Thu. Jul 18th, 2019

ਭੋਗ ’ਤੇ ਵਿਸ਼ੇਸ਼: (8 ਮਾਰਚ) ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਜੇਤੂ ਪ੍ਰਸਿਧ ਲੇਖਕ, ਖੋਜੀ ਇਤਿਹਾਸਕਾਰ, ਅਤੇ ਸਫਲ ਵਿਆਖਿਆਨ ਕਰਤਾ ਗਿਆਨੀ ਬਲਵੰਤ ਸਿੰਘ ਕੋਠਾਗੁਰੂ

ਭੋਗ ’ਤੇ ਵਿਸ਼ੇਸ਼: (8 ਮਾਰਚ) ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਜੇਤੂ ਪ੍ਰਸਿਧ ਲੇਖਕ, ਖੋਜੀ ਇਤਿਹਾਸਕਾਰ, ਅਤੇ ਸਫਲ ਵਿਆਖਿਆਨ ਕਰਤਾ ਗਿਆਨੀ ਬਲਵੰਤ ਸਿੰਘ ਕੋਠਾਗੁਰੂ

ਮਹਾਨ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਦਾ ਜਨਮ ਪਿੰਡ ‘ਕੋਠਾਗੁਰੂ’ ਜ਼ਿਲਾ ਬਠਿੰਡਾ ਵਿਖੇ 25 ਜੂਨ 1933 ਨੂੰ ਪਿਤਾ ਸ: ਬੁਘਾ ਸਿੰਘ ਮਾਨ ਦੇ ਅਤੇ ਮਾਤਾ ਵੀਰ ਕੌਰ ਦੇ ਘਰ ਇਕ ਖੁਸ਼ਹਾਲ ਪਰਿਵਾਰ ਵਿਚ ਹੋਇਆ।ਆਪ ਦੇ ਪਿਤਾ ਜੀ ਇਲਾਕੇ ਦੇ ਮੰਨੇ ਹੋਏ ਪਹਿਲਵਾਨ ਸਨ।ਆਪ ਦੇ ਬਾਲ ਮਨ ਅੰਦਰ ਬਚਪਨ ਤੋਂ ਹੀ ਗਿਆਨ ਦੀ ਚਿਣਗ ਸੀ।ਉਹਨਾਂ ਸਮਿਆਂ ‘ਚ ਪਿੰਡ ਵਿਚ ਸਕੂਲ ਨਾ ਹੋਣ ਕਾਰਨ ਆਰੰਭਿਕ ਵਿਦਿਆ ਪਿੰਡ ਦੇ ਹੀ ਇਕ ਡੇਰੇ ਤੋਂ ਉਚਕੋਟੀ ਦੇ ਉਸਤਾਦ ‘ਸੰਤ ਬੈਰਾਗਪੁਰੀ’ ਜੀ ਤੋਂ ਪ੍ਰਾਪਤ ਕੀਤੀ। ਉਹਨਾਂ ਕੋਲੋ ਗਿਆਨੀ ਜੀ ਨੇ ਪੌਰਾਣਿਕ ਹਿੰਦੀ ਸਾਹਿਤ ਦਾ ਅਧਿਐਨ ਕੀਤਾ।ਜਿਸ ਵਿਚ 10 ਪ੍ਰਕਾਰ ਦੀ ਰਮਾਇਣ, ਮਹਾਂਭਾਰਤ, ਸਾਰੁਕਤਾਵਲੀ, 18 ਪੁਰਾਣ, ਚੰਦਰ ਪ੍ਰਬੋਧ ਆਦਿ ਅਨੇਕਾਂ ਗ੍ਰੰਥ ਸਨ।ਇਕ ਵਿਰਤਕ ਸਾਧੂ ਜੋ ਇਹਨਾਂ ਦੇ ਹੀ ਪਿੰਡ ਛੇ-ਸਤ ਮਹੀਨੇ ਰਿਹਾ ਉਸ ਪਾਸੋਂ ‘ਪਿੰਗਲ ਦਾ ਗਿਆਨ ਹਾਸਲ ਕੀਤਾ।
ਗਿਆਨੀ ਬਲਵੰਤ ਸਿੰਘ ਜੀ ਨੇ ਗੁਰਬਾਣੀ ਦੀ ਸਿਖਿਆ ‘ਅਮਰਗੜ ਤੋਂ ਪ੍ਰਾਪਤ ਕੀਤੀ।ਉਪਰੰਤ ਆਪ ਜੀ ਗੁਰਦੁਆਰਾ ਮਸਤੂਆਣਾ ਸਾਹਿਬ,ਤਲਵੰਡੀ ਸਾਬੋੋ ਤੋਂ ‘ਸੂਰਜ ਪ੍ਰਕਾਸ਼’, ‘ਪ੍ਰਾਚੀਨ ਪੰਥ ਪ੍ਰਕਾਸ਼’, ‘ਭਾਈ ਗੁਰਦਾਸ’, ‘ਨਿਰਮਲ ਪੰਥ ਦਾ ਇਤਿਹਾਸ’ ਤੇ ਹੋਰ ਕਈ ਪੁਰਾਤਨ ਸਿਖ ਗ੍ਰੰਥਾਂ ਦਾ ਨੀਝ ਨਾਲ ਅਧਿਐਨ ਕੀਤਾ।ਗਿਆਨ ਪਾ੍ਪਤੀ ਦੀ ਡੂੰਘੀ ਲਗਨ ਨੇ ਆਪ ਨੂੰ ਇਥੇ ਵੀ ਟਿਕਣ ਨਾ ਦਿਤਾ ਸੋ ਇਥੋਂ ਆਪ ਕਾਸ਼ੀ ਵਿਖੇ ‘ਸੰਸਕ੍ਰਿਤ ਮਹਾਂਵਿਦਿਆਲਾ,ਲਾਹੌਰੀ ਟੋਲਾ (ਬਨਾਰਸ) ਵਿਖੇ ਜਾ ਪਹੁੰਚੇ ।ਉਥੇ ਆਪ ਨੇ ਪੁਰਾਤਨ ਸੰਸਕ੍ਰਿਤ ਅਤੇ ਪ੍ਰਾਚੀਨ ਭਾਰਤੀ ਗ੍ਰੰਥਾਂ ਦੇ ਡੂੰਘੇ ਅਧਿਐਨ ਲਈ ਸੰਸਕ੍ਰਿਤ ਦੀ ਵਿਦਿਆ ਪ੍ਰਾਪਤ ਕੀਤੀ।ਇਸ ਤੋਂ ਇਲਾਵਾ ਬ੍ਰਜ ਭਾਸ਼ਾ ਹਿੰਦੀ ਉਰਦੂ ਅਤੇ ਫਾਰਸੀ ਦੀ ਸਿਖਿਆ ਵੀ ਪ੍ਰਾਪਤ ਕੀਤੀ।ਨੀਤੀ ਸਾਹਿਤ, ਵੇਦਾਂਤ, ਕਾਵਿ, ਹਿੰਦੂ ਧਰਮ ਦਰਸ਼ਨ, ਬੋਧ ਧਰਮ,ਸਿਖ ਧਰਮ ਦਰਸ਼ਨ ਅਤੇ ਪ੍ਰਚਲਿਤ ਸਭ ਧਰਮਾਂ ਦੇ ਇਤਿਹਾਸ ਤੇ ਮਿਥਿਹਾਸ ਦਾ ਗਹਿਰਾ ਅਧਿਐਨ ਕੀਤਾ।
14 ਸਾਲ ਦੀ ਉਮਰ ਵਿਚ ਆਪ ਦੀ ਪਹਿਲੀ ਕਵਿਤਾ ‘ਸਿੰਘ ਨੂੰ ਹਲੂਣਾ’ ‘ਨਿਹੰਗ ਸਿੰਘ ਸੰਦੇਸ਼’ ਨਾਮੀ ਮਾਸਕ ਪਤਰ ਵਿਚ ਛਪੀ।1955 ਵਿਚ ਆਪ ਜੀ ਦੀ ਪਹਿਲੀ ਕਿਤਾਬ ‘ਅਦੁਤੀ ਸੇਵਕ’ (ਜੀਵਨੀ ਜਥੇਦਾਰ ਦਿਆਲ ਸਿੰਘ ਪ੍ਰਵਾਨਾ ) ਛਪੀ।1958 ਵਿਚ ਆਪ ਜੀ ਨੇ ਆਪਣੀ ਖੋਜੀ ਬਿਰਤੀ ਦੇ ਆਧਾਰ ਤੇ ‘ਤਖਤ ਸ਼ੀ ਦਮਦਮਾ ਸਾਹਿਬ’ ਨਾਮੀ ਕਿਤਾਬ ਲਿਖੀ ਜਿਸ ਵਿਚ ਆਪ ਜੀ ਨੇ ਪਹਿਲੀ ਵਾਰ ਸਿਖ ਸੰਗਤਾਂ ਸਾਹਮਣੇ ਸੈਂਕੜੇ ਤਰਾਂ ਦੇ ਪ੍ਰਮਾਣ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਛਰਨ-ਛੋਹ ਪ੍ਰਾਪਤ ਇਸ ਮਹਾਨ ਇਤਿਹਾਸਕ ਅਸਥਾਨ ਨੂੰ ‘ਤਖਤ’ ਸਿਧ ਕੀਤਾ।ਗਿਆਨੀ ਜੀ ਅਨੁਸਾਰ ਇਸ ਤੋਂ ਪਹਿਲਾਂ ਇਸ ਸਥਾਨ ਨੂੰ ਤਖਤ ਦੀ ਬਜਾਏ ਇਕ ਗੁਰਦੁਆਰੇ ਦੇ ਰੂਪ ਵਿਚ ਜਾਣਿਆਂ ਜਾਂਦਾ ਸੀ ਅਤੇ ਇਥੋੋਂ ਦੀ ਸਾਰੀ ਪੂਜਾ-ਪ੍ਰਤਿਸ਼ਠਾ ਤੇ ਸਾਂਭ-ਸੰਭਾਲ ਸ਼ਹਿਜਾਦਪੁਰ ਦੇ ਸਰਦਾਰਾਂ ਕੋਲ ਸੀ।ਗਿਆਨੀ ਜੀ ਦੁਆਰਾ ਕੀਤੀ ਡੂੰਘੀ ਖੋਜ ਤੋਂ ਬਾਅਦ ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਹੋਰਾਂ ਦੁਆਰਾ ਕੀਤੀ ਪਹਿਲ ਸਦਕਾ ‘ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਵਲੋਂ ਇਸ ਸਥਾਨ ਨੂੰ ‘ਤਖਤ ਸ਼੍ਰੀ ਦਮਦਮਾ ਸਾਹਿਬ’ ਦੇ ਰੂਪ ਵਿਚ ਮਾਨਤਾ ਦਿਤੀ ਗਈ।ਤਖਤ ਸ਼੍ਰੀ ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ ਬਾਰੇ ਗਿਆਨੀ ਬਲਵੰਤ ਸਿੰਘ ਨੇ ਪੰਜ ਗ੍ਰੰਥ ਰੂਪੀ ਕਿਤਾਬਾਂ ਲਿਖ ਕੇ ਡੂੰਘਾ ਖੋਜ-ਕਾਰਜ ਕੀਤਾ ਗਿਆ ਹੈ।
ਗਿਆਨੀ ਜੀ ਨੇ ਹੁਣ ਤਕ ਦੋ ਦਰਜਨ ਦੇ ਕਰੀਬ ਕਿਤਾਬਾਂ ਅਤੇ ਮਾਲਵੇ ਦੇ ਅਧੀ ਦਰਜਨ ਗੁਰਦੁਆਰਿਆਂ ਦਾ ਇਤਿਹਾਸ ਲਿਖਿਆ ਹੈ ਜਿੰਨਾਂ ਵਿਚ ‘ਸੰਤ ਅਤਰ ਸਿੰਘ ਜੀ ਦੀ ਜੀਵਨੀ’, ਨਿਰਮਲ ਪੰਥ ਬੋਧ (ਨਿਰਮਲ ਪੰਥ ਦਾ ਵਿਸਥਾਰ ਇਤਿਹਾਸ), ‘ਸੂਰਬੀਰ ਬਚਨ ਕੇ ਬਲੀ’ , ‘ਕ੍ਰਿਪਾਨ ਪਾਣੀ ਨਿਰਭੈ ਯੋਧਾ ਮਹਾਂਵੀਰ ਬੰਦਾ ਸਿੰਘ’, ‘ਗੁਰਬਾਣੀ ਅਤੇ ਵੇਦਾਂਤ ਨਿਰਣੈ’ ‘ਗੁਰੂ ਵੰਸ ਖਾਲਸਾ ਪੰਥ’, ‘ਸੁਧਾਸਰ ਕੇ ਰਤਨ’ ਪ੍ਰਮੁਖ ਹਨ।ਜਿਥੇ ਆਪ ਸਿਖ ਧਰਮ ਦਰਸ਼ਨ ਦੇ ਵਿਦਵਾਨ ਹਨ, ਉਥੇ ਹਿੰਦੀ ਵਿਚ ਕਵਿਤਾ ਵੀ ਬੜੀ ਸੰੁਦਰ ਲਿਖਦੇ ਹਨ।ਆਪ ਦੁਆਰਾ ਕਵਿਤਾ ਦੀਆਂ ਕੁਝ ਸੰਪਾਦਿਤ ਕਿਤਾਬਾਂ ਵੀ ਹਨ, ‘ਹਸਦਾ ਬਾਦਸ਼ਾਹ’, ‘ਸ਼ਾਂਤ ਸੰਗੀਤ’, ‘ਵਹਿੰਦੇ ਨੀਰ’, ‘ਪੈਂਤੀਸ ਅਖਰ’, ‘ਆਤਮ ਬੋਧ’( ਕਵਿਤਾ ਤੇ ਵਾਰਤਕ ),‘ਅਧਿਆਤਮ ਅਨੁਭਵ ਵਿਵੇਕ (ਵੇਦਾਂਤ)।ਇਸ ਤੋਂ ਇਲਾਵਾ ਗਿਆਨੀ ਜੀ ਵਲੋਂ ਲਿਖਤ ਇਕ ਦਰਜਨ ਦੇ ਕਰੀਬ ਕਿਤਾਬਾਂ ਅਜੇ ਅਪ੍ਰਕਾਸ਼ਿਤ ਵੀ ਹਨ।ਵਖ-ਵੱਖ ਸਮਿਆਂ ਤੇ ਗਿਆਨੀ ਜੀ ਬਹੁਤ ਸਾਰੇ ਮਾਸਿਕ ਅਤੇ ਹਫਤਾਵਾਰੀ ਪਰਚਿਆਂ ਦੇ ਸੰਪਾਦਕ ਵੀ ਰਹੇ ਹਨ।ਵਾਰਾਣਸੀ ਤੋਂ ਪ੍ਰਕਾਸ਼ਿਤ ਸੰਸਕ੍ਰਿਤੀ ਦੇ ਸਪਤਾਹਿਕ ਪਤਰ ‘ਗੰਡੀਵ’ ਵਿਚ ਵੀ ਆਪ ਦੇ ਲੇਖ ਸੰਸਕ੍ਰਿਤ ਭਾਸ਼ਾ ਵਿਚ ਛਪਦੇ ਸਨ।ਮੌਜੂਦਾ ਸਮੇਂ ਵੀ ਆਪ ਜੀ ਦੇ ਬਹੁਤ ਸਾਰੇ ਇਤਿਹਾਸਕ ਤੇ ਖੋਜ ਭਰਪੂਰ ਲੇਖ ਦੇਸ਼ ਦੇ ਬਹੁਤ ਸਾਰੇ ਅਖਬਾਰਾਂ\ ਰਸਾਲਿਆਂ ਵਿਚ ਛਪਦੇ ਰਹਿੰਦੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ‘ਇਨਸਾਈਕਲੋਪੀਡੀਆ ਆਫ ਸਿਖਇਜ਼ਮ’ ਵਿਚ ਆਪ ਜੀ ਦੇ ਬਹੁਤ ਸਾਰੇ ਲੇਖ ਸ਼ਾਮਿਲ ਹਨ।ਆਪ ਦੀ ਲਿਖਣਸ਼ੈਲੀ ਬਹੁਤ ਹੀ ਖੋਜ-ਭਰਪੂਰ, ਵਿਗਿਆਨਕ ਤੇ ਵਿਵੇਕਪੂਰਨ ਸੀ।ਗਿਆਨੀ ਜੀ ਲੇਖਣ ਕਾਰਜ ਤੋਂ ਇਲਾਵਾ ਸਫਲ ਵਿਆਖਿਆਕਾਰ ਅਤੇ ਨਿਪੁੰਨ ਵਕਤਾ ਵੀ ਸਨ।ਆਪ ਦੀ ਬੋਲੀ ਦਾਰਸ਼ਨਿਕ, ਮਧੁਰ ਤੇ ਗਿਆਨ ਭਰਪੂਰ ਸੀ।ਇਤਿਹਾਸ, ਮਿਥਿਹਾਸ ਨੂੰ ਲੈ ਕੇ ਕਿਸੇ ਵੀ ਤਰਾਂ ਦੇ ਸ਼ੱਕ ਜਾਂ ਸੰਸੇ ਦਾ ਨਿਵਾਰਣ ਗਿਆਨੀ ਜੀ ਕੋਲੋਂ ਸਹਿਜੇ ਹੀ ਕੀਤਾ ਜਾ ਸਕਦਾ ਸੀ।
ਆਪਣਾ ਕੁਲ ਸਾਰਾ ਜੀਵਨ ਸਿਖ ਧਰਨ ਦਰਸ਼ਨ ਤੇ ਭਾਰਤੀ ਧਰਮਾਂ ਦੇ ਇਤਿਹਾਸ \ ਮਿਥਿਹਾਸ ਦੀ ਖੋਜ ਵਿਚ ਜੀਵਨ ਬਤੀਤ ਕਰਨ ਵਾਲੇ ਗਿਆਨੀ ਬਲਵੰਤ ਸਿੰਘ ਜੀ ਕੋਠਾਗੁਰੂ ਨੂੰ ਉਹਨਾਂ ਦੀ ਸਮੁਚੀ ਘਾਲਣਾ ਬਦਲੇ ਪੰਜਾਬ ਸਰਕਾਰ ਵਲੋਂ 12 ਮਾਰਚ 2016 ਨੂੰ ਭਾਸ਼ਾ ਵਿਭਾਗ ਪਟਿਆਲਾ ਵਿਖੇ ਸਨਮਾਨ ਚਿੰਨ,ਪ੍ਰਸ਼ੰਸਾ ਪਤਰ,ਸ਼ਾਲ ਅਤੇ ਪੰਜ ਲਖ ਰੁਪਏ ਨਕਦ ਦਾ ਸਨਮਾਨ ਦਿਤਾ ਗਿਆ।ਹੋਰ ਅਨੇਕਾਂ ਧਾਰਮਿਕ ਸਮਾਜਿਕ ਜਥੇਬੰਦੀਆਂ ਅਤੇ ਸੰਰਪਦਾਵਾਂ ਵਲੋਂ ਸਮੇਂ ਸਮੇਂ ਗਿਆਨੀ ਜੀ ਦੇ ਲੇਖਣ ਕਾਰਜਾਂ ਕਰਕੇ ਸਨਮਾਨ ਹੁੰਦਾ ਰਿਹਾ ਹੈ।ਗਿਆਨੀ ਜੀ ਦੇ ਖੋਜ ਕਾਰਜ ਅਜੇ ਵੀ ਜਾਰੀ ਸਨ ਅਤੇ ਉਹਨਾਂ ਦੀ ਖੋਜੀ ਬਿਰਤੀ ਤੋਂ ਸਮਕਾਲੀ ਵਿਦਵਾਨਾਂ ਅਤੇ ਪਾਠਕਾਂ ਨੂੰ ਵਡੀਆਂ ਆਸਾਂ ਸਨ ਪਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਗਿਆਨੀ ਜੀ 27 ਫਰਵਰੀ 2019 ਨੂੰ ਗਿਆਨੀ ਜੀ ਇਸ ਸੰਸਾਰ ਤੋਂ ਹਮੇਸ਼ਾ ਲਈ ਵਿਦਾ ਹੋ ਗਏ।ਅਜ 8 ਮਾਰਚ ਨੂੰ ਪਿੰਡ ਕੋਠਾਗੁਰੂ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਸਮੁਚੀਆਂ ਸੰਗਤਾਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਹਰੀਆ ਹਨ।

ਸਵਰਨਦੀਪ ਸਿੰਘ ਨੂਰ
ਪਿੰਡ-ਜੋਧਪੁਰ ਰੋਮਾਣਾ
ਜ਼ਿਲਾ- ਬਠਿੰਡਾ
75891-19192

Leave a Reply

Your email address will not be published. Required fields are marked *

%d bloggers like this: