Sat. Apr 4th, 2020

ਮਹਾਂਮਾਰੀ ਦੇ ਡਰ ਕਾਰਨ ਤਿੜਕਦੇ ਰਿਸ਼ਤੇ,ਅਫਵਾਹਾਂ,ਸਾਵਧਾਨੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਜਾ ਅਦੇਸ਼ “ਗੁਰੂ ਕੀ ਗੋਲਕ ਗਰੀਬ ਦਾ ਮੂੰਹ” ਦੇ ਸੰਦਰਭ ਵਿੱਚ

ਮਹਾਂਮਾਰੀ ਦੇ ਡਰ ਕਾਰਨ ਤਿੜਕਦੇ ਰਿਸ਼ਤੇ,ਅਫਵਾਹਾਂ,ਸਾਵਧਾਨੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਜਾ ਅਦੇਸ਼ “ਗੁਰੂ ਕੀ ਗੋਲਕ ਗਰੀਬ ਦਾ ਮੂੰਹ” ਦੇ ਸੰਦਰਭ ਵਿੱਚ

ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਇੱਕ ਵਾਰ ਸਮੁੱਚਾ ਸੰਸਾਰਿਕ ਜੀਵਨ ਅਸਥ ਵਿਅਸਥ ਕਰ ਦਿੱਤਾ ਹੈ।ਚੰਗੇ ਖਾਸੇ ਸਰਦੇ ਪੁੱਜਦੇ ਮੁਲਕਾਂ ਦੀ ਅਰਥਿਕਤਾ ਡਗਮਗਾਉਣ ਲੱਗੀ ਹੈ।ਗੱਲ ਕੀ ਮਨੁੱਖੀ ਜੀਵਨ ਪਟੜੀ ਤੋ ਲਹਿੰਦਾ ਦਿਖਾਈ ਦੇ ਰਿਹਾ ਹੈ।ਕਲ਼੍ਹ ਤੱਕ ਰੱਬ ਦੀ ਹੋਂਦ ਦਾ ਜਿਕਰ ਤੱਕ ਨਾ ਕਰਨ ਵਾਲੇ ਅੱਜ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਦੇਖੇ ਜਾ ਸਕਦੇ ਹਨ।ਅਜਿਹੀਆਂ ਮਹਾਂਮਾਰੀਆਂ ਲਈ ਕਿਤੇ ਨਾ ਕਿਤੇ ਸਾਂਝੀਦਾਰ ਤੇ ਜੁੰਮੇਵਾਰ ਸਮਝੇ ਜਾ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਲੋਕਾਂ ਨੂੰ ਪਰਮਾਤਮਾ ਅਗੇ ਪਰਾਰਥਨਾ ਕਰਨ ਦੀ ਵਾਰ ਵਾਰ ਦੁਹਾਈ ਦਿੰਦੇ ਸੁਣੇ ਜਾ ਸਕਦੇ ਹਨ। ਕੁਦਰਤ ਨਾਲ ਖਿਲਵ੍ਹਾੜ ਕਰਨ ਵਾਲੇ ਖੁਦ ਕੁਦਰਤੀ ਸਹਾਰੇ ਦੀ ਬੜੀ ਸਿੱਦਤ ਨਾਲ ਲੋੜ ਮਹਿਸੂਸ ਕਰਨ ਲੱਗੇ ਹਨ।ਹਰ ਪਾਸੇ ਕਰੋਨਾ ਵਾਇਰਸ ਦੀ ਦਹਿਸਤ ਹੈ।

ਮਹਾਂਮਾਰੀ ਦੇ ਸੰਭਾਵੀ ਖਤਰਿਆਂ ਨੂੰ ਭਾਂਪਦਿਆਂ ਸਰਕਾਰਾਂ ਅਪਣੇ ਨਾਗਰਿਕਾਂ ਨੂੰ ਇਸ ਬਿਮਾਰੀ ਤੋ ਬਚਣ ਲਈ ਅਹਿਤਿਆਤ ਵਰਤਣ ਦੀ ਸਲਾਹ ਦੇ ਰਹੀਆਂ ਹਨ।ਭਾਰਤ ਨੇ ਵੀ ਘਰੇਲੂ ਤੇ ਅੰਤਰਰਾਸ਼ਟਰੀ ਆਵਾਜਾਈ ਠੱਪ ਵਰਗੀ ਕਰ ਦਿੱਤੀ ਹੈ। ਬਾਹਰਲੇ ਮੁਲਕਾਂ ਤੋ ਆਉਣ ਵਾਲਿਆਂ ਨੂੰ ਸ਼ੱਕੀ ਨਜਰ ਨਾਲ ਹੀ ਨਹੀ ਦੇਖਿਆ ਜਾ ਰਿਹਾ ਬਲਕਿ ਉਹਨਾਂ ਦੀ ਪੂਰੀ ਸਿਹਤ ਜਾਂਚ ਤੋ ਬਾਅਦ ਹੀ ਉਹਨਾਂ ਨੂੰ ਘਰ ਜਾਣ ਦੀਆਂ ਹਦਾਇਤਾਂ ਹਨ।ਬਾਹਰਲੇ ਮੁਲਕਾਂ ਤੋ ਆਉਣ ਵਾਲਿਆਂ ਦੀ ਜਾਣਕਾਰੀ ਦੇਣ ਕਈ ਬਾਕਾਇਦਾ ਹੈਲਪ ਨੰਬਰ ਦਿੱਤੇ ਗਏ ਹਨ,ਤਾਂ ਕਿ ਕਿਸੇ ਹੋਰ ਮੁਲਕ ਤੋ ਆਉਣ ਵਾਲਿਆਂ ਦੀ ਮੈਡੀਕਲ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰੀ ਭਿਆਨਕ ਵਾਇਰਸ ਤੋ ਪੀੜਤ ਤਾਂ ਨਹੀ ।ਇਸ ਵਾਇਰਸ ਤੋ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋ ਲੋਕਾਂ ਨੂੰ ਜਾਣੂ ਕਰਵਾਉਣ ਲਈ ਸਰਕਾਰ,ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਯਤਨਸ਼ੀਲ ਹਨ। ਥਾਂ ਥਾ ਪੁਲਿਸ ਕਰਮਚਾਰੀ,ਸਿਹਤ ਕਾਮੇ ਅਤੇ ਸਮਾਜ ਸੇਵੀ ਲੋਕ ਮਾਸਕ ਅਤੇ ਸੈਨੇਟਾਈਜਰ ਵਰਤਣ ਦੀ ਜਾਣਕਾਰੀ ਦਿੰਦੇ ਦੇਖੇ ਜਾ ਸਕਦੇ ਹਨ।ਇਸ ਡਰ ਚੋ ਜਿਹੜੀ ਇੱਕ ਖਾਸ ਗੱਲ ਉੱਭਰ ਕੇ ਸਾਹਮਣੇ ਆਈ ਹੈ,ਉਹ ਇਹ ਹੈ ਕਿ ਬਾਹਰਲੇ ਮੁਲਕਾਂ ਤੋ ਆਉਣ ਵਾਲੇ ਵਿਦੇਸੀ ਭਾਰਤੀਆਂ ਨੂੰ ਮਿਲਣ ਤੋ ਹੁਣ ਲੋਕ ਇਸ ਕਰਕੇ ਕੰਨੀ ਕਤਰਾਉਣ ਲੱਗੇ ਹਨ,ਕਿਉਂਕਿ ਇਹ ਮਹਾਮਾਰੀ ਵਿਦੇਸਾਂ ਤੋ ਹੀ ਆਈ ਹੋਣ ਕਰਕੇ ਲੋਕਾਂ ਚ ਇਹ ਖੌਫ ਬਣਿਆ ਹੋਇਆ ਹੈ ਕਿ ਸਾਇਦ ਹਰ ਕੋਈ ਵਿਦੇਸੀ ਹੀ ਕਰੋਨਾ ਵਾਇਰਸ ਨਾਲ ਲਈ ਫਿਰਦਾ ਹੈ।

ਜੇਕਰ ਕੁੱਝ ਕੁ ਮਹੀਨੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਦੋ ਵੀ ਕੋਈ ਵਿਦੇਸਂ ਗਿਆ ਵਿਅਕਤੀ ਵਾਪਸ ਵਤਨ ਪਰਤਦਾ ਜਾਂ ਕੁੱਝ ਸਮੇ ਲਈ ਅਪਣੇ ਮੁਲਕ,ਅਪਣੇ ਘਰ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਉਂਦਾ ਤਾਂ ਲੋਕ ਆਉਣ ਵਾਲੇ ਦਾ ਬੜਾ ਸਤਿਕਾਰ ਕਰਦੇ ਤੇ ਉਹਨਾਂ ਨੂੰ ਮਿਲਣ ਵਿੱਚ ਵੀ ਬੜਾ ਮਾਣ ਮਹਿਸੂਸ ਕਰਦੇ ਸਨ। ਕਨੇਡਾ,ਅਮਰੀਕਾ,ਇੰਗਲੈਂਡ,ਆਸਟਰੇਲੀਆਂ ਜਾਂ ਯੂਰਪ ਸਮੇਤ ਵਿਦੇਸਾਂ ਤੋ ਆਉਣ ਵਾਲੇ ਐਨ ਆਰ ਆਈ ਵਿਅਕਤੀ ਨੂੰ ਮਿਲਣ ਦੀ ਹਰ ਉਸ ਵਿਅਕਤੀ ਦੀ ਇੱਛਾ ਹੁੰਦੀ,ਜਿਹੜਾ ਵੀ ਕਿਸੇ ਅਜਿਹੇ ਵਿਦੇਸੀ ਵਿਅਕਤੀ ਨਾਲ ਕੋਈ ਥੋੜੀ ਬਹੁਤੀ ਸਾਂਝ ਰੱਖਦਾ ਜਾਂ ਜਾਣਦਾ ਹੁੰਦਾ ਸੀ,ਪਰ ਕਰੋਨਾ ਵਾਇਰਸ ਨੇ ਵਿਦੇਸੀਆਂ ਦੀ ਆਓ ਭਗਤ ਹੀ ਨਹੀ ਘੱਟਾ ਦਿੱਤੀ ਬਲਕਿ ਹੁਣ ਸਾਰਾ ਕੁੱਝ ਪਹਿਲਾਂ ਦੇ ਮੁਕਾਬਲੇ ਉਲਟ ਹੁੰਦਾ ਦੇਖਿਆ ਜਾ ਸਕਦਾ ਹੈ।ਹੁਣ ਬਾਹਰ ਤੋ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਵਿਅਕਤੀ ਮਿਲਣਾ ਨਹੀ ਚਾਹੁੰਦਾ।ਜੇਕਰ ਕੋਈ ਬਾਹਰੋ ਆਇਆ ਵੀਰ ਕਿਸੇ ਨੂੰ ਮਿਲਣ ਦੀ ਇੱਛਾ ਜਾਹਰ ਵੀ ਕਰਦਾ ਹੈ,ਤਾਂ ਅੱਗੋ ਕੋਈ ਲਾਰਾ ਲਾ ਕੇ ਟਾਲ ਦਿੱਤਾ ਜਾਂਦਾ ਹੈ।ਜਾਂ ਘਰ ਨਾ ਹੋਣ ਦਾ ਬਹਾਨਾ ਬਣਾ ਕੇ ਵਿਦੇਸੀ ਵਿਅਕਤੀ ਤੋ ਦੂਰੀ ਬਨਾਉਣ ਵਿੱਚ ਹੀ ਅਪਣੀ ਭਲਾਈ ਸਮਝਦਾ ਹੈ।ਵਿਦੇਸੋਂ ਕੁੱਝ ਸਮੇ ਲਈ ਛੁੱਟੀਆਂ ਕੱਟਣ ਆਏ ਇੱਕ ਮਿੱਤਰ ਨੇ ਕਰੋਨਾ ਵਾਇਰਸ ਦੀ ਦਹਿਸਤ ਤੇ ਟਿਪਣੀ ਕਰਦਿਆਂ ਦੱਸਿਆ ਕਿ ਜਦੋ ਮੈ ਪਹਿਲਾਂ ਪੰਜਾਬ ਆਉਂਦਾ ਸੀ,ਉਸ ਮੌਕੇ ਜਿਹੜੇ ਸੱਜਣ ਮਿੱਤਰ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਤੋ ਰਹਿ ਜਾਂਦਾ ਸੀ,ਤਾ ਉਹ ਵਿਅਕਤੀ ਬਹੁਤ ਗੁੱਸੇ ਹੁੰਦੇ ਤੇ ਅੱਗੇ ਤੋ ਅਜਿਹਾ ਨਾ ਕਰਨ ਦਾ ਵਾਅਦਾ ਵੀ ਲੈਂਦੇ ਅਤੇ ਬਹੁਤ ਸਾਰੇ ਸੱਜਣ ਜਿੰਨਾਂ ਕੋਲ ਜਾਣ ਦਾ ਸਮਾ ਨਾ ਹੋਣ ਦੀ ਬੇਨਤੀ ਕਰਦਾ ਤਾਂ ਉਹ ਖੁਦ ਆਕੇ ਮਿਲ ਜਾਇਆ ਕਰਦੇ ਸਨ,ਪਰੰਤੂ ਹੁਣ ਸਾਰਾ ਕੁੱਝ ਇੱਕ ਦਮ ਬਦਲ ਗਿਆ ਹੈ।

ਹੁਣ ਲੋਕ ਮਿਲਣ ਦੀ ਵਜਾਏ ਸਾਡੇ ਤੋਂ ਕੰਨੀ ਕਤਰਾਉਣ ਲੱਗੇ ਹਨ। ਜੇਕਰ ਉਹਨਾਂ ਕੋਲ ਜਾਣ ਦੀ ਇੱਛਾ ਵੀ ਪਰਗਟ ਕਰਦੇ ਹਾਂ ਤਾਂ ਅੱਗੋ ਕੋਈ ਬਹਾਨਾ ਬਣਾ ਕੇ ਮਿਲਣ ਤੋ ਵੀ ਪਾਸਾ ਵੱਟਿਆ ਜਾ ਰਿਹਾ ਹੈ। ਉਪਰੋਕਤ ਵਿਅਕਤੀ ਵੱਲੋਂ ਦੱਸਿਆ ਗਿਆ ਇਹ ਦਰਦ ਬਿਲਕੁਲ ਸੱਚ ਹੈ,ਲੋਕ ਸੱਚਮੁੱਚ ਹੀ ਵਿਦੇਸਾਂ ਤੋ ਆਉਣ ਵਾਲਿਆਂ ਤੋ ਇੰਝ ਡਰਨ ਲੱਗੇ ਹਨ,ਜਿਵੇਂ ਉਹ ਮਨੁੱਖੀ ਬੰਬ ਹੋਣ ਜਿਹੜੇ ਹੱਥ ਲਾਇਆਂ ਹੀ ਧਮਾਕਾ ਕਰ ਦੇਣਗੇ।ਇਹ ਡਰ ਦਾ ਰੁਝਾਨ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਕਮਜੋਰ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ,ਜਦੋ ਕਿ ਅਜਿਹਾ ਕੁੱਝ ਵੀ ਹੋਣ ਵਾਲਾ ਨਹੀ,ਲੋੜ ਸਿਰਫ ਸਾਵਧਾਨੀਆਂ ਵਰਤਣ ਦੀ ਹੈ,ਨਾ ਕਿ ਫਰਜਾਂ ਤੋ ਭੱਜਣ ਦੀ।ਇਸ ਰੁਝਾਨ ਨੂੰ ਹਵਾ ਦੇਣ ਵਿੱਚ ਇਸ ਵਾਇਰਸ ਪ੍ਰਤੀ ਫੈਲਾਈਆਂ ਜਾ ਰਹੀਆਂ ਬੇਲੋੜੀਆਂ ਅਫਵਾਹਾਂ ਮੁੱਖ ਤੌਰ ਤੇ ਜੁੰਮੇਵਾਰ ਹਨ,ਜਿੰਨਾਂ ਤੇ ਹੁਣ ਸਰਕਾਰ ਨੇ ਨਕੇਲ ਕਸਣ ਲਈ ਅਜਿਹੇ ਵਿਅਕਤੀਆਂ ਤੇ ਪੁਲਿਸ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ,ਜਿਹੜੇ ਸ਼ਰਾਰਤੀ ਅਨਸਰ ਬੇਲੋੜੀਆਂ ਅਫਵਾਹਾਂ ਫੈਲਾ ਕੇ ਡਰ ਅਤੇ ਦਹਿਸਤ ਦਾ ਮਹੌਲ ਬਨਾਉਣ ਲਈ ਜੁੰਮੇਵਾਰ ਹਨ।

ਜੇਕਰ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਦੋ ਵੀ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਕੋਈ ਕੁਦਰਤੀ ਜਾਂ ਗੈਰ ਕੁਦਰਤੀ ਕਰੋਪੀ ਜਾਂ ਮਹਾਂਮਾਰੀ ਵਰਗੇ ਹਾਲਾਤ ਬਣਦੇ ਹਨ ਤਾਂ ਸਿੱਖ ਅਪਣੇ ਗੁਰੂ ਸਹਿਬਾਨਾਂ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਮਾਰਗ ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਜੁੱਟ ਜਾਂਦੇ ਹਨ।ਮੌਜੂਦਾ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਸੰਦਰਭ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ “ਗੁਰੂ ਕੀ ਗੋਲਕ ਗਰੀਬ ਦਾ ਮੂੰਹ” ਵਾਲੇ ਸਿੱਖੀ ਸਿਧਾਂਤ ਅਨੁਸਾਰ ਅਦੇਸ਼ ਦੀ ਵੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ,ਜਿਸ ਵਿੱਚ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੇ ਭਾਰਤ ਸਮੇਤ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਇਸ ਔਖੇ ਸਮੇ ਵਿੱਚ ਹਰ ਲੋੜਵੰਦ ਦੀ ਮਦਦ ਲਈ ਕਿਹਾ ਹੈ।ਉਹਨਾਂ ਵੱਲੋਂ ਵਿਦੇਸੀ ਸਿੱਖਾਂ ਨੂੰ ਉਥੇ ਪੜਾਈ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਕਿਹਾ ਜਾਣਾ ਉਹਨਾਂ ਦੀ ਸੂਝ ਬੂਝ ਅਤੇ ਅਪਣੇ ਰੁਤਬੇ ਪ੍ਰਤੀ ਸੰਜੀਦਗੀ ਨੂੰ ਦਰਸਾਉਂਦਾ ਇੱਕ ਚੰਗਾ ਕਦਮ ਹੈ,ਪ੍ਰੰਤੂ ਇੱਥੇ ਇੱਕ ਸੁਆਲ ਆਮ ਸਿੱਖਾਂ ਵੱਲੋਂ ਜਰੂਰ ਕੀਤਾ ਜਾਵੇਗਾ ਕਿ ਕੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਥੇਦਾਰ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦੀ ਹੋਈ “ਗੁਰੂ ਕੀ ਗੋਲਕ ਗਰੀਬ ਦਾ ਮੂੰਹ” ਵਾਲੇ ਗੁਰੂ ਸਿਧਾਂਤ ਨੂੰ ਲਾਗੂ ਕਰਨ ਲਈ ਕੋਈ ਕਦਮ ਪੁੱਟੇਗੀ, ਜਾਂ ਇੱਕ ਪਰਿਵਾਰ ਦੇ ਸਿਆਸੀ ਲਾਭ ਖਾਤਰ ਗੁਰੂ ਕੀ ਗੋਲਕ ਦਾ ਨਜਾਇਜ ਫਾਇਦਾ ਉਠਾਉਂਦੀ ਰਹੇਗੀ ? ਚੰਗਾ ਹੋਵੇ ਜੇਕਰ ਸਿੰਘ ਸਾਹਿਬ ਏਸੇ ਤਰਾਂ ਹੀ ਬਗੈਰ ਕਿਸੇ ਦਾ ਦਵਾਬ ਕਬੂਲੇ ਸਿੱਖੀ ਸਿਧਾਤਾਂ ਦੀ ਰਾਖੀ ਲਈ ਸੁਹਿਰਦਤਾ ਅਤੇ ਬਚਨਬੱਧਤਾ ਨਾਲ ਪਹਿਰਾ ਦਿੰਦੇ ਰਹਿਣ,ਉਹਨਾਂ ਵੱਲੋਂ ਅਪਣੇ ਰੁਤਬੇ ਨਾਲ ਨਿਆ ਕੀਤਾ ਜਾਣ ਨਾਲ ਜਿੱਥੇ ਅਜਿਹੀਆਂ ਮਹਾਂਮਾਰੀਆਂ ਦਾ ਟਾਕਰਾ ਕਰਨ ਵਿੱਚ ਮਦਦ ਮਿਲੇਗੀ,ੳਥੇ ਸਿੱਖੀ ਦਾ ਸਰਬੱਤ ਦੇ ਭਲੇ ਦਾ ਸੰਕਲਪ ਦੁਨੀਆਂ ਭਰ ਵਿੱਚ ਜਾਵੇਗਾ,ਕੌਂਮ ਦੀ ਚੜਦੀ ਕਲਾ ਦੇ ਡੰਕੇ ਦੁਨੀਆਂ ਚ ਵੱਜਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਮਹਾਂਨਤਾ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਵੀ ਸਫਲ ਨਹੀ ਹੋ ਸਕਣਗੇ।

ਬਘੇਲ ਸਿੰਘ ਧਾਲੀਵਾਲ
99142-58142

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: