ਮਰ ਰਹੀ ਇਨਸਾਨੀਅਤ ਜਾਂ ਮਾਨਵਤਾ

ਮਰ ਰਹੀ ਇਨਸਾਨੀਅਤ ਜਾਂ ਮਾਨਵਤਾ

ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਉਸਦਾ ਕੋਈ ਧਰਮ ਨਹੀਂ ਹੁੰਦਾ, ਉਹ ਸਿਰਫ਼ ਇੱਕ ਇਨਸਾਨ ਹੁੰਦਾ ਹੈ।ਇਹ ਅਟੱਲ ਸੱਚਾਈ ਹੈ ਕਿ ਇਨਸਾਨ ਨੂੰ ਧਰਮ ਨੇ ਨਹੀਂ ਬਣਾਇਆ ਸਗੋਂ ਇਨਸਾਨ ਨੇ ਧਰਮ ਨੂੰ ਬਣਾਇਆ ਹੈ, ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ।ਅੱਜ ਦਾ ਇਨਸਾਨ ਵੱਖੋਂ ਵੱਖਰੇ ਧਰਮਾਂ, ਫਿਰਕਿਆਂ ਵਿੱਚ ਵੰਡਿਆ ਪਿਆ ਹੈ।ਅੱਜ ਸਾਡੇ ਸਮਾਜ ਵਿੱਚ ਜ਼ਿਆਦਾਤਰ ਵੱਖੋ ਵੱਖਰੇ ਧਰਮਾਂ, ਫਿਰਕਿਆਂ ਆਦਿ ਨਾਲ ਸੰਬੰਧਤ ਲੋਕਾਂ ਨੇ ਆਪਣੇ ਫਿਰਕੇ ਜਾਂ ਧਰਮ ਨੂੰ ਸਰਵਉੱਚ ਵਿਖਾਉਣ ਲਈ, ਮਨੁੱਖ ਰੂਪੀ ਜੂਨ ਦੇ ਮੂਲ ਸਿਧਾਂਤ ਮਾਨਵਤਾ ਜਾਂ ਇਨਸਾਨੀਅਤ ਦਾ ਘਾਣ ਕਰ ਛੱਡਿਆ ਹੈ।ਧਾਰਮਿਕ ਜਾਂ ਫਿਰਕੇ ਦੀ ਕੱਟੜਤਾ ਸੋਚ ਦੇ ਧਾਰਣੀ ਲੋਕਾਂ ਨੇ ਹਿੰਸਾ ਨੂੰ ਧਰਮ ਜਾਂ ਫਿਰਕੇ ਦਾ ਹਿੱਸਾ ਬਣਾ ਕੇ, ਧਰਮ ਦੇ ਨਾਂ ਹੇਠ ਅਸ਼ਾਂਤੀ ਫੈਲਾ ਕੇ, ਮਾਨਵਤਾ ਨੂੰ ਲੀਰੋ ਲੀਰ ਕਰ ਦਿੱਤਾ ਹੈ।ਇਨਸਾਨੀਅਤ ਜਾਂ ਮਾਨਵਤਾ ਦੀ ਮਹੱਹਤਾ ਨੂੰ ਬਿਆਨ ਕਰਦੇ ਹੋਏ ਕਿਸੇ ਕਲਮ ਦੇ ਧਨੀ ਦੇ ਗਾਗਰ ਵਿੱਚ ਸਾਗਰ ਭਰਦੇ ਹੋਏ ਸ਼ਬਦ ਹਨ ਕਿ ” ਮਾਨਵਤਾ ਹੀ ਪਹਿਲਾਂ ਧਰਮ ਹੈ ਇਨਸਾਨ ਦਾ, ਫਿਰ ਪੰਨ੍ਹਾ ਖੁੱਲ੍ਹਦਾ ਏ ਗੀਤਾ ਜਾਂ ਕੁਰਾਨ ਦਾ।”
ਜ਼ਿੰਦਗੀ ਜਿਊਣ ਲਈ ਪੈਸਾ ਜ਼ਰੂਰੀ ਹੈ, ਪਰ ਪੈਸਾ ਹੀ ਸਭ ਕੁਝ ਨਹੀਂ ਹੈ ਇਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ।ਇਹ ਵਿਡੰਬਨਾ ਹੈ ਕਿ ਅਯੋਕਾ ਮਨੁੱਖ ਪੈਸੇ ਨੂੰ ਹੀ ਸਭ ਕੁਝ ਮੰਨ ਕੇ, ਇਸ ਧਰਤੀ ਤੇ ਇੱਕ ਸੱਭਿਅਕ, ਖੁਸ਼ਹਾਲੀ ਭਰਪੂਰ ਮਨੁੱਖ ਜ਼ਿੰਦਗੀ ਜਿਊਣ ਦੇ ਅਹਿਮ ਸਿਧਾਂਤ ਇਨਸਾਨੀਅਤ ਨੂੰ ਮਨੋਂ ਦਿਨ ਬ ਦਿਨ ਵਿਸਾਰਦਾ ਤੁਰਿਆ ਜਾ ਰਿਹਾ ਹੈ, ਜਿਸ ਦੇ ਕਦੇ ਵੀ ਸਾਰਥਕ ਸਿੱਟੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ।ਸ਼ਹੀਦ ਏ ਆਜ਼ਮ ਸz. ਭਗਤ ਸਿੰਘ ਨੇ ਵੀ ਇਨਸਾਨੀਅਤ ਦੇ ਮਹੱਤਵ ਨੂੰ ਸਮਝਦੇ ਹੋਏ ਕਿਹਾ ਹੈ ਕਿ ਮੈਂ ਇੱਕ ਮਾਨਵ ਹਾਂ ਅਤੇ ਜੋ ਕੁਝ ਵੀ ਮਾਨਵਤਾ ਨੂੰ ਪ੍ਰਭਾਵਿਤ ਕਰਦਾ ਹੈ, ਉਸ ਨਾਲ ਮੈਨੂੰ ਮਤਬਲ ਹੈ।ਇਸ ਦੇ ਲਈ ਉਹਨਾਂ ਨੇ ਸਮਾਜਵਾਦ ਦੀ ਹਾਮੀ ਭਰੀ ਹੈ, ਕਿਉਂਕਿ ਪੂੰਜੀਵਾਦ ਇਨਸਾਨੀਅਤ ਤੋਂ ਕੋਹਾਂ ਦੂਰ ਜਾਪਦੀ ਹੈ।
ਇਨਸਾਨੀਅਤ ਹੈ ਕੀ? ਤਾਂ ਇਸਦਾ ਜਵਾਬ ਬੜ੍ਹਾ ਹੀ ਸਿੱਧਾ ਅਤੇ ਸਪੱਸ਼ਟ ਹੈ ਕਿ ਇਨਸਾਨ ਨੂੰ ਇਨਸਾਨ ਸਮਝਣਾ, ਜੇਕਰ ਸੰਭਵ ਹੋਵੇ ਤਾਂ ਦੂਜੇ ਇਨਸਾਨ ਦੀ ਲੋੜ ਪੈਣ ਤੇ ਸਮਰੱਥਾ ਅਨੁਸਾਰ ਮੱਦਦ ਕਰਨਾ ਅਤੇ ਕਦੇ ਵੀ ਦੂਜੇ ਇਨਸਾਨ ਨਾਲ ਉਦਾਂ ਦਾ ਵਿਵਹਾਰ ਜਾਂ ਰਵੱਈਆ ਨਾ ਕਰਨਾ, ਜਿੱਦਾਂ ਦਾ ਤੁਸੀਂ ਖੁਦ ਆਪਣੇ ਆਪ ਨਾਲ ਪਸੰਦ ਨਹੀਂ ਕਰਦੇ, ਇਨਸਾਨੀਅਤ ਜਾਂ ਮਾਨਵਤਾ ਅਖਵਾਉਂਦਾ ਹੈ।
ਮਾਨਵਤਾ ਜਾਂ ਸ਼ਖ਼ਸੀਅਤ ਦੀ ਮਹੱਤਤਾ ਇਸ ਵਿਚਾਰ ਤੋਂ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਸਾਰੇ ਲੋਕ ਚਾਹੇ ਉਹ ਆਸਤਿਕ ਹੋਣ ਜਾਂ ਨਾਸਤਿਕ ਹੋਣ, ਸਭ ਨੂੰ ਇੱਕ ਮਾਲਾ ਵਿੱਚ ਪਰੋਣ ਦੀ ਸਮਰੱਥਾ ਰੱਖਦੀ ਹੈ।ਪਰਮਾਤਮਾ ਹੈ ਜਾਂ ਨਹੀਂ, ਇਸ ਦੀ ਚਿੰਤਾ ਕਰਨ ਦੀ ਥਾਂ, ਜ਼ਰੂਰੀ ਹੈ ਕਿ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਕਰਨੀ ਚਾਹੀਦੀ ਹੈ।ਜੇਕਰ ਅਸੀਂ ਇੱਕ ਚੰਗੇ ਇਨਸਾਨ ਹਾਂ ਤਾਂ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਰੱਬ ਨੂੰ ਮੰਨਦੇ ਹਾਂ ਜਾਂ ਨਹੀਂ।ਜੇਕਰ ਅਸੀਂ ਸ਼ਾਂਤੀ, ਪਿਆਰ ਅਤੇ ਮਿਲਵਰਤਨ ਦੀ ਬੀਜ ਬੀਜਾਂਗੇ ਤਾਂ ਸੁਭਾਵਕ ਹੈ ਕਿ ਸਾਨੂੰ ਖ਼ੁਸ਼ਹਾਲੀ ਭਰਿਆ ਮਾਹੌਲ ਮਿਲੇਗਾ।
ਕਈ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਕਿਸੇ ਦੂਸਰੇ ਤੇ ਕਿਸੇ ਤਰ੍ਹਾਂ ਦੀ ਵਿਪਤਾ ਪੈਂਦੀ ਹੈ ਤਾਂ ਆਲੇ ਦੁਆਲੇ ਵਾਲਾ ਜ਼ਿਆਦਾਤਰ ਉਸ ਤੋਂ ਪਾਸਾ ਵੱਟ ਲੈਂਦਾ ਹੈ, ਕਈ ਵਾਰ ਜੇਕਰ ਕੋਈ ਲੜ ਰਿਹਾ ਹੈ ਤਾਂ ਉਹਨਾਂ ਨੂੰ ਹਟਾਉਣ ਦੀ ਥਾਂ, ਜੇਕਰ ਕੋਈ ਦੁਰਘਟਨਾ ਹੋਈ ਹੋਵੇ ਤਾਂ ਦੁਰਘਟਨਾ ਗ੍ਰਸਿਤ ਦੀ ਮੱਦਦ ਕਰਨ ਦੀ ਥਾਂ ਆਦਿ, ਦੂਜਾ ਆਪਣੇ ਫੋਨ ਤੇ ਵੀਡੀਉ ਬਣਾਉਣ ਲੱਗ ਪੈਂਦਾ ਹੈ, ਤਾਂ ਜੋ ਉਹ ਉਸ ਨੂੰ ਸੋਸ਼ਲ ਸਾਈਟ ਤੇ ਸ਼ੇਅਰ ਕਰ ਸਕੇ ਅਤੇ ਲੋਕਾਂ ਦੇ ਕਮੈਂਟਜ਼, ਲਾਈਕਜ਼ ਆਦਿ ਪ੍ਰਾਪਤ ਕਰ ਸਕੇ।ਇੱਥੇ ਇਹ ਗੰਭੀਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿੱਦਾਂ ਦੀ ਮਾਨਸਿਕਤਾ ਹੈ?ਇਹ ਇਨਸਾਨੀਅਤ ਨਹੀਂ ਹੈ ਤੇ ਇਹ ਸੋਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿ ਇਨਸਾਨ ਕਿੱਧਰ ਜਾ ਰਿਹਾ ਹੈ, ਕੀ ਮਾਨਵਤਾ ਤੋਂ ਬੇਮੁੱਖ ਹੋਇਆ ਇਨਸਾਨ, ਇਨਸਾਨ ਅਖਵਾਉਣ ਦੇ ਵੀ ਕਾਬਿਲ ਹੈ?
ਜ਼ਿਆਦਾਤਰ ਅਜੋਕੇ ਸਮੇਂ ਵਿੱਚ ਲੋਕ ਦੂਜੇ ਦੀ ਮੱਦਦ ਤਾਂ ਦੂਰ ਦੀ ਗੱਲ, ਦੂਜੇ ਦਾ ਨੁਕਸਾਨ ਕਰ ਕੇ ਜ਼ਿਆਦਾ ਖ਼ੁਸ਼ ਹੁੰਦੇ ਹਨ, ਜੋ ਉਹਨਾਂ ਦੇ ਗੈਰਮਾਨਵਤਾ ਵਾਦੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਕਿਸੇ ਨੇ ਇਸ ਸੰਸਾਰ ਤੇ ਸਦਾ ਲਈ ਜਿਸਮਾਨੀ ਤੌਰ ਤੇ ਨਹੀਂ ਰਹਿਣਾ।ਸੋ ਜਿੰਨਾਂ ਸਮਾਂ ਸੰਸਾਰ ਵਿੱਚ ਵਿਚਰੀਏ, ਮਾਨਵਤਾਵਾਦੀ ਦ੍ਰਿਸ਼ਟੀਕੋਣ ਦੀ ਲੋਅ ਨਾਲ ਜੀਉੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਨਸਾਨੀਅਤ ਨੂੰ ਪ੍ਰਭਾਸ਼ਿਤ ਕਰਦੇ ਹੋਏ ਦਲਾਈ ਲਾਮਾ ਜੀ ਕਹਿੰਦੇ ਹਨ ਕਿ ਜੇਕਰ ਤੁਸੀਂ ਦੂਜਿਆਂ ਦੀ ਮੱਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਅਤੇ ਜੇਕਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਉ।

ਇਸ ਸੰਸਾਰ ਵਿੱਚ ਅਜਿਹੀਆਂ ਬਹੁਤ ਮਹਾਨ ਸ਼ਖ਼ਸੀਅਤਾਂ ਹਨ, ਜਿੰਨ੍ਹਾਂ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਇਨਸਾਨੀਅਤ ਜਾਂ ਮਾਨਵਤਾ ਦੀ ਸੇਵਾ ਕਰਦਿਆਂ ਗੁਜ਼ਾਰ ਦਿੱਤੀ।ਸਾਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਇਨਸਾਨੀਅਤ ਜਾਂ ਮਾਨਵਤਾਵਾਦੀ ਦ੍ਰਿਸ਼ਟੀਕੋਣ ਨੂੰ ਅਪਣਾਉਣਾ ਚਾਹੀਦਾ ਹੈ।ਸਮੇਂ ਦੀ ਮੰਗ ਹੈ ਕਿ ਇਨਸਾਨ, ਇਨਸਾਨੀਅਤ ਪ੍ਰਤੀ ਚਿੰਤਨ ਕਰੇ ਅਤੇ ਆਪਣੇ ਮਨੁੱਖ ਰੂਪੀ ਜੀਵਨ ਵਿੱਚ ਇਨਸਾਨੀਅਤ ਜਾਂ ਮਾਨਵਤਾ ਨੂੰ ਸਰਵਉੱਚ ਸਥਾਨ ਦੇਵੇ।

 

 

Gobinder Singh Dhindsa

 

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 9256066000

Share Button

Leave a Reply

Your email address will not be published. Required fields are marked *

%d bloggers like this: