ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਮਨੁੱਖ ਗਲਤੀਆ ਦਾ ਪੁਤਲਾ – ਗੱਲ ਗੁਰਦਾਸ ਮਾਨ ਦੀ

ਮਨੁੱਖ ਗਲਤੀਆ ਦਾ ਪੁਤਲਾ – ਗੱਲ ਗੁਰਦਾਸ ਮਾਨ ਦੀ

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

ਸਿਆਣਿਆਂ ਦਾ ਕਹਿਣਾ ਹੈ ਕਿ ਦੁੱਧ ਤੇ ਬੁੱਧ ਨੂੰ ਫੇਟਾ ਪੈਂਦਿਆਂ ਦੇਰ ਨਹੀਂ ਲਗਦੀ । ਉਹਨਾਂ ਇਹ ਵੀ ਕਿਹਾ ਹੈ ਕਿ ਜ਼ੁਬਾਨ ਦਾ ਰਸ ਹਮੇਸ਼ਾ ਆਪਣਾ ਰੰਗ ਦਿਖਾਉਂਦਾ ਹੈ ਕਿਸੇ ਨੂੰ ਜੱਸ ਮਾਣ ਦੁਆਂਊਂਦਾ ਤੇ ਕਿਸੇ ਦੇ ਛਿੱਤਰ ਪੁਆਂਊਂਦਾ । ਸ਼ੇਖ ਸ਼ਾਹਦੀ ਦੁਨੀਆ ਦਾ ਵੱਡਾ ਸਿਆਣਾ ਹੋਇਆ ਹੈ । ਉਸ ਦਾ ਕਹਿਣਾ ਕਿ ਮਨੁੱਖੀ ਸ਼ਰੀਰ ਦਾ ਇਕ ਅੰਗ ਅਜਿਹਾ ਹੈ ਜੋ ਚੰਗਾ ਵੀ ਬਹੁਤ ਤੇ ਬੁਰਾ ਵੀ ਬਹੁਤ ਹੁੰਦਾ, ਬੱਸ ਫਰਕ ਸਿਰਫ ਉਸਦੀ ਵਰਤੋ ਦਾ ਹੁੰਦਾ ਹੈ । ਬਿਨਾ ਹੱਡੀ ਤੋਂ ਸਰੀਰ ਦਾ ਇਹ ਅੰਗ ਹਮੇਸ਼ਾ ਬੱਤੀ ਦੰਦਾਂ ਦੇ ਕਿਲੇ ਦੀ ਕੈਦ ਚ ਰਹਿਣ ਦੇ ਬਾਵਜੂਦ ਵੀ ਕਈਆਂ ਦੀ ਬਤੀਸੀ ਤੇ ਹੱਡੀਆਂ ਤੁੜਵਾ ਸਕਦਾ ਹੈ । ਜੀਭ ਰੂਪੀ ਇਹ ਅੰਗ ਸਰੀਰ ਨੂੰ ਨਿਰੋਗ ਰੱਖਣ ਚ ਵੀ ਅਤੀ ਸਹਾਇਕ ਹੁੰਦਾ ਹੈ ਤੇ ਨਕਾਰਾ ਕਰਨ ਚ ਵੀ । ਗੱਲ ਸਿਰਫ ਇਸ ਦੀ ਵਰਤੋ ਦੀ ਹੈ । ਜੇਕਰ ਇਸ ਦੇ ਸਵਾਦ ਚ ਪੈ ਗਏ ਤਾਂ ਸਿਹਤ ਗਈ ਤੇ ਇਸ ਦੀ ਵਰਤੋ ਨਾਲ ਸ਼ਬਦਾਂ ਦੀ ਬਜਾਏ ਅਪਸ਼ਬਦ ਜਾਂ ਕੌੜੇ ਸ਼ਬਦ ਬੋਲ ਦਿੱਤੇ ਤਾਂ ਕੜਵਾਹਟ ਪੈਦਾ ਹੋਣ ਦੇ ਨਾਲ ਨਾਲ ਹੀ ਜੱਦੀ ਪੁਸ਼ਤੀ ਦੁਸ਼ਮਣੀਆ ਵੀ ਪੈ ਜਾਂਦੀਆ ਹਨ, ਰਿਸਤੇ ਟੁੱਟ ਜਾਂਦੇ ਹਨ ਤੇ ਕਈ ਵਾਰ ਖੂਨ ਖਰਾਬਾ ਵੀ ਹੋ ਜਾਂਦਾ ਹੈ । ਖੈਰ ਵਿਸ਼ਾ ਬਹੁਤ ਵਿਸਥਾਰ ਦੀ ਮੰਗ ਕਰਦਾ ਹੈ ਪਰ ਮੈ ਇਥੇ ਸਿਰਫ ਸੰਕੇਤ ਮਾਤਰ ਜਿਕਰ ਕਰਨ ਤੋ ਬਾਅਦ ਅਸਲ ਮੁੱਦੇ ‘ਤੇ ਆਉੰਦਾ ਹਾਂ ।

ਪਿਛਲੇ ਚਾਰ ਕੁ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੇ ਸਿਰ ‘ਤੇ ਆਪਣੀ ਅਵਾਜ, ਲੇਖਣੀ, ਕਲਾਕਾਰੀ ਤੇ ਅਦਾਕਾਰੀ ਨਾਲ ਬਹੁਤ ਉਚਾ ਨਾਮਣਾ ਖੱਟਣ ਵਾਲੇ ਗੁਰਦਾਸ ਮਾਨ ਦੀ ਜੁਬਾਨ ਦਾ ਰਸ ਉਕਤ ਸਿਆਣਿਆ ਦੇ ਕਹੇ ਮੁਤਾਬਿਕ ਆਖਿਰ ਰੰਗ ਦਿਖਾ ਹੀ ਗਿਆ । ਇਸ ਕਲਾਕਾਰ ਨੇ ਕਨੇਡਾ ਦੇ ਇਕ ਰੇਡੀਓ ਇੰਟਰਵਿਊ ਚ ਹਿੰਦੀ ਮਾਸੀ ਦਾ ਹੇਜ ਦਿਖਾਉਣ ਤੋ ਬਾਅਦ ਲ਼ਗਾਤਾਰ ਇਕ ਤੋ ਬਾਅਦ ਇਕ ਕਈ ਗਲਤੀਆਂ ਕਰਕੇ ਆਪਣੀ ਏਨੀ ਕੁ ਕਿਰਕਿਰੀ ਕਰਵਾ ਲਈ ਕਿ ਅਰਸ਼ੋਂ ਫਰਸ਼ ਤੇ ਉਹ ਕਦ ਆ ਡਿਗਿਆ ਇਸ ਗੱਲ ਦਾ ਉਸ ਨੂੰ ਵੀ ਬਹੁਤ ਦੇਰ ਬਾਦ ਪਤਾ ਲੱਗਾ ।

ਹਿੰਦੁਸਤਾਨ ਇਕ ਬਹ ਭਾਸ਼ਾਈ ਤੇ ਬਹੁ ਸੱਭਿਆਚਾਰਕ ਵਿਭਿੰਨਤਾਵਾਂ ਵਾਲਾ ਦੇਸ਼ ਹੈ । ਜੇਕਰ ਇਸ ਨੂੰ ਸਾਂਭ ਕੇ ਰੱਖਣਾ ਹੈ ਤਾ ਇਸ ਦੀ ਸੰਭਾਲ਼ ਵੰਨ ਸਵੰਨੇ ਫੁੱਲਾਂ ਦੇ ਗੁਲਦਸਤੇ ਵਾਂਗ ਕਰਨੀ ਪਵੇਗੀ । ਇਸ ਚ ਬੋਲੀਆਂ ਜਾਂਦੀਆ ਵੱਖ ਵੱਖ ਖੇਤਰੀ ਬੋਲੀਆ ਮੁਲਖ ਵਿਚਲੇ ਸੱਭਿਆਚਾਰਕ ਵਖਰੇਵੇਂ ਦਾ ਪਰਗਟਾਵਾ ਕਰਦੀਆ ਹਨ । ਹਿੰਦੀ ਇਸ ਮੁਲਖ ਦੀਆਂ 22 ਪਰਵਾਨਤ ਬੋਲੀਆ ਚੋ ਇਕ ਹੈ । ਜੇਕਰ ਇਸ ਬੋਲੀ ਨੂੰ ਪਰਮੁੱਖਤਾ ਦੇ ਕੇ ਬਾਕੀ ਬੋਲੀਆਂ ਦੀ ਸੰਘੀ ਨੱਪਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਮੁਲਖ ਚ ਅਰਾਜਕਤਾ ਦਾ ਫੈਲਣਾ ਕੋਈ ਹੈਰ ਕੁਦਰਤ ਵਰਤਾਰਾ ਨਹੀਂ ਹੋਵੇਗਾ ਕਿਉਕਿ ਕਿਸੇ ਤੋ ਉਸ ਦੀ ਮਾਂ ਬੋਲੀ ਖੋਹਣਾ ਜਾਂ ਤਾਂ ਉਸ ਨੂੰ ਗੁਲਾਮ ਬਣਾਉਣ ਦੀ ਤਰਕੀਬ ਹੁੰਦੀ ਹੈ ਤੇ ਜਾਂ ਫੇਰ ਕਿਸੇ ਖਿਤੇ ਚ ਵਸਦੇ ਲੋਕਾਂ ਦੀ ਵਿਲੱਖਣ ਪਹਿਚਾਣ ਖਤਮ ਕਰਕੇ ਉਸਦੀ ਦੀ ਹੋਂਦ ਦਾ ਖਾਤਮਾ । ਪੰਜਾਬ ਦੇ ਲੋਕਾਂ ਨਾਲ ਬਹੁਤ ਦੇਰ ਤੋ ਅਜਿਹਾ ਕਰਨ ਦੀਆਂ ਸ਼ਾਤਰ ਚਾਲਾਂ ਖੇਡੀਆ ਜਾ ਰਹੀਆਂ ਹਨ ਜਿਹਨਾਂ ਦਾ ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਜਾਂ ਪਤਾ ਨਹੀ ਤੇ ਜਾਂ ਫੇਰ ਉਹ ਬੋਲੀ ਤੇ ਆਪਣੇ ਸਭਿਆਚਾਰ ਦੀ ਵਿਲੱਖਣ ਹੋਂਦ ਪ੍ਰਤੀ ਗੈਰ ਜਿੰਮੇਵਾਰ ਤੇ ਅਵੇਸਲੇ ਹਨ ।

ਗੁਰਦਾਸ ਮਾਨ ਵਰਗੇ ਗਵੱਈਏ ਦਾ ਹਿੰਦੀ ਮਾਸੀ ਨਾਲ ਬਿਨਾ ਸੋਚੇ ਵਿਚਾਰੇ ਜਿਤਾਇਆ ਹੇਜ ਸ਼ਾਇਦ ਮੇਰੀ ਉਕਤ ਧਾਰਨਾ ਨਾਲ ਹੀ ਮੇਲ ਖਾਂਦਾ ਹੈ ਜੋ ਉਸ ਦੀ ਪਹਿਲੀ ਵੱਡੀ ਗਲਤੀ ਰਹੀ ਬੇਸ਼ੱਕ ਉਸ ਦੀ ਇਸ ਉਕਤ ਗਲਤੀ ਨੂੰ ਸਵਾਰਥ ਹਿਤ ਜਾਂ ਫੇਰ ਅਣਜਾਣ ਪੁਣੇ ਚ ਕੀਤੀ ਗਈ ਗਲਤੀ ਕਿਹਾ ਜਾਵੇ, ਪਰ ਇਕ ਕਦਾਵਰ ਗਾਇਕ ਕਲਾਕਾਰ ਕਰਕੇ ਉਸ ਦੀ ਇਹ ਉਕਤ ਗਲਤੀ ਹੈ ਬੜੀ ਸੰਗੀਨ ਜੋ ਪੰਜਾਬੀ ਪ੍ਰੇਮੀਆਂ ਨੂੰ ਤਾਂ ਬੁਰੀ ਲੱਗਣੀ ਹੀ ਸੀ ਤੇ ਇਸ ਦੇ ਨਾਲ ਹੀ ਉਸ ਦੇ ਚਾਹੁਣ ਵਾਲ਼ਿਆਂ ਨੂੰ ਵੀ ਬਹੁਤ ਬੁਰੀ ਲੱਗੀ।

ਦੂਜੀ ਗਲਤੀ : ਗੁਰਦਾਸ ਮਾਨ ਦੀ ਦੂਜੀ ਗਲਤੀਇਹ ਰਹੀ ਕਿ ਉਸ ਨੇ ਉਕਤ ਬਿਆਨ ਦਾ ਵਿਰੋਧ ਜਿਤਾ ਰਹੇ ਇਕ ਪੰਜਾਬੀ ਪ੍ਰੇਮੀ ਦਾ ਭਰੀ ਸਟੇਜ ‘ਤੇ ਆਪਣੇ ਬੱਤੀ ਬਣਾ ਕੇ ਲੈਣ ਦਾ ਤਜਰਬਾ ਸਾਂਝਾ ਕਰਕੇ ਅਪਮਾਨ ਕੀਤਾ । ਏਡੀ ਤਹਿਜੀਬੋ ਗਿਰੀ ਗੱਲ ਕਰਕੇ ਇਕ ਮਝੇ ਹੋਏ ਕਲਾਕਾਰ ਨੇ ਜਿੱਥੇ ਆਪਣੇ ਅੰਦਰਲੇ ਗ਼ੁੱਸੇ, ਨਫ਼ਰਤ, ਅਸਹਿਣਸ਼ੀਲਤਾ, ਬੇਸਲੀਕੇ, ਬੇਲਿਆਕਤ ਤੇ ਗੰਦਗੀ ਦਾ ਇੱਕੋ ਵਾਰ ਪ੍ਰਗਟਾਵਾ ਕੀਤਾ ਤਾਂ ਵਿਰੋਧ ਦਾ ਹੋਣਾ ਸੁਭਾਵਿਕ ਸੀ । ਵਿਰੋਧ ਦਾ ਇਹ ਵੀ ਕਾਰਨ ਸੀ ਕਿ ਗੁਰਦਾਸ ਮਾਨ ਦੇ ਮੂੰਹੋਂ ਬੱਤੀ ਬਣਾ ਕੇ ਲੈ ਲੈਣ ਵਾਲੇ ਭੱਦੇ ਅਲਫਾਜ ਕਦੇ ਕਿਸੇ ਸਰੋਤੇ ਨੇ ਚਿਤਵੇ ਵੀ ਨਹੀਂ ਹੋਣੇ ।

ਬੇਸ਼ੱਕ ਉਸ ਦੀ ਤੀਜੀ ਗਲਤੀ ਦਾ ਬਹੁਤਿਆਂ ਨੇ ਨੋਟਿਸ ਨਹੀ ਲਿਆ ਪਰ ਉਸ ਦੀ ਤੀਜੀ ਗਲਤੀ ਵੀ ਬੜੀ ਸੰਗੀਨ ਰਹੀ । ਉਸ ਨੇ ਬੱਤੀ ਬਣਾ ਕੇ ਲੈਣ ਵਾਲੇ ਭੱਦੇ ਤੇ ਤਹਿਜੀਬੋਂ ਗਿਰੇ ਸ਼ਬਦਾਂ ਦੀ ਵਰਤੋ ਕਰਨ ਦੇ ਨਾਲ ਨਾਲ ਹੀ ਉਸੇ ਹਾਲ ਚ ਬੈਠੇ ਪੰਜਾਬੀਆਂ ਨੂੰ ਸੰਬੋਧਿਤ ਹੋ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਜਦ ਅਮਲੀ, ਆਸ਼ਕ ਤੇ ਛੜੇ ਕਹਿਕੇ ਸੰਬੋਧਿਨ ਕੀਤਾ । ਹੁਣ ਸਵਾਲ ਇਰ ਪੈਦਾ ਹੁੰਦਾ ਹੈ ਕਿ ਕੀ ਗੁਰਦਾਸ ਮਾਨ ਅਜ ਤੱਕ ਪੰਜਾਬੀਆਂ ਨੂੰ ਇਹਨਾਂ ਉਕਤ ਤਿੰਨਾਂ ਸ਼ਰੇਣੀਆ ਚ ਰੱਖਕੇ ਹੀ ਦੇਖਦਾ ਜਾਣਦਾ ਰਿਹਾ ਹੈ ? ਕੀ ਉਸ ਨੁੰ ਇਹ ਇਲਮ ਨਹੀ ਕਿ ਪੰਜਾਬੀ ਹੱਡ ਭਨਵੀ ਮਿਹਨਤ ਕਰਕੇ ਕਮਾਉਣ ਖਾਣ ਵਾਲੇ, ਅਣਖੀ, ਸੂਰਮੇ ਤੇ ਆਪਣੀ ਆਨ ਸ਼ਾਨ ਤੇ ਬਾਨ ਖਾਤਰ ਮਰ ਮਿਟਣ ਵਾਸਤੇ ਵੀ ਦੁਨੀਆਂ ਭਰ ਮਸ਼ਹੂਰ ਹਨ ਤੇ ਇਹਨਾਂ ਗੁਣਾ ਕਰਕੇ ਆਪਣਾ ਪੂਪੇ ਵਿਸ਼ਵ ਭਰ ਚ ਆਪਣਾ ਲੋਹਾ ਮਨਵਾ ਚੁਕੇ ਹਨ ? ਉਹਨਾ ਨੂੰ ਸਿਰਫ ਅਮਲੀ/ਨਸ਼ੇੜੀ, ਆਸ਼ਕ/ ਅਯਾਸ਼/ਬੇਚਾਰੇ/ਲਾਚਾਰ, ਤੇ ਛੜੇ ਕਹਿਣ ਪਿਛੇ ਗੁਰਦਾਸ ਮਾਨ ਦੀ ਕਿਹੜੀ ਸੋਚ ਤੇ ਮਨਸ਼ਾ ਕੰਮ ਕਰਦੀ ਸੀ , ਇਸ ਬਾਰੇ ਤਾਂ ਉਹ ਹੀ ਦੱਸ ਸਕਦਾ ।

ਚੌਥੀ ਗਲਤੀ: ਮਨੁੱਖ ਗਲਤੀਆ ਦਾ ਪੁਤਲਾ ਹੈ । ਜਿੰਦਗੀ ਚ ਜਾਣੇ ਅਣਜਾਣੇ ਹਰ ਮਨੁੱਖ ਤੋ ਭੁੱਲਾਂ ਹੋ ਜਾਂਦੀਆ ਹਨ । ਪਰ ਜੇਕਰ ਕੋਈ ਆਪਣੀ ਗਲਤੀ ਦਾ ਅਹਿਸਾਸ ਕਰਕੇ ਗਲਤੀ ਮੰਨ ਲੈਂਦਾ ਹੈ ਤਾਂ ਇਹ ਉਸ ਦਾ ਵਡੱਪਣ ਹੀ ਮੰਨਿਆ ਜਾ ਸਕਦਾ ਹੈ । ਪਰ ਗੁਰਦਾਸ ਮਾਨ ਨੇ ਗਲਤੀ ਦਰ ਗਲਤੀ ਕਰਨ ਦੇ ਬਾਵਜੁਦ ਵੀ ਉਹਨਾਂ ਨੁੰ ਮੰਨਣ ਦੀ ਬਜਾਏ ਸਿਰੇ ਦੀ ਢੀਠਤਾ ਵਾਲਾ ਰਵੱਈਆ ਦਿਖਾਉਦਿਆ ਆਪਣੇ ਆਪ ਨੂੰ ਸਹੀ ਦੱਸਣ ਦੀ ਕੋਸ਼ਿਸ਼ ਵਜੋ ਬੱਤੀ ਲੈਣ ਦੇ ਤਦਰਬੇ ਬਾਰੇ ਕਿਸੇ ਪੱਤਰਕਾਰ ਵਲੋ ਪੁੱਛੇ ਜਵਾਬ ਵਿਚ ਕਾਰ ‘ਤੇ ਲੱਗੀ ਬੱਤੀ ਦਾ ਹਵਾਲਾ ਦਿੱਤਾ ਤੇ ਨਾਲ ਹੀ ਆਪਣੇ ਬੋਲਾਂ ‘ਤੇ ਰਾਇਮ ਰਹਿਣ ਦੀ ਗੱਲ ਕਰਕੇ ਇਕ ਹੋਰ ਵੱਡੀ ਗਲਤੀ ਕੀਤੀ ।

ਪੰਜਵੀ ਗਲਤੀ: ਗੁਰਦਾਸ ਮਾਨ ਦੀ ਪੰਜਵੀ ਗਲਤੀ ਇਹ ਰਹੀ ਕਿ ਅੰਦਰੋਂ ਗਲਤੀ ਦਾ ਅਹਿਸਾਸ ਹੋ ਜਾਣ ਦੇ ਬਾਵਜੂਦ ਵੀ ਉਸ ਨੂੰ ਮੰਨ ਲੈਣ ਦੀ ਬਜਾਏ ਪਰਿਵਾਰ ਸਮੇਤ ਗੁਰਧਾਮਾ ਤੇ ਡੇਰਿਆਂ ਚ ਜਾ ਕੇ ਭੁਲ ਬਖਸ਼ਾਉਣ ਦਾ ਨਾਟਕ ਖੇਡਣ ਲੱਗ ਪਿਆ । ਗੁਰਦੁਆਰਿਆ ਚ ਨੋਟਾਂ ਦੇ ਚੜਾਵੇ ਚੜਾਉਣ ਨੂੰ ਹੀ ਭੁੱਲ ਬਖਸਾਉਣਾ ਸਮਝ ਬੈਠਾ ।

ਛੇਵੀਂ ਗਲਤੀ : ਗਲਤੀ ਹੋ ਜਾਣ ਤੇ ਉਸ ਦੀ ਸੁਧਾਈ ਕਰਨ ਦੇ ਯਤਨ ਕਰਨ ਵਜੋ ਕੀਤੀ ਗਲਤੀ ਨੂੰ ਫੇਸ ਕਰਨਾ ਜਰੂਰੀ ਹੁੰਦਾ ਹੈ । ਜੇਕਰ ਉਸ ਤੋਂ ਕੰਨੀ ਵੱਟੀ ਜਾਵੇ ਜਾਂ ਕਬੂਤਰ ਬਣਕੇ ਬਿੱਲੀ ਨੁੰ ਦੇਖ ਅੱਖਾਂ ਮੀਟ ਲਈਆ ਜਾਣ ਤਾ ਮਸਲਾ ਹੱਲ ਹੋਣ ਦੀ ਬਜਾਏ ਹੋਰ ਪੇਚੀਦਾ ਹੋ ਜਾਂਦਾ ਹੈ । ਬਿਲਕੁਲ ਏਹੀ ਕੁੱਝ ਗੁਰਦਾਸ ਮਾਨ ਨਾਲ ਵਾਪਰਿਆ । ਪਹਿਲਾਂ ਢੀਠਪੁਣਾ ਕਿ ਮੈਂ ਨਾ ਮਾਨੂੰ ਤੇ ਫੇਰ ਇਕਦਮ ਚੁੱਪ ਵੱਟ ਲਈ । ਇਹ ਉਸ ਦੀ ਅਗਲੀ ਗਲਤੀ ਹੈ ਜਿਸ ਨੇ ਉਸ ਨੂੰ ਫਰਸ਼ ਤੋ ਵੀ ਹੇਠਾਂ ਵੱਲ ਧਕੇਲ ਦਿੱਤਾ । ਬਹੁਤ ਚੰਗਾ ਹੁੰਦਾ ਜੇਕਰ ਪੈਦਾ ਹੋਏ ਵਿਵਾਦ ‘ਤੇ ਸਲੀਕੇ ਨਾਲ ਸ਼ਪੱਸ਼ਟੀਕਰਨ ਦੇਂਦਾ ਤੇ ਮਸਲੇ ਨੂੰ ਸਮਾਪਤ ਕਰਕੇ ਆਪਣੀ ਖੁਸ ਰਹੀ ਸਾਖ ਬਹਾਲ ਕਰ ਲੈਂਦਾ ਪਰ ਅਜਿਹਾ ਬਿਲਕੁਲ ਵੀ ਨਹੀ ਹੋਇਆ ।

ਸੋ ਉਕਤ ਗਲਤੀਆਂ ਕਾਰਨ ਗੁਰਦਾਸ ਮਾਨ ਦੀ ਹਾਲਤ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਵਾਲੀ ਬਣ ਗਈ । ਉਸ ਨੇ ਆਪਣਾ ਅਕਸ ਆਪਣੇ ਆਪ ਹੀ ਖਰਾਬ ਕਰ ਲਿਆ । ਲੋਕਾਂ ਨੇ ਉਸ ਨੂੰ ਸਿਰਫ ਚੌਕੰਨਾ ਕਰਨ ਦੀ ਕੌਸ਼ਿਸ਼ ਕੀਤੀ ਸੀ ਕਿ ਉਹ ਫਿਰਕਾਂ ਪ੍ਰਸਤਾਂ ਦਾ ਹੱਥ ਠੋਕਾ ਨਾ ਬਣੇ । ਪਰ ਉਹ ਲੋਕ ਭਾਵਨਾ ਨੂੰ ਸਮਝਣ ਤੋ ਅਸਮਰਥ ਰਿਹਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰਦਾਸ ਮਾਨ ਨੂੰ ਜਿਹਨਾਂ ਨੇ ਫਰਸ਼ ਤੋ ਅਰਸ਼ ਤੱਕ ਪਹੁੰਚਾਇਆ, ਜਦ ਉਹਨਾਂ ਦੀਆਂ ਭਾਵਨਾਵਾਂ ਨੂੰ ਉਸ ਨੇ ਪੈਸੇ ਤੇ ਸਵਾਰਥ ਦੇ ਨਸ਼ੇ ਚ ਆ ਕੇ ਵਾਰ ਵਾਰ ਠੇਸ ਪਹੁੰਚਾਈ ਤਾਂ ਉਹਨਾਂ ਹੀ ਲੋਕਾਂ ਨੇ ਉਸ ਨੂੰ ਦੁਬਾਰਾ ਫਰਸ਼ ‘ਤੇ ਹੀ ਨਹੀ ਸਗੋ ਰਸਾਤਲ ਦੀ ਦਲ ਦਲ ਚ ਪਟਕਾ ਕੇ ਮਾਰਿਆ । ਬੇਸ਼ਕ ਵਕਤ ਹੁਣ ਖੁੰਝ ਚੁੱਕਾ ਹੈ ਪਰ ਅਜੇ ਵੀ ਜੇਕਰ ਗਰਦਾਸ ਮਾਨ ਹਿੰਮਤ ਕਰੇ ਤੇ ਮੋਨ ਵਰਤ ਤੋੜਕੇ ਸ਼ਪੱਸ਼ਟੀਕਰਨ ਦੇ ਕੇ ਹੋਈ ਭੁਲ਼ ਜਨਤਾ ਤੋਂ ਬਖਸ਼ਾ ਲਵੇ ਤਾਂ ਉਸ ਦਾ ਮਾਣ ਸਕਿਕਾਰ ਬਹਾਲ ਹੋ ਸਕਦਾ ਹੈ ਕਿਉਕਿ ਸਵੇਰ ਦਾ ਭਲਿਆ ਸ਼ਾਮ ਨੂੰ ਘਰ ਵਾਪਸ ਪਰਤ ਆਵੇ ਤਾਂ ਉਸ ਨੂੰ ਭਲਿਆ ਨਹੀ ਮੰਨਿਆ ਜਾਂਦਾ । ਪੂਰੀ ਆਸ ਹੈ ਕਿ ਗੁਰਦਾਸ ਮਸਲੇ ਨੂੰ ਹੱਲ ਕਰਨ ਵਾਸਤੇ ਉਦਮ ਕਰੇਗਾ ਤੇ ਪੰਜਾਬੀ ਵਿਰਾਟ ਹਿਰਦੇ ਨਾਲ ਉਸ ਨੂੰ ਉਸ ਦੀ ਪੰਜਾਬੀ ਸੱਭਿਆਚਾਰ ਤੇ ਬੋਲੀ ਦੀ ਦੇਣ ਨੂੰ ਮੁੱਖ ਰਖਕੇ ਉਸ ਤੋਂ ਜਾਣੇ ਅਣਜਾਣੇ ਹੋਈਆਂ ਗਲਤੀਆ ਮੁਆਫ ਕਰ ਦੇਣਗੇ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
+44 7806 945964

Leave a Reply

Your email address will not be published. Required fields are marked *

%d bloggers like this: