Tue. Jun 18th, 2019

ਮਲੇਰੀਆ, ਡੇਂਗੂ, ਚਿਕਗੁਨੀਆਂ ਅਤੇ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ ਕੀਤੇ ਜਾਣ : ਡਿਪਟੀ ਕਮਿਸ਼ਨਰ

ਮਲੇਰੀਆ, ਡੇਂਗੂ, ਚਿਕਗੁਨੀਆਂ ਅਤੇ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ ਕੀਤੇ ਜਾਣ : ਡਿਪਟੀ ਕਮਿਸ਼ਨਰ

-ਕਿਹਾ, ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾ ਕੇ ਦਫ਼ਤਰਾਂ ਅਤੇ ਘਰਾਂ ਦੇ ਕੂਲਰਾਂ ਦੀ ਕੀਤੀ ਜਾਵੇੇ ਸਫ਼ਾਈ

-ਜ਼ਿਲ੍ਹਾ ਪੱਧਰੀ ਟਾਸਕ ਫੋਰਸ ਅਤੇ ਕੋਟਪਾ ਦੀ ਬੈਠਕ ਦੌਰਾਨ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 28 ਮਾਰਚ: (ਤਰਸੇਮ ਦੀਵਾਨਾ)-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮਲੇਰੀਆ, ਡੇਂਗੂ, ਚਿਕੁਨਗੁਨੀਆਂ ਅਤੇ ਵੈਕਟਰ ਬੌਰਨ (ਪਾਣੀ ਨਾਲ ਸਬੰਧਤ ਬਿਮਾਰੀਆਂ) ਬਿਮਾਰੀਆਂ ਦੇ ਵਾਧੇ ਦੀ ਰੋਕਥਾਮ ਲਈ ਅਗੇਤਰੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਹ ਅੱਜ ਮਲੇਰੀਆ, ਡੇਂਗੂ, ਚਿਕੁਨਗੁਨੀਆਂ ਅਤੇ ਵੈਕਟਰ ਬੌਰਨ ਬਿਮਾਰੀਆਂ ਦੇ ਵਾਧੇ ਦੀ ਰੋਕਥਾਮ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਾਓ ਲਈ ਸਰਕਾਰੀ ਮੁਲਾਜਮ ਅਤੇ ਆਮ ਜਨਤਾ ਵੀ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦਿਨ ਸਰਕਾਰੀ ਦਫਤਰਾਂ, ਘਰਾਂ ਦੇ ਕੂਲਰ, ਫਰਿਜ਼ ਦੀਆਂ ਟਰੇਆਂ, ਪੰਛੀਆਂ ਵਾਸਤੇ ਪੀਣ ਵਾਲੇ ਪਾਣੀ ਦੇ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਇਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਰਕਾਰੀ ਦਫ਼ਤਰ ਦੇ ਅਧਿਕਾਰੀ ਜਾਂ ਉਨ੍ਹਾਂ ਦੇ ਘਰਾਂ ਵਿੱਚ ਉਕਤ ਬਿਮਾਰੀਆਂ ਦਾ ਲਾਰਵਾ ਮਿਲਦਾ ਹੈ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਬਕਾਇਦਾ ਤੌਰ ‘ਤੇ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਬਣਦੇ ਜ਼ੁਰਮਾਨੇ ਕੀਤੇੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਦੇ ਫੈਲਣ ਦਾ ਮੁੱਖ ਕਾਰਨ ਜਾਗਰੂਕਤਾ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਵੱਧਦੇ ਤਾਪਮਾਨ ਵਿੱਚ ਸ਼ੁਰੂਆਤੀ ਤੌਰ ‘ਤੇ ਇਹ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਤੋਂ ਬਚਾਅ ਦਾ ਇਕੋ ਤਰੀਕਾ ਇਹ ਹੈ ਕਿ ਸੀਜ਼ਨ ਦੌਰਾਨ ਕੂਲਰ, ਟਾਇਰਾਂ, ਡੱਬਿਆਂ ਆਦਿ ਵਿੱਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ। ਉਨ੍ਹਾਂ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਕਿਹਾ ਕਿ ਜਦੋਂ ਨਗਰ ਨਿਗਮ, ਨਗਰ ਕੌਂਸਲਰਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਕਾਰਵਾਈ ਕਰਨ ਲਈ ਕਿਸੇ ਖੇਤਰ ਵਿੱਚ ਜਾਣ ਤਾਂ ਲੋੜ ਅਨੁਸਾਰ ਟੀਮਾਂ ਦੀ ਸੁਰੱਖਿਆ ਲਈ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਜਾਵੇ।

ਸ੍ਰੀ ਵਿਪੁਲ ਉਜਵਲ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰ ਭੂੰਗਾ, ਮੰਡ ਮੰਡੇਰ, ਹਾਜੀਪੁਰ, ਬੂਢਾਬੜ, ਭੋਲ ਕਲੋਤਾ, ਕਮਾਹੀ ਦੇਵੀ, ਸਿਵਲ ਹਸਪਤਾਲ ਦਸੂਹਾ ਅਤੇ ਮੁਕੇਰੀਆਂ ਦੇ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਡੇਂਗੂ, ਚਿਕੁਨਗੁਨੀਆਂ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਸਿਹਤ ਭੂੰਗਾ ਵਿਖੇ ਭੇਜਣਾ ਯਕੀਨੀ ਬਣਾਉਣ। ਉਨ੍ਹਾਂ ਨੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਅਤੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਜਿਥੇ ਕਿਤੇ ਵਾਟਰ ਸਪਲਾਈ/ਸੀਵਰੇਜ ਦੀ ਲੀਕੇਜ਼ ਹੋਵੇ ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ। ਉਨ੍ਹਾਂ ਨੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਲੋਕਲ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਪੱਧਰ ‘ਤੇ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ।

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕੋਟਪਾ ਦੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਅਤੇ ਤਾਲਮੇਲ ਕਮੇਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ 31 ਮਈ ਤੱਕ ਯੂਥ ਅਗੇਂਸਟ ਤੰਬਾਕੂ ਨਾਮਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਪਹਿਲੇ ਫੇਸ ਵਿੱਚ 31 ਮਾਰਚ ਤੱਕ ਜ਼ਿਲ੍ਹਾ ਅਤੇ ਬਲਾਕ ਲੈਵਲ ‘ਤੇ ਵਿਸ਼ੇਸ਼ ਬੈਠਕਾਂ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਰੂਪਰੇਖਾ ਉਲੀਕੀ ਜਾਵੇਗੀ। ਦੂਜੇ ਫੇਸ ਵਿੱਚ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਸਲੱਮ ਖੇਤਰਾਂ, ਤੀਜੇ ਫੇਸ ਵਿੱਚ 16 ਤੋਂ 30 ਅਪ੍ਰੈਲ ਤੱਕ ਤੰਬਾਕੂ ਰਹਿਤ ਪਿੰਡਾਂ, ਚੌਥੇ ਫੇਸ ਵਿੱਚ 1 ਮਈ ਤੋਂ 15 ਮਈ ਤੱਕ ਸਕੂਲਾਂ ਅਤੇ ਕਾਲਜਾਂ ਵਿੱਚ ਲਿਖਣ, ਭਾਸ਼ਣ ਅਤੇ ਪੇਂਟਿੰਗ ਆਦਿ ਮੁਕਾਬਲੇ ਕਰਵਾ ਕੇ ਅਤੇ ਪੰਜਵੇਂ ਫੇਸ ਦੌਰਾਨ 16 ਤੋਂ 31 ਮਈ ਤੱਕ ਫਿਰ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਦੁਬਾਰਾ ਪਹੁੰਚ ਕਰਕੇ ਸਿਹਤ ਵਿਭਾਗ ਦੀਆਂ 14 ਟੀਮਾਂ ਵਲੋਂ ਸਪੈਸ਼ਲ ਇਨਫੋਰਸਮੈਂਟ ਚਲਾ ਕੇ ਕੋਟਪਾ ਦੀਆਂ ਸਾਰੀਆਂ ਧਰਾਵਾਂ ਦੀਆਂ ਉਲੰਘਣਾਂ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਉਪਰੰਤ 31 ਮਈ ਨੂੰ ਵਰਲਡ ਨੋ ਤੰਬਾਕੂ ਡੇਅ ਸਾਰਿਆਂ ਵਿਭਾਗਾਂ ਅਤੇ ਮੈਂਬਰਾਂ ਵਲੋਂ ਮਨਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਲੋਕ ਸਿਗਰਟਨੋਸ਼ੀ ਦੇ ਨਾਲ-ਨਾਲ ਜਨਤਕ ਸਥਾਨਾਂ ‘ਤੇ ਤੰਬਾਕੂ ਖਾਣ ਨੂੰ ਪਹਿਲ ਦਿੰਦੇ ਹਨ। ਇਹ ਦੋਵੇ ਤਰੀਕੇ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ।

ਇਸ ਮੌਕੇ ‘ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਸਿਵਲ ਸਰਜਨ ਡਾ. ਰੇਨੂੰ ਸੂਦ, ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਡਾ. ਸੁਨੀਲ ਅਹੀਰ, ਡਾ. ਮਨੋਹਰ ਲਾਲ, ਡੀ.ਐਸ.ਪੀ. ਸ੍ਰੀ ਗੁਰਜੀਤ ਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: