਣ ਲਈ 8ਅਪ੍ਰੈਲ 1929 ਨੂੰ ਵਾਇਸਰਾਏ ਦੀ ਨਵੀਂ ਦਿੱਲੀ ਅਸੈਂਬਲੀ ਚ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਅਤੇ “ਇਨਕਲਾਬ ਜਿੰਦਾਬਾਦ” ਦੇ ਨਾਹਰੇ ਮਾਰਦਿਆਂ ਗ੍ਰਿਫਤਾਰੀ ਦੇ ਦਿੱਤੀ।ਭਗਥ ਸਿੰਘ ਖੂਨ ਖਰਾਬੇ ਦਾ ਹਾਮੀ ਨਹੀਂ ਸੀ,ਉਹ ਕਾਰਲ ਮਾਰਕਸ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਅਤੇ ਸਮਾਜਵਾਦੀ ਹਿੱਤਾਂ ਦਾ ਸਮਰਥਕ ਸੀ,ਕਿਉਂਕਿ ਉਸ ਸਮੇਂ ਬਰਤਾਨਵੀ ਹਕੂਮਤ ਭਾਰਤੀਆਂ ਤੇ ਅੰਨ੍ਹੇ ਜ਼ੁਲਮ ਦੇ ਨਾਲ ਨਾਲ ਅੰਧਾਧੁੰਦ ਲੁੱਟ ਤੇ ਲੱਗੀ ਹੋਈ ਸੀ।
ਭਗਤ ਸਿੰਘ ਸਾਮਰਾਜੀ ਸ਼ਕਤੀਆਂ ਦੇ ਬਜਾਇ ਸਮਾਜਵਾਦੀ ਧਾਰਨਾਵਾਂ ਦਾ ਮੁਦੱਈ ਸੀ।ਉਹ ਪੂੰਜੀਵਾਦੀ ਵਿਵਸਥਾ ਦੇ ਵਿਰੋਧੀ ਸਨ।
ਭਗਤ ਸਿੰਘ ਅਤੇ ਸਾਥੀਆਂ ਨੂੰ ਲਾਹੌਰ ਮੀਆਂ ਵਾਲੀ ਜੇਲ੍ਹ ਕੈਦ ਕੀਤਾ ਗਿਆ ਅਤੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ।ਜੇਲ੍ਹ ਵਿੱਚ ਉਹਨਾਂ ਨਾਲ ਬੇਹੱਦ ਭੈੜਾ ਅਤੇ ਗੈਰ ਇਨਸਾਨੀਅਤ ਵਾਲਾ ਸਲੂਕ ਕੀਤਾ ਜਾਂਦਾ ਸੀ।ਉਹਨਾਂ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਕਰ ਦਿੱਤੀ।ਆਖਿਰ 14 ਫਰਵਰੀ 1931 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਭਾਰਤ ਮਾਂ ਦੇ ਇਹਨਾਂ ਸਪੂਤਾਂ ਦੇ ਚਿਹਰੇ ਤੇ ਕਿਤੇ ਵੀ ਮੌਤ ਦਾ ਖੌਫ ਨਹੀਂ ਸੀ।ਉਹਨਾਂ ਦੇ ” ਇਨਕਲਾਬ ਜਿੰਦਾਬਾਦ”ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ।ਬਾਕੀ ਭਾਰਤੀ ਇਨਕਲਾਬੀਆਂ ਨੂੰ ਲੰਮੀਆਂ ਸਜ਼ਾਵਾਂ ਦੇਕੇ ਕਾਲੇ ਪਾਣੀ ਦੀ ਜੇਲ੍ਹ ਭੇਜ ਦਿੱਤਾ।
ਸਜ਼ਾ-ਏ-ਮੌਤ ਯਾਫਤਾ ਇਹ ਦੇਸ਼ ਭਗਤ ਸੈਂਟਰਲ ਜੇਲ ਲਾਹੌਰ ਚ ਬਹੁਤਾ ਸਮਾਂ ਸਾਹਿਤਕ ਅਤੇ ਸਮਾਜਵਾਦੀ ਪੁਸਤਕਾਂ ਪੜ੍ਹਕੇ ਸਮਾਂ ਗੁਜਾਰਦੇ ਸਨ। ਭਗਤ ਸਿੰਘ ਨੂੰ ਜਦੋਂ ਜੇਲਰ ਨੇ ਉਸਦੀ ਅੰਤਿਮ ਇੱਛਾ ਬਾਬਤ ਪੁੱਛਿਆ ਤੇ ਭਗਤ ਸਿੰਘ ਦਾ ਦਲੇਰੀ ਭਰਿਆ ਜਵਾਬ ਸੁਣਕੇ ਅੰਗਰੇਜ਼ ਅਫਸਰ ਹੱਕਾਂ ਬੱਕਾ ਰਹਿ ਗਿਆ ਸੀ।
“ਕੀ ਆਖਰੀ ਤਮੰਨਾ ਪੁੱਛਦੇ ਓ ਮੇਰੇ ਤੋ,
ਆਪੇ ਸਭ ਕੁੱਝ ਪੜ੍ਹ ਲਵੋ ਚੇਹਰੇ ਤੋਂ,
ਮੱਠਾ ਪੈ ਜਾਏ ਜਜਬਾ ਨਾ ਕੁਰਬਾਨੀ ਦਾ ਸੀਖਾਂ ਪਿੱਛੇ ਤਾੜਦੋ,
ਜਿੰਨ੍ਹਾਂ ਛੇਤੀ ਹੋ ਸਕੇ ਤੁਸੀਂ ਗੋਰਿਓ ਮੈਨੂੰ ਫਾਂਸੀ ਚਾੜਦੋ……
ਲੈਕੇ ਜਨਮ ਦੁਬਾਰਾ ਹੋਣਾ ਸ਼ਾਮਿਲ ਮੈਂ ਆਕੇ ਇਨਕਲਾਬ ਲਹਿਰ ਚ,
ਛੱਡਣਾ ਨਾ ਥੋਨੂੰ ਫਿਰ ਰੰਗਲੇ ਪੰਜਾਬ ਨਾ ਲੰਡਨ ਸ਼ਹਿਰ ਚ,
ਸੀਨੇ ਵਿੱਚ ਮੱਚਦੀ ਏ ਬਦਲੇ ਦੀ ਅੱਗ ਤੁਸੀਂ ਛੇਤੀ ਠਾਰਦੋ,
ਜਿਨ੍ਹਾਂ ਛੇਤੀ ਹੋ ਸਕੇ….”
ਅੰਤ 23 ਮਾਰਚ 1931 ਦਾ ਉਹ ਕਾਲਾ ਦਿਨ ਆਇਆ ਜਦੋਂ ਮਹਾਨ ਕ੍ਰਾਂਤੀਕਾਰੀਆਂ, ਦੇਸ਼ਭਗਤ, ਭਾਰਤ ਮਾਂ ਲਾਡਲੇ ਹੀਰੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਅਤੇ ਕੌਮ ਹਸਦੇ ਹਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ।ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ 85% ਕੁਰਬਾਨੀਆਂ ਦੇਕੇ ਯੋਗਦਾਨ ਪਾਉਣ ਦਾ ਸੁਭਾਗ ਇਕੱਲੇ ਪੰਜਾਬ ਦੇ ਹਿੱਸੇ ਆਇਆ ਹੈ।
“ਦੇਸ਼ ਦੀ ਆਜ਼ਾਦੀ ਵਾਲੇ ਘੋਲ ਵਿੱਚ ਹਿੱਸਾ ਪਾਇਆ
ਭਗਤ ਸਿਉਂ ਨੇ ਫਾਂਸੀ ਚੁੰਮ ਕੇ,
ਜਲ੍ਹਿਆਂ ਵਾਲਾ ਬਦਲਾ ਊਧਮ ਸਿੰਘ ਸ਼ੇਰ ਲਿਆ
ਲੰਡਨ ਚ ਅਡਵਾਇਰ ਫੁੰਡ ਕੇ..
ਸਰਾਭਾ ਅਤੇ ਗਦਰੀ ਬਾਬਿਆਂ ਨੂੰ ਸਲਾਮ
ਮੌਤ ਕਰੇ ਝੁਕ ਕੇ
ਖੜ੍ਹਗੇ ਪੰਜਾਬੀ ਜਿੱਥੇ ਪੈਰ ਗੱਡ ਕੇ
ਨਾ ਫਿਰ ਪਿੱਛੇ ਪੁੱੱਟਦੇ…”
ਸਾਰੇ ਭਾਰਤੀ ਵਾਸੀ ਉਹਨਾਂ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿੱਤੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਗੇ।ਅੱਜ ਉਹਨਾਂ ਦੀ ਸ਼ਹਾਦਤ ਨੂੰ ਸਾਰਾ ਦੇਸ਼ ਸਲਾਮ ਕਰਦਾ ਹੈ।
“ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਵਰਸ਼ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਆਖਿਰ ਯਹੀ ਨਿਸ਼ਾਂ ਹੋਗਾ।”

ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ
9779708257

Leave a Reply

Your email address will not be published. Required fields are marked *

%d bloggers like this: