Sun. Sep 15th, 2019

ਮਹਾਨ ਇੰਕਲਾਬੀ : ਸ਼ਹੀਦ ਭਗਤ ਸਿੰਘ

ਮਹਾਨ ਇੰਕਲਾਬੀ : ਸ਼ਹੀਦ ਭਗਤ ਸਿੰਘ

ਅੰਗ੍ਰੇਜਾਂ ਨੇ ਭਾਰਤ ਦੇਸ਼ ‘ਤੇ ਤਕਰੀਬਨ 300 ਸਾਲ ਰਾਜ ਕੀਤਾ। ਅੰਗਰੇਜੀ ਰਾਜ ਖਤਮ ਕਰਨ ਲਈ ਮਹਾਨ ਇਨਕਲਾਬੀ, ਨਿਡਰ, ਕੌਮੀ ਜਜ਼ਬੇ ਨਾਲ ਭਰੇ ਹੋਏ, ਵਿਗਿਆਨਿਕ ਸੋਚ ਨਾਲ ਭਰਪੂਰ ਦੇਸ਼ ਭਗਤ ਦੀ ਲੋੜ ਸੀ। ਇਹ ਸਭ ਗੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿਚ ਮੌਜੂਦ ਸਨ।
ਭਗਤ ਸਿੰਘ ਦਾ ਜਨਮ 28 ਸਿਤੰਬਰ 1907 ਈ. ਨੂੰ ਪਿੰਡ ਬੰਗਾ ਜਿਲ੍ਹਾ ਫੈਸਲਾਬਾਦ ਵਿਖੇ ਕਿਸ਼ਨ ਸਿੰਘ ਦੇ ਘਰ ਹੋਇਆ। ਆਪ ਦੇ ਜਨਮ ਸਮੇਂ ਆਪ ਦੇ ਪਿਤਾ ਕਿਸ਼ਨ ਸਿੰਘ,ਚਾਚਾ ਅਜੀਤ ਸਿੰਘ ਤੇ ਚਾਚਾ ਸਵਰਨ ਸਿੰਘ ਜੇਲ੍ਹ ਵਿਚੋਂ ਛੁਟ ਕੇ ਆਏ ਸਨ। ਇਸ ਲਈ ਆਪ ਦੀ ਦਾਦੀ ਨੇ ਆਪ ਦਾ ਨਾਂ ਭਾਗਾਂਵਾਲਾ ਰੱਖਿਆ ਸੀ। ਆਪ ਦੀ ਮਾਤਾ ਜੀ ਦਾ ਨਾਂ ਵਿਦਆਵਤੀ ਸੀ। ਬਚਪਨ ਤੋਂ ਹੀ ਆਪ ਦੇ ਦਾਦਾ ਅਰਜਨ ਸਿੰਘ ਆਪ ਨੂੰ ਲੋਕਾਂ ਪ੍ਰਤੀ ਪਿਆਰ ਤੇ ਮੁਕਤੀ ਦੀਆਂ ਕਹਾਣੀਆਂ ਸੁਣਾਉਂਦੇ ਸਨ। ਆਪ ਲੋਕਾਂ ਦੀ ਹਮੇਸ਼ਾ ਮਦਦ ਕਰਦੇ ਸਨ। ਭਗਤ ਸਿੰਘ ਦੀਆਂ ਖੇਡਾਂ ਬੜੀਆਂ ਅਨੋਖੀਆਂ ਸਨ।
ਇੱਕ ਦਿਨ ਆਪ ਦੇ ਪਿਤਾ ਆਪ ਨੂੰ ਲੈ ਕੇ ਉੱਘੇ ਦੇਸ਼ ਭਗਤ ਨੰਦ ਕਿਸ਼ੋਰ ਮਹਿਤਾ ਦੇ ਘਰ ਗਏ। ਉਥੇ ਆਪ ਤੇ ਮਹਿਤਾ ਜੀ ਦੀ ਗੱਲ-ਬਾਤ ਬਾਦ ਮਹਿਤਾ ਜੀ ਕ੍ਰਿਸ਼ਨ ਸਿੰਘ ਨੂੰ ਕਹਿਣ ਲੱਗੇ,”ਇਹ ਮੁੰਡਾ ਤਾਂ ਵੱਡਾ ਹੋ ਕੇ ਚਾਰ ਚੰਨ ਲਗਾਵੇਗਾ।”
ਬਚਪਨ ਤੋਂ ਹੀ ਆਪ ਆਪਣੇ ਪਿਤਾ ਨਾਲ ਗਦਰ ਪਾਰਟੀ ਦੀ ਬੈਠਕ ਵਿਚ ਜਾਂਦੇ ਸਨ। ਆਪ ਅਜੇ ਨੌਵੀਂ ਜਮਾਤ ਵਿਚ ਹੀ ਪੜ੍ਹਦੇ ਸਨ ਉਦੋਂ ਹੀ ਆਪ ਕੌਮੀ ਲਹਿਰ ਵਿਚ ਕੁੱਦ ਗਏ ਸਨ।
1914-15 ਵਿਚ ਗਦਰੀਆਂ ਅਤੇ ਕਰਤਾਰ ਸਿੰਘ ਸਰਾਭਾ ਦਾ ਆਪ ਦੇ ਘਰ ਆਣਾ-ਜਾਣਾ ਸ਼ੁਰੂ ਹੋ ਗਿਆ। ਆਪ ਸਰਾਭਾ ਦੀ ਫੋਟੋ ਹਰ ਸਮੇਂ ਅਪਣੇ ਨਾਲ ਰੱਖਦੇ ਸਨ। 16 ਨਵੰਬਰ 1915 ਦੇ ਦਿਨ ਸਰਾਭਾ ਨੂੰ ਫਾਂਸੀ ਦੀ ਸਜ਼ਾ ਮਿਲਣ ‘ਤੇ ਉਹ ਹੱਸਦੇ-ਹੱਸਦੇ ਫਾਂਸੀ ਚੜ੍ਹ ਗਿਆ। ਸਰਾਭਾ ਦਾ ਦੇਸ਼ ਲਈ ਕੁਰਬਾਨ ਹੋਣਾ ਭਗਤ ਸਿੰਘ ਦੇ ਮਨ ਤੇ ਗਹਿਰੀ ਛਾਪ ਲਾ ਗਿਆ। ਜਦੋਂ ਭਗਤ ਸਿੰਘ ਗ੍ਰਿਫਤਾਰ ਹੋਏ ਤਾਂ ਉਸ ਸਮੇਂ ਤਲਾਸ਼ੀ ਲਏ ਜਾਣ ਸਮੇਂ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨਿਕਲੀ ਸੀ।
1919 ਈਸਵੀ ਵਿਚ ਅੰਗਰੇਜਾਂ ਨੇ ਭਾਰਤ ਤੇ ਭਾਰੀ ਜੁਲਮ ਕਰਨਾ ਸ਼ੁਰੂ ਕਰ ਦਿੱਤਾ। 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ ‘ਤੇ ਹਮਲਾ ਕਰਵਾਇਆ। ਉਸ ਸਮੇਂ ਆਪ ਸਾਢੇ ਗਿਆਰ੍ਹਾਂ ਸਾਲਾਂ ਦੇ ਸਨ। ਆਪ ਖੂਨੀ ਸਾਕਾ ਅੱਖੀ ਵੇਖਣ ਲਈ ਅੰਮ੍ਰਿਤਸਰ ਗਏ। ਆਪ ਨੇ ਉਹ ਨਿਰਦੋਸ਼ੀ ਲੋਕਾਂ ਦੇ ਲਹੂ ਦੀ ਭਿੱਜੀ ਮਿੱਟੀ ਆਪਣੇ ਨਾਲ ਵੀ ਲੈ ਕੇ ਆਏ। ਆਪ, ਉਸ ਮਿੱਟੀ ਨੂੰ ਸੰਭਾਲ ਕੇ ਰੱਖਿਆ ਤੇ ਅੰਗ੍ਰੇਜਾਂ ਦੇ ਅਤਿਆਚਾਰਾਂ ਨੂੰ ਖਤਮ ਕਰਨ ਦੀ ਕਸਮ ਖਾ ਲਈ ਸੀ।
ਨਾ-ਮਿਲਵਰਤਨ ਲਹਿਰ ਸਮੇਂ ਆਪ ਡੀ. ਏ. ਵੀ. ਸਕੂਲ ਲਾਹੌਰ ਤੋਂ ਹੱਟ ਗਏ ਸਨ। ਹੋਰ ਵੀ ਜਿਤਨੇ ਇੰਕਲਾਬੀ ਸਨ ਜੋ ਸਕੂਲਾਂ-ਕਾਲਜਾਂ ਤੋਂ ਹੱਟ ਗਏ ਸਨ, ਉਹ ਲਾਹੌਰ ਨੈਸ਼ਨਲ ਕਾਲਜ ਵਿਚ ਦਾਖਲ ਹੋ ਗਏ ਸਨ। ਜਿਸ ਵਿਚ ਦੇਸ਼ ਭਗਤੀ ਤੇ ਇੰਕਲਾਬੀ ਵਿਦਿਆ ਦਿੱਤੀ ਜਾਂਦੀ ਸੀ। ਲਾਹੌਰ ਨੈਸ਼ਨਲ ਕਾਲਜ ਵਿਚ ਆਪ ਦੀ ਮੁਲਾਕਾਤ ਭਗਵੰਤ ਚਰਣ ਵੋਹਰਾ ਨਾਲ ਹੋਈ। ਇੱਥੇ ਹੀ ਆਪ ਦੀ ਮੁਲਾਕਾਤ ਸੁਖਦੇਵ, ਰਾਜਗੁਰੂ ਤੇ ਹੋਰ ਇੰਕਲਾਬੀਆਂ ਨਾਲ ਹੋਈ ।
1923 -24 ਵਿਚ ਆਪ ਦੇ ਮਾਪੇ ਆਪ ਦਾ ਵਿਆਹ ਕਰਨਾ ਚਾਹੁੰਦੇ ਸਨ ਪਰ ਆਪ ਨੇ ਕਿਹਾ – “ਅੱਜ ਦੇਸ਼ ਨੂੰ ਮੇਰੀ ਲੋੜ ਹੈ। ਮੈਂ ਉਸਦੀ ਤਨ-ਮਨ ਨਾਲ ਸੇਵਾ ਕਰਾਂਗਾ।” ਆਪ ਕਾਨਪੁਰ ਦੇ ਗਨੇਸ਼ ਸ਼ੰਕਰ ਵਿਦਿਆਰਥੀ ਕੋਲ ਚਲੇ ਗਏ। ਇੱਥੇ ਆਪ ਨੇ ਦੂਜੇ ਦੇਸ਼ਾਂ ਦਾ ਇੰਕਲਾਬੀ ਸਾਹਿਤ ਪੜ੍ਹਿਆ। ਇੱਥੇ ਹੀ ਆਪ ਨੇ ਇੰਕਲਾਬੀ ਵਿਚ ਵਿਸ਼ਵਾਸ ਰੱਖਣ ਵਾਲੇ ਨੋਜਵਾਨਾਂ ਨਾਲ ਸਾਥ ਵਧਾਇਆ। ਹਥਿਆਰਬੰਦ ਇੰਕਲਾਬ ਦੀ ਤਿਆਰੀ ਕਰਨ ਲਈ ਇੰਕਲਾਬ ਦੀ ਪ੍ਰੇਰਣਾ ਦੇ ਪਰਚੇ ਛਾਪ ਕੇ ਵੰਡੇ। ਜਦ ਆਪ ਇੰਕਲਾਬੀ ਸਾਹਿਤ ਲੋਕਾਂ ਵਿਚ ਵੰਡ ਰਹੇ ਸਨ ਤਾਂ ਪੁਲਿਸ ਨੇ ਆਪ ਦੇ ਦੋ ਸਾਥੀਆਂ ਨੂੰ ਫੜ ਲਿਆ। ਗਨੇਸ਼ ਸ਼ੰਕਰ ਵਿਦਿਆਰਥੀ ਨੇ ਆਪ ਨੂੰ ਕੌਮੀ ਸਕੂਲ ਵਿਚ ਅਧਿਆਪਕ ਲਗਵਾ ਦਿੱਤਾ।
ਆਪ ਨੇ ਮਾਰਚ 1926 ਵਿਚ ਨੌਜਵਾਨ ਭਾਰਤ ਸਭਾ ਬਣਾਈ। ਜਿਸ ਦੇ ਆਪ ਜਿੰਦ-ਜਾਨ ਸਨ। ਆਪ ਭਾਰਤੀ ਜਨਤਾ ਨੂੰ ਇੰਕਲਾਬੀਆਂ ਦੇ ਕਾਰਨਾਮੇ ਤੇ ਦੇਸ਼ ਦੀ ਆਜਾਦੀ ‘ਤੇ ਵਿਸਥਾਰ ਨਾਲ ਚਾਨਣ ਪਾਉਂਦੇ ਸਨ। ਆਪ ਨੇ ਆਜ਼ਾਦੀ ਦੀਆਂ ਲਹਿਰਾਂ ਨੂੰ ਸਿਲਸਿਲੇ ਵਾਰ ਲਿਖਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਦੇਸ਼ ਦੀ ਆਜਾਦੀ ਦੀ ਲੜਾਈ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।
1926 ਵਿਚ ਹੀ ਭਗਤ ਸਿੰਘ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਸ਼ਮੂਲੀਅਤ ਹੋ ਗਏ। ਜਿਸ ਵਿਚ ਆਪ ਦੀ ਮੁਲਾਕਾਤ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਸ਼ਾਹਿਦ ਅਸ਼ਫਾਕਲਾ ਖਾਨ ਤੇ ਹੋਰ ਉਘੇ ਨੇਤਾਵਾਂ ਨਾਲ ਹੋਈ।
17 ਨਵੰਬਰ 1928 ਦੇ ਦਿਨ ਲਾਠੀਚਾਰਜ ਰਾਹੀਂ ਪੰਜਾਬ ਕੇਸਰੀ ‘ਲਾਲਾ ਲਾਜਪਤ ਰਾਏ ਦੀ ਮੌਤ ਨਾਲ ਦੇਸ਼ ਭਰ ਵਿਚ ਉਦਾਸੀ ਛਾ ਗਈ। ਇਸ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਰਾਜਗੁਰੂ ਨੇ 17 ਦਿਸੰਬਰ 1928 ਨੂੰ ਅੰਗਰੇਜ਼ੀ ਪੁਲਿਸ ਅਧਿਕਾਰੀ ਜੌਨ ਸੈਂਡਰਸ ਨੂੰ ਗੋਲੀ ਮਾਰ ਦਿੱਤੀ ਤਾਂ ਕਿ ਲੋਕਾਂ ਦਾ ਮਾਨਸਿਕ ਡਰ ਖ਼ਤਮ ਹੋ ਸਕੇ।
ਕਾਲੇ ਕਾਨੂੰਨ ਦੇ ਵਿਰੋਧ ਵਿਚ 8 ਅਪ੍ਰੈਲ 1929 ਨੂੰ ਅੰਗਰੇਜਾਂ ਦੇ ਵਿਰੁੱਧ ਭਾਰਤੀ ਆਵਾਜ਼ ਬੁਲੰਦ ਕਰਨ ਲਈ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਅਸੈਂਬਲੀ ਹਾਲ ਵਿਚ ਬੰਬ ਸੁੱਟਿਆ। ਆਪ ਧੂਏਂ ਦੇ ਸਹਾਰੇ ਬਚ ਕੇ ਨਿਕਲ ਜਾਂਦੇ ਪਰ ਉਨ੍ਹਾਂ ਦਾ ਇਰਾਦਾ ਇਹ ਨਹੀਂ ਸੀ। ਧੂੰਆਂ ਹੱਟਿਆ, ਪੁਲਿਸ ਹਾਲ ਵੱਲ ਚਲੀ ਗਈ। ਦੋਹਾਂ ਨੇ ਗ੍ਰਿਫਤਾਰੀ ਦੇ ਦਿੱਤੀ।
23 ਮਾਰਚ 1931 ਦੀ ਰਾਤ ਭਗਤ ਸਿੰਘ ਨੂੰ ਉਸ ਦੇ ਸਾਥੀਆਂ ਸਮੇਤ ਫਾਂਸੀ ਚੜ੍ਹਾ ਦਿੱਤਾ।ਵਫਾਂਸੀ ਤੇ ਚੜ੍ਹਨ ਤੋਂ ਪਹਿਲਾਂ ਆਪ ਨੇ ਗੀਤ ਗਾਇਆ :-
“ਦਿਲ ਸੇ ਨਿਕਲੇਗੀ ਨ ਮਰਕਰ ਭੀ ਵਤਨ ਕੀ ਉਲਫਤ,
ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਇਗੀ”
ਉਹ “ਇੰਕਲਾਬ ਜ਼ਿੰਦਾਬਾਦ” ਤੇ “ਅੰਗਰੇਜੀ ਸਾਮਰਾਜ ਮੁਰਦਾਬਾਦ” ਦੇ ਨਾਅਰੇ ਲਾਉਂਦੇ ਸ਼ਹੀਦ ਹੋ ਗਏ।

ਅਮਨਜੋਤ ਸਿੰਘ ਸਢੌਰਾ (ਜਮਾਤ-8)
ਗਲੀ ਨੰਬਰ 4, ਅਜਾਦ ਨਗਰ, ਨੀਅਰ ਸਵੇਰਾ
ਆਇਸਕਰੀਮਸ, ਯਮੁਨਾ ਨਗਰ(ਹਰਿਆਣਾ) 135001
ਮੋਬਾਈਲ ਨੰਬਰ- 9416276357

Leave a Reply

Your email address will not be published. Required fields are marked *

%d bloggers like this: