Thu. Jul 18th, 2019

ਮਲਾਹ ਹਿੰਮਤੀ ਹੋਵੇ ਤਾਂ ਹੀ ਬੇੜੀ ਪਾਰ ਹੈ ਲੱਗਦੀ – ਰਾਠੌਰ ਦੀ ਵਜ਼ਾਰਤ ‘ਚ ਖਿਡਾਰੀਆਂ ਦੇ ਤਗਮੇ

ਮਲਾਹ ਹਿੰਮਤੀ ਹੋਵੇ ਤਾਂ ਹੀ ਬੇੜੀ ਪਾਰ ਹੈ ਲੱਗਦੀ – ਰਾਠੌਰ ਦੀ ਵਜ਼ਾਰਤ ‘ਚ ਖਿਡਾਰੀਆਂ ਦੇ ਤਗਮੇ

ਜਕਾਰਤਾ ਏਸ਼ੀਅਨ ਖੇਡਾਂ 2018 ‘ਚ ਭਾਰਤੀ ਖਿਡਾਰੀਆਂ ਨੇ ਭਾਰਤ ਲਈ ਤਗਮੇ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਭਾਰਤ ਨੇ ਏਸ਼ੀਆਈ ਖੇਡਾਂ ‘ਚ ਕੁੱਲ 69 ਤਗਮੇ ਜਿੱਤੇ ਤੇ ਪਹਿਲੇ 10 ਸਥਾਨਾਂ ‘ਚ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ। ਪਿਛਲੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 57 ਤਗਮੇ ਜਿੱਤੇ ਸਨ ਤੇ ਇਸ ਵਾਰ ਭਾਰਤ ਪਿਛਲੀਆਂ ਏਸ਼ੀਅਨ ਖੇਡਾਂ ਨਾਲੋਂ ਕੁੱਲ 12 ਤਗਮੇ ਵੱਧ ਜਿੱਤ ਕੇ 8ਵੇਂ ਸਥਾਨ ‘ਤੇ ਰਹਿਣ ‘ਚ ਕਾਮਯਾਬ ਰਿਹਾ।
ਸਿਆਣੇ ਕਹਿੰਦੇ ਨੇ ਕਿ ਜੇਕਰ ਘਰ ਦਾ ਮੋਹਰੀ ਬੰਦਾ ਸਿਆਣਾ, ਸੂਝਵਾਨ ਤੇ ਸਹੀ ਰਣਨੀਤੀ ਬਣਾਉਣ ਵਾਲਾ ਹੋਵੇ ਤਾਂ ਪੂਰੇ ਘਰ ‘ਚ ਅਨੁਸ਼ਾਸਨ ਦੇ ਨਾਲ ਨਾਲ ਖੁਸ਼ੀਆਂ ਦੀ ਚਹਿਲ ਪਹਿਲ ਵੀ ਰਹਿੰਦੀ ਹੈ। ਇਸ ਵਾਰ ਭਾਰਤੀ ਖਿਡਾਰੀਆਂ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ। ਕਿਉਂਕਿ ਇਸ ਵਾਰ ਭਾਰਤੀ ਖਿਡਾਰੀਆਂ ਦਾ ਮੋਹਰੀ ਜਾਂ ਫਿਰ ਕਹਿ ਲਈਏ ਕਿ ਉਨ੍ਹਾਂ ਦੇ ਦੁੱਖ ਦਰਦ ਸਮਝਣ ਵਾਲਾ, ਕਿਸੇ ਵੇਲੇ ਖੁਦ ਵੀ ਖਿਡਾਰੀਆਂ ‘ਤੇ ਆਉਂਦੀਆਂ ਬਿਪਤਾ ਤੇ ਸਮੱਸਿਆਵਾਂ ਨੂੰ ਝੱਲ ਚੁੱਕਿਆ ਖਿਡਾਰੀ, ਖੇਡ ਮੰਤਰੀ ਵਜੋਂ ਮਿਲਿਆ। ਖੇਡ ਮੰਤਰੀ ਰਾਜਵਰਧਨ ਰਾਠੌਰ, ਜੋ ਕਿ ਖੁਦ ਕੁਝ ਸਾਲ ਪਹਿਲਾਂ ਖੇਡ ਮੈਦਾਨ ‘ਚ ਹੋਇਆ ਕਰਦਾ ਸੀ, ਤੇ ਅੱਜ ਉਸੇ ਖੇਡ ਮੈਦਾਨਾਂ ‘ਚ ਭਾਰਤੀ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਨਜ਼ਰ ਆ ਰਹੇ ਹਨ।
ਰਾਠੌਰ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਉਨ੍ਹਾਂ ਭਾਰਤੀ ਸੈਨਾ ‘ਚ ਸੇਵਾਵਾਂ ਨਿਭਾਉਣ ਦੇ ਨਾਲ ਭਾਰਤ ਨੂੰ ਖੇਡਾਂ ‘ਚ ਬਹੁਤ ਵੱਡੇ ਮਾਣ ਹਾਸਲ ਕਰਾਏ। ਸ਼ੂਟਿੰਗ ‘ਚ ਰਾਠੌਰ ਦਾ ਬਣਾਇਆ ਰਿਕਾਰਡ ਹਾਲੇ ਤੱਕ ਬਰਕਰਾਰ ਹੈ। ਉਨ੍ਹਾਂ ਨੇ ਸਾਲ 2002 ਦੀਆਂ ਕਾਮਨਵੈਲਥ ਖੇਡਾਂ ਦੇ ਸ਼ੂਟਿੰਗ ਈਵੈਂਟ ਮੈਨਚੈਸਟਰ ‘ਚ 200 ‘ਚੋਂ 192 ਟਾਰਗੇਟ ਲਗਾ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ। ਇਸੇ ਤਰ੍ਹਾਂ ਰਾਠੌਰ ਨੇ ਹੁਣ ਤੱਕ ਇੱਕ ਦਰਜਨ ਦੇ ਕਰੀਬ ਸੋਨ ਤਗਮੇ ਭਾਰਤ ਦੀ ਝੋਲੀ ਪਾਏ ਅਤੇ ਵਿਸ਼ਵ ‘ਚ ਆਪਣੀ ਬਾਜ ਅੱਖ ਤੇ ਸ਼ਾਤਿਰ ਦਿਮਾਗ ਦੀ ਬਦੌਲਤ ਪੂਰੀ ਦੁਨੀਆ ‘ਚ ਭਾਰਤ ਦਾ ਨਾਂਅ ਰੌਸ਼ਨ ਕੀਤਾ।
ਰਾਠੌਰ ਦੀਆਂ ਖੇਡ ਉਪਲਭਦੀਆਂ ਸਦਕਾ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਅਤੇ ਹੋਰ ਕਈ ਸਨਮਾਨਯੋਗ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣੇ 9 ਸਾਲ ਦੇ ਸ਼ਾਨਦਾਰ ਖੇਡ ਕਰੀਅਰ ‘ਚ ਰਾਠੌਰ ਨੂੰ ਭਾਰਤੀ ਖੇਡ ਸਿਸਟਮ ਵਿਚ ਕਾਫੀ ਤਰੁਟੀਆਂ ਨਜ਼ਰ ਆਈਆਂ। ਜਿੰਨ੍ਹਾਂ ਨੂੰ ਇੱਕ ਖਿਡਾਰੀ ਹੋਣ ਦੇ ਨਾਤੇ ਦੂਰ ਨਹੀਂ ਕੀਤਾ ਜਾ ਸਕਦਾ ਸੀ । ਇਸੇ ਕਰਕੇ ਰਾਠੌਰ ਨੇ ਸਾਲ 2013 ‘ਚ ਭਾਜਪਾ ‘ਚ ਸ਼ਾਮਲ ਹੋ ਕੇ ਸਿਆਸਤ ‘ਚ ਆਪਣਾ ਪੈਰ ਧਰਿਆ। ਉਹ ਸਾਲ 2014 ਦੀਆਂ ਲੋਕ ਸਭਾ ਚੋਣਾਂ ‘ਚ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਮਿਲੀਆ। ਦੇਰ ਆਏ ਦਰੁਸਤ ਆਏ, ਰਾਠੌਰ ਨੂੰ ਆਖਰ ਸਾਲ 2017 ‘ਚ ਖੇਡ ਮੰਤਰਾਲੇ ਦੀ ਕਮਾਨ ਸੌਂਪ ਦਿੱਤੀ ਗਈ। ਜਿਸਤੋਂ ਬਾਅਦ ਰਾਠੌਰ ਦਾ ਖਿਡਾਰੀਆਂ ਲਈ ਕੁਝ ਕਰਨ ਦਾ ਜਜ਼ਬਾ ਹੋਰ ਵੀ ਵਧ ਗਿਆ।
ਰਾਠੌਰ ਦਾ ਖੇਡ ਮੰਤਰਾਲੇ ਦੀ ਕਮਾਨ ਸੰਭਾਲਣ ਤੋਂ ਬਾਅਦ ਇੱਕੋ ਟੀਚਾ ਰਿਹਾ ਕਿ ਭਾਰਤ ਲਈ ਵੱਧ ਤੋਂ ਵੱਧ ਤਗਮੇ ਲੈ ਕੇ ਆਉਣੇ ਹਨ। ਭਾਵੇਂ ਉਹ ਘਰੇਲੂ, ਰਾਸ਼ਟਰੀ ਜਾਂ ਫਿਰ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਹੋਣ। ਰਾਠੌਰ ਦੇ ਇਸ ਟੀਚੇ ਨੂੰ ਹੌਲੀ ਹੌਲੀ ਬੂਰ ਪਿਆ ਅਤੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ‘ਤੇ ਪਾਏ ਦਬਾਅ ਕਾਰਨ ਖਿਡਾਰੀਆਂ ਨੂੰ ਪਹਿਲਾਂ ਨਾਲੋਂ ਕੁਝ ਬਿਹਤਰ ਸਹੂਲਤਾਂ ਮਿਲਣੀਆਂ ਸ਼ੁਰੂ ਹੋਈਆਂ। ਖਿਡਾਰੀਆਂ ਨੂੰ ਬਿਹਤਰ ਕੋਚ ਮੁਹੱਈਆ ਕਰਾਏ ਗਏ। ਬਗੈਰ ਵਿਤਕਰੇ ਦੇ ਚੰਗੇ ਅਥਲੀਟਾਂ ਨੂੰ ਉੱਪਰ ਤੱਕ ਲਿਜਾਇਆ ਗਿਆ। ਜਿਸਦੀ ਬਦੌਲਤ ਅੱਜ ਭਾਰਤ ਦੀ ਤਗਮਾ ਸੂਚੀ ‘ਚ ਕੁਝ ਨਾ ਕੁਝ ਫਰਕ ਪਿਆ ਨਜ਼ਰ ਆਇਆ।
ਪਿਛਲੇ ਖੇਡ ਮੰਤਰੀਆਂ ਦੇ ਬਦਲੇ ਰਾਠੌਰ ਦੀ ਰਹਿਨੁਮਾਈ ਹੇਠ ਭਾਰਤੀ ਖਿਡਾਰੀਆਂ ‘ਚ ਹਿੰਮਤ ਤੇ ਜੋਸ਼ ਜਕਾਰਤਾ ਵਿਖੇ ਦੇਖਿਆ ਗਿਆ ਹੈ। ਇਸ ਗੱਲ ਦਾ ਪ੍ਰਮਾਣ 2016 ‘ਚ ਹੋਈਆਂ ਰੀਓ ਓਲੰਪਿਕ ਖੇਡਾਂ ‘ਚੋਂ ਲਿਆ ਜਾ ਸਕਦਾ ਹੈ ਜਦੋਂ ਭਾਰਤੀ ਖਿਡਾਰੀਆਂ ਵੱਲੋਂ ਭਾਰਤੀ ਖੇਡ ਮੰਤਰਾਲੇ ‘ਤੇ ਹੀ ਉਨ੍ਹਾਂ ਦੀਆਂ ਸਹੂਲਤਾਂ ਪੂਰੀਆਂ ਨਾ ਕਰਨ ਦੇ ਇਲਜ਼ਾਮ ਭਾਰਤੀ ਅਖਬਾਰਾਂ ਦੀਆਂ ਸੁਰਖੀਆਂ ਬਣੇ ਸਨ। ਪਰ ਜਕਾਰਤਾ ਏਸ਼ੀਆਈ ਖੇਡਾਂ ਤੋਂ ਬਾਅਦ ਫਿਲਹਾਲ ਕੋਈ ਵੀ ਅਜਿਹੀ ਖਬਰ ਕਿਸੇ ਅਖਬਾਰ ਦੀ ਸੁਰਖੀ ਨਹੀਂ ਬਣੀ। ਪਰ ਹਾਂ, ਖਿਡਾਰੀ ਸੂਬਾ ਸਰਕਾਰਾਂ ਤੋਂ ਜਰੂਰ ਖਫਾ ਨਜ਼ਰ ਆ ਰਹੇ ਨੇ। ਖਾਸ ਕਰ ਪੰਜਾਬ ਦੇ ਖਿਡਾਰੀ, ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਅਯਗੌਲੇਪਣ ਵਤੀਰੇ ਕਾਰਨ ਨਰਾਜ ਜਰੂਰ ਨੇ। ਇਥੇ ਹੀ ਪੰਜਾਬ ਦੇ ਉਲਟ ਹਰਿਆਣਾ ਸਰਕਾਰ ਖਿਡਾਰੀਆਂ ਲਈ ਤਨੋ, ਮਨੋ ਤੇ ਧਨੋ ਏਸ਼ੀਆ ਖੇਡਾਂ ਵਿਚ ਤਗਮੇ ਜਿੱਤ ਕੇ ਲਿਆਏ ਖਿਡਾਰੀਆਂ ਦੇ ਨਾਲ ਖੜ੍ਹੀ ਹੈ ਤੇ ਉਨ੍ਹਾਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪੈਸਿਆਂ ਦੇ ਖੁੱਲ੍ਹੇ ਗੱਫੇ ਵੰਡ ਰਹੀ ਹੈ। ਪਰ ਪੰਜਾਬ ਦੇ ਖਿਡਾਰੀ ਏਸ਼ੀਆ ਖੇਡਾਂ ‘ਚੋਂ ਤਗਮੇ ਜਿੱਤ ਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਕਿਉਂਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸ਼ਾਬਾਸ਼ੀ ਤੇ ਹੌਸਲੇ ਭਰੇ ਸ਼ਬਦਾਂ ਤੋਂ ਬਗੈਰ ਹੋਰ ਕੁਝ ਨਹੀਂ ਦਿੱਤਾ।
ਰਾਜਵਰਧਨ ਰਾਠੌਰ ਦੀ ਰਹਿਨੁਮਾਈ ਹੇਠ ਜੋ ਸਥਿਤੀ ਅੱਜ ਭਾਰਤੀ ਖੇਡ ਸਿਸਟਮ ਦੀ ਹੈ, ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਬਿਹਤਰ ਹੋ ਸਕੇਗੀ। ਰਾਠੌਰ ਦੀ ਭਾਰਤੀ ਖਿਡਾਰੀਆਂ ਨੂੰ ਤਗਮੇ ਦਿਵਾਉਣ ਦੀ ਦੌੜ, ਜਕਾਰਤਾ ਖੇਡਾਂ ਵਕਤ ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਦੇਖੀ ਜਾ ਸਕਦੀ ਸੀ। ਰਾਠੌਰ ਖੁਦ ਭਾਰਤੀ ਖਿਡਾਰੀਆਂ ਨੂੰ ਉਤਸ਼ਾਹ ਤੇ ਜੋਸ਼ ਭਰਦੇ ਨਜ਼ਰ ਆਏ। ਹੋਰ ਤੇ ਹੋਰ ਰਾਠੌਰ ਵੱਲੋਂ ਜਕਾਰਤਾ ‘ਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਸਵਾਗਤ ਵਜੋਂ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਜਾ ਚੁੱਕਾ ਹੈ।
ਭਾਰਤ ਨੂੰ ਅਤੇ ਇਸ ਦੇਸ਼ ਦੇ ਸੂਬਿਆਂ ਦੇ ਖੇਡ ਮੰਤਰਾਲਿਆਂ ਨੂੰ ਅੱਜ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦੀ ਜਰੂਰਤ ਹੈ ਤਾਂ ਉਹ ਹੈ ਚੰਗੇ ਮੋਹਰੀਆਂ ਦੀ ਲੋੜ ਹੈ, ਤਾਂ ਕਿ ਲੱਖਾਂ ਭਾਰਤੀ ਖਿਡਾਰੀਆਂ ਦੀ ਹੱਡ ਭੰਨਵੀਂ ਕੀਤੀ ਮਿਹਨਤ ਅਜਾਈਂ ਨਾ ਜਾ ਸਕੇ।

ਯਾਦਵਿੰਦਰ ਸਿੰਘ ਤੂਰ
9501582626

Leave a Reply

Your email address will not be published. Required fields are marked *

%d bloggers like this: