Fri. Jul 19th, 2019

ਮਨੁੱਖ ਨੂੰ ਰੁੱਖਾਂ ਨਾਲ ਪਾਉਣੀ ਚਾਹੀਦੀ ਹੈ ਦਿਲੋਂ ਸਾਂਝ

ਮਨੁੱਖ ਨੂੰ ਰੁੱਖਾਂ ਨਾਲ ਪਾਉਣੀ ਚਾਹੀਦੀ ਹੈ ਦਿਲੋਂ ਸਾਂਝ

ਰੁੱਖ ਲਗਾਓ,ਰੁੱਖ ਬਚਾਓ ਦਾ ਲਾਈਏ ਨਾਅਰਾ

27-23

ਦਿੜ੍ਹਬਾ ਮੰਡੀ 26 ਜੂਨ (ਰਣ ਸਿੰਘ ਚੱਠਾ) ਰੁੱਖ ਕੁਦਰਤ ਦੀ ਅਨਮੋਲ ਦਾਤ ਹਨ, ਜੇ ਅਸੀਂ ਇੱਕ ਪਾਸੇ ਪਈ ਬੰਜਰ ਧਰਤੀ ਵੱਲ ਨਜ਼ਰ ਮਾਰੀਏ ਅਤੇ ਦੂਜੇ ਪਾਸੇ ਸੁੰਦਰ ਬਗੀਚਿਆਂ,ਟਹਿਕਦੇ ਫੁੱਲਾਂ ਅਤੇ ਖੁਸ਼ਬੂਆਂ ਵੰਡਦੇ ਲਹਿਰਾਉਂਦੇ ਹਰੇ-ਭਰੇ ਚਾਰ ਚੁਫੇਰੇ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਸਰਬ ਪੱਖਾਂ ਤੋਂ ਝੱਟ ਸਮਝ ਆ ਜਾਵੇਗੀ ਕਿ ਰੁੱਖਾਂ ਦੀ ਕਿੰਨੀ ਮਹੱਤਤਾ ਹੈ, ਰੁੱਖਾਂ ਤੋਂ ਆਕਸੀਜਨ ਪੈਦਾ ਹੁੰਦੀ ਹੈ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਰੁੱਖਾਂ ਦੀ ਜ਼ਰੂਰਤ ਹੈ। ਮੀਂਹ ਅਤੇ ਮੌਸਮ ਦਾ ਸੰਤੁਲਨ ਵੀ ਰੁੱਖ ਹੀ ਬਣਾਉਂਦੇ ਹਨ। ਰੁੱਖਾਂ ਦੀਆਂ ਜੜ੍ਹਾਂ ਤੋਂ ਲੈ ਕੇ ਫਲਾਂ, ਫੁੱਲਾਂ, ਛਿੱਲੜ ਅਤੇ ਪੱਤਿਆਂ ਤੋਂ ਤਿਆਰ ਔਸ਼ਧੀਆਂ ਗੰਭੀਰ ਮਨੁੱਖੀ ਰੋਗਾਂ ਦਾ ਇਲਾਜ ਕਰਦੀਆਂ ਹਨ,ਰੁੱਖਾਂ ਬਾਰੇ ਕਿਹਾ ਜਾਂਦਾ ਜੇ ਰੁੱਖ ਹੋਣਗੇ ਤਾਂ ਮਨੁੱਖ ਹੋਣਗੇ,ਮਨੁੱਖ ਨੂੰ ਰੁੱਖ ਉਗਾਉਣ ਅਤੇ ਤ੍ਰਿਵੈਣੀ ਲਾਉਣ ਲਈ ਪ੍ਰੇਰਿਆ ਜਾਂਦਾ ਰਿਹਾ ਹੈ। ਤਿ੍ਰਿਵੈਣੀ ਤਿੰਨ ਰੁੱਖਾਂ ਦੇ ਸੁਮੇਲ ਪਿੱਪਲ, ਬੋਹੜ ਅਤੇ ਨਿੰਮ ਨੂੰ ਆਖਿਆ ਜਾਂਦਾ ਹੈ, ਸਾਡੇ ਸਭਿਆਚਾਰ ਦੀ ਰਗ-ਰਗ ਵਿੱਚ ਪਰੋਏ ਪਿੱਪਲ ਨੂੰ ਆਯੁਰਵੈਦ ਦੇ ਮਾਹਿਰਾਂ ਵੈਦਾਂ ਦੀਆਂ ਪੁਸਤਕਾਂ ਵਿੱਚ ਘੋਖੀਏ ਤਾਂ ਪਿੱਪਲ ਪਾਚਨ ਸ਼ਕਤੀ ਵਰਧਕ, ਵੀਰਜ਼ ਵਰਧਕ, ਵਾਤ ਨਾਸ਼ਕ, ਸਾਹ, ਖੰਘ, ਬੁਖਾਰ, ਕੋਹੜ, ਸੂਲ, ਗਠੀਆ, ਪਿਸ਼ਾਬ ਦੀਆਂ ਬਿਮਾਰੀਆਂ, ਮਾਂਹਵਾਰੀ ਦੀ ਸਮੱਸਿਆ ਲਈ ਬਹੁਤ ਲਾਹੇਵੰਦ ਹੈ। ਪਿੱਪਲ ਦੀਆਂ ਜੜ੍ਹਾਂ, ਫਲ, ਪੱਤੇ ਅਤੇ ਪਿੱਪਲ ਦੇ ਦੁੱਧ ਤੋਂ ਪੇਟ ਦੀਆਂ ਗੰਢਾਂ, ਪੀਲੀਆ, ਪੇਟ ਦੇ ਕੀੜੇ ਅਤੇ ਟੀ ਬੀ ਵਰਗੇ ਮਾਰੂ ਰੋਗਾਂ ਲਈ ਸਫਲ ਇਲਾਜ ਵਾਲੀਆਂ ਦਵਾਈਆਂ ਬਣਦੀਆਂ ਹਨ, ਪਿੱਪਲ ਦੀ ਜੜ੍ਹ ਮਰਦ ਅਤੇ ਔਰਤ ਦੇ ਗੁਪਤ ਰੋਗਾਂ ਦੇ ਇਲਾਜ ਲਈ ਮਸ਼ਹੂਰ ਹੈ,ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਪੁਰਾਤਨ ਵਿਚਾਰਾਂ ਮੁਤਾਬਕ ਪਿੱਪਲ ਨੂੰ ਵੱਢਣਾ, ਪਿੱਪਲ ‘ਤੇ ਕੁਹਾੜਾ ਚਲਾਉਣਾ, ਪਿੱਪਲ ਹੇਠ ਝੂਠ ਬੋਲਣਾ ਅਤੇ ਪਿੱਪਲ ਹੇਠ ਕਿਸੇ ਜੀਵ ਦੀ ਹੱਤਿਆ ਕਰਨ ਨੂੰ ਜਨਮ ਜਨਮਾਂਤਰਾਂ ਦਾ ਨਾ-ਉਤਰਨ ਵਾਲਾ ਪਾਪ ਸਮਝਿਆ ਜਾਂਦਾ ਹੈ। ਪਿੱਪਲ ਦੀ ਲੱਕੜ ਨੂੰ ਆਰੇ ਵਾਲੇ ਵੀ ਨਹੀਂ ਚੀਰਦੇ, ਬਹੁਤ ਸਾਰੇ ਲੋਕ ਅੱਜ ਤੱਕ ਪਿੱਪਲ ਨੂੰ ਛਾਂਗਣਾ ਵੀ ਪਾਪ ਸਮਝਦੇ ਹਨ, ਅਜਿਹੇ ਵਿਚਾਰਾਂ ਨੇ ਹੀ ਪੰਜਾਬੀ ਸਭਿਆਚਾਰ ਦੀ ਅਜਿਹੇ ਲੋਕ ਗੀਤ ਨੂੰ ਜਨਮ ਦਿੱਤਾ-ਪਿੱਪਲਾ ਦੱਸ ਦੇ ਵੇ ਕਿਹੜਾ ਰਾਹ ਸੁਰਗਾਂ ਨੂੰ ਜਾਵੇ ਰੁੱਖਾਂ ਪ੍ਰਤੀ ਅਸੀਂ ਸਾਡੇ ਮੌਜੂਦਾ ਢਾਂਚੇ ਵੱਲ ਨਜ਼ਰ ਮਾਰੀਏ ਤਾਂ ਅੱਜ ਕੱਲ੍ਹ ਸਮਾਜ ਵਿੱਚ ਵਿਦੇਸ਼ੀ ਅਤੇ ਅੰਗਰੇਜ਼ੀ ਨਾਵਾਂ ਵਾਲੇ ਅਨੇਕਾਂ ਰੁਖ ਉਗਾਉਣ ਦੀ ਹੋੜ੍ਹ ਲੱਗੀ ਹੋਈ ਹੈ, ਉਨ੍ਹਾਂ ਵਿੱਚੋਂ ਕਿੰਨੇ ਹੀ ਰੁੱਖ ਅਜਿਹੇ ਹਨ ਜੋ ਠੰਢ ਵਿੱਚ ਪੱਤਿਆਂ ਨਾਲ ਭਰ ਜਾਂਦੇ ਹਨ ਅਤੇ ਜਦੋਂ ਗਰਮੀ ਵਿੱਚ ਛਾਂ ਦੀ ਲੋੜ ਹੁੰਦੀ ਹੈ ਤਾਂ ਉਹ ਪੱਤੇ ਝਾੜ ਦਿੰਦੇ ਹਨ, ਉਨ੍ਹਾਂ ਰੁੱਖਾਂ ਦੀ ਲੱਕੜ ਵੀ ਸਾਡੇ ਰੁੱਖਾਂ ਮੁਕਾਬਲੇ ਬਹੁਤ ਹਲਕੀ ਹੁੰਦੀ ਹੈ, ਅਸੀਂ ਆਪਣੇ ਪੁਰਾਤਨ ਭਾਰਤੀ ਮੂਲ ਦੇ ਖੇਤਰੀ ਰੁੱਖਾਂ ਵੱਲ ਨਜ਼ਰ ਮਾਰੀਏ ਤਾਂ ਜਦੋਂ ਸਾਨੂੰ ਧੁੱਪ ਦੀ ਲੋੜ ਹੁੰਦੀ ਹੈ ਤਾਂ ਉਹ ਪੱਤੇ ਝਾੜ ਦਿੰਦੇ ਹਨ ਅਤੇ ਜਦੋਂ ਛਾਂ ਦੀ ਲੋੜ ਹੁੰਦੀ ਹੈ ਤਾਂ ਉਹ ਹਰੇ ਕਚੂਰ ਹੋ ਸਾਨੂੰ ਗੂੜ੍ਹੀਆਂ-ਛਾਵਾਂ ਅਤੇ ਹਵਾਵਾਂ ਬਖਸ਼ਦੇ ਹਨ,
ਆਓ, ਭਾਵੇਂ ਨਵੇਂ ਵਿਦੇਸ਼ੀ ਰੁੱਖ ਵੀ ਉਗਾਈਏ, ਪਰ ਸਾਡੀਆਂ ਪੁਸ਼ਤਾਂ ਨਾਲ ਜੁੜੇ, ਸਭਿਆਚਾਰ ਵਿੱਚ ਪਰੋਏ, ਗੁਣਾਂ ਨਾਲ ਭਰਪੂਰ ਸਾਡੇ ਆਪਣੇ ਮਜ਼ਬੂਤ ਲੱਕੜੀ ਵਾਲੇ ਰੁੱਖ ਉਗਾਉਣੇ ਨਾ ਭੁੱਲੀਏ।

Leave a Reply

Your email address will not be published. Required fields are marked *

%d bloggers like this: