Tue. Dec 10th, 2019

ਮਨੁੱਖੀ ਅਧਿਕਾਰਾਂ ਦੀ ਲਹਿਰ ਦੇ ਮੋਢੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ

ਮਨੁੱਖੀ ਅਧਿਕਾਰਾਂ ਦੀ ਲਹਿਰ ਦੇ ਮੋਢੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ
ਮਾਨਵੀ ਅਧਿਕਾਰਾਂ ਦੇ ਰਾਖੇ ਦੀ ਕੌਂਮ,ਅਪਣੇ ਅਧਿਕਾਰਾਂ ਦੀ ਰਾਖੀ ਕਰਨ ਚ ਨਾਕਾਮ

ਸਿੱਖ ਕੌਂਮ ਦੇ ਨੌਂਵੇ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮਾਨਵੀ ਅਧਿਕਾਰ ਦਿਵਸ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ,ਕਿਉਂਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਤਿੰਨ ਸਿੱਖਾਂ ਸਮੇਤ ਅਪਣਾ ਬਲੀਦਾਨ ਦੇ ਕੇ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ।ਇਹ ਕੇਹਾ ਇਤਫਾਕ ਹੈ ਕਿ ਜੇਕਰ ਗੱਲ ਦੁਨੀਆ ਪੱਧਰ ਤੇ ਇਨਕਲਾਬੀ ਲਹਿਰ ਉਸਾਰਨ ਦੀ ਆਉਂਦੀ ਹੈ ਤਾਂ ਮੋਢੀਆਂ ਵਿੱਚ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ,ਜੇਕਰ ਗੱਲ ਪੰਚ ਪ੍ਰਧਾਨੀ ਪ੍ਰਥਾ ਲਾਗੂ ਕਰਨ ਦੀ ਆਉਂਦੀ ਹੈ ਅਤੇ ਜੇਕਰ ਗੱਲ ਲੋਕਤੰਤਰ ਪ੍ਰਨਾਲੀ ਦੀ ਸਥਾਪਨਾ ਦੀ ਆਉਂਦੀ ਹੈ ਤਾਂ ਲੋਕਤੰਤਰ ਦੇ ਸੰਸਥਾਪਕ ਵਜੋਂ ਸਿੱਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਤਿਹਾਸ ਦੇ ਸੁਨਿਹਰੀ ਪੰਨੇ ਆਪਣੇ ਨਾਮ ਕਰੀ ਬੈਠੇ ਹਨ, ਦੁਨੀਆ ਦਾ ਪਹਿਲਾ ਰਾਜਸੀ ਇਨਕਲਾਬ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਆਉਂਦਾ ਹੈ ਅਤੇ ਜੇਕਰ ਗੱਲ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਆਉਂਦੀ ਹੈ, ਅਤੇ ਨਸਲੀ ਭੇਦ ਭਾਵ ਤੋਂ ਉੱਪਰ ਉੱਠ ਕੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲਿਆਂ ਦੀ ਆਉਂਦੀ ਹੈ,ਤਾਂ ਸਿੱਖਾਂ ਦੇ ਨੌਂਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਨਾਮ ਮਨੁੱਖੀ ਅਧਿਕਾਰਾਂ ਦੀ ਲਹਿਰ ਦਾ ਮੁੱਢ ਬੰਨਣ ਵਾਲੇ ਸ਼ਹੀਦ ਵਜੋਂ ਆਉਂਦਾ ਹੈ।

ਮਨੁੱਖੀ ਅਧਿਕਾਰਾਂ ਦੀ ਲੜਾਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਤਾਰਵੀ ਸਦੀ ਵਿੱਚ ਉਸ ਮੌਕੇ ਸ਼ੁਰੂ ਕੀਤੀ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਔਰੰਗਜੇਵ ਵੱਲੋਂ ਉਹਨਾਂ ਦਾ ਜਬਰੀ ਧਰਮ ਪਰੀਵਰਤਨ ਕਰਵਾਏ ਜਾਣ ਦੀ ਦਾਸਤਾਨ ਦੱਸਦਿਆਂ ਪੰਡਤਾਂ ਨੇ ਗੁਰੂ ਸਾਹਿਬ ਨੂੰ ਉਹਨਾਂ ਦਾ ਧਰਮ ਬਚਾਉਣ ਦੀ ਫਰਿਆਦ ਕੀਤੀ ਸੀ। ਇਹ ਸਾਇਦ ਨਵੀ ਦੁਨੀਆਂ ਦੇ ਇਤਿਹਾਸ ਵਿੱਚ ਪਹਿਲਾ ਮੌਕਾ ਹੋਵੇਗਾ,ਜਦੋ ਕਿਸੇ ਧਾਰਮਿਕ ਰਹਿਬਰ ਨੇ ਬਗੈਰ ਰੰਗ ਨਸਲ ਦਾ ਫਰਕ ਦੇਖੇ ਗੈਰ ਧਰਮ ਦੇ ਮਜਲੂਮਾਂ ਦੀ ਪੁਕਾਰ ਸੁਣਦਿਆਂ ਹਕੂਮਤ ਨਾਲ ਆਢਾ ਲਾਇਆ ਹੋਵੇ।ਸਿੱਖਾਂ ਦੇ ਗੁਰੂ ਨੇ ਕਸ਼ਮੀਰੀ ਹਿੰਦੂਆਂ ਦਾ ਧਰਮ ਬਚਾਉਣ ਲਈ ਔਰੰਗਜੇਵ ਦੀ ਹਕੂਮਤ ਨੂੰ ਮਨੁੱਖੀ ਹੱਕਾਂ ਦਾ ਘਾਣ ਕਰਨ ਬਦਲੇ ਵੱਡਾ ਚੈਲੰਜ ਦਿੰਦਿਆਂ ਅਪਣੇ ਤਿੰਨ ਸਿੱਖਾਂ ਭਾਈ ਦਿਆਲਾ ਜੀ,ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦੇ ਦਿੱਤੀ।ਬੇਸ਼ੱਕ ਔਰੰਗਜੇਬ ਦਾ ਇਰਾਦਾ ਇਹਨਾਂ ਸ਼ਰੇ ਬਜਾਰ ਦਿਲ ਕੰਬਾਊ ਸ਼ਹਾਦਤਾਂ ਰਾਹੀ ਦੇਸ਼ ਦੇ ਗੈਰ ਮੁਸਲਮ ਲੋਕਾਂ ਸਮੇਤ ਆਮ ਜਨਤਾ ਵਿੱਚ ਡਰ ਪੈਦਾ ਕਰਨਾ ਸੀ,ਪਰ ਸਿੱਖ ਕੌਂਮ ਨੂੰ ਡਰ ਨਹੀ,ਬਲਕਿ ਇਹਨਾਂ ਸ਼ਹਾਦਤਾਂ ਨੇ ਨਵੀ ਸੇਧ ਦਿੱਤੀ,ਮਨੁੱਖੀ ਹੱਕਾਂ ਹਕੂਕਾਂ ਲਈ ਲੜਨ ਦਾ ਹੌਸਲਾ ਦਿੱਤਾ ਅਤੇ ਅਪਣੇ ਅਧਿਕਾਰਾਂ ਦੇ ਨਾਲ ਨਾਲ ਦੂਜੇ ਫਿਰਕਿਆਂ ਨਾਲ ਵੀ ਹੁੰਦੇ ਅਨਿਆ ਖਿਲਾਫ ਲੜਨ ਅਤੇ ਬੇਝਿਜਕ ਅਵਾਜ ਬੁਲੰਦ ਕਰਨ ਦੀ ਪਰੇਰਨਾ ਦਿੱਤੀ।ਇਹ ਨਿਵੇਕਲੇ ਤੇ ਮਨੁਖਤਾਵਾਦੀ ਸਿਧਾਂਤਾਂ ਵਾਲੇ ਸਿੱਖ ਧਰਮ ਦੀ ਹੀ ਦੇਣ ਸੀ ਕਿ ਉੱਨੀਵੀ ਸਦੀ ਦੇ ਖਾਲਸਾ ਰਾਜ ਨੇ ਵੀ ਸਾਂਝੀਵਾਲਤਾ ਦੀਆਂ ਅਜਿਹੀਆਂ ਪਿਰਤਾਂ ਪਾਈਆਂ ਕਿ ਦੁਨੀਆਂ ਪੱਧਰ ਤੇ ਖਾਲਸਾ ਰਾਜ ਅਪਣੀਆਂ ਵੱਖਰੀਆਂ ਪੈੜਾਂ ਛੱਡ ਗਿਆ।ਖਾਲਸਾ ਰਾਜ ਦੀ ਇਹ ਖਾਸ ਵਿਸ਼ੇਸਤਾ ਰਹੀ ਹੈ ਕਿ ਸ਼ਕਤੀਸ਼ਾਲੀ ਤੇ ਵੱਡੀ ਸਲਤਨਤ ਦੇ ਮਾਲਕ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਅਪਣੇ ਰਾਜ ਪਰਬੰਧ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਪ੍ਰਤੀਨਿਧਤਾ ਦਿੱਤੀ,ਓਥੇ ਸਾਰੇ ਹੀ ਧਰਮਾਂ ਦੇ ਸਤਿਕਾਰ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਰਿਹਾ।

ਗੁਰੂ ਤੇਗ ਬਹਾਦੁਰ ਸਾਹਿਬ ਦੀ ਮਨੁੱਖੀ ਅਧਿਕਾਰਾਂ ਦੀ ਲੜਾਈ ਨੂੰ ਵੀਹਵੀ ਸਦੀ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜੇ ਨੇ ਮੁੜ ਸੁਰਜੀਤ ਕਰਕੇ ਦੁਨੀਆਂ ਨੂੰ ਦੱਸਿਆ ਕਿ ਸਾਡੇ ਗੁਰੂ ਨੇ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਣ ਲਈ ਅਪਣੇ ਸਿੱਖਾਂ ਸਮੇਤ ਖੁਦ ਨੂੰ ਨਿਸਾਵਰ ਕਰ ਕੇ ਸਾਨੂੰ ਮਨੁੱਖੀ ਅਧਿਕਾਰਾਂ ਲਈ ਲੜਨ ਦਾ ਸੰਕਲਪ ਦਿੱਤਾ ਹੈ ਜਿਸ ਤੇ ਪਹਿਰਾ ਦਿੰਦਿਾ ਹੋਇਆ ਮੈ ਵੀ ਬਤੌਰ ਗੁਰੂ ਦਾ ਨਿਮਾਣਾ ਸਿੱਖ,ਹਕੂਮਤ ਵੱਲੋਂ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤੇ 25000 ਸਿੱਖ ਨੋਜਵਾਨਾਂ ਦੀਆਂ ਲਾਵਾਰਸ ਲਾਸਾਂ ਦੀ ਲੜਾਈ ਲੜਦਾ ਲੜਦਾ ਹਕੂਮਤ ਦਾ ਜਬਰ ਜੁਲਮ ਅਪਣੇ ਪਿੰਡੇ ਤੇ ਹੰਢਾਉਂਦਾ ਖੁਦ ਲਾਵਾਰਸ ਲਾਸ ਬਣਕੇ ਅਪਣੇ ਗੁਰੂ ਵੱਲੋਂ ਪਾਏ ਪੂਰਨਿਆਂ ਤੇ ਖਰਾ ਉਤਰਨ ਦੀ ਪਿਰਤ ਨੂੰ ਅੱਗੇ ਤੋਰਦਾ ਹਾਂ। ਇਹ ਹੈ ਸਿੱਖੀ ਦਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਦਾ ਵਿਧੀ ਵਿਧਾਨ,ਜਿਸ ਤੇ ਮਾਣ ਕੀਤਾ ਜਾ ਸਕਦਾ ਹੈ,ਪ੍ਰੰਤੂ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਸ ਕੌਂਮ ਨੇ ਅਪਣੇ ਜਨਮ ਸਮੇ ਤੋਂ ਹੀ ਬਿਨਾ ਨਸਲੀ ਭੇਦ ਭਾਵ ਦੇ ਮਾਨਵਤਾ ਦੇ ਸੁਨਹਿਰੇ ਭਵਿੱਖ ਲਈ ਲੜਨ ਦਾ ਸੰਕਲਪ ਲਿਆ ਹੋਵੇ,ਜੇਕਰ ਉਹਦੇ ਅਪਣੇ ਅਧਿਕਾਰ,ਉਹਦੀ ਹੋਂਦ ਅਤੇ ਉਹਦੇ ਸਿਧਾਂਤ ਖਤਰੇ ਵਿੱਚ ਪੈ ਰਹੇ ਹੋਣ ਤਾਂ ਉਹਦੇ ਅਧਿਕਾਰਾਂ ਦੀ ਗੱਲ ਕੌਣ ਕਰੇਗਾ ? ਇਹ ਗੱਲ ਬੜੇ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਜਿਹੜੀ ਕੌਂਮ ਨੇ ਮਨੁੱਖੀ ਹੱਕਾਂ ਲਈ ਲੜਨ ਦੀ ਪਿਰਤ ਪਾਈ ਹੋਵੇ,ਜੇ ਉਹਦੇ ਹੱਕਾਂ ਹਕੂਕਾਂ ਤੇ ਪੈ ਰਹੇ ਡਾਕਿਆਂ ਦੇ ਖਿਲਾਫ ਕੋਈ ਮਨੁੱਖੀ ਅਧਿਕਾਰ ਸੰਸਥਾ,ਜਥੇਬੰਦੀ ਅਵਾਜ ਬੁਲੰਦ ਨਹੀ ਕਰਦੀ ਤਾਂ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਵਿਰਸੇ ਚੋਂ ਉਹਨਾਂ ਨੂੰ ਅਜਿਹੀ ਸਿੱਖਿਆ ਨਹੀ ਮਿਲ ਸਕੀ,ਅਜਿਹੇ ਸੰਸਕਾਰ ਨਹੀ ਮਿਲ ਸਕੇ,ਜਿਹੜੇ ਜਾਤੀ,ਸਮਾਜੀ ਵੰਡ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਹੱਕਾਂ ਹਕੂਕਾਂ ਦੇ ਹੋ ਰਹੇ ਘਾਣ ਖਿਲਾਫ ਅਵਾਜ ਬੁਲੰਦ ਕਰਨ ਦੇ ਸੰਸਕਾਰ ਸਿੱਖ ਕੌਂਮ ਨੂੰ ਅਪਣੇ ਪੁਰਖਿਆਂ ਤੋ ਮਿਲੇ ਹੋਏ ਹਨ।

ਅੱਜ ਮੌਜੂਦਾ ਸਮੇ ਵਿੱਚ ਵੀ ਕੋਈ ਅਜਿਹਾ ਖਿੱਤਾ ਨਹੀ ਜਿੱਥੇ ਸਿੱਖ ਸੰਸਥਾਵਾਂ ਨੇ ਕਿਸੇ ਕੁਦਰਤੀ ਕਰੋਪੀ ਸਮੇ ਮਾਨਵਤਾ ਦੀ ਸੇਵਾ ਵਿੱਚ ਜਿਕਰਯੋਗ ਯੋਗਦਾਨ ਨਾ ਪਾਇਆ ਹੋਏ,ਪਰ ਅਫਸੋਸ ! ਕਿ ਭਾਰਤੀ ਤਾਕਤਾਂ ਸਿੱਖਾਂ ਵੱਲੋਂ ਕੀਤੇ ਜਾਂਦੇ ਮਾਨਵਤਾਵਾਦੀ ਕਾਰਜਾਂ ਨੂੰ ਅੱਖੋਂ ਪਰੋਖੇ ਕਰਕੇ ਅਜਿਹੇ ਮੌਕੇ ਦੀ ਤਾਕ ਵਿੱਚ ਰਹਿੰਦੀਆਂ ਹਨ,ਜਦੋਂ ਸਿੱਖਾਂ ਦੀ ਨਿਆਰੀ ਨਿਰਾਲੀ ਹੋਂਦ ਨੂੰ ਖਤਮ ਕੀਤਾ ਜਾ ਸਕੇ।1984 ਨਵੰਬਰ ਦਾ ਕਹਿਰ,ਰਾਜਧਾਨੀ ਸਮੇਤ ਭਾਰਤ ਦੇ ਸੈਕੜੇ ਸਹਿਰਾਂ ਅੰਦਰ ਸਿੱਖਾਂ ਦਾ ਯੋਜਨਾਵੱਧ ਕਤਲਿਆਮ,ਭਾਰਤ ਦੇ ਵੱਖ ਵੱਖ ਸੂਬਿਆਂ ਅੰਦਰ ਸਿੱਖ ਪਛਾਣ ਤੇ ਹੋ ਰਹੇ ਹਮਲੇ,ਸਿੱਖ ਕਕਾਰਾਂ ਨੂੰ ਨਿਸਾਨਾ ਬਣਾਇਆ ਜਾਣਾ,ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ,ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾ ਨਾ ਕਰਨਾ ਅਤੇ ਸਿੱਖ ਹਿਤਾਂ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨ ਕੇ ਜੇਲਾਂ ਵਿੱਚ ਡੱਕਣ ਵਰਗੇ ਨਸਲੀ ਅਤੇ ਹਕੂਮਤੀ ਜਬਰ ਖਿਲਾਫ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਜਿਕਰਯੋਗ ਪ੍ਰਤੀਕਰਮ ਨਾ ਹੋਣਾ ਜੱਥੇ ਅਤਿ ਨਿੰਦਣਯੋਗ ਅਤੇ ਅਕਿਰਤਘਣਤਾ ਵਾਲਾ ਵਰਤਾਰਾ ਹੈ,ਓਥੇ ਸਿੱਖਾਂ ਲਈ ਵੀ ਸਵੈ ਪੜਚੋਲ ਦਾ ਵਿਸ਼ਾ ਹੈ ਕਿ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਜਾਨਾਂ ਕੁਰਬਾਨ ਕਰ ਜਾਣ ਵਾਲੀ ਕੌਂਮ ਅੱਜ ਅਪਣੇ ਅਧਿਕਾਰਾਂ ਦੀ ਰਾਖੀ ਕਰਨ ਤੋਂ ਅਸਮਰੱਥ ਕਿਉ ਹੁੰਦੀ ਜਾ ਰਹੀ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਯਾਦ ਕਰਦੇ ਸਮੇ ਸਵੈ ਪੜਚੋਲ ਦੇ ਨਾਲ ਨਾਲ ਦੇਸ਼ ਦੁਨੀਆਂ ਨੂੰ ਇਹ ਦੱਸਣਾ ਵੀ ਜਰੂਰੀ ਬਣਦਾ ਹੈ ਕਿ ਕਿਸ ਤਰਾਂ ਸਿੱਖਾਂ ਦੇ ਨੌਂਵੇਂ ਗੁਰੂ ਨੇ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਣ ਲਈ ਕੁਰਬਾਨੀ ਦੇ ਕੇ ਮਨੁੱਖੀ ਅਧਿਕਾਰ ਲਹਿਰ ਦਾ ਮੁੱਢ ਬੰਨਿਆ ਅਤੇ ਮਾਨਵੀ ਅਧਿਕਾਰਾਂ ਦੇ ਰਾਖੇ ਅਤੇ ਮੋਢੀ ਵਜੋਂ ਅਪਣੇ ਤਿੰਨ ਸਿੱਖਾਂ ਸਮੇਤ ਸ਼ਹਾਦਤ ਦੇ ਕੇ ਖਤਮ ਹੋਣ ਜਾ ਰਹੇ ਹਿੰਦੂ ਧਰਮ ਨੂੰ ਬਚਾਇਆ।ਸੋ ਜਿਸ ਤਰਾਂ ਗੁਰੂ ਸਾਹਿਬ ਨੇ ਅਪਣੀ ਸ਼ਹਾਦਤ ਦੇ ਕੇ ਔਰੰਗਜੇਬ ਹਕੂਮਤ ਤੋਂ ਡੁਬਦਾ ਹਿੰਦੂ ਧਰਮ ਬਚਾਇਆ ਸੀ ਅੱਜ ਦੇਸ਼ ਦੀ ਕੱਟੜਵਾਦੀ ਹਕੂਮਤ ਤੋ ਸਿੱਖ ਧਰਮ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਅਤੇ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਮੁਢਲੇ ਅਧਿਕਾਰਾਂ ਨੂੰ ਬਚਾਉਣ ਦੀ ਲੋੜ ਹੈ।

ਬਘੇਲ ਸਿੰਘ ਧਾਲੀਵਾਲ
99142-58142

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: