ਭੋਲਾ

ss1

ਭੋਲਾ

ਕਾਹਲੀ ਕਾਹਲੀ ਜਾਂਦਿਆਂ ਬੂਹਾ ਵੜਦਿਆਂ ਹੀ ਘਰੇ ਆਂ ਤਾਇਆ ਬੰਤ ਸਿਆਂ ਕਹਿੰਦਾ ਹੋਇਆ ਸਰਪੰਚ ਤਾਏ ਦੀ ਮੰਜੀ ਤੇ ਜਾ ਬੈਠਾ।ਬੈਠਦਿਆਂ ਹੀ ਤਾਇਆ ਬਈ ਹੁਣ ਤਾਂ ਸਰਕਾਰ ਨੇ ਕਮਾਲ ਹੀ ਕਰਤੀ।ਕੀ ਕਰਤਾ ਬਈ ਸਾਨੂੰ ਵੀ ਦੱਸ ਖਾਂ ਜ਼ਰਾ। ਨਸ਼ਾ,ਜਿਹੜਾ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਐ। ਹਾਂ ਸਰਪੰਚਾ ਨਸ਼ਾ ਤਾਂ ਨੌਜਵਾਨੀ ਖਤਮ ਈ ਕਰ ਗਿਆ ਐ ਨਾਂ।ਬੱਸ ਕੀਤਾ ਕੀ ਜਾਵੇ। ਕੀਤਾ ਨਹੀਂ ਜਾਵੇ, ਸਭ ਹੋ ਗਿਆ ਤਾਇਆ । ਕੀ ਹੋ ਗਿਆ ਪੁੱਤਰਾ, ਲੰਮਾ ਹੌਕਾ ਭਰਦਿਆਂ ਤਾਏ ਨੇ ਪੁੱਛਿਆ।ਐੱਸ ਟੀ ਐੱਫ ਤਾਇਆ।ਬਈ ਸਿੱਧਾ ਸਿੱਧਾ ਦੱਸ ਸਾਨੂੰ ਨਹੀਂ ਤੇਰੀ ਐੱਸ ਟੂ ਟਾ ਦੀ ਸਮਝ ਆਉਦੀ। ਤਾਇਆ ਇਹ ਸਪੈਸ਼ਲ ਟਾਸਕ ਫੋਰਸ ਹੁੰਦੀ ਐ। ਇਹ ਕੀ ਕਰੇਗੀ ਪੁੱਤਰਾ।

ਤਾਇਆ ਇਹ ਨਸ਼ੇ ਤੇ ਕੰਮ ਕਰੇਗੀ।ਨਸ਼ਾ ਤਾਂ ਪੁੱਤਰਾਂ ਅੱਗੇ ਹੀ ਬਹੁਤ ਆ ਤੇ ਹੁਣ ਇਹ……। ਨਹੀਂ ਤਾਇਆ ਜੀ ਇਹ ਨਸ਼ਾ ਖਤਮ ਕਰਨ ਲਈ ਸਰਕਾਰ ਨੇ ਇੱਕ ਵੱਖਰਾ ਸੈੱਲ ਬਣਾਇਆ,ਏਸੇ ਨੂੰ ਹੀ ਐੱਸ ਟੀ ਐੱਫ ਕਹਿੰਦੇ ਐ।ਇਹ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਊ ।ਬੱਸ ਇਹ ਤਾਂ ਹੁਣ ਟੰਗੇ ਲੈ।ਨਾਲੇ ਸਾਫ਼ ਅਕਸ ਵਾਲੇ ਅਫਸਰ ਲਾਏ ਐ ਸਰਕਾਰ ਨੇ।ਜਿਹੜੇ ਕਿਸੇ ਦਾ ਦਬਾਅ ਨਹੀਂ ਮੰਨਦੇ ।ਪਰ ਪੁੱਤਰਾ ਕੀ ਕਰਨਗੇ ਸਾਫ਼ ਅਕਸ ਵਾਲੇ,ਤਾਏ ਨੇ ਲੰਮਾ ਹੌਕਾ ਭਰਦਿਆਂ ਕਿਹਾ। ਆਹ ਦੇਖ ਲੈ ਆਵਦੇ ਭਰਾ ਭੋਲੇ ਵੱਲ ਈ।ਜਿੰਨਾਂ ਨੂੰ ਆਪਣੇ ਮਾਂ-ਪਿਉ ਨਹੀਂ ਦਿਸਦੈ ।ਕੀ ਜਾਣਦੇ ਐ ਇਹ ਅਕਸ ਉਕਸ ਨੂੰ।ਨਹੀਂ ਦੇਖ ਤਾਇਆ ਹੁਣ ਤਾਂ ਹੱਥ ਨਸ਼ੇ ਦੇ ਸਰਗਣਿਆਂ ਨੂੰ ਹੀ ਪੈਣਾ ਐ।ਜਦ ਨਸ਼ਾ ਮਿਲੂ ਹੀ ਨਾਂ ਤਾਂ ਭੋਲੇ ਅਰਗੇ ਕਿੱਥੋਂ ਲਿਆਉਣਗੇ।ਫਿਰ ਤਾਂ ਪੁੱਤਰਾਂ ਸ਼ਾਇਦ ਮੇਰਾ ਪੁੱਤਰ ਭੋਲਾ ਵੀ………….।ਕਹਿੰਦਿਆਂ ਤਾਏ ਦੀਆ ਅੱਖਾਂ ਭਰ ਆਈਆਂ ।ਭੋਲਾ ਨਸ਼ਾ ਛੱਡ ਜੂ ,ਅੰਦਰੋਂ ਦੱਬਵੀਂ ਆਵਾਜ਼ ਵਿੱਚ ਤਾਈ ਚਿੰਤੀ ਬੋਲੀ।ਹੈਂ ਮੇਰਾ ਪੁੱਤ ਨਸ਼ਾ ਛੱਡ ਜੂ।ਇੰਝ ਜਾਪਿਆ ਜਿਵੇਂ ਦਮੇ ਦੀ ਮਰੀਜ਼ ਤਾਈ ਚਿੰਤੀ ਨੂੰ ਕੋਈ ਰੋਗ ਹੀ ਨਾਂ ਹੋਵੇ।ਹਾਂ ਹੁਣ ਤਾਂ ਭੋਲੇ ਵਰਗੇ ਹੋਰ ਵੀ ਨੌਜਵਾਨ ਇਸ ਦਲਦਲ ਵਿੱਚੋਂ ਨਿਕਲ ਸਕਦੇ ਐ ਤਾਈ।ਸ਼ੁਕਰ ਐ ਰੱਬ ਦਾ।ਕਹਿੰਦੀ ਹੋਈ ਤਾਈ ਕੁੱਝ ਡਿੱਗਣ ਦੀ ਆਵਾਜ਼ ਸੁਣਕੇ ਬਾਹਰ ਵੱਲ ਭੱਜੀ ਤਾਂ ਇਨੇ ਨੂੰ ਭੋਲੇ ਦੀ ਬਾਂਹ ਵਿੱਚੋ ਸਰਿੰਜ ਕੱਢਦਿਆਂ ਦੂਸਰਾ ਬੋਲਿਆ ਡੋਜ਼ ਵੱਧ ਲੱਗ ਗਈ ਐ। ਕਹਿੰਦਿਆਂ ਉਸਨੇ ਸਰਿੰਜ ਆਪਣੀ ਬਾਂਹ ਵਿੱਚ ਲਾ ਲਈ।ਤੇ ਚੰਦ ਸਕਿੰਟਾਂ ਵਿੱਚ ਉਹ ਵੀ ਭੋਲੇ ਦੀ ਤਰਾਂ ਪੱਥਰ ਹੋ ਗਿਆ।

ਬਲਜਿੰਦਰ ਸਿੰਘ
ਪਿੰਡ: ਗੁੱਲਾਮ ਪੱਤਰਾ,ਫਿਰੋਜਪੁਰ
95010-15085

Share Button

Leave a Reply

Your email address will not be published. Required fields are marked *