” ਮਮਤਾ ਵਿਹੂਣੇ ਬੱਚੇ”……

” ਮਮਤਾ ਵਿਹੂਣੇ ਬੱਚੇ”……

          ਦੁਨੀਆਦਾਰੀ ਵਿੱਚ ਅਸੀਂ ਰੋਜ਼ ਕਿੰਨੇ  ਲੋਕਾਂ ਨੂੰ ਮਿਲਦੇ ਹਾਂ ।ਹਰ ਕੋਈ ਆਪਣੀ ਮੰਜ਼ਿਲ ਵੱਲ ਭੱਜਾ ਜਾ ਰਿਹਾ ਪ੍ਰਤੀਤ ਹੁੰਦਾ , ਪਰ ਹੁੰਦਾ ਅਸਲ ਵਿੱਚ ਦੁਖੀ ਤੇ ਨਿਰਾਸ਼ ਹੀ ਹੈ । ਕਿਉਂਕਿ ਸਾਰਥਕ ਨਹੀਂ ਚੱਲ ਰਹੇ।ਦੁਨਿਆਵੀ ਕਦਰਾਂ ਕੀਮਤਾਂ ਦੀ ਕੀਮਤ ਹੀ ਖਤਮ ਹੋ ਗਈ ਹੈ ਸ਼ਇਦ ।
ਹਰ ਕੋਈ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਧ ਸਮਝਦਾਰ ਸਮਝਦਾ ਏ । ਕੋਈ ਕਿਸੇ ਕੋਲੋਂ ਸਿੱਖਣਾ ਨਹੀਂ ਚਾਹੁੰਦਾ ।ਸਭ ਸਿਆਣੇ ਹੋ ਗਏ ਨੇ , ਪਰ ਸ਼ਇਦ ਸਭ ਨਾ ਸਮਝ ਹੋ ਗਏ ਨੇ ।
ਅਜੇ ਕੁੱਝ ਦੇਰ ਪਹਿਲਾਂ ਹੀ ਮੈਨੂੰ ਪਤਾ ਲੱਗਿਆ ਕਿ ਪਿੰਡ ਦੇ ਕਿਸ਼ਨੇ ਦੀ ਘਰਵਾਲੀ ਦੀ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ । ਕਿਸ਼ਨੇ ਹੁਰੀਂ ਤਿੰਨ ਭਰਾ ਨੇ ।ਦੋ ਫੈਕਟਰੀ ਵਿੱਚ ਕੰਮ ਕਰਦੇ ਨੇ ਅਤੇ ਛੋਟੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਘਰ ਹੀ ਰਹਿੰਦਾ ਹੈ ।
ਕਿਸ਼ਨੇ ਦੇ ਬਾਪ ਦੀ ਕਾਫ਼ੀ ਦੇਰ ਪਹਿਲਾਂ ਮੌਤ ਹੋ ਚੁੱਕੀ ਹੈ।
ਕਿਸ਼ਨੇ ਦੀ ਘਰਵਾਲੀ ਦੀ ਮੌਤ ਦੇ ਕੁੱਝ ਦਿਨ ਬਾਅਦ ਹੀ ਉੱਸਦੇ ਮੁੜ ਰਿਸ਼ਤੇ ਦੀ ਗੱਲ ਚੱਲ ਪਈ । ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਇੱਕ ਬੱਚੇ ਵਾਲ਼ੀ ਔਰਤ ਦਾ ਰਿਸ਼ਤਾ ਕਰਵਾ ਦਿੱਤਾ , ਜਿਸ ਦੇ ਘਰਵਾਲੇ ਦੀ ਮੌਤ ਹੋ ਚੁੱਕੀ ਸੀ ।
ਸਭ ਨੂੰ ਵਧੀਆ ਲੱਗਿਆ ਕਿ ਚਲੋ ਇੱਕ ਲੋੜਵੰਦ ਦਾ ਘਰ ਵੀ ਵੱਸ ਗਿਆ ,ਤੇ ਬੱਚੇ ਨੂੰ ਵੀ ਪਰਿਵਾਰ ਮਿਲ ਗਿਆ । ਪਰ ਕਿਸ਼ਨੇ ਦੀ ਮਾਂ ਬੱਚੇ ਨੂੰ ਚੰਗਾ ਨਹੀਂ ਸਮਝਦੀ ਸੀ। ਕਿ ਇਹ ਤਾਂ ਪਰਾਇਆ ਖੂਨ ਹੈ । ਉਹ ਹੁਣ ਕਿਸ਼ਨੇ ਤੇ ਜ਼ੋਰ ਦੇਣ ਲੱਗੀ , ਕਿ ਉਹ ਬੱਚੇ ਨੂੰ ਛੱਡ ਦੇਵੇ, ਆਪਣੇ ਪੇਕਿਆਂ ਕੋਲ਼ ।ਪਰ ਓਹ ਵੀ ਘਰੋਂ ਗਰੀਬ ਸਨ , ਨਹੀਂ ਰੱਖ ਸਕੇ ।
ਹੁਣ ਇਹ ਬੱਚਾ ਸਰਕਾਰੀ ਸਕੂਲ ਚ ਪੜਨ ਜਾਣ ਲੱਗ ਗਿਆ । ਹੁਣ ਕਿਸ਼ਨੇ ਦੀ ਮਾਂ ਖੁਸ਼ ਸੀ ਕਿ ਕਿਸ਼ਨੇ ਦੀ ਘਰਵਾਲੀ ਨੂੰ ਬੱਚਾ ਹੋਣ ਵਾਲਾ ਸੀ । ਪਰ ਉੱਸਦੇ ਪਹਿਲੇ ਬੱਚੇ ਨੂੰ ਕੋਈ ਪਿਆਰ ਨਾ ਕਰਦਾ ।ਉਹ ਸਕੂਲ ਤੋਂ ਘਰ ਜਾ ਕੇ ਪੱਠੇ ਲੈਣ ਜਾਂਦਾ ।।   ਘਰ ਦੇ ਹੋਰ ਕਈ ਕੰਮ ਕਰਦਾ ।ਪਰ ਮਾਂ ਤੋਂ ਬਿਨਾਂ ਸਭ ਨੂੰ ਵਾਧੂ ਬੋਝ ਹੀ ਲਗਦਾ ।ਮਾਂ ਦਾ ਦਿਲ ਪਸੀਜਦਾ ।ਪਰ ਓਹ ਕੀ ਕਰਦੀ?
ਇੱਕ ਦਿਨ ਇਸੇ ਲਡ਼ਾਈ ਝਗੜੇ ਵਿੱਚ ਕਿਸ਼ਨੇ ਦੀ ਮਾਂ ਤੇ ਕਿਸ਼ਨੇ ਨੇ ਆਪਣੀ ਘਰਵਾਲੀ ਨੂੰ ਘਰੋਂ ਕੱਢ ਦਿੱਤਾ ।ਉਹ ਵਿਚਾਰੀ ਪਤਾ ਨਹੀਂ ਪੇਕੇ ਗਈ ਜਾਂ ਕਿਥੇ ਮੁੜ ਨਾ ਆਈ । ਪਹਿਲਾਂ ਵਾਲਾ ਬੱਚਾ ਵੀ ਹੁਣ ਕਿਸ਼ਨੇ ਹੁਰਾਂ ਕੋਲ ਸੀ ।
ਉਸ ਬੱਚੇ ਦਾ ਸੁਭਾਅ ਬਹੁਤ ਚਿੜਚਿੜਾ ਹੋ ਗਿਆ ਸੀ ।ਉਹ ਬਾਕੀ ਬੱਚਿਆਂ ਨੂੰ ਆਪਣੇ ਮਾਂ – ਬਾਪ ਨਾਲ ਪਿਆਰ ਕਰਦੇ ਦੇਖਦਾ ਤਾਂ ਪਤਾ ਨਹੀ ਕੀ ਸੋਚ ਕੇ ਪਾਸੇ ਹੋ ਕੇ ਰੋਣ ਲੱਗ ਪੈਂਦਾ ।ਬਹੁਤ ਤਰਸ ਆਉਂਦਾ ਉੱਸਤੇ ।
ਇੱਕ ਦਿਨ ਉਸਦੀ ਦਾਦੀ ( ਕਿਸ਼ਨੇ ਦੀ ਮਾਂ) ਨੂੰ ਕਿਹਾ ਕਿ ਇਸ ਬੱਚੇ ਨੂੰ ਪਿਆਰ ਕਰੋ , ਹੁਣ ਤੁਸੀਂ ਹੀ ਇਸਦਾ ਸਭ ਕੁੱਝ ਹੋ ।ਅੱਗੋਂ ਉੱਸਦੇ ਜਵਾਬ ਨੇ ਸਾਨੂੰ ਹੈਰਾਨ ਕਰ ਦਿੱਤਾ । ਕਹਿੰਦੀ , “ਸਾਡਾ ਹੋਣ ਵਾਲਾ ਬੱਚਾ ਤਾਂ ਉਹ ਨਾਲ ਲੈ ਗਈ ਆ, ਅਸੀਂ ਤਾਂ ਇਸ “ਅਨਾਥ” ਨੂੰ ਰੋਟੀ ਦੇ ਕੇ ਪੁੰਨ ਕਰ ਰਹੇ ਹਾਂ ” । ਤਾਂ ਮੇਰੇ ਕੋਲੋਂ ਕਿਹਾ ਗਿਆ ਕਿ ਤੁਸੀਂ ਵੀ ਤਾਂ ਆਪਣੇ ਹੋਣ ਵਾਲੇ ਬੱਚੇ ਨੂੰ ਪਹਿਲਾਂ ਹੀ ਅਨਾਥ ਕਰ ਦਿੱਤਾ ,ਤਾਂ ਉਹ ਚੁੱਪ ਹੋ ਗਈ ।ਪਰ ਇਹ ਇੱਕ ਬੱਚੇ ਦੀ ਕਹਾਣੀ ਨਹੀਂ ।ਸਾਡੇ ਸਮਾਜ  ਵਿਚ ਹਰ ਰੋਜ਼ ਪਤਾ ਨਹੀਂ ਕਿੰਨੇ ਬੱਚੇ, ਸਾਡੀ ਸਮਾਜਿਕ ਪਿਛਾਂਹ ਖਿੱਚੂ ਸੋਚ ਤੇ ਕੋਰੇ ਵਿਹਾਰ ਕਾਰਨ ਅਨਾਥ ਹੋ ਰਹੇ ਨੇ ।ਅਸੀਂ ਕੇਵਲ ਆਧੁਨਿਕਤਾ ਦਾ ਮਖੌਟਾ ਪਾਇਆ ਹੋਇਆ ਹੈ ।ਪਰ ਅੰਦਰੋਂ ਬਹੁਤ ਸੌੜੀ ਸੋਚ ਦੇ ਮਾਲਿਕ ਹਾਂ ।ਜੋ ਕਿਸੇ ਦੀ ਖੁਸ਼ੀ ਦਾ ਕਾਰਨ ਨਹੀਂ ਬਣਦੇ ।

ਪਰਮਜੀਤ ਕੌਰ
8360815955

Share Button

Leave a Reply

Your email address will not be published. Required fields are marked *

%d bloggers like this: