Sat. Jul 20th, 2019

ਮਨੁੱਖਤਾ ਨੂੰ ਨਿਗਲਦਾ ਡਿਪਰੈਸ਼ਨ

ਮਨੁੱਖਤਾ ਨੂੰ ਨਿਗਲਦਾ ਡਿਪਰੈਸ਼ਨ

ਡਿਪਰੈਸ਼ਨ ਸੁਣਨ ‘ਚ ਭਾਵੇਂ ਮਹਿਜ ਇਕ ਆਮ ਜਿਹਾ ਲਫ਼ਜ਼ ਲਗਦਾ ਹੈ ਪਰ ਜੇ ਅਸੀ ਡੂੰਘਾਈਂ ‘ਚ ਵੇਖੀਏ ਤਾਂ ਡਿਪਰੈਸ਼ਨ ਸਮੁੱਚੀ ਮਨੁੱਖਤਾ ਨੂੰ ਖਤਮ ਕਰਨ ਦੀ ਤਾਕਤ ਸਮੋਈ ਬੈਠਾ ਹੈ। ਇਹ ਇਕ ਅਜਿਹਾ ਹਥਿਆਰ ਹੈ ਜੋ ਦਿਖਾਈ ਤਾਂ ਨਹੀ ਦਿੰਦਾ ਪਰ ਵਾਰ ਬਹੁਤ ਡੂੰਘਾ ਕਰਦਾ ਹੈ।
ਸਭ ਤੋਂ ਪਹਿਲਾ ਵਿਚਾਰਨ ਯੋਗ ਗੱਲ ਇਹ ਹੈ ਕਿ ਡਿਪਰੈਸ਼ਨ ਹੁੰਦਾ ਕੀ ਹੈ। ਡਿਪਰੈਸ਼ਨ ਇਕ ਅਜਿਹੀ ਨਾ-ਮੁਰਾਦ ਬੀਮਾਰੀ ਹੈ ਜੋ ਕਿ ਮਨੁੱਖਤਾ ਦੀਆਂ ਜੜਾਂ ਵਿਚ ਬੈਠ ਚੁੱਕੀ ਹੈ। ਇਸ ਦਾ ਮਰੀਜ ਖੁਦ ਵੀ ਜਾਣੂ ਨਹੀ ਹੁੰਦਾ ਕਿ ਉਹ ਇਸ ਦੀ ਗਰਿਫਤ ਵਿਚ ਆ ਚੁੱਕਾ ਹੈ। ਸਵਾਲ ਇਹ ਉਠਦਾ ਹੈ ਕਿ ਸਾਨੂੰ ਪਤਾ ਕਿਵੇਂ ਲੱਗੇ ਕਿ ਅਸੀ ਇਸ ਦੇ ਸ਼ਿਕਾਰ ਹੋ ਚੁੱਕੇ ਹਾਂ। ਇਸ ਦੇ ਮੁੱਖ ਲੱਛਣ ਉਦਾਸੀ, ਆਪਣੇ ਆਪ ਨੂੰ ਕਾਬਲ ਨਾ ਸਮਝਣਾ, ਭੁੱਖ ਨਾ ਲੱਗਣਾ, ਨੀਂਦ ਦਾ ਨਾ ਆਉਣਾ, ਥਕਾਵਟ ਮਹਿਸੂਸ ਕਰਨੀ, ਕਿਸੇ ਚੀਜ਼ ‘ਚ ਧਿਆਨ ਨਾ ਲੱਗਣਾ ਅਤੇ ਹਰ ਵੇਲੇ ਕਿਸੇ ਚਿੰਤਾ ਜਾਂ ਭੈ ਵਿਚ ਰਹਿਣਾ ਆਦਿ ਹਨ।
ਜੇਕਰ ਸਾਨੂੰ ਛੋਟੀ ਵੱਡੀ ਕੋਈ ਵੀ ਬਿਮਾਰੀ ਭਾਵ ਕਿ ਬੁਖਾਰ, ਜ਼ੁਕਾਮ, ਟੀ.ਵੀ, ਕੈਂਸਰ ਆਦਿ ਹੋਣ ਤਾਂ ਅਸੀਂ ਤੁਰੰਤ ਡਾਕਟਰ ਵਲ ਭੱਜਦੇ ਹਾਂ। ਪਰ ਜੇ ਸਾਨੂੰ ਇਹ ਪਤਾ ਲਗ ਜਾਵੇ ਕਿ ਸਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਅਸੀ ਡਾਕਟਰ ਕੋਲ ਜਾਣਾ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਇਸ ਨੂੰ ਅਸੀਂ ਕੋਈ ਬਿਮਾਰੀ ਸਮਝਦੇ ਹੀ ਨਹੀਂ। ਜੇ ਅਸੀਂ ਡਾਕਟਰ ਕੋਲ ਜਾਣ ਦੀ ਸੋਚਦੇ ਵੀ ਹਾਂ ਤਾਂ ਸਮਾਜ ਦੇ ਡਰ ਤੋਂ ਰੁਕ ਜਾਂਦੇ ਹਾਂ ਕਿਉਂਕਿ ਸਮਾਜ ਮਨੋਰੋਗ ਨੂੰ ਨਿਤ ਤੋਂ ਹੀ ਪਾਗਲਪਨ ਨਾਲ ਜੋੜ ਕੇ ਵੇਖਦਾ ਆ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਰ ਮਨੁੱਖ ਆਪਣੀ ਜ਼ਿੰਦਗੀ ‘ਚ ਕਦੇ ਨਾ ਕਦੇ ਡਿਪਰੈਸ਼ਨ ਦੇ ਦੌਰ ‘ਚੋਂ ਗੁਜ਼ਰਦਾ ਹੈ। ਪਰ ਫਿਰ ਵੀ ਅਸੀਂ ਅਜੇ ਤਕ ਇਸ ਬਿਮਾਰੀ ਨੂੰ ਗੰਭੀਰਤਾ ਵਜੋਂ ਨਹੀਂ ਲਿਆ।
ਭਾਰਤ ਵਿਚ 2015 ‘ਚ “World Health Organisation” ਵਲੋਂ ਇਕ “National Mental Health Survey” ਨਾਂ ਦਾ ਇਕ ਸਰਵੇਖਣ ਕੀਤਾ ਗਿਆ ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਭਾਰਤ ਵਿਚ ਲਗਭਗ ਪੰਜ ਕਰੋੜ ਛਿਆਹਠ ਲੱਖ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ ਜੋ ਕਿ ਭਾਰਤ ਦੀ ਜੰਨਸੰਖਿਆ ਦਾ 4.5% ਹੈ। ਇਸ ਦਾ ਮਤਲਬ ਹੈ ਕਿ ਹਰ ਛੇਵਾਂ ਭਾਰਤੀ ਇਸ ਦੀ ਪਕੜ ਵਿਚ ਹੈ। ਜੇ ਗੱਲ ਕਰੀਏ ਪੰਜਾਬ ਦੀ ਤਾਂ ਲਗਭਗ ਬਾਈ ਲੱਖ ਪੰਜਾਬੀ ਇਸ ਦੀ ਲਪੇਟ ਵਿਚ ਹਨ, ਜਿਸ ਵਿਚੋਂ ਸਿਰਫ 20% ਲੋਗ ਹੀ ਇਲਾਜ ਕਰਵਾ ਰਹੇ ਹਨ। ਇਲਾਜ ਘੱਟ ਕਰਵਾਉਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਪ੍ਰਤੀ ਜਾਗਰੂਕਤਾ ਬਹੁਤ ਘੱਟ ਹੈ। ਗੌਰਤਲਬ ਹੈ ਕਿ ਭਾਰਤ ਵਿਚ ਮਨੋਰੋਗ ਮਾਹਿਰਾਂ ਦੀ 87% ਕਮੀ ਹੈ। ਸਿਹਤ ਮੰਤਰੀ ਵਿਭਾਗ ਨੇ ਲੋਕ ਸਭਾ ਦਸੰਬਰ 2015 ਵਿਚ ਇਹ ਬਿਆਨ ਦਿੱਤਾ ਕਿ ਸਾਡੇ ਦੇਸ਼ ਵਿਚ ਸਿਰਫ 3800 ਮਾਨਸਿਕ ਰੋਗਾਂ ਦੇ ਮਾਹਿਰ (Psychiatrist), 898 ਕਲੀਨਿਕ ਮਨੋਵਿਗਿਆਨੀ, 850 ਸਮਾਜ ਸੇਵੀ ਮਾਨਸਿਕ ਰੋਗਾਂ ਦੇ ਮਾਹਿਰ ਅਤੇ 1500 ਮਨੋਵਿਗਿਆਨ ਨਰਸਾਂ ਹਨ। ਅਸੀਂ ਆਪ ਵੇਖ ਸਕਦੇ ਹਾਂ ਕਿ ਮਰੀਜਾਂ ਦੇ ਮੁਕਾਬਲੇ ਇਹ ਗਿਣਤੀ ਕਿੰਨੀ ਘੱਟ ਹੈ। ਜੇਕਰ ਅਸੀਂ ਪੰਜਾਬ ਵਲ ਝਾਤ ਮਾਰੀਏ ਤਾਂ 12 ਕਲੀਨਿਕਲ ਮਨੋਵਿਗਿਆਨੀ ਅਤੇ 32 ਸਮਾਜ ਸੇਵੀ ਮਨੋਵਿਗਿਆਨੀ ਹਨ।
ਇਹ ਤਾਂ ਗੱਲ ਹੋਈ ਅੰਕੜਿਆਂ ਦੀ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਡਿਪਰੈਸ਼ਨ ਬਾਰੇ ਜਾਗਰੂਕ ਕਿਉਂ ਹੋਣਾ ਹੈ, ਇਸ ਨੂੰ ਗੰਭੀਰਤਾ ਵਜੋਂ ਲੈਣ ਦੀ ਕੀ ਲੋੜ ਹੈ? ਇਨ੍ਹਾਂ ਸਵਾਲਾਂ ਦੇ ਜੁਆਬ ਲਈ ਅਸੀਂ ਇਸ ਦੇ ਕੁੱਝ ਪ੍ਰਭਾਵਾਂ ਵਲ ਝਾਤ ਮਾਰ ਕੇ ਦੇਖਦੇ ਹਾਂ। ਭਾਰਤ ਵਿਚ 2012 ਵਿਚ ਹੋਈ ਇਕ ‘Lancet’ ਰਿਪੋਰਟ ਦੇ ਮੁਤਾਬਕ 15 ਤੋਂ 29 ਸਾਲ ਦੇ ਨੌਜਵਾਨ ਸਭ ਤੋਂ ਵੱਧ ਆਤਮ-ਹੱਤਿਆ ਦੇ ਕਾਰਨ ਮਰ ਰਹੇ ਹਨ। ਇਕ ਲੱਖ ਲੋਕਾਂ ਵਿਚੋਂ 20.9% ਵਿਅਕਤੀ ਭਾਰਤ ਵਿਚ ਆਤਮ-ਹੱਤਿਆ ਕਰਦਾ ਹੈ। WHO ਦੇ ਅੰਕੜੇ ਇੱਥੋਂ ਤਕ ਦਸਦੇ ਹਨ ਕਿ 18 ਤੋਂ 29 ਸਾਲ ਦੇ ਲੋਕਾਂ ‘ਚ ਆਤਮ-ਹੱਤਿਆ ਮੌਤ ਦਾ ਦੂਜਾ ਵੱਡਾ ਕਾਰਨ ਹੈ। 2012 ‘ਚ ਭਾਰਤ ਦੇਸ਼ ‘ਚ ਲਗਭਗ ਇਕ ਲੱਖ ਪੈਂਤੀ ਹਜ਼ਾਰ ਲੋਕਾਂ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜੋ ਕਿ ਰੋਜ਼ਾਨਾ ਦੀ ਗਿਣਤੀ ਤਕਰੀਬਨ 371 ਹੈ।
ਹੈਰਾਨੀ ਦੀ ਗੱਲ ਹੈ ਕਿ ਇਹ ਛੋਟੇ ਬੱਚਿਆਂ ਨੂੰ ਵੀ ਨਹੀ ਬਖਸ਼ਦਾ। NMSH ਦੀ 2015-16 ਦੀ ਰਿਪੋਰਟ ਮੁਤਾਬਕ 13 ਤੋਂ 17 ਸਾਲ ਦੇ ਬੱਚੇ 0.3% ਤੋਂ ਲੈ ਕੇ 1.2% ਬੱਚੇ ਡਿਪਰੈਸ਼ਨ ਦੇ ਸ਼ਿਕਾਰ ਹਨ। ਬੱਚਿਆਂ ‘ਚ ਡਿਪਰੈਸ਼ਨ ਦਾ ਮੁੱਖ ਕਾਰਨ ਹੈ ਕਿ ਬਚਪਨ ਵਿਚ ਕੋਈ ਗਹਿਰਾ ਸਦਮਾ ਲੱਗਣਾ, ਅਚਾਨਕ ਵਾਪਰੀ ਕੋਈ ਦੁਖਦ ਘਟਨਾ, ਪੜ੍ਹਾਈ ਦੀ ਚਿੰਤਾ ਆਦਿ। ਨੌਜਵਾਨਾਂ ਵਿਚ ਉਨ੍ਹਾਂ ਦਾ ਕੈਰਿਅਰ ਅੱਗੇ ਨਾ ਵਧ ਸਕਣਾ, ਮਨਪਸੰਦ ਜੀਵਨ ਸਾਥੀ ਨਾ ਮਿਲਣਾ, ਵਿਆਹੁਤਾ ਜੀਵਨ ਸੁਖੀ ਨਾ ਹੋਣਾ ਆਦਿ ਡਿਪਰੈਸ਼ਨ ਦੇ ਕਾਰਨ ਹੋ ਸਕਦੇ ਹਨ। ਔਰਤਾਂ ਵਿਚ ਸਭ ਤੋਂ ਵੱਧ post-partum ਡਿਪਰੈਸ਼ਨ ਵੇਖਣ ਨੂੰ ਮਿਲਦਾ ਹੈ ਭਾਵ ਕਿ ਬੱਚਾ ਪੈਦਾ ਹੋਣ ਤੋਂ ਬਾਅਦ ਵਧਦੀਆਂ ਜਿੰਮੇਵਾਰੀਆਂ, ਪਰਿਵਾਰ ਜਾ ਪਤੀ ਦਾ ਸਾਥ ਨਾ ਮਿਲਣਾ, ਨੀਂਦ ਪੂਰੀ ਨਾ ਹੋਣਾ ਇਸ ਦੇ ਕਾਰਨ ਬਣ ਜਾਂਦੇ ਹਨ।
ਡਿਪਰੈਸ਼ਨ ਇਹੋ ਜਿਹਾ ਵਿਸ਼ਾ ਹੈ ਜਿਸ ਬਾਰੇ ਅੱਜ ਦੇ ਮੌਜੂਦਾ ਹਾਲਤਾਂ ‘ਚ ਗੱਲ ਕਰਨੀ ਬਹੁਤ ਜਰੂਰੀ ਹੈ ਕਿਉਕਿ ਡਿਪਰੈਸ਼ਨ ਨੂੰ ਮਾਤ ਦੇਣ ਦਾ ਸਭ ਤੋਂ ਵੱਡਾ ਤਰੀਕਾ ਇਸ ਬਾਰੇ ਖੁੱਲ ਕੇ ਗੱਲ ਕਰਨਾ ਹੈ। ਜੇਕਰ ਤਹਾਨੂੰ ਕਦੇ ਵੀ ਮਹਿਸੂਸ ਹੋਵੇ ਕਿ ਕੋਈ ਵਿਅਕਤੀ ਡਿਪਰੈਸਡ ਹੈ ਤਾਂ ਉਸ ਨਾਲ ਖੁੱਲ ਕੇ ਗੱਲ ਕਰੋ ਤਾਂ ਕਿ ਉਹ ਵਿਅਕਤੀ ਆਪਣੇ ਡਿਪਰੈਸ਼ਨ ਦਾ ਕਾਰਨ ਤਹਾਨੂੰ ਦੱਸ ਸਕੇ। ਤੁਹਾਡਾ ਇਕ ਕਦਮ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ। ਜਰੂਰਤ ਹੈ ਸਮਾਜ ਨੂੰ ਵੀ ਇਸ ਪਾਸੇ ਗੋਰ ਕਰਨ ਦੀ ਤਾਂ ਜੋ ਸਮਾਜ ਨੂੰ ਇਸ ਅਜਗਰ ਦੇ ਮੂੰਹੋ ਕੱਢਿਆ ਜਾ ਸਕੇ।

ਰਬਿੰਦਰ ਕੌਰ ਰੱਬੀ
6280606641

Leave a Reply

Your email address will not be published. Required fields are marked *

%d bloggers like this: