Mon. Aug 19th, 2019

ਮਨੀਸ਼ ਤਿਵਾਰੀ ਲਈ ਸੌਖਾ ਨਹੀਂ ਹੈ ਆਨੰਦਪੁਰ ਸਾਹਿਬ ਹਲਕੇ ਵਿੱਚ ਜਿੱਤ ਹਾਸਿਲ ਕਰਨਾ

ਮਨੀਸ਼ ਤਿਵਾਰੀ ਲਈ ਸੌਖਾ ਨਹੀਂ ਹੈ ਆਨੰਦਪੁਰ ਸਾਹਿਬ ਹਲਕੇ ਵਿੱਚ ਜਿੱਤ ਹਾਸਿਲ ਕਰਨਾ

ਕਾਂਗਰਸ ਪਾਰਟੀ ਵਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਕੇਂਦਰੀ ਮਤਰੀ ਸ੍ਰੀ ਮਨੀਸ਼ ਤਿਵਾਰੀ ਨੂੰ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਹਨਾਂ ਵਲੋਂ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਗਿਆ ਹੈ ਅਤੇ ਕਾਂਗਰਸੀ ਆਗੂਆਂ ਵਲੋਂ ਸ੍ਰੀ ਤਿਵਾਰੀ ਦੀ ਰਿਕਾਰਡ ਤੋੜ ਜਿੱਤ ਹੋਣ ਦੇ ਲੰਬੇ ਚੌੜੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰੰਤੂ ਇਸਦੇ ਬਾਵਜੂਦ ਸ੍ਰੀ ਮਨੀਸ਼ ਤਿਵਾਨੜੀ ਲਈ ਹਲਕੇ ਤੋਂ ਜਿੱਤ ਹਾਸਿਲ ਕਰਨ ਦਾ ਰਾਹ ਇੰਨਾ ਆਸਾਨ ਨਹੀਂ ਹੈ ਅਤੇ ਇਸ ਵਾਸਤੇ ਉਹਨਾਂ ਨੂੰ ਨਾ ਸਿਰਫ ਜੀ ਤੋੜ ਮਿਹਨਤ ਕਰਨੀ ਪੈਣੀ ਹੈ ਬਲਕਿ ਪਾਰਟੀ ਆਗੂਆਂ ਦੇ ਅੰਦਰੂਨੀ ਅਸੰਤੋਸ਼ ਨੂੰ ਵੀ ਸ਼ਾਂਤ ਕਰਨਾ ਪੈਣਾ ਹੈ|
ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਇਸ ਵਿੱਚ 9 ਵਿਧਾਨਸਭਾ ਹਲਕੇ (ਮੁਹਾਲੀ, ਖਰੜ, ਚਮਕੌਰ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਬਲਾਚੌਰ, ਬੰਗਾ ਅਤੇ ਨਵਾਂ ਸ਼ਹਿਰ) ਪੈਂਦੇ ਹਨ| ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਇਹਨਾਂ ਵਿੱਚੋਂ 5 ਵਿੱਚ ਕਾਂਗਰਸ ਪਾਰਟੀ ਜੇਤੂ ਰਹੀ ਸੀ ਜਦੋਂਕਿ ਚਾਰ ਸੀਟਾਂ ਆਮ ਆਦਮੀ ਪਾਰਟੀ ਦੇ ਹੱਥ ਆਈਆਂ ਸੀ|
ਇਸ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਲੋਕਸਭਾ ਹਲਕਾ ਆਨੰਦਪੁਰ ਸਾਹਿਬ ਵਿੱਚ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬੜ੍ਹਤ ਹਾਸਿਲ ਹੈ| ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਕਾਰਨ ਹਲਕੇ ਤੋਂ ਚੋਣ ਲੜਣ ਵਾਲੇ ਉਮੀਦਵਾਰ ਨੂੰ ਇਸਦਾ ਫਾਇਦਾ ਵੀ ਮਿਲਣਾ ਤੈਅ ਹੈ| ਇਸਦੇ ਨਾਲ ਹੀ ਕਾਂਗਰਸ ਪਾਰਟੀ ਦੇ ਮੁਹਾਲੀ ਹਲਕੇ ਤੋਂ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਸ੍ਰ. ਚਰਨਜੀਤ ਸਿੰਘ ਚੰਨੀ ਕੈਬਿਨਟ ਮੰਤਰੀ ਹਨ ਜਦੋਂਕਿ ਆਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਰਾਣਾ ਕੇ ਪੀ ਪੰਜਾਬ ਵਿਧਾਨਸਭਾ ਦੇ ਸਪੀਕਰ ਹਨ| ਇਹਨਾਂ ਵੱਡੇ ਕੱਦ ਦੇ ਆਗੂਆਂ ਕਾਰਨ ਕਾਂਗਰਸ ਦੀ ਸਥਿਤੀ ਮਜਬੂਤ ਸਮਝੀ ਜਾ ਰਹੀ ਹੈ ਅਤੇ ਹੁਣ ਤਕ ਆਏ ਚੋਣ ਸਰਵੇਖਣਾਂ ਦੌਰਾਨ ਵੀ ਇਹ ਸੀਟ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਜਾਂਦੀ ਦਿਖਾਈ ਗਈ ਹੈ| ਇਸ ਲਿਹਾਜ ਨਾਲ ਵੇਖੀਏ ਤਾਂ ਸ੍ਰ. ਮਨੀਸ਼ ਤਿਵਾਰੀ ਲਈ ਇਸ ਸੀਟ ਤੇ ਜਿੱਤ ਹਾਸਿਲ ਕਰਨਾ ਆਸਾਨ ਸਮਝਿਆ ਜਾ ਰਿਹਾ ਸੀ ਪਰੰਤੂ ਇਹ ਇੰਨਾ ਵੀ ਆਸਾਨ ਨਹੀਂ ਹੈ|
ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਹਲਕੇ ਵਿੱਚ ਯੂਥ ਕਾਂਗਰਸ ਦੀ ਕੋਈ ਸਰਗਰਮੀ ਨਹੀਂ ਦਿਖ ਰਹੀ ਹੈ ਅਤੇ ਸ੍ਰੀ ਮਨੀਸ਼ ਤਿਵਾੜੀ ਦੇ ਨਾਲ ਵੱਡੇ ਨਾਮ ਵਾਲੇ ਆਗੂ ਤਾਂ ਘੁੰਮਦੇ ਦਿਖ ਰਹੇ ਹਨ ਪਰੰਤੂ ਉਹ ਆਮ ਵਰਕਰਾਂ ਤਕ ਪਹੁੰਚ ਨਹੀਂ ਬਣਾ ਪਾਏ ਹਨ| ਹਲਕੇ ਵਿੱਚ ਨਿੱਜੀ ਰਸੂਖ ਦੀ ਘਾਟ ਕਾਰਨ ਸ੍ਰੀ ਤਿਵਾਰੀ ਪੂਰੀ ਤਰ੍ਹਾਂ ਸਥਾਨਕ ਆਗੂਆਂ (ਵਿਧਾਇਕਾਂ ਅਤੇ ਹੋਰਨਾਂ ਆਗੂਆਂ) ਤੇ ਹੀ ਨਿਰਭਰ ਹਨ ਅਤੇ ਇਸ ਕਾਰਨ ਪਾਰਟੀ ਤੋਂ ਅਸੰਤੁਸ਼ਟ ਚਲ ਰਹੇ ਆਗੂਆਂ ਅਤੇ ਵਰਕਰਾਂ ਨਾਲ ਵੀ ਉਹਨਾਂ ਦਾ ਕੋਈ ਸਿੱਧਾ ਸੰਪਰਕ ਨਹੀਂ ਬਣ ਪਾਇਆ ਹੈ|
ਇਹ ਵੀ ਚਰਚਾ ਹੈ ਕਿ ਪਿਛਲੀ ਵਾਰ ਹਲਕੇ ਤੋਂ ਚੋਣ ਲੜਣ ਵਾਲੀ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਵੀ ਅੰਦਰਖਾਤੇ ਸ੍ਰੀ ਤਿਵਾਰੀ ਦੀ ਉਮੀਦਵਾਰੀ ਦੇ ਹੱਕ ਵਿੱਚ ਨਹੀਂ ਸਨ ਬਲਕਿ ਉਹਨਾਂ ਵਲੋਂ ਹਲਕੇ ਤੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਅਮਰਦੀਪ ਸਿੰਘ ਲਾਲੀ ਨੂੰ ਟਿਕਟ ਦਿਵਾਉਣ ਲਈ ਪੈਰਵੀ ਕੀਤੀ ਗਈ ਸੀ| ਬੀਬੀ ਅੰਬਿਕਾ ਸੋਨੀ ਦਾ ਇਸ ਹਲਕੇ ਵਿੱਚ ਨਿੱਜੀ ਰਸੂਖ ਹੈ ਅਤੇ ਹਲਕੇ ਅਧੀਨ ਆਉਂਦੇ ਵਿਧਾਨਸਭਾ ਹਲਕਿਆਂ ਦੇ ਸਾਰੇ ਵੱਡੇ ਛੋਟੇ ਆਗੂ ਉਹਨਾਂ ਦੇ ਸਿੱਧੇ ਸੰਪਰਕ ਵਿੱਚ ਹਨ|
ਕਾਂਗਰਸ ਪਾਰਟੀ ਨੇ ਜੇਕਰ ਹਲਕਾ ਆਨੰਦਪੁਰ ਸਾਹਿਬ ਤੋਂ ਜਿੱਤ ਹਾਸਿਲ ਕਰਨੀ ਹੈ ਤਾਂ ਉਸ ਲਈ ਇਹ ਜਰੂਰੀ ਹੈ ਕਿ ਪਾਰਟੀ ਪੂਰੀ ਤਰ੍ਹਾਂ ਇਕੱਜੁਟ ਹੋ ਕੇ ਚੋਣ ਲੜੇ ਅਤੇ ਅਜਿਹਾ ਯਕੀਨੀ ਕਰਨਾ ਪਾਰਟੀ ਉਮੀਦਵਾਰ ਲਈ ਵੱਡੀ ਚੁਣੌਤੀ ਹੈ| ਵੇਖਣਾ ਇਹ ਹੈ ਕਿ ਸ੍ਰੀ ਮਨੀਸ਼ ਤਿਵਾੜੀ ਇਸ ਚੁਣੌਤੀ ਦਾ ਟਾਕਰਾ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦੇ ਹਨ|

Leave a Reply

Your email address will not be published. Required fields are marked *

%d bloggers like this: