ਮਲੋਟ ਸ਼ਹਿਰ ‘ਚ ਫਿਰਦੇ ਅਵਾਰਾ ਢੱਠਿਆਂ ਨੇ ਬੱਚਿਆਂ ਦਾ ਸਕੂਲ ਜਾਣਾ ਕੀਤਾ ਦੁੱਭਰ

ss1

ਮਲੋਟ ਸ਼ਹਿਰ ‘ਚ ਫਿਰਦੇ ਅਵਾਰਾ ਢੱਠਿਆਂ ਨੇ ਬੱਚਿਆਂ ਦਾ ਸਕੂਲ ਜਾਣਾ ਕੀਤਾ ਦੁੱਭਰ

18-7 (3)
ਮਲੋਟ, 18 ਮਈ (ਆਰਤੀ ਕਮਲ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਪਿੰਡ ਦੀ ਸਭ ਤੋਂ ਨਜਦੀਕੀ ਅਤੇ ਮਹਿਰੂਮ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਗੋਦ ਲਏ ਮਲੋਟ ਸ਼ਹਿਰ ਦੇ ਵਸਨੀਕ ਆਵਾਰਾ ਢੱਠਿਆਂ ਦੀ ਦਹਿਸ਼ਤ ਤੋਂ ਬਹੁਤ ਦੁੱਖੀ ਹਨ । ਕਿਸੇਂ ਸਮੇਂ ਬੀਬੀ ਬਾਦਲ ਨੇ ਮਲੋਟ ਨੂੰ ਮਿੰਨੀ ਚੰਡੀਗੜ ਬਣਾਉਣ ਦਾ ਸੁਪਨਾ ਮਲੋਟ ਵਾਸੀਆਂ ਨੂੰ ਦਿਖਾਇਆ ਸੀ ਪਰ ਅੱਜ ਬੱਚਿਆਂ ਨੂੰ ਸਕੂਲ ਜਾਂਦੇ ਵਕਤ ਰਾਹ ਵਿਚ ਹਮੇਸ਼ਾਂ ਹੀ ਅਵਾਰਾ ਢੱਠਿਆਂ ਦਾ ਡਰ ਸਤਾਉਂਦਾ ਰਹਿੰਦਾ ਹੈ ਤੇ ਉਹਨਾਂ ਦੀ ਜਾਨ ਤੇ ਬਣੀ ਰਹਿੰਦੀ ਹੈ। ਬੱਚਿਆਂ ਦੇ ਨਾਲ ਨਾਲ ਬਜੁਰਗਾਂ ਅਤੇ ਔਰਤਾਂ ਲਈ ਵੀ ਬਜਾਰਾਂ ਵਿਚ ਲੰਘਣਾ ਦੁੱਭਰ ਹੋਇਆ ਪਿਆ ਹੈ । ਬਹੁਤ ਸਾਰੀਆਂ ਕੀਮਤੀ ਮਨੁੱਖੀ ਜਾਨਾਂ ਇਹਨਾਂ ਆਵਾਰਾ ਢੱਠਿਆਂ ਕਾਰਨ ਮੌਤ ਦੇ ਮੂੰਹ ਗਈਆਂ ਹਨ ਅਤੇ ਕਈ ਅਪਾਹਜ ਵੀ ਹੋਏ ਹਨ। ਸ਼ਹਿਰ ਵਿਚ ਅੱਧੀ ਦਰਜਨ ਗਊਸ਼ਾਲਾ ਤੇ ਹੋਰ ਸਮਾਜੇਸਵੀ ਸੰਸਥਾਵਾਂ ਸਮੇਤ ਪ੍ਰਸ਼ਾਸਨ ਵੀ ਇਹਨਾਂ ਅਵਾਰਾ ਜਾਨਵਰਾ ਦਾ ਕੋਈ ਹੱਲ ਕੱਢਣ ਵਿਚ ਅਸਮਰੱਥ ਨਜਰ ਆ ਰਹੇ ਹਨ । ਇਹ ਅਵਾਰਾ ਢੱਠੇ ਆਪਸ ’ਚ ਭਿੜਦੇ ਹਨ ਤਾਂ ਹਰ ਕੋਈ ਬੇਵੱਸ ਹੋ ਜਾਂਦਾ ਹੈ ਅਤੇ ਢੱਠਿਆਂ ਦੀ ਭੇੜ ਨੂੰ ਹਟਾਉਣ ਦੀ ਬਜਾਏ ਆਪਣੀ ਜਾਨ ਬਚਾਉਣ ਦੀ ਕਰਦਾ ਹੈ। ਸ਼ਹਿਰ ਦੀ ਜੀਟੀ ਰੋਡ ਤੇ ਅਕਸਰ ਦਿਨ ਛਿਪੇ ਉਪਰੰਤ ਆਵਾਰਾ ਪਸ਼ੂ ਆਰਾਮ ਫਰਮਾਉਂਦੇ ਨਜ਼ਰ ਆਉਂਦੇ ਹਨ ਅਤੇ ਰਾਹਗੀਰ ਹਨੇਰੇ ਵਿਚ ਕਈ ਵਾਰ ਦਿਖਾਈ ਨਾ ਦੇਣ ਕਾਰਨ ਇਹਨਾਂ ਅਵਾਰ ਪਸ਼ੂਆਂ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ।

ਸਮਾਜਸੇਵੀ ਸੰਸਥਾਵਾਂ ਵੱਲੋਂ ਹਾਦਸਿਆਂ ਨੂੰ ਠੱਲ ਪਾਉਣ ਲਈ ਇਹਨਾਂ ਅਵਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਰ ਪਾਉਣ ਦੀ ਮੁਹਿਮ ਸ਼ੁਰੂ ਕੀਤੀ ਗਈ ਪਰ ਉਹ ਵੀ ਸਿਰਫ ਫੋਟੋਆਂ ਖਿਚਵਾ ਕੇ ਅਖਬਾਰਾਂ ਵਿਚ ਸੁਰਖੀਆਂ ਬਟੋਰਣ ਤੱਕ ਸੀਮਤ ਰਹਿ ਗਈ । ਸ਼ਹਿਰ ਦੇ ਪੰਜਾਬ ਪੈਲੇਸ ਦੇ ਸਾਹਮਣੇ ਗੰਦਗੀ ਦੇ ਢੇਰਾਂ ਤੇ ਮੂੰਹ ਮਾਰਦੇ ਪਸ਼ੂਆਂ ਦੀ ਹੁੰਦੀ ਭੇੜ ਰਾਹਗੀਰਾਂ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਪੁਰਾਣੀ ਤਹਿਸੀਲ ਰੋਡ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਨਾਲ ਲੱਗੇ ਗੰਦਗੀ ਦੇ ਢੇਰ ਤੇ ਮੂੰਹ ਮਾਰਦੇ ਪਸ਼ੂਆਂ ਤੋਂ ਉੱਥੇ ਗੁਜ਼ਰਦੇ ਅਨੇਕਾਂ ਸਕੂਲਾਂ ਦੇ ਵਿਦਿਆਰਥੀ ਵੀ ਕਾਫ਼ੀ ਪ੍ਰੇਸ਼ਾਨ ਹਨ ਅਤੇ ਘਰੋਂ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਢੱਠਿਆਂ ਤੋਂ ਬੱਚ ਕੇ ਲੰਘਣ ਲਈ ਕਹਿ ਕੇ ਤੋਰਿਆ ਜਾਂਦਾ ਹੈ। ਇੱਥੇ ਲੱਗੇ ਰਹਿੰਦੇ ਢੱਠਿਆਂ ਦੇ ਜੰਮਵਾੜੇ ਦੇ ਨਜ਼ਦੀਕ ਹੀ ਸਕੂਲੀ ਵੈਨਾਂ ਖੜੀਆਂ ਹੁੰਦੀਆਂ ਹਨ ਅਤੇ ਛੁੱਟੀ ਵੇਲੇ ਜਦ ਬੱਚੇ ਵੇਲੇ ਤੇ ਸਵਾਰ ਹੁੰਦੇ ਹਨ ਤਾਂ ਉਨਾਂ ਨੂੰ ਢੱਠਿਆਂ ਦੀ ਭੇੜ ਦਾ ਡਰ ਬਣਿਆ ਰਹਿੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇੰਨਾਂ ਢੱਠਿਆਂ ਨਾਲ ਨਜਿੱਠਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਲੋੜ ਹੈ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਇਸ ਕੰਮ ਲਈ ਅੱਗੇ ਆਉਣ।

Share Button

Leave a Reply

Your email address will not be published. Required fields are marked *