Sat. May 25th, 2019

ਮਹਾਨ ਕੋਸ਼ ਨਾਲ ਛੇੜਛਾੜ, ਬਡੂੰਗਰ ਵੱਲੋਂ ਕੈਪਟਨ ਅਮਰਿੰਦਰ ਨੂੰ ਚਿੱਠੀ

ਮਹਾਨ ਕੋਸ਼ ਨਾਲ ਛੇੜਛਾੜ, ਬਡੂੰਗਰ ਵੱਲੋਂ ਕੈਪਟਨ ਅਮਰਿੰਦਰ ਨੂੰ ਚਿੱਠੀ

ਅੰਮ੍ਰਿਤਸਰ: ਭਾਈ ਕਾਹਨ ਸਿੰਘ ਨਾਭਾ ਰਚਿਤ ਮਹਾਨਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ ਤਰਜਮਾ ਕਰਕੇ ਇਸ ਦੇ ਅਸਲ ਸਰੂਪ ਨੂੰ ਵਿਗਾੜਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ਲਿਆ ਹੈ। ਪ੍ਰੋ. ਬਡੂੰਗਰ ਨੇ ਇਸ ਬਾਬਤ ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਵਾਈ ਕਰਨ ਲਈ ਚਿੱਠੀ ਲਿਖੀ ਹੈ। ਚਿੱਠੀ ਵਿੱਚ ਛੇੜਛਾੜ ਵਾਲੀਆਂ ਛਪੀਆਂ ਵੀਹ ਹਜ਼ਾਰ ਕਾਪੀਆਂ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਗਈ ਹੈ।

ਬਡੂੰਗਰ ਨੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਮਹਾਨ ਕੋਸ਼ ਪਟਿਆਲਾ ਰਿਆਸਤ ਦੇ ਤਤਕਾਲੀ ਮਹਾਰਾਜਾ ਭੁਪਿੰਦਰ ਸਿੰਘ ਜੋ ੳਨ੍ਹਾਂ (ਕੈਪਟਨ) ਦੇ ਦਾਦਾ ਸਨ, ਵੱਲੋਂ ਸਾਰਾ ਖਰਚ ਕਰਕੇ ਤਿਆਰ ਕਰਵਾਇਆ ਗਿਆ ਸੀ, ਜਿਸ ਨੂੰ ਕਈ ਸਾਲ ਲੱਗੇ ਸਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਵੱਲੋਂ ਮਹਾਨ ਕੋਸ਼ ਨਾਲ ਕੀਤੀ ਗਈ ਛੇੜ-ਛਾੜ ਗੈਰ-ਜਿੰਮੇਵਾਰਾਨਾ ਹੈ। ਇਸ ਨੂੰ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਮਸਲੇ ਸਬੰਧੀ ਭਾਈ ਕਾਹਨ ਸਿੰਘ ਨਾਭਾ ਦੇ ਪੋਤੇ ਮੇਜਰ ਆਦਰਸ਼ਪਾਲ ਸਿੰਘ ਵੱਲੋਂ ਪਹਿਲਾਂ ਹੀ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਜੇਕਰ ਲੋੜ ਪਈ ਤਾਂ ਸ਼੍ਰੋਮਣੀ ਕਮੇਟੀ ਵੀ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਇਸ ਪ੍ਰਤੀ ਕਾਨੂੰਨੀ ਚਾਰਾਜੋਈ ਕਰੇਗੀ। ਐਸਜੀਪੀਸੀ ਪ੍ਰਧਾਨ ਨੇ ਵੱਡੇ ਇਤਿਹਾਸਕ ਸਰੋਤ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਪ੍ਰੋ. ਪ੍ਰਭਜੋਤ ਕੌਰ ਚੰਡੀਗੜ੍ਹ, ਡਾ. ਚਮਕੌਰ ਸਿੰਘ ਸਿੱਖ ਸਕਾਲਰ ਤੇ ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ ਜਦਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ ਇਸ ਨੂੰ ਕੋਆਰਡੀਨੇਟ ਕਰਨਗੇ। ਮਹਾਨਕੋਸ਼ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਤੇ ਹੋਰ ਸਿੱਖ ਸਾਹਿਤ ਤੇ ਸਿੱਖ ਧਰਮ ਸਬੰਧੀ ਹੁਣ ਤੱਕ ਦਾ ਸਭ ਤੋਂ ਪ੍ਰਮਾਣਿਕ ਕੋਸ਼ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *

%d bloggers like this: